ਲੁਧਿਆਣਾ (ਸਮਾਜ ਵੀਕਲੀ): ਲੁਧਿਆਣਾ ’ਚ ਹੋਏ ਬੰਬ ਧਮਾਕੇ ਤੋਂ ਬਾਅਦ ਅੱਜ ਅਦਾਲਤੀ ਕੰਪਲੈਕਸ ਦਾ ਜਾਇਜ਼ਾ ਲੈਣ ਪੁੱਜੇ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸੱਤਾਧਾਰੀ ਦਲ ਦੇ ਆਗੂਆਂ ਨੂੰ ਅਜਿਹੇ ਮੁੱਦੇ ’ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਰਿਜਿਜੂ ਨੇ ਕਿਹਾ ਕਿ ਸੰਵੇਦਨਸ਼ੀਲ ਮੁੱਦਿਆਂ ’ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਮਾਮਲੇ ਦੀ ਮਿਲ ਕੇ ਜਾਂਚ ਕਰ ਰਹੀਆਂ ਹਨ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਲਈ ਨਹੀਂ ਆਏ ਹਨ। ਬਲਕਿ ਅਦਾਲਤ ਵਿੱਚ ਬੈਠੇ ਜੱਜਾਂ, ਵਕੀਲਾਂ ਨੂੰ ਹੌਸਲਾ ਦੇਣ ਤੇ ਸੁਰੱਖਿਆ ਦਾ ਜਾਇਜ਼ਾ ਲੈਣ ਲਈ ਆਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਗਠਿਤ ਕਮੇਟੀ ਵੀ ਇਸ ਮਾਮਲੇ ਦੀ ਜਾਂਚ ਕਰੇਗੀ। ਰਿਜਿਜੂ ਨੇ ਕਿਹਾ ਕਿ ਉਹ ਪੂਰੇ ਦੇਸ਼ ਦੀਆਂ ਅਦਾਲਤਾਂ ਦੇ ਸੁਰੱਖਿਆ ਢਾਂਚੇ ਦੀ ਜਾਂਚ ਕਰ ਰਹੇ ਹਨ ਤਾਂ ਕਿ ਜੱਜਾਂ ਤੇ ਵਕੀਲਾਂ ਨੂੰ ਕੰਮ ਲਈ ਸਹੀ ਮਾਹੌਲ ਮਿਲ ਸਕੇ। ਭਾਵੇਂ ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਰਾਜਨੀਤੀ ਤੇ ਚੋਣ ਪ੍ਰਚਾਰ ਲਈ ਨਹੀਂ ਆਏ ਹਨ, ਪਰ ਉਹ ਫਿਰ ਵੀ ਰਾਜਸੀ ਕਾਰਡ ਖੇਡਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਨੇਹਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੇ ਨਾਲ ਹਨ। ਮਾਹੌਲ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ।
ਹਸਪਤਾਲ ਜਾ ਕੇ ਜਾਣਿਆ ਜ਼ਖ਼ਮੀਆਂ ਦਾ ਹਾਲ
ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਡੀਐਮਸੀ ਦੇ ਹਸਪਤਾਲ ਵਿੱਚ ਜਾ ਕੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਨੀਸ਼ ਸਿੰਘਲ ਅਤੇ ਹੋਰ ਜੱਜਾਂ ਦੀ ਹਾਜ਼ਰੀ ਵਿੱਚ ਕਚਹਿਰੀ ਕੰਪਲੈਕਸ ਦੇ ਕਾਨਫਰੰਸ ਰੂਮ ਵਿੱਚ ਵਕੀਲਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਦੀ ਫੀਡਬੈਕ ਲਈ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਅਨੁਸੂਚਿਤ ਜਾਤੀ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵੀ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly