HOME ਅਣਪੁਣੇ ਚਾਅ 

ਅਣਪੁਣੇ ਚਾਅ 

1
ਮਨਪ੍ਰੀਤ ਕੌਰ ਸੰਧੂ
   (ਸਮਾਜ ਵੀਕਲੀ)     “ਅੰਬੋ ਨੀ ਅੰਬੋ , ਮੇਰੀ ਬੇਬੇ ਨੇ   ਘੱਲਿਆ ਮੈਨੂੰ ,ਐਵੇਂ ਨਾ ਆਨੇ ਕੱਢ ,ਆਹ ਵੇਖਲਾ ਟਿੱਕਾ ਵੀ ਲਾਇਆ ਮੈਂ ,ਤੇ ਰਾਣੋ ਭੈਣ ਦਾ ਸੂਟ ਮਸਾਂ ਮਸਾਂ ਮੇਰੇ ਮੇਚੇ ਦਾ ਕੀਤਾ ਘੰਦੂਈ ਸੂਈ ਨਾਲ,ਬੇਬੇ ਦੇ ਉਂਗਲ ਚ ਵੀ ਵੱਜੀ ਸੀ ਸੂਈ,ਹੁਣ ਅੰਬੋ ਐਵੇਂ ਨਾ ਕੋਈ ਪੱਜ ਲਾਈ ਬੀ ਤੇਰੇ ਸੋਹਣੇ ਲੀੜੇ ਹੈਨੀ ਮੈਂ ਨਾਲ ਨੀ ਲੈ ਕੇ ਜਾਂਦੀ,”
ਇੱਕ ਪਹੁਚਾ ਹੱਥ ਚ ਫੜੀ ਗੋਲੋਂ ਇੱਕੋ ਸਾਹ ਅੰਬੋ ਨੂੰ ਏਨਾ ਕੁੱਝ ਕਹਿ ਉਸਦੀ ਬੁੱਕਲ ਚ ਵੜ ਹਾੜੇ ਕੱਢਨ ਲੱਗੀ ।
ਚਲ ਚੰਗਾ ਤੁਰ ਫੇਰ ,
ਹਾਏ ਕਿੰਨਾ ਕੁਝ ਖਾਣ ਨੂੰ,!!ਗੋਲੋਂ ਤਾਂ ਬਸ ਵੇਖੀ ਹੀ ਗਈ,ਆਥਣ ਵੇਲੇ ਵਿਆਹ ਵਾਲੇ ਘਰੋਂ ਨਿੱਕਸੁਕ ਲੈ ਦੋਵੇਂ ਘਰ ਮੁੜਨ ਲੱਗੀਆਂ  ਕਿ ਭੋਲੀਂ ਗੋਲੋਂ ਦੀਆਂ ਨਿਗਾਹਾਂ ਇਕਦਮ ਘਰ ਦੇ ਬਾਹਰ ਬਾਹਰ ਡੰਗਰਾਂ ਦੀ ਖੁਰਲੀ ਦੇ ਆਸੇ ਪਾਸੇ ਖਿਲਰੀਆਂ ਬੇਹੀਆਂ ਰੋਟੀਆਂ ਤੇ ਪਈ , ਦੋ ਚਾਰ ਗਾਵਾਂ ਅਤੇ ਇੱਕ ਕੁੱਤਾ ਰੱਜ ਕੇ ਬਸ ਅੰਨ ਨੂੰ ਹੁਣ ਤਾਂ ਮਿੱਧ ਹੀ ਰਹੇ ਸੀ , ਕਮਲੀ ਗੋਲੋਂ  ਨੇ ਇਕ ਲਿਫ਼ਾਫ਼ਾ ਚੱਕ ਕਾਹਲ਼ੀ ਕਾਹਲ਼ੀ ਰੋਟੀਆਂ ਦੇ ਟੋਟੇ ਚੁਗ ਕੇ ਉਸ ਚ ਪਾਉਣੇ ਸੁਰੂ ਕਰ ਦਿੱਤੇ ,
ਫੋ਼ਂਟ ਜੈ ਖਾਣਿਆਂ ਦੀ,ਕੁੱਢਰ ਕਿਤੋਂ ਦੀ,ਔਂਤਾ ਦੀ ਕਮਲ਼ੀ ,ਮੈਂ ਨਾ ਲਿਆਉ ਗਾਹਾਂ ਤੋ ਨਾਲ,” ਏਧਰ ਮੁੜ ਨੀ , ਅੰਬੋ ਨੇ ਗੁੱਸੇ ਚ ਕਿਹਾ ਤਾਂ ਅੱਗੋ ਗੋਲੋਂ ਬੋਲੀ “ਅੰਬੋ ਸਾਡੇ ਚਾਹ ਪੌਣੀ ਹੈਨੀ ,  ਚੁਲ੍ਹੇ ਤੇ ਚਾਹ ਧਰੀ ਸੀ ਬੇਬੇ ਨੇ ਮੈ ਭੁੱਲ ਕੇ ਪੋਣੀ ਪਤੀਲੇ ਉਤੇ ਰੱਖਤੀ,ਉਸ ਚ ਮੋਰੀ ਹੋ ਗਈ,ਹੁਣ ਚਾਹ ਦੇ ਨਾਲ  ਪੱਤੀ ਉਮੇ ਆ ਜਾਂਦੀ ਬਾਟੀਆਂ ਚ,ਚਾਹ ਭੋਰਾ ਸਵਾਦ ਨਹੀਂ ਲੱਗਦੀ,ਇਹ ਰੋਟੀਆ ਸੁੱਕਾ ਕੇ ਅਸੀ ਚਾਹ ਪੌਣੀ ਲਵਾਂਗੇ,ਛਾਣਬੁਰੇ ਵਾਲ਼ੇ ਭਾਈ ਕੋਲੋਂ , ਉਸ ਕੋਲ਼ ਵੰਗਾ ਵੀ ਹੁੰਦੀਆਂ ਪਰ ਆਪਾਂ ਤਾਂ ਚਾਹ ਪੌਣੀ ਲਵਾਂਗੇ “ਗੋਲੋਂ ਦਾ ਚਿਹਰਾ ਖੁਸ਼ੀ ਚ ਇਵੇਂ ਚਮਕ ਰਿਹਾ ਸੀ ਜਿਵੇਂ ਉਸਨੇ ਕੋਈ ਜੰਗ ਜਿੱਤੀ ਹੋਵੇ।
“ਹਾਏ ਨੀ ਗ਼ਰੀਬੀਏ!” ਏਨਾ ਕਹਿ ਅੰਬੋ ਨੇ ਕਾਹਲ਼ੀ ਨਾਲ਼ ਥੱਬਾ ਬੇਹੀਆਂ ਰੋਟੀਆਂ ਦਾ ਚੱਕ ਉਸਦੇ ਮੂੰਹ ਵੱਲ  ਵੇਖ  ਗਲੇਡੂ ਭਰੇ ਅਤੇ ਭਾਰੇ ਪੈਰੀਂ ਘਰ ਵੱਲ ਤੁਰ ਪਈ
ਮਨਪ੍ਰੀਤ ਕੌਰ ਸੰਧੂ 
ਮੁੰਬਈ
9769186791ਵ੍ਹਟਸਐਪ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.sa
Previous article“ਕਿਹੜੀ ਕਰੀਏ ਤੇ ਕਿਹੜੀ ਨਾ ਕਰੀਏ”
Next articleਹੁਣ ਪਾਕਿਸਤਾਨ ਨੂੰ ਵਿਸ਼ਵ ਮੰਚ ‘ਤੇ ਬੇਨਕਾਬ ਕੀਤਾ ਜਾਵੇਗਾ, ਭਾਰਤ ਸਰਕਾਰ ਨੇ ਇੱਕ ਖਾਸ ਯੋਜਨਾ ਬਣਾਈ ਹੈ; ਸ਼ਸ਼ੀ ਥਰੂਰ ਨੂੰ ਮਿਲੀ ਅਹਿਮ ਜ਼ਿੰਮੇਵਾਰੀ