“ਵਿਸਾਖੀ”

  (ਸਮਾਜ ਵੀਕਲੀ)
ਸੋਲਾਂ ਸੌ ਜਾਣ ਨਨੰੜਵੇ, ਲੱਗੇ ਨਵੀਂ ਘਾੜ ਘੜੰਨਵੇ
ਸੁਣ ਲਓ ਜੀ ਸੱਚੀ ਸਾਖੀ, ਪਹੁੰਚੀ ਹੈ ਆਣ ਵਿਸਾਖੀ
ਚੁੱਕ ਲਈ ਸੀ ਦਸਮ ਪਿਤਾ ਨੇ ਹੱਥੀ ਤਲਵਾਰ ਜੀ
ਕਰਦੇ ਅੱਜ ਖੇਲ ਨਿਆਰੀ ਦਸਵੇਂ ਅਵਤਾਰ ਜੀ।

ਉੱਚੀ ਜਿਹੀ ਸੱਦ ਲਗਾਕੇ, ਆਣੇ ਕੋਈ ਆਪ ਗਵਾ ਕੇ
ਮੰਗਦੀ ਹੈ ਤੇਗ ਅਸਾਂ ਦੀ, ਸਿਰ ਦੀ ਜੋ ਭੇਟ ਤੁਸਾਂ ਦੀ
ਉਠੇ ਕੋਈ ਸਿੱਖ ਗੁਰਾਂ ਦਾ ਦੇਵੇ ਸਿਰ ਵਾਰ ਜੀ
ਕਰਦੇ ਅੱਜ….

ਜਾਣੇ ਜੋ ਪ੍ਰੇਮ ਕਹਾਣੀ, ਮਨ ਵਿੱਚ ਨਹੀਂ ਕਾਣ ਜਮਾਣੀ
ਜਾਣੇ ਗੁਰੂਆਂ ਦੀ ਸਿੱਖੀ, ਖੰਡੇ ਦੇ ਨਾਲੋਂ ਤਿੱਖੀ
ਉੱਠੇ ਨੇ ਦਇਆ ਰਾਮ ਜੀ, ਸੁਣ ਕੇ ਲਲਕਾਰ ਜੀ
ਕਰਦੇ ਅੱਜ …

ਬਾਹੁ ਸੀ ਲੈ ਗਏ ਫੜ ਕੇ , ਤੰਬੂ ਚੋਂ ਆਏ ਵੜ ਕੇ
ਭਿੱਜੀ ਹੈ ਨਾਲ ਲਹੂ ਦੇ, ਦੇਖੀ ਸਭ ਤੇਗ ਗਹੁ ਦੇ
ਆਣੇ ਕੋਈ ਹੋਰ ਪਿਆਰਾ ਆਪਣਾ ਦਿਲ ਧਾਰ ਜੀ
ਕਰਦੇ ਅੱਜ …

ਆ ਗਏ ਨੇ ਹਿੰਮਤ ਰਾਏ, ਆਪਣਾ ਸਿਰ ਤਲੀ ਟਿਕਾਏ
ਕੀਤਾ ਸਿਰ ਭੇਟ ਗੁਰਾਂ ਨੂੰ, ਕੀਤਾ ਨਾ ਪੈਰ ਊਰਾਂ ਨੂੰ
ਗੁਰੂਆਂ ਦਾ ਬਚਨ ਕਮਾਇਆ, ਬਣ ਕੇ ਦਿਲਦਾਰ ਜੀ
ਕਰਦੇ ਅੱਜ ….

ਤੀਜੀ ਮੰਗ ਫੇਰ ਉਚਾਰੀ, ਡਰਦੇ ਕਈ ਕਰਨ ਵਿਚਾਰੀ
ਗੁਰੂਆਂ ਦਾ ਭਾਣਾ ਔਖਾ, ਸਮਝਾ ਨਹੀਂ ਜਾਣਾ ਸੌਖਾ
ਹੋਇਆ ਨਾ ਅੱਗੇ ਐਸਾ, ਗੁਰਾਂ ਦੇ ਦਰਬਾਰ ਜੀ
ਕਰਦੇ ਅੱਜ …..

ਸਿੱਖੀ ਦਾ ਚੱਲ ਕੇ ਪੰਧ ਜੀ, ਆ ਗਏ ਨੇ ਧਰਮ ਚੰਦ ਜੀ
ਗੁਰੂਆਂ ਦੇ ਪੜ੍ਨ ਸਕੂਲੇ, ਕਰਕੇ ਬਈ ਮੌਤ ਕਬੂਲੇ
ਜੀਵਨ ਦੀ ਆਸ ਮੁਕਾ ਕੇ ਨਿਤਰੇ ਲਲਕਾਰ ਜੀ
ਕਰਦੇ ਅੱਜ….

ਚੌਥੀ ਜਾਂ ਸੱਦ ਲਗਾਈ, ਗੂੰਜੀ ਹੈ ਵਿੱਚ ਹਵਾਈ
ਉਠੇ ਕੋਈ ਹੋਰ ਜੋ ਸੂਰਾ, ਕਰਨੀ ਕਥਨੀ ਦਾ ਪੂਰਾ
ਮੋਹਕਮ ਜੀ ਉੱਠ ਖਲੋਤੇ, ਕਰਕੇ ਸਤਿਕਾਰ ਜੀ
ਕਰਦੇ ਅੱਜ….

ਆਵੇ ਕੋਈ ਹੋਰ ਜੇ ਦਾਨੀ, ਦੇਵੇ ਜੋ ਵਾਰ ਜਵਾਨੀ
ਪੰਜਵਾਂ ਸਿਰ ਭੇਟ ਚੜਾਵੇ, ਸਤਿਗੁਰ ਜੀ ਦਾ ਸਿੱਖ ਕਹਾਵੇ
ਆਇਆ ਫਿਰ ਸਾਹਿਬ ਚੰਦ ਸੀ, ਬਣ ਕੇ ਦਮਦਾਰ ਜੀ
ਕਰਦੇ ਅੱਜ……

ਸਾਜੇ ਬਈ ਪੰਜ ਪਿਆਰੇ, ਸਤਿਗੁਰ ਨੇ ਆਪ ਸਵਾਰੇ
ਅੰਮ੍ਰਿਤ ਦੀ ਦਾਤ ਬਣਾਈ, ਬਖਸ਼ੀ ਪੰਜਾਂ ਦੇ ਤਾਈ
ਪੰਜਾਂ ਨੂੰ ਦੇ ਪਹਿਨਾਏ, ਪੰਜੇ ਕਕਾਰ ਜੀ
ਕਰਦੇ ਅੱਜ…..

ਐਸੇ ਸੀ ਸਿੰਘ ਸਜਾਏ, ਚਿੜੀਆਂ ਤੋਂ ਬਾਜ ਤੁੜਾਏ
ਪੰਜਾਂ ਤੋਂ ਅੰਮ੍ਰਿਤ ਛੱਕ ਕੇ, ਆਪ ਵੀ ਸਿੰਘ ਸਜਗੇ
ਐਸੇ ਸਤਿਗੁਰ ਤੋਂ ਜਾਵੇ ਦਰਸ਼ਨ ਸਿੰਘ ਬਲਿਹਾਰ ਜੀ
ਕਰਦੇ ਅੱਜ ਖੇਲ ਨਿਆਰੀ ਦਸਵੇਂ ਅਵਤਾਰ ਜੀ

ਦਰਸ਼ਨ ਸਿੰਘ ਬਖੋਪੀਰ
8289079413

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਨਖਾਹਾਂ ਨਾ ਮਿਲਣ ਕਾਰਨ ਅਧਿਆਪਕ ਪਰਿਵਾਰ ਪ੍ਰੇਸ਼ਾਨ 
Next articleIPL 2024: Ishan, Surya fifties after Bumrah fifer helps Mumbai Indians beat RCB by 7 wickets