ਬੀਐੱਸਐੱਫ ਦੀ ਕਾਰਵਾਈ ’ਚ ਤਿੰਨ ਪਾਕਿ ਨਸ਼ਾ ਤਸਕਰ ਹਲਾਕ

ਜੰਮੂ (ਸਮਾਜ ਵੀਕਲੀ):  ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਅੱਜ ਤਿੰਨ ਪਾਕਿਸਤਾਨੀ ਘੁਸਪੈਠੀਆਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੇ ਸਾਂਬਾ ਖੇਤਰ   ਵਿਚ ਕੌਮਾਂਤਰੀ ਸਰਹੱਦ ਨੇੜੇ ਕੀਤੀ ਗਈ ਇਸ ਕਾਰਵਾਈ ਦੌਰਾਨ ਬੀਐੱਸਐੱਫ ਨੇ ਨਸ਼ਾ ਤਸਕਰੀ ਦੀ ਇਕ ਵੱਡੀ ਕੋਸ਼ਿਸ਼ ਅਸਫਲ ਕਰ ਕੇ ਕਰੋੜਾਂ ਰੁਪਏ ਮੁੱਲ ਦੀ 36 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ।

ਬੀਐੱਸਐੱਫ ਦੀ ਜੰਮੂ ਫਰੰਟੀਅਰ ਦੇ ਇੰਸਪੈਕਟਰ ਜਨਰਲ ਡੀ.ਕੇ. ਬੂਰਾ ਨੇ ਕਿਹਾ ਕਿ ਇਸ ਸਾਲ ਸਰਹੱਦ ਨੇੜੇ ਬੀਐੱਸਐੱਫ ਵੱਲੋਂ ਨਸ਼ਾ ਤਸਕਰੀ ਦੀ ਇਹ ਚੌਥੀ ਕੋਸ਼ਿਸ਼ ਅਸਫ਼ਲ ਕੀਤੀ ਗਈ ਹੈ। ਇਸ ਤੋਂ ਇਲਾਵਾ ਪਿਛਲੇ ਇਕ ਸਾਲ ਦੌਰਾਨ ਅਜਿਹੀਆਂ ਕੋਸ਼ਿਸ਼ਾਂ ਦੌਰਾਨ ਨੌਂ ਪਾਕਿਸਤਾਨੀ ਘੁਸਪੈਠੀਆਂ ਮਾਰੇ ਜਾ ਚੁੱਕੇ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ, ‘‘ਲੰਘੀ ਰਾਤ ਬੀਐੱਸਐੱਫ ਵੱਲੋਂ ਉਦੋਂ ਸਫਲ ਕਾਰਵਾਈ ਕੀਤੀ ਗਈ ਜਦੋਂ ਸਾਡੇ ਚੌਕਸ ਜਵਾਨਾਂ ਨੇ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ। ਤਸਕਰਾਂ ਨੇ ਹਨੇਰੇ ਤੇ ਧੁੰਦ ਦਾ ਲਾਹਾ ਲੈਂਦੇ ਹੋਏ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਦੀ ਇਸ ਪਾਸੇ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ।’’

ਬਰਾਮਦ ਕੀਤੀਆਂ ਗਈਆਂ ਵਸਤਾਂ ਪ੍ਰਦਰਸ਼ਿਤ ਕਰਦਿਆਂ ਉਨ੍ਹਾਂ ਕਿਹਾ ਕਿ ਸਰਵੀਲੈਂਸ ਉਪਕਰਨ ਨੇ ਤਸਕਰਾਂ ਦੀ ਹਲਚਲ ਫੜ ਲਈ ਅਤੇ ਉਸ ਮੁਤਾਬਕ ਮੂਹਰਲੀ ਚੌਕੀ ’ਤੇ ਤਾਇਨਾਤ ਜਵਾਨ ਚੌਕਸ ਹੋ ਗਏ। ਅਧਿਕਾਰੀ ਨੇ ਕਿਹਾ, ‘‘ਜਿਵੇਂ ਹੀ ਘੁਸਪੈਠੀਏ ਸਰਹੱਦ ਨੇੜੇ ਲੱਗੀ ਕੰਡਿਆਲੀ ਤਾਰ ਕੋਲ ਪਹੁੰਚੇ, ਤਾਂ ਬੀਐੱਸਐੱਫ ਦੇ ਜਵਾਨਾਂ ਨੇ ਉਨ੍ਹਾਂ ਨੂੰ ਵੰਗਾਰਿਆ ਅਤੇ ਬਾਅਦ ਵਿਚ ਜਵਾਨਾਂ ਨੇ ਘੁਸਪੈਠੀਆਂ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਉਪਰੰਤ ਇਲਾਕੇ ਦੀ ਤਲਾਸ਼ੀ ਦੌਰਾਨ ਨਸ਼ੀਲੇ ਪਦਾਰਥ ਦੇ 36 ਪੈਕੇਟ ਬਰਾਮਦ ਹੋਏ। ਇਸ ਦੌਰਾਨ ਮਾਰੇ ਗਏ ਇਕ ਘੁਸਪੈਠੀਏ ਕੋਲੋਂ ਇਕ ਪਿਸਤੌਲ, ਇਕ ਮੈਗਜ਼ੀਨ ਅਤੇ ਨੌਂ ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮਾਰੇ ਗਏ ਘੁਸਪੈਠੀਆਂ ਕੋਲੋਂ 9820 ਰੁਪਏ ਦੀ ਪਾਕਿਸਤਾਨੀ ਕਰੰਸੀ, ਇਕ ਚਾਕੂ ਅਤੇ ਪਾਕਿਸਤਾਨ ’ਚ ਬਣੀ ਹੋਈ ਇਕ ਖੰਘ ਵਾਲੀ ਦਵਾਈ ਵੀ ਮਿਲੀ।

ਇਹ ਪੁੱਛੇ ਜਾਣ ’ਤੇ ਕਿ ਕੀ ਇਹ ਤਸਕਰ ਕਿਸੇ ਅਤਿਵਾਦੀ ਜਥੇਬੰਦੀ ਨਾਲ ਸਬੰਧਤ ਸਨ, ਬਾਰੇ ਉਨ੍ਹਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕਾਰਵਾਈ ਅਤੇ ਜਾਂਚ ਜਾਰੀ ਹੈ। ਜਿਵੇਂ ਹੀ ਉਹ ਕਿਸੇ ਨਤੀਜੇ ’ਤੇ ਪਹੁੰਚਣਗੇ ਤਾਂ ਅਗਲੀ ਜਾਣਕਾਰੀ ਸਾਂਝੀ ਕਰਨਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਵੱਲੋਂ ਚੋਣ ਮਨੋਰਥ ਜਾਰੀ ਕਰਨ ਦਾ ਪ੍ਰੋਗਰਾਮ ਮੁਲਤਵੀ
Next articleਉੱਤਰ ਪ੍ਰਦੇਸ਼ ਚੋਣਾਂ: ਮੋਦੀ ਨੇ ਅਗਲੀ ਵਾਰ ਵੀ ਯੋਗੀ ਦੇ ਮੁੱਖ ਮੰਤਰੀ ਹੋਣ ਦਾ ਦਿੱਤਾ ਸੰਕੇਤ