
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਵੱਛਤਾ ਹੀ ਸੇਵਾ ਮੁਹਿੰਮ ਦੇ ਤਹਿਤ ਅੱਜ ਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਸਵੱਛਤਾ ਪ੍ਰਤੀ ਜਾਗਰੂਕਤਾ ਨੂੰ ਸਮਰਪਿਤ ਰੈਲੀ ਕੱਢੀ ਗਈ ਜਿਸ ਨੂੰ ਰੇਲ ਕੋਚ ਫੈਕਟਰੀ ਦੇ ਉੱਚ ਅਧਿਕਾਰੀਆਂ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰੈਲੀ ਪ੍ਰਸ਼ਾਸਨਿਕ ਦਫ਼ਤਰ ਤੋਂ ਸ਼ੁਰੂ ਹੋਈ ਤੇ ਇਸ ਵਿਚ ਰੇਲ ਕੋਚ ਫੈਕਟਰੀ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰ, ਸੇਂਟ ਜੌਹਨ ਐਂਬੂਲੈਂਸ ਬ੍ਰਿਗੇਡ ਦੇ ਮੈਂਬਰ, ਸਕਾਊਟਸ ਤੇ ਗਾਈਡਸ , ਆਰ.ਪੀ.ਐਫ ਦੇ ਜਵਾਨ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਸ਼ਮੂਲੀਅਤ ਕੀਤੀ । ਰੈਲੀ ਵਿਚ ਸ਼ਾਮਿਲ ਲੋਕਾਂ ਨੇ ਆਰ ਸੀ ਐਫ ਕਲੋਨੀ ਦੀਆਂ ਗਲੀਆਂ, ਪਾਰਕਾਂ ਅਤੇ ਮੈਦਾਨਾਂ ਦੀ ਸਫ਼ਾਈ ਕੀਤੀ ਅਤੇ ਲੋਕਾਂ ਨੂੰ ਸਵੱਛਤਾ ਸਬੰਧੀ ਜਾਗਰੂਕ ਕਰਨ ਦਾ ਸੁਨੇਹਾ ਵੀ ਦਿੱਤਾ । ਰੈਲੀ ਦੌਰਾਨ ਰੇਲ ਕੋਚ ਫੈਕਟਰੀ ਸਥਿਤ ਕੇਂਦਰੀ ਵਿਦਿਆਲਿਆ ਨੰਬਰ 1 ਨੇੜੇ ਇੱਕ ਰੁੱਖ ਮਾਂ ਦੇ ਨਾਮ ਦੇ ਥੀਮ ਹੇਠ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਗਏ। ਇਸ ਤੋਂ ਪਹਿਲਾਂ 17 ਸਤੰਬਰ ਤੋਂ ਸ਼ੁਰੂ ਹੋਏ ਸਵੱਛਤਾ ਹੀ ਸੇਵਾ ਅਭਿਆਨ ਵਿੱਚ ਸਵੱਛਤਾ ਪ੍ਰਤੀ ਜਾਗਰੂਕਤਾ ਲਈ ਵੱਖ-ਵੱਖ ਪ੍ਰੋਗਰਾਮ ਕਰਵਾਏ ਗਏ। ਰੁੱਖ ਲਗਾਉਣ, ਸਫ਼ਾਈ ਮਿੱਤਰ ਸੁਰੱਖਿਆ ਕੈਂਪ, ਖੇਡ ਗਤੀਵਿਧੀਆਂ , ਨੁੱਕੜ ਨਾਟਕ, ਵਰਕਸ਼ਾਪਾਂ ਵਿੱਚ ਸਫ਼ਾਈ, ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਜਾਗਰੂਕਤਾ ਮੁਹਿੰਮ ਆਦਿ ਦਾ ਆਯੋਜਨ ਕੀਤਾ ਗਿਆ।