
(ਸਮਾਜ ਵੀਕਲੀ) ਪਰਿਵਾਰਕ ਰਿਸ਼ਤਿਆਂ ਦੀ ਮਾਲਾ ਵਿੱਚ ਇੱਕ ਰਿਸ਼ਤਾ ਅਜਿਹਾ ਵੀ ਹੁੰਦਾ ਹੈ ਜੋ ਨਿਰਲੇਪ ਪਿਆਰ, ਅਡੋਲ ਭਰੋਸੇ ਅਤੇ ਅਟੁੱਟ ਸਾਥ ਦਾ ਪ੍ਰਤੀਕ ਹੁੰਦਾ ਹੈ ਤੇ ਇਹ ਰਿਸ਼ਤਾ ਹੈ ਭਰਾ ਦਾ। ਇਹ ਸਿਰਫ਼ ਇਕ ਰਿਸ਼ਤਾ ਨਹੀਂ, ਸਗੋਂ ਜ਼ਿੰਦਗੀ ਦੇ ਹਰ ਪੜਾਅ ‘ਚ ਸਾਥ ਨਿਭਾਉਣ ਵਾਲੀ ਇੱਕ ਅਦਭੁੱਤ ਯਾਤਰਾ ਹੈ। ਹਰ ਸਾਲ 24 ਮਈ ਨੂੰ ਮਨਾਇਆ ਜਾਣ ਵਾਲਾ ‘ਰਾਸ਼ਟਰੀ ਭਰਾ ਦਿਵਸ’ ਇਸ ਅਨਮੋਲ ਸਾਂਝ ਨੂੰ ਮਨਾਉਣ ਅਤੇ ਸਲਾਹੀਏ ਕਰਨ ਦਾ ਇੱਕ ਵਿਸ਼ੇਸ਼ ਦਿਨ ਹੁੰਦਾ ਹੈ।
ਇਸ ਦਿਵਸ ਦੀ ਸ਼ੁਰੂਆਤ 2005 ਵਿੱਚ ਅਮਰੀਕਾ ਦੇ ਅਲਾਬਾਮਾ ਰਾਜ ਵਿੱਚ ਹੋਈ ਸੀ। ਡੈਨੀਅਲ ਰੋਡਸ ਨਾਂ ਦੇ ਇਕ ਲੇਖਕ ਅਤੇ ਕਲਾਕਾਰ ਨੇ ਇਹ ਦਿਨ ਆਪਣੇ ਭਰਾ ਦੀ ਯਾਦ ਵਿੱਚ ਮਨਾਉਣਾ ਸ਼ੁਰੂ ਕੀਤਾ ਸੀ। ਉਹ ਮੰਨਦੇ ਸਨ ਕਿ ਜਿਵੇਂ ਮਾਂ, ਪਿਉ ਅਤੇ ਭੈਣ ਲਈ ਖ਼ਾਸ ਦਿਨ ਹੁੰਦੇ ਹਨ, ਉਸੇ ਤਰ੍ਹਾਂ ਭਰਾ ਲਈ ਵੀ ਇੱਕ ਦਿਨ ਹੋਣਾ ਚਾਹੀਦਾ ਹੈ। ਹੁਣ ਇਹ ਦਿਨ ਭਾਰਤ, ਆਸਟ੍ਰੇਲੀਆ, ਰੂਸ ਅਤੇ ਹੋਰ ਕਈ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ।
ਜਿਵੇਂ ਰੱਖੜੀ ਭੈਣ-ਭਰਾ ਦੇ ਰਿਸ਼ਤੇ ਦੀ ਰਵਾਇਤੀ ਪਛਾਣ ਹੈ, ਉਸੇ ਤਰ੍ਹਾਂ ‘ਭਰਾ ਦਿਵਸ’ ਵੀ ਭੈਣ-ਭਰਾ ਜਾਂ ਭਰਾ-ਭਰਾ ਦੀ ਯਾਰੀ, ਹੌਂਸਲੇ ਅਤੇ ਸਾਥ ਨੂੰ ਸਮਰਪਿਤ ਇੱਕ ਵਿਸ਼ਾਲ ਪੱਧਰੀ ਜਸ਼ਨ ਹੈ। ਇਸ ਦਿਨ ਭੈਣਾਂ ਆਪਣੇ ਭਰਾਵਾਂ ਦੀ ਰੱਖਿਆ, ਲੰਮੀ ਉਮਰ ਅਤੇ ਖੁਸ਼ਹਾਲੀ ਲਈ ਦੁਆ ਕਰਦੀਆਂ ਹਨ, ਉਨ੍ਹਾਂ ਦੀ ਮੌਜੂਦਗੀ ਅਤੇ ਪਿਆਰ ਲਈ ਸ਼ੁਕਰਗੁਜ਼ਾਰੀ ਜਤਾਉਂਦੀਆਂ ਹਨ। ਦੂਜੇ ਪਾਸੇ, ਭਰਾ-ਭਰਾ ਦੀ ਚੁੱਪਚਾਪ ਯਾਰੀ ਅਕਸਰ ਬਿਨਾ ਕਹੇ ਹੀ ਸਭ ਕੁਝ ਕਹਿ ਜਾਂਦੀ ਹੈ।
ਇਹ ਰਿਸ਼ਤਾ ਕਦੇ-ਕਦੇ ਮਿੱਠੀਆਂ ਲੜਾਈਆਂ, ਤਕਰਾਰਾਂ ਤੇ ਰੁੱਸਣ-ਮਨਾਉਣ ਦੇ ਰਾਹੀਂ ਹੋਰ ਵੀ ਪੱਕਾ ਹੁੰਦਾ ਜਾਂਦਾ ਹੈ। ਪਰ ਇਹ ਰਿਸ਼ਤਾ ਸੱਚਮੁੱਚ ਉਸ ਸਮੇਂ ਹੋਰ ਵੀ ਨਿਖਰਦਾ ਹੈ ਜਦੋਂ ਜ਼ਿੰਦਗੀ ਦੇ ਔਖੇ ਮੋੜ ਆਉਂਦੇ ਹਨ ਅਤੇ ਭਰਾ ਆਪਣੇ ਭਰਾ ਲਈ ਢਾਲ ਬਣ ਜਾਂਦਾ ਹੈ ਕਿਉਂਕਿ ਕਹਿੰਦੇ ਹਨ ਭਰਾ ਹੀ ਭਰਾ ਦੀਆਂ ਬਾਹਾਂ ਹੁੰਦੀਆਂ ਹਨ।
ਸਾਡੀ ਸਭਿਆਚਾਰਕ ਧਰੋਹਰ ਵਿੱਚ ਵੀ ਇਹ ਰਿਸ਼ਤਾ ਬੇਹੱਦ ਮਹੱਤਵਪੂਰਨ ਥਾਂ ਰੱਖਦਾ ਹੈ। ਵੱਡਾ ਭਰਾ ਅਕਸਰ ਪਿਉ ਵਾਂਗੂ ਆਪਣੇ ਛੋਟੇ ਭੈਣ-ਭਰਾਵਾਂ ਦੀ ਰੱਖਿਆ ਕਰਦਾ ਹੈ, ਜਦਕਿ ਛੋਟਾ ਭਰਾ ਵੀ ਵੱਡੇ ਭਰਾ ਲਈ ਮਾਣਯੋਗ ਸਾਥੀ ਸਾਬਿਤ ਹੁੰਦਾ ਹੈ। ਦੋਹਾਂ ਦੀ ਚੁੱਪ, ਸਹਾਰਾ, ਨਿਰਲੋਭ ਸਨੇਹ ਤੇ ਅਣਮੁੱਲਾ ਹੌਂਸਲਾ ਕਈ ਵਾਰੀ ਲਫ਼ਜ਼ਾਂ ਤੋਂ ਪਰੇ ਹੁੰਦਾ ਹੋਇਆ ਮਾਣ, ਮਜ਼ਾਕ ਅਤੇ ਅਪਣੱਤ ਦਾ ਅਜਿਹਾ ਮਿਲਾਪ ਬਣਦਾ ਹੈ ਜੋ ਜੀਵਨ ਦੇ ਹਰ ਪਲ ਨੂੰ ਰੰਗੀਨ ਬਣਾਈ ਰੱਖਣ ਵਿਚ ਸਮਰੱਥ ਸਾਬਿਤ ਹੁੰਦਾ ਹੈ।
ਕਈ ਵਾਰੀ ਇਹ ਰਿਸ਼ਤਾ ਸਿਰਫ਼ ਖੂਨ ਦਾ ਨਹੀਂ, ਸਗੋਂ ਭਾਵਨਾਵਾਂ, ਆਪਸੀ ਸਾਂਝ ਤੇ ਪਿਆਰ ਦੀ ਹੋਂਦ ਵਾਲਾ ਵੀ ਹੁੰਦਾ ਹੈ।ਸਾਡੇ ਪੰਜਾਬੀ ਸਭਿਆਚਾਰ ਵਿੱਚ “ਪੱਗ ਵੱਟ ਭਰਾ” ਦੀ ਰਵਾਇਤ ਇਹੀ ਦੱਸਦੀ ਹੈ ਕਿ ਜੇ ਮਨ ਸਾਫ਼ ਹੋਣ ਤਾਂ ਬਣਾਏ ਰਿਸ਼ਤੇ ਵੀ ਸੱਕਿਆਂ ਤੋਂ ਵਧ ਕੇ ਨਿਭਦੇ ਹਨ ਅਤੇ ਇਹ ਸਮਾਜ ਨੂੰ ਸੰਦੇਸ਼ ਦਿੰਦੇ ਹਨ ਕਿ ਭਾਈਚਾਰਾ ਸਿਰਫ਼ ਖੂਨ ਦੀ ਲਕੀਰ ਤੱਕ ਹੀ ਸੀਮਿਤ ਨਹੀਂ, ਸਗੋਂ ਇਹ ਦਿਲਾਂ ਦੀ ਸਾਂਝ ਵੀ ਹੈ। ਅਕਸਰ ਤਾਹੀਂ ਕਿਹਾ ਵੀ ਜਾਂਦਾ ਹੈ ਕਿ ਉਹਦੇ ਨਾਲ ਤਾਂ ਸਾਡਾ ਭਰਾਵਾਂ ਵਰਗਾ ਪਿਆਰ ਹੈ।
ਅੱਜ ਦੇ ਤੇਜ਼ ਰਫ਼ਤਾਰ, ਵਿਅਸਤ ਜੀਵਨ ਵਿੱਚ ਜਿੱਥੇ ਰਿਸ਼ਤੇ ਦੂਰ ਹੋ ਰਹੇ ਜਾਪਦੇ ਹਨ, ਉੱਥੇ ਹੀ ‘ਭਰਾ ਦਿਵਸ’ ਵਰਗੇ ਮੌਕੇ ਸਾਨੂੰ ਆਪਣੀਆਂ ਜੜ੍ਹਾਂ ਵੱਲ ਵਾਪਸ ਲੈ ਜਾਂਦੇ ਹਨ। ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਹ ਰਿਸ਼ਤਾ ਸਿਰਫ਼ ਇਕ ਲਫ਼ਜ਼ੀ ਰਿਸ਼ਤਾ ਨਹੀਂ, ਸਗੋਂ ਇਕ ਅਹਿਸਾਸ ਹੈ ਪਿਆਰ, ਸੰਜੋਗ ਤੇ ਸਮਝਦਾਰੀ ਦਾ।
ਸੋ ਆਓ ਅੱਜ ਦੇ ਦਿਨ ਅਸੀਂ ਇਹ ਵਾਅਦਾ ਕਰੀਏ ਕਿ ਸਾਡੇ ਭਰਾਵਾਂ ਦੇ ਰਿਸ਼ਤੇ ਕਦੇ ਦੂਰੀਆਂ ਦੇ ਸਾਥੀ ਨਾ ਬਣਨ, ਸਗੋਂ ਸਮੇਂ ਦੀ ਹਰ ਸਿਲ-ਵਟ ਤੇ ਹੋਰ ਵੀ ਮਜ਼ਬੂਤ ਹੋਵਣ।
ਬਲਦੇਵ ਸਿੰਘ ਬੇਦੀ ਜਲੰਧਰ9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



