ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ)-ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਸੰਦੀਪ ਕੁਮਾਰ ਮਾਲਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੁਣ-ਖੁਣ ਹੁਸ਼ਿਆਰਪੁਰ ਵਿਖੇ ਮੁੱਖ ਅਧਿਆਪਕਾ ਸਮਰਿਤੂ ਰਾਣਾ ਅਤੇ ਸਕੂਲ ਸਟਾਫ ਦੀ ਅਗਵਾਈ ਹੇਠ ਵਿਦਿਆਰਥੀਆ ਨੂੰ ਟਰੈਫਿਕ ਨਿਯਮਾਂ ਸੰਬੰਧੀ ਸੰਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਵੱਲੋਂ ਆਈਆਂ ਹਦਾਇਤਾ ਦੀ ਪਾਲਣਾ ਕਰਦੇ ਹੋਏ ਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਐਸ ਆਈ ਤਜਿੰਦਰ ਕੌਰ ਅਤੇ ਏ ਐਸ ਆਈ ਮਨੋਹਰ ਚੰਦ ਨੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਜਿਵੇਂ ਕਿ ਟਰੈਫਿਕ ਦੇ ਨਵੇਂ ਕਾਨੂੰਨ ਅਨੁਸਾਰ ਕਿਸੇ ਵੀ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਵੱਲੋ ਕੋਈ ਵੀ ਗੇਅਰ ਵਾਲਾ ਵਹੀਕਲ ਨਾ ਚਲਾਉਣ, ਫ਼ਰਿਸ਼ਤੇ ਸਕੀਮ 2024 ਅਧੀਨ ਰੋਡ ਐਕਸੀਡੈਂਟ ਵਿਚ ਜ਼ਖਮੀਆਂ ਵਿਆਕਤੀਆਂ ਨੂੰ ਮੁਢਲੀ ਸਹਾਇਤਾ ਦੇਣ ਅਤੇ ਹਸਪਤਾਲ ਵਿਚ ਦਾਖਲ ਕਰਵਾਉਣ ਸਬੰਧੀ ਜਾਗਰੂਕ ਕੀਤਾ ਗਿਆ। ਉਨ੍ਹਾਂ ਸਾਈਬਰ ਕ੍ਰਾਈਮ ਦੁਆਰਾ ਹੋ ਰਹੀਆਂ ਠੱਗੀਆਂ ਤੋ ਸੁਚੇਤ ਰਹਿਣ ਅਤੇ ਨਸ਼ਾ ਤਸਕਰਾ ਦੀ ਜਾਣਕਾਰੀ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨਸ਼ਾ ਕਰਨ ਵਾਲੇ ਵਿਅਕਤੀਆਂ ਅਤੇ ਬੱਚਿਆ ਨੂੰ ਨਸ਼ਾ ਛੁਡਾਉਣ ਸਬੰਧਿਤ ਸਹੂਲਤਾ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਮੁੱਖ ਅਧਿਆਪਕਾ ਸਿਮਰਤੂ ਰਾਣਾ ਨੇ ਵਿਦਿਆਰਥੀਆਂ ਨੂੰ ਵਡਮੁੱਲੀ ਜਾਣਕਾਰੀ ਦੇਣ ਲਈ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਪਨਾ ਸੂਦ, ਅਵਿੰਦਰ ਕੌਰ, ਅਨੀਤਾ ਰਾਜ, ਸਰੋਜ ਬਾਲਾ, ਰਾਜਦੀਪ ਕੌਰ, ਰਸ਼ਪਾਲ ਸਿੰਘ, ਰਣਦੀਪ ਕੁਮਾਰ ਆਦਿ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ।



