ਉੱਤਰ ਪ੍ਰਦੇਸ਼: ਯੋਗੀ ਮੰਤਰੀ ਮੰਡਲ ਦਾ ਵਿਸਥਾਰ

ਲਖਨਊ (ਸਮਾਜ ਵੀਕਲੀ):  ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਤਵਾਰ ਨੂੰ ਜਿਤਿਨ ਪ੍ਰਸਾਦ ਅਤੇ ਛੇ ਹੋਰਨਾਂ ਨੂੰ ਆਪਣੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ। ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਾਤਾਂ ਅਤੇ ਖੇਤਰਾਂ ’ਚ ਸੰਤੁਲਨ ਬਣਾਉਣ ਦਾ ਯਤਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਸਾਦ ਨੇ ਹਾਲ ਹੀ ਵਿੱਚ ਕਾਂਗਰਸ ਦਾ ‘ਹੱਥ’ ਛੱਡ ਕੇ ਭਾਜਪਾ ਦਾ ‘ਕਮਲ’ ਫੜਿਆ ਸੀ। ਉਨ੍ਹਾਂ ਸਮੇਤ ਸੱਤ ਮੰਤਰੀਆਂ ਨੇ ਕੈਬਨਿਟ ਮੰਤਰੀ ਵਜੋਂ ਹਲਫ਼ ਲਿਆ।

ਰਾਜ ਭਵਨ ਦੇ ਗਾਂਧੀ ਆਡੀਟੋਰੀਅਮ ਵਿੱਚ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਉੱਤਰ ਪ੍ਰਦੇਸ਼ ਦੀ ਰਾਜਪਾਲ ਅਨੰਦੀਬੇਨ ਪਟੇਲ ਨੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਨਵੇਂ ਚਿਹਰਿਆਂ ਦੇ ਸ਼ਾਮਲ ਹੋਣ ਨਾਲ ਮੰਤਰੀ ਮੰਡਲ ਵਿੱਚਲੇ ਮੰਤਰੀਆਂ ਦੀ ਗਿਣਤੀ 60 ਹੋ ਗਈ ਹੈ।

ਜਿਨ੍ਹਾਂ ਮੰਤਰੀਆਂ ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ, ਉਨ੍ਹਾਂ ਵਿੱਚ ਪਾਲਤੁਰਮ, ਛਤਰਪਾਲ ਸਿੰਘ ਗੰਗਵਾਰ, ਸੰਗੀਤਾ ਬਲਵੰਤ, ਧਰਮਵੀਰ ਸਿੰਘ, ਸੰਜੀਵ ਕੁਮਾਰ ਤੇ ਦਿਨੇਸ਼ ਖਾਟਿਕ ਸ਼ਾਮਲ ਹਨ। ਨਵੇਂ ਮੰਤਰੀਆਂ ਵਿੱਚ ਸ਼ਾਮਲ ਪ੍ਰਸਾਦ ਬ੍ਰਾਹਮਣ ਚਿਹਰਾ ਹਨ ਜਦੋਂ ਕਿ ਦਿਨੇਸ਼ ਖਾਟਿਕ ਤੇ ਪਾਲਤੁਰਮ ਅਨੁਸੂਚਿਤ ਜਾਤੀਆਂ ਅਤੇ ਸੰਜੀਵ ਕੁਮਾਰ ਅਨੁਸੂਚਿਤ ਕਬੀਲੇ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਛਤਰਪਾਲ ਸਿੰਘ ਗੰਗਵਾਰ (ਕੁਰਮੀ), ਸੰਗੀਤਾ ਬਲਵੰਤ (ਬਿੰਦ) ਤੇ ਧਰਮਵੀਰ ਸਿੰਘ (ਪ੍ਰਜਾਪਤੀ) ਪੱਛੜੀਆਂ ਸ਼੍ਰ੍ਰੇਣੀਆਂ ਨਾਲ ਸਬੰਧ ਰੱਖਦੇ ਹਨ।

ਅਧਿਕਾਰੀ ਨੇ ਦੱਸਿਆ ਕਿ ਸ਼ਾਹਜਹਾਂਪੁਰ ਨਾਲ ਸਬੰਧਿਤ ਸਾਬਕਾ ਕੇਂਦਰੀ ਮੰਤਰੀ ਜਿਤਿਨ ਪ੍ਰਸਾਦ, ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਆਗੂ ਬਣਨ ਲਈ ਪੂਰੀ ਤਰ੍ਹਾਂ ਤਿਆਰ ਹਨ ਕਿਉਂਕਿ ਯੂਪੀ ਸਰਕਾਰ ਉਨ੍ਹਾਂ ਦਾ ਨਾਮ ਯੂਪੀ ਰਾਜਪਾਲ ਨੂੰ ਪ੍ਰਵਾਨਗੀ ਲਈ ਭੇਜ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਿਸ਼ਾਦ ਪਾਰਟੀ ਦੇ ਪ੍ਰਧਾਨ ਸੰਜੇ ਨਿਸ਼ਾਦ, ਚੌਧਰੀ ਵੀਰੇਂਦਰ ਸਿੰਘ ਗੁਰਜਰ ਅਤੇ ਗੋਪਾਲ ਅੰਜਨ ਭੁਰਜੀ ਦਾ ਨਾਂ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਵਜੋਂ ਨਾਮਜ਼ਦ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਬਨਿਟ ਮੀਟਿੰਗ ਅੱਜ, ਦਰਜਾ ਚਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਨੂੰ ਹਰੀ ਝੰਡੀ ਦੀ ਸੰਭਾਵਨਾ
Next articleਟੀਕਾਕਰਨ ਦੇ ‘ਸੁਰੱਖਿਆ ਚੱਕਰ’ ਤੋਂ ਕੋਈ ਵਾਂਝਾ ਨਾ ਰਹੇ: ਮੋਦੀ