ਲਖਨਊ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੰਕੇਤ ਦਿੱਤਾ ਕਿ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਹੋਣ ’ਤੇ ਅਗਲੀ ਵਾਰ ਵੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਹੀ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿਚ ਦੁਬਾਰਾ ਯੋਗੀ ਆਦਿੱਤਿਆਨਾਥ ਦੀ ਸਰਕਾਰ ਬਣਦੀ ਹੈ ਤਾਂ ਕਰੋਨਾਵਾਇਰਸ ਮਹਾਮਾਰੀ ਕਾਰਨ ਸੂਬੇ ਦੇ ਵਿਕਾਸ ਕਾਰਜਾਂ ਦਾ ਜੋ ਸਮਾਂ ਖ਼ਰਾਬ ਹੋਇਆ ਹੈ, ਉਹ ਪਹਿਲਾਂ ਨਾਲੋਂ ਜ਼ਿਆਦਾ ਤੇਜ਼ੀ ਨਾਲ ਕੰਮ ਕਰ ਕੇ ਉਸ ਨੁਕਸਾਨ ਦੀ ਭਰਪਾਈ ਕਰ ਦੇਣਗੇ।
ਪ੍ਰਧਾਨ ਮੰਤਰੀ ਨੇ ਇਹ ਸ਼ਬਦ ਮਥੁਰਾ, ਬੁਲੰਦਸ਼ਹਿਰ ਅਤੇ ਆਗਰਾ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿਚ ਹੋਈ ਵਰਚੁਅਲ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਵੱਲੋਂ ਇਹ ਵਰਚੁਅਲ ਰੈਲੀ ਵਿਧਾਨ ਸਭਾ ਚੋਣਾਂ ਦੇ 10 ਫਰਵਰੀ ਨੂੰ ਹੋਣ ਵਾਲੇ ਪਹਿਲੇ ਗੇੜ ਤੋਂ ਮਹਿਜ਼ ਕੁਝ ਦਿਨ ਪਹਿਲਾਂ ਕੀਤੀ ਗਈ। ਉਨ੍ਹਾਂ 2017 ਵਿਚ ਯੋਗੀ ਆਦਿੱਤਿਆਨਾਥ ਦੀ ਸਰਕਾਰ ਤੋਂ ਪਹਿਲਾਂ ਸੂਬੇ ਦੀ ਕਾਨੂੰਨ ਸਥਿਤੀ ਲਈ ਸੱਤਾ ਵਿਚ ਰਹੀ ਸਮਾਜਵਾਦੀ ਪਾਰਟੀ ’ਤੇ ਵੀ ਨਿਸ਼ਾਨਾ ਸੇਧਿਆ। ਉਨ੍ਹਾਂ ਸੂਬੇ ਵਿਚ ਕੀਤੀਆਂ ਪ੍ਰਾਪਤੀਆਂ ਲਈ ਭਾਜਪਾ ਸਰਕਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੇਕਰ ਪਿਛਲੇ ਦੋ ਸਾਲਾਂ ਵਿਚ ਮਹਾਮਾਰੀ ਨਾ ਆਈ ਹੁੰਦੀ ਤਾਂ ਸੂਬੇ ਵਿਚ ਕਈ ਵਿਕਾਸ ਕਾਰਜ ਕਾਫੀ ਪਹਿਲਾਂ ਹੋ ਜਾਣੇ ਸਨ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸ਼ਕਤੀਆਂ ਨੂੰ ਵੀ ਲੋਕਾਂ ਦੀਆਂ ਜਾਨਾਂ ਬਚਾਉਣ ਦੇ ਕੰਮ ਵਿਚ ਲਗਾਉਣਾ ਪਿਆ, ਨਹੀਂ ਤਾਂ ਯੋਗੀ ਜੀ ਦੀ ਅਗਵਾਈ ਹੇਠ ਸੂਬਾ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਹੋਣਾ ਸੀ।’’ ਸ੍ਰੀ ਮੋਦੀ ਨੇ ਕਿਹਾ, ‘‘ਜੇਕਰ ਦੁਬਾਰਾ ਯੋਗੀ ਜੀ ਦੀ ਸਰਕਾਰ ਬਣਦੀ ਹੈ ਤਾਂ ਗਰੀਬਾਂ ਨੂੰ ਘਰ ਦੇਣ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇਗਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉੱਤਰ ਪ੍ਰਦੇਸ਼ ਦੇ ਲੋਕ ਆਉਣ ਵਾਲੇ ਪੰਜ ਸਾਲਾਂ ਲਈ ਭਾਜਪਾ ਨੂੰ ਭਰਪੂਰ ਬਹੁਮਤ ਦੇਣਗੇ ਜਿਸ ਨਾਲ ਯੋਗੀ ਜੀ ਨੂੰ ਇਹ ਕੰਮ ਪੂਰੇ ਕਰਨ ਦੀ ਤਾਕਤ ਮਿਲੇਗੀ। ਉਨ੍ਹਾਂ ਕੇਂਦਰ ਦੀ ਉੱਜਵਲ ਯੋਜਨਾ ਦਾ ਜ਼ਿਕਰ ਕਰਦਿਆਂ ਸੰਕੇਤ ਦਿੱਤਾ ਕਿ ਉੱਤਰ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ ਵੀ ਯੋਗੀ ਆਦਿੱਤਿਆਨਾਥ ਹੀ ਹੋਣਗੇ। ਉਨ੍ਹਾਂ ਕਿਹਾ, ‘‘ਉੱਤਰ ਪ੍ਰਦੇਸ਼ ਦੀਆਂ ਔਰਤਾਂ ਨੇ ਫ਼ੈਸਲਾ ਲੈ ਲਿਆ ਹੈ ਕਿ ਭਾਜਪਾ ਨੂੰ ਜਿਤਾ ਕੇ ਯੋਗੀ ਜੀ ਨੂੰ ਹੀ ਦੁਬਾਰਾ ਮੁੱਖ ਮੰਤਰੀ ਬਣਾਉਣਾ ਹੈ।’’
ਸ੍ਰੀ ਮੋਦੀ ਨੇ ਪਿਛਲੀਆਂ ਸਰਕਾਰਾਂ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਪਿਛਲੇ ਸਮੇਂ ਵਿਚ ਸੱਤਾ ’ਚ ਰਹਿਣ ਵਾਲਿਆਂ ਨੂੰ ਲੋਕਾਂ ਦੇ ਭਰੋਸੇ ਤੇ ਜ਼ਰੂਰਤਾਂ ਦੀ ਕੋਈ ਪ੍ਰਵਾਹ ਨਹੀਂ ਸੀ ਅਤੇ ਉਨ੍ਹਾਂ ਦਾ ਇੱਕੋ-ਇੱਕ ਏਜੰਡਾ ਸੂਬੇ ਨੂੰ ਲੁੱਟਣਾ ਸੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਇਹ ਫ਼ੈਸਲਾ ਲੈ ਲਿਆ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵਿਕਾਸ ਹੀ ਸਭ ਤੋਂ ਵੱਡਾ ਮੁੱਦਾ ਹੋਵੇਗਾ। ਉਨ੍ਹਾਂ ਕਿਹਾ, ‘‘ਉੱਤਰ ਪ੍ਰਦੇਸ਼ ਦੇ ਲੋਕਾਂ ਨੇ ਇਸ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਕੋਈ ਮਾਇਨਾ ਨਹੀਂ ਰੱਖਦਾ ਕਿ ਪੈਸੇ, ਤਾਕਤ, ਜਾਤੀ ਜਾਂ ਫਿਰਕਾਪ੍ਰਸਤੀ ਦੇ ਨਾਂ ’ਤੇ ਕੁਝ ਲੋਕ ਕਿੰਨੀ ਕੁ ਰਾਜਨੀਤੀ ਕਰਦੇ ਹਨ ਪਰ ਉਹ ਲੋਕਾਂ ਦਾ ਪਿਆਰ ਨਹੀਂ ਲੈ ਸਕਦੇ।’’ ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸ਼ੁਭਕਾਮਨਾਵਾਂ ਉਨ੍ਹਾਂ ਦੇ ਨਾਲ ਹਨ ਜੋ ਸੇਵਕ ਬਣ ਕੇ ਉਨ੍ਹਾਂ ਦੀ ਸੇਵਾ ਕਰਦੇ ਹਨ। ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੱਲੋਂ ਹਾਲ ਵਿਚ ਦਿੱਤੇ ਗਏ ਬਿਆਨ ਕਿ ਉਨ੍ਹਾਂ ਨੂੰ ਸੁਫ਼ਨੇ ਵਿਚ ਭਗਵਾਨ ਕ੍ਰਿਸ਼ਨ ਦਿਖੇ ਸਨ, ਬਾਰੇ ਪ੍ਰਧਾਨ ਮੰਤਰੀ ਨੇ ਕਿਹਾ, ‘‘ਭਾਜਪਾ ਨੂੰ ਬੇਅੰਤ ਸਮਰਥਨ ਮਿਲਦਾ ਦੇਖ ਕੇ, ਹੁਣ ਲੋਕਾਂ ਨੂੰ ਸੁਫ਼ਨਿਆਂ ਵਿਚ ਭਗਵਾਨ ਕ੍ਰਿਸ਼ਨ ਦਿਖਣ ਲੱਗ ਪਏ ਹਨ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly