- ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੇ ਦੋਸ਼ਾਂ ਤੋਂ ਕੀਤਾ ਇਨਕਾਰ
- ਵਿਰੋਧੀ ਧਿਰਾਂ ਵੱਲੋਂ ਪੇਸ਼ ਸੋਧਾਂ ਖਾਰਜ ਕਰ ਕੇ ਮਤਾ ਸਵੀਕਾਰ ਕੀਤਾ
- ਜੀਐੱਸਟੀ ਕੌਂਸਲ ਤੇ ਕੋਵਿਡ ਪ੍ਰਬੰਧਨ ਸੰਘਵਾਦ ਦੀਆਂ ਸਭ ਤੋਂ ਉੱਤਮ ਮਿਸਾਲਾਂ ਕਰਾਰ
- ਪਿਛਲੇ ਛੇੇ ਸਾਲਾਂ ਵਿੱਚ ਮਹਿੰਗਾਈ ਨੂੰ ਕਾਬੂ ਹੇਠ ਰੱਖਣ ਦਾ ਦਾਅਵਾ
ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਮੁੜ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੇਕਰ ਕਾਂਗਰਸ ਨਾ ਹੁੰਦੀ ਤਾਂ ਦੇਸ਼ ਵਿੱਚ ਕੋਈ ਐਮਰਜੈਂਸੀ ਨਾ ਲਗਦੀ, ਨਾ ਸਿੱਖਾਂ ਦੀ ਨਸਲਕੁਸ਼ੀ ਹੁੰਦੀ, ਨਾ ਜਾਤ ਅਧਾਰਿਤ ਸਿਆਸਤ ਹੁੰਦੀ ਤੇ ਨਾ ਹੀ ਪੰਡਿਤਾਂ ਨੂੰ ਕਸ਼ਮੀਰ ਛੱਡਣਾ ਪੈਂਦਾ। ਉਨ੍ਹਾਂ ਕਿਹਾ ਕਿ (ਰਾਸ਼ਟਰ ਪਿਤਾ) ਮਹਾਤਮਾ ਗਾਂਧੀ ਖ਼ੁਦ ਚਾਹੁੰਦੇ ਸਨ ਕਿ ਕਾਂਗਰਸ ਖਿੰਡ ਜਾਵੇ। ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ਉੱਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਸ੍ਰੀ ਮੋਦੀ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਾਂਗਰਸ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਕਾਂਗਰਸ ਉੱਤੇ ‘ਸ਼ਹਿਰੀ ਨਕਸਲੀ’ ਕਾਬਜ਼ ਹਨ। ਰਾਜ ਸਭਾ ਨੇ ਵਿਰੋਧੀ ਧਿਰਾਂ ਵੱਲੋਂ ਪੇਸ਼ ਸਾਰੀਆਂ ਸੋਧਾਂ ਨੂੰ ਰੱਦ ਕਰਦਿਆਂ ਧੰਨਵਾਦ ਮਤੇ ਨੂੰ ਸਵੀਕਾਰ ਕਰ ਲਿਆ।
ਧੰਨਵਾਦ ਮਤੇ ’ਤੇ ਹੋਈ ਬਹਿਸ ਨੂੰ ਸਮੇਟਦਿਆਂ ਪ੍ਰਧਾਨ ਮੰਤਰੀ ਨੇ ਡੇਢ ਘੰਟੇ ਦੀ ਆਪਣੀ ਤਕਰੀਰ ਵਿੱਚ ਕਿਹਾ, ‘‘ਕਾਂਗਰਸ ਇਕ ਤਰੀਕੇ ਨਾਲ ਸ਼ਹਿਰੀ ਨਕਸਲੀਆਂ ਦੀ ਗ੍ਰਿਫ਼ਤ ਵਿੱਚ ਹੈ। ਇਹੀ ਵਜ੍ਹਾ ਹੈ ਕਿ ਇਸ ਦੀ ਸੋਚ ਨਾਕਾਰਾਤਮਕ ਬਣ ਗਈ ਹੈ।’’ ਉਨ੍ਹਾਂ ਕਿਹਾ, ‘‘ਮਹਾਤਮਾ ਗਾਂਧੀ ਖੁ਼ਦ ਚਾਹੁੰਦੇ ਸਨ ਕਿ ਕਾਂਗਰਸ ਖਿੰਡ ਜਾਵੇ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅੱਗੇ ਜਾ ਕੇ ਕੀ ਹੋਣ ਵਾਲਾ ਹੈ। ਮਹਾਤਮਾ ਗਾਂਧੀ ਦੀ ਇੱਛਾ ਮੁਤਾਬਕ ਜੇਕਰ (ਦੇਸ਼ ਵਿੱਚ) ਕਾਂਗਰਸ ਨਾ ਹੁੰਦੀ ਤਾਂ ਕੀ-ਕੀ ਹੋ ਸਕਦਾ ਸੀ: ਜਮਹੂਰੀਅਤ ਪਰਿਵਾਰਵਾਦ ਤੋਂ ਮੁਕਤ ਹੁੰਦੀ; ਭਾਰਤ ’ਤੇ ਐਮਰਜੈਂਸੀ ਦਾ ਕਲੰਕ ਲੱਗਣ ਤੋਂ ਬਚ ਜਾਂਦਾ; ਭ੍ਰਿਸ਼ਟਾਚਾਰ ਸੰਸਥਾਗਤ ਨਾ ਹੁੰਦਾ; ਜਾਤੀਵਾਦ ਤੇ ਖੇਤਰਵਾਦ ਦੀ ਰਸਾਤਲ ਇੰਨੀ ਡੂੰਘੀ ਨਾ ਹੁੰਦੀ।’’ ਕਾਂਗਰਸ ਵੱਲੋਂ ਕੀਤੇ ਵਾਕਆਊਟ ’ਤੇ ਤਨਜ਼ ਕਸਦਿਆਂ ਸ੍ਰੀ ਮੋਦੀ ਨੇ ਕਿਹਾ ਜਮਹੂਰੀਅਤ ਵਿੱਚ ਗੱਲਾਂ ਸੁਣਨੀਆਂ ਵੀ ਪੈਂਦੀਆਂ ਹਨ, ਪਰ ਪਾਰਟੀ (ਕਾਂਗਰਸ) ਹੁਣ ਤੱਕ ਦੂਜਿਆਂ ਨੂੰ ਉਪਦੇਸ਼ ਹੀ ਦਿੰਦੀ ਆਈ ਹੈ। ਲੋਕ ਸਭਾ ਮਗਰੋਂ ਅੱਜ ਰਾਜ ਸਭਾ ਵਿੱਚ ਵੀ
ਕਾਂਗਰਸ ’ਤੇ ਤਿੱਖੇ ਹਮਲਿਆਂ ਨੂੰ ਜਾਰੀ ਰੱਖਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਜੇ ਕਾਂਗਰਸ ਨਾ ਹੁੰਦੀ, ਤਾਂ ਸ਼ਾਇਦ ਸਿੱਖਾਂ ਦੀ ਨਸਲਕੁਸ਼ੀ ਨਾ ਹੁੰਦੀ, ਪੰਜਾਬ ਅਤਿਵਾਦ ਦੀ ਅੱਗ ਵਿੱਚ ਨਾ ਸੜਦਾ, ਕਸ਼ਮੀਰੀ ਹਿੰਦੂਆਂ ਨੂੰ ਆਪਣਾ ਸੂਬਾ ਨਾ ਛੱਡਣਾ ਪੈਂਦਾ, ਧੀਆਂ ਨੂੰ ਤੰਦੂਰਾਂ ’ਚ ਨਾ ਸਾੜਿਆ ਜਾਂਦਾ ਤੇ ਆਮ ਆਦਮੀ ਨੂੰ ਪਾਣੀ, ਬਿਜਲੀ, ਪਖਾਨੇ ਤੇ ਸੜਕਾਂ ਜਿਹੀਆਂ ਬੁਨਿਆਦੀ ਸਹੂਲਤਾਂ ਲਈ ਸਾਲਾਂ ਬੱਧੀ ਉਡੀਕ ਨਾ ਕਰਨੀ ਪੈਂਦੀ।’ ਪ੍ਰਧਾਨ ਮੰਤਰੀ ਨੇ ਇਤਿਹਾਸ ਨਾਲ ਛੇੜਖਾਨੀ ਦੇ ਲੱਗ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਤਾਂ ਸਿਰਫ਼ ਇਤਿਹਾਸ ਦੀਆਂ ਉਨ੍ਹਾਂ ਯਾਦਾਂ ਨੂੰ ਤਾਜ਼ਾ ਕਰਵਾ ਰਹੇ ਹਨ, ਜੋ ਸਿਰਫ਼ 50 ਸਾਲ ਪੁਰਾਣੀਆਂ ਹਨ ਤੇ ਇਕ ਖਾਸ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ।
ਪਾਰਟੀਆਂ ਵਿੱਚ ਪਰਿਵਾਰਵਾਦ ਨੂੰ ਭਾਰਤੀ ਜਮਹੂਰੀਅਤ ਲਈ ਸਭ ਤੋਂ ਵੱਡਾ ਖ਼ਤਰਾ ਦੱਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਪੰਡਿਤ ਜਵਾਹਰਲਾਲ ਨਹਿਰੂ ‘ਆਲਮੀ ਪੱਧਰ ’ਤੇ ਆਪਣੀ ਦਿੱਖ ਨੂੰ ਲੈ ਕੇ ਫ਼ਿਕਰਮੰਦ’ ਸਨ ਤੇ ਉਨ੍ਹਾਂ ਗੋਆ ਦੀ ਆਜ਼ਾਦੀ ਲਈ ਰਾਮ ਮਨੋਹਰ ਲੋਹੀਆ ਦੀ ਅਗਵਾਈ ’ਚ ਚੱਲ ਰਹੇ ‘ਸੱਤਿਆਗ੍ਰਹਿ’ ਵਿੱਚ ਮਦਦ ਲਈ ਫ਼ੌਜ ਭੇਜਣ ਤੋਂ ਨਾਂਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਕਰਕੇ ਗੋਆ ਨੂੰ ਦੇਸ਼ ਨਾਲੋਂ ਪੰਦਰਾਂ ਸਾਲ ਬਾਅਦ ਆਜ਼ਾਦੀ ਮਿਲੀ। ਮੋਦੀ ਨੇ ਆਪਣੇ ਸੰਬੋਧਨ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਨੂੰ ਪੈਰਾਂ ਹੇਠ ਮਧੋਲਣ ਸਬੰਧੀ ਪਿਛਲੀਆਂ ਕਾਂਗਰਸ ਸਰਕਾਰਾਂ ਦੇ ਕਈ ਕਿੱਸੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਮਰਹੂਮ ਸੀਤਾਰਾਮ ਕੇਸਰੀ ਨੂੰ ਗਾਂਧੀ ਪਰਿਵਾਰ ਖ਼ਿਲਾਫ਼ ਬੋਲਣ ਲਈ ਕੀ ਕੁਝ ਨਹੀਂ ਸਹਿਣਾ ਪਿਆ।
ਉਨ੍ਹਾਂ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੇ ਹਵਾਲੇ ਨਾਲ ਕਿਹਾ, ‘‘ਮੈਨੂੰ ਹੈਰਾਨੀ ਹੋਈ ਸੀ ਜਦੋਂ ਉਨ੍ਹਾਂ ਕਿਹਾ ਸੀ ਕਿ ਜੇਕਰ ਕਾਂਗਰਸ ਨਾ ਹੁੰਦੀ ਤਾਂ ਕੀ ਬਣਦਾ…ਇਹ ਲੋਕਤੰਤਰ ਤੁਹਾਡੀ ਸਰਪ੍ਰਸਤੀ ਦਾ ਮੁਥਾਜ ਨਹੀਂ ਹੈ।’’ ਜਿਨ੍ਹਾਂ ਲੋਕਾਂ ਨੇ 1975 ਵਿੱਚ ਜਮਹੂਰੀਅਤ ਦਾ ਗਲ਼ਾ ਘੁੱਟਿਆ, ਉਨ੍ਹਾਂ ਨੂੰ ਜਮਹੂਰੀਅਤ ਦੀ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਜਦੋਂ ਕਿਸੇ ਪਾਰਟੀ ਵਿੱਚ ਪਰਿਵਾਰ ਸਰਬਉੱਚ ਹੁੰਦਾ ਹੈ ਤਾਂ ਉਥੇ ਸਭ ਤੋਂ ਪਹਿਲਾਂ ਯੋਗਤਾ ਮਰਦੀ ਹੈ। ਕਾਂਗਰਸ ਆਗੂ ਰਾਹੁਲ ਗਾਂਧੀ, ਜਿਨ੍ਹਾਂ ਲੋਕ ਸਭਾ ਵਿੱਚ ਕਿਹਾ ਸੀ ਕਿ ‘ਸੰਵਿਧਾਨ ਵਿੱਚ ਭਾਰਤ ਦਾ ਜ਼ਿਕਰ ਇਕ ਰਾਸ਼ਟਰ ਵਜੋਂ ਨਹੀਂ ਬਲਕਿ ਰਾਜਾਂ ਦੇ ਸੰਘ ਵਜੋਂ ਹੈ’ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਜੇਕਰ ਕਾਂਗਰਸ ਨੂੰ ਲੱਗਦਾ ਹੈ ਰਾਸ਼ਟਰ ਦਾ ਸੰਕਲਪਵਾਦ ਗੈਰਜਮਹੂਰੀ ਹੈ ਤਾਂ ਉਸ ਨੂੰ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਫੈਡਰੇਸ਼ਨ ਆਫ਼ ਕਾਂਗਰਸ ਰੱਖ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਨ ਤਿੰਨ ਸਿਧਾਂਤਾਂ ਬੇਇਤਬਾਰੀ, ਅਸਥਿਰਤਾ ਤੇ ਬਰਖਾਸਤਗੀ ਉੱਤੇ ਕੰਮ ਕਰਦੀ ਹੈ। ਉਨ੍ਹਾਂ ਅਜਿਹੇ ਕਈ ਮੌਕੇ ਗਿਣਾਏ ਜਦੋਂ ਕਾਂਗਰਸ ਸਰਕਾਰਾਂ ਨੇ ਸੂਬਾਂ ਸਰਕਾਰਾਂ ਨੂੰ ਬਰਖਾਸਤ ਜਾਂ ਫਿਰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ।
ਸੰਘਵਾਦ ਬਾਰੇ ਕੇਂਦਰ ਸਰਕਾਰ ਦੀ ਰਸਾਈ ਨੂੰ ਲੈ ਕੇ ਕਾਂਗਰਸ, ਟੀਐੱਮਸੀ ਤੇ ਖੱਬੇਪੱਖੀਆਂ ਵੱਲੋਂ ਕੀਤੇ ਉਜਰਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਨੇ ਘੱਟੋ-ਘੱਟ 50 ਤੋਂ ਵੱਧ ਚੁਣੀਆਂ ਹੋਈਆਂ ਰਾਜ ਸਰਕਾਰਾਂ ਨੂੰ ਭੰਗ ਕਰਕੇ ਉਥੇ ਰਾਸ਼ਟਰਪਤੀ ਰਾਜ ਲਾਗੂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਕਾਂਗਰਸ ਵਾਂਗ ਤੰਗ ਸੋਚ ਨਹੀਂ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਦੀ ਤਰੱਕੀ ਲਈ ਪਹਿਲੀ ਸ਼ਰਤ ਰਾਜਾਂ ਦਾ ਵਿਕਾਸ ਹੈ।
ਕਰੋਨਾ ਮਹਾਮਾਰੀ ਦੌਰਾਨ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਅਸਮਾਨੀ ਪੁੱਜੀਆਂ ਕੌਮਾਂਤਰੀ ਕੀਮਤਾਂ ਦੇ ਬਾਵਜੂਦ ਉਹ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ’ਚ ਸਫ਼ਲ ਰਹੇ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਯੂਕੇ ਨੂੰ ਕ੍ਰਮਵਾਰ 40 ਸਾਲਾਂ ਤੇ 30 ਸਾਲਾਂ ਵਿੱਚ ਪਹਿਲੀ ਵਾਰ ਸਿਖਰਲੇ ਪੱਧਰ ’ਤੇ ਪੁੱਜੀ ਮਹਿੰਗਾਈ ਨਾਲ ਦੋ ਚਾਰ ਹੋਣਾ ਪਿਆ ਜਦੋਂਕਿ ਭਾਰਤ ਨੇ ਮਹਿੰਗਾਈ ਨੂੰ ਕੰਟਰੋਲ ’ਚ ਰੱਖਿਆ। ਪਿਛਲੇ ਛੇੇ ਸਾਲਾਂ ਵਿੱਚ ਮਹਿੰਗਾਈ 4 ਤੋਂ 5 ਫੀਸਦ ਦਰਮਿਆਨ ਰਹੀ ਜਦੋਂਕਿ ਯੂਪੀਏ ਕਾਰਜਕਾਲ ’ਚ ਇਹ ਦੋਹਰੇ ਅੰਕੜੇ ਵਿੱਚ ਸੀ। ਉਨ੍ਹਾਂ ਕਿਹਾ ਕਿ ਜੀਐੱਸਟੀ ਕੌਂਸਲ ਤੇ ਕੋਵਿਡ ਪ੍ਰਬੰਧਨ ਸੰਘਵਾਦ ਦੀ ਸਭ ਤੋਂ ਉੱਤਮ ਮਿਸਾਲਾਂ ਹਨ ਕਿਉਂਕਿ ਕੌਂਸਲ ਵਿੱਚ ਸਾਰੇ ਫ਼ੈਸਲੇ ਇਕਮੱਤ ਨਾਲ ਲਏ ਗਏ। ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਕੋਵਿਡ ਮਹਾਮਾਰੀ ਦੌਰਾਨ ਮੁੱਖ ਮੰਤਰੀਆਂ ਨਾਲ 23 ਦੇ ਕਰੀਬ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਐੱਮਐੱਸਐੱਮਈ ਤੇ ਖੇਤੀ ਤੋਂ ਇਲਾਵਾ ਬੁਨਿਆਦੀ ਢਾਂਚਾ ਖੇਤਰ ਨੂੰ ਸਿਖਰਲੀ ਤਰਜੀਹ ਦਿੱਤੀ ਗਈ, ਜਿਸ ਕਰਕੇ ਰੁਜ਼ਗਾਰ ਦੇ ਮੌਕੇ ਪੈਦਾ ਹੋਏ। ਦੇਸ਼ ਦੇ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫ਼ਤ ਖੁਰਾਕੀ ਅਨਾਜ ਮੁਹੱਈਆ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly