(ਸਮਾਜ ਵੀਕਲੀ): ਯੂਕਰੇਨ ਨੂੰ ਏਅਰਫੋਰਸ ਜਹਾਜ਼ ਦੇਣ ਬਾਰੇ ਪੋਲੈਂਡ ਦੀ ਪੇਸ਼ਕਸ਼ ਨੂੰ ਅਮਰੀਕਾ ਨੇ ਠੁਕਰਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੋਲੈਂਡ ਨਾਟੋ ਦਾ ਮੈਂਬਰ ਮੁਲਕ ਹੈ। ਪੋਲੈਂਡ ਨੇ ਅਮਰੀਕਾ ਰਾਹੀਂ ਇਹ ਜਹਾਜ਼ ਯੂਕਰੇਨ ਨੂੰ ਦੇਣੇ ਸਨ ਤਾਂ ਇਕ ਉਹ ਰੂਸੀ ਹੱਲੇ ਦਾ ਮੁਕਾਬਲਾ ਕਰ ਸਕਣ। ਪੈਂਟਾਗਨ ਨੇ ਅੱਜ ਕਿਹਾ ਕਿ ਪੋਲੈਂਡ ਵੱਲੋਂ ਆਪਣੇ ਮਿੱਗ-29 ਲੜਾਕੂ ਜਹਾਜ਼ ਅਮਰੀਕਾ ਨੂੰ ਦੇਣ ਦੀ ਕੀਤੀ ਪੇਸ਼ਕਸ਼ ਜੋ ਕਿ ਅਗਾਂਹ ਨੂੰ ਯੂਕਰੇਨ ਨੂੰ ਦਿੱਤੇ ਜਾਣੇ ਹਨ, ਨਾਲ ਨਾਟੋ ਗੱਠਜੋੜ ਲਈ ਗੰਭੀਰ ਖ਼ਤਰੇ ਖੜ੍ਹੇ ਹੁੰਦੇ ਹਨ। ਇਸ ਲਈ ਇਹ ਯੋਜਨਾ ਤਰਕਸੰਗਤ ਨਹੀਂ ਹੈ। ਪੈਂਟਾਗਨ ਦੇ ਪ੍ਰੈੱਸ ਸਕੱਤਰ ਜੌਹਨ ਕਿਰਬੀ ਨੇ ਕਿਹਾ ਕਿ ਜਰਮਨੀ ਵਿਚਾਲੇ ਅਮਰੀਕਾ/ਨਾਟੋ ਦੇ ਬੇਸ ਤੋਂ ਇਨ੍ਹਾਂ ਜਹਾਜ਼ਾਂ ਨੂੰ ਰੂਸ ਖ਼ਿਲਾਫ਼ ਭੇਜਣਾ, ਚਿੰਤਾ ਵਿਚ ਪਾਉਣ ਵਾਲੀ ਗੱਲ ਹੈ। ਪੋਲੈਂਡ ਨੇ ਮੰਗਲਵਾਰ ਕਿਹਾ ਸੀ ਕਿ ਇਹ ਆਪਣੇ ਸਾਰੇ ਮਿੱਗ-29 ਅਮਰੀਕਾ ਨੂੰ ਦੇਵੇਗਾ ਤੇ ਅਮਰੀਕਾ ਇਹ ਅੱਗੇ ਯੂਕਰੇਨ ਨੂੰ ਦੇ ਸਕਦਾ ਹੈ। -ਏਪੀ
ਮਾਰਿਉਪੋਲ ਸ਼ਹਿਰ ’ਚ ਹਾਲਾਤ ਮਾੜੇ, ਮਨੁੱਖੀ ਸੰਕਟ ਡੂੰਘਾ ਹੋਇਆ
ਜੰਗ ਕਾਰਨ ਹੁਣ ਤੱਕ 20 ਲੱਖ ਤੋਂ ਵੱਧ ਲੋਕ ਯੂਕਰੇਨ ਛੱਡ ਚੁੱਕੇ ਹਨ। ਦੂਜੀ ਵਿਸ਼ਵ ਜੰਗ ਵਾਂਗ ਸ਼ਰਨਾਰਥੀ ਸੰਕਟ ਦਿਨੋ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਜਿਨ੍ਹਾਂ ਸ਼ਹਿਰਾਂ ਵਿਚ ਰੂਸ ਤੇ ਯੂਕਰੇਨ ਦੀ ਸਿੱਧੀ ਟੱਕਰ ਹੈ, ਉੱਥੇ ਮਨੁੱਖੀ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਮਾਰਿਉਪੋਲ ਸ਼ਹਿਰ ਵਿਚ ਲਾਸ਼ਾਂ ਸੜਕਾਂ ਉਤੇ ਪਈਆਂ ਹਨ। ਉੱਥੋਂ ਹਾਲੇ ਵੀ ਲੱਖਾਂ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ ਨਹੀਂ ਜਾ ਸਕਿਆ ਹੈ ਕਿਉਂਕਿ ਬੰਬਾਰੀ ਲਗਾਤਾਰ ਹੋ ਰਹੀ ਹੈ। ਚਾਰ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਵਿਚ ਲੋਕ ਬੇਸਮੈਂਟਾਂ ਵਿਚ ਲੁਕੇ ਹੋਏ ਹਨ। ਉੱਥੇ ਨਾ ਤਾਂ ਪਾਣੀ ਹੈ, ਨਾ ਹੀਟ ਹੈ। ਕਈ ਜ਼ਰੂਰੀ ਵਸਤਾਂ ਦੀ ਘਾਟ ਹੈ। ਹਾਲਾਂਕਿ ਕੁਝ ਬੱਸਾਂ ਉੱਥੋਂ ਲੋਕਾਂ ਨੂੰ ਲੈ ਕੇ ਨਿਕਲੀਆਂ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly