*ਡਬਲ ਬੈੱਡ, ਫਰਿੱਜ, ਐੱਲ. ਸੀ. ਡੀ, ਗੀਜਰ, ਬੈਟਰੀ ਤੇ ਇਨਵਰਟਰ ਤੇ ਕੱਪੜੇ ਵੀ ਲੈ ਗਏ ਚੋਰ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਪਰਾ ਤੇ ਆਸ-ਪਾਸ ਦੇ ਪਿੰਡਾਂ ‘ਚ ਅਣਪਛਾਤੇ ਚੋਰਾਂ ਦੀ ਇੰਨੀ ਦਹਿਸ਼ਤ ਹੈ ਕਿ ਉਹ ਜਦ ਚਾਹੁਣ ਕਿਤੇ ਵੀ, ਕਿਸੇ ਟਾਈਮ ਵੀ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ | ਬੀਤੀ ਰਾਤ ਵੀ ਅਣਪਛਾਤੇ ਚੋਰ ਸਥਾਨਕ ਅੱਪਰਾ ਤੋਂ ਨਗਰ ਮੁੱਖ ਮਾਰਗ ‘ਤੇ ਪਿੰਡ ਖਾਨਪੁਰ ਨਹਿਰ ਦੇ ਨਜ਼ਦੀਕ ਸਥਿਤ ਇੱਕ ਦਫ਼ਤਰ ਦੇ ਤਾਲੇ ਤੋੜ ਕੇ ਅੰਦਰ ਪਿਆ ਲਗਭਗ ਸਾਰਾ ਹੀ ਸਮਾਨ ਆਪਣੇ ਨਾਲ ਲਿਆਂਦੀ ਗੱਡੀ ‘ਚ ਲੱਦ ਕੇ ਫ਼ਰਾਰ ਹੋ ਗਏ | ਘਟਨਾ ਦੇ ਸੰਬੰਧ ‘ਚ ਜਾਣਕਾਰੀ ਦਿੰਦਿਆਂ ਡਾ. ਬਲਜੀਤ ਵਾਸੀ ਪਿੰਡ ਛੋਕਰਾਂ ਨੇ ਦੱਸਿਆ ਕਿ ਮੇਰਾ ਪਿੰਡ ਖਾਨਪੁਰ ਸ਼ਰਾਬ ਦੇ ਠੇਕੇ ਦੇ ਨਜ਼ਦੀਕ ਦਫਤਰ ਤੇ ਦਵਾਖਾਨਾ ਹੈ | ਬੀਤੀ ਰਾਤ ਅਣਪਛਾਤੇ ਚੋਰ ਮੇਰੇ ਦਫ਼ਤਰ ਦੇ ਸ਼ਟਰ ਦੇ ਤਾਲੇ ਤੇ ਸੈਂਟਰ ਲਾਕ ਤੋੜ ਕੇ ਅੰਦਰ ਪਿਆ ਲਗਭਗ ਸਾਰਾ ਹੀ ਸਮਾਨ ਚੋਰੀ ਕਰਕੇ ਰਫ਼ੂ-ਚੱਕਰ ਹੋ ਗਏ | ਅਣਪਛਾਤੇ ਚੋਰ ਇੱਕ ਡਬਲ ਬੈੱਡ, ਇੱਕ ਫਰਿੱਜ, ਸੀ. ਸੀ. ਟੀ. ਵੀ ਕੈਮਰਿਆਂ ਦਾ ਡੀ. ਵੀ ਆਰ, ਇੱਕ ਬੈਟਰੀ ਤੇ ਇਨਵਰਟਰ, ਇੱਕ ਗੀਜ਼ਰ, ਕੱਪੜੇ ਤੇ ਹੋਰ ਘਰੈਲੂ ਵਰਤੋਂ ਦਾ ਸਮਾਨ ਚੋਰੀ ਕਰਕੇ ਲੈ ਗਏ | ਘਟਨਾ ਦੇ ਸੰਬੰਧ ‘ਚ ਅੱਪਰਾ ਪੁਲਿਸ ਨੂੰ ਲਿਖਤੀ ਸੂਚਿਤ ਕਰ ਦਿੱਤਾ ਗਿਆ ਹੈ | ਇਸ ਸੰਬੰਧ ‘ਚ ਸਬ ਇੰਸਪੈਕਟਰ ਹਰਜੀਤ ਸਿੰਘ ਚੌਂਕੀ ਇੰਚਾਰਜ ਅੱਪਰਾ ਨੇ ਕਿਹਾ ਕਿ ਇਲਾਕੇ ਦੇ ਸੀ. ਸੀ. ਟੀ. ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly