ਨੇਤਾ ਜੀ ਸੁਭਾਸ਼ ਚੰਦਰ ਬੋਸ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
(ਸਮਾਜ ਵੀਕਲੀ) ਨੇਤਾ ਜੀ ਸੁਭਾਸ਼ ਚੰਦਰ ਬੋਸ ਇਤਿਹਾਸ ਦੇ ਉਨਾਂ ਪੰਨਿਆਂ ਦੀ ਸ਼ੋਭਾ ਬਣਾਉਂਦੇ ਹਨ । ਜਿਨ੍ਹਾਂ ਵਿੱਚ ਉਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ ਹੈ। ਇਹ ਦੇਸ਼ ਭਗਤ, ਮਾਤ- ਭੂਮੀ ਦਾ ਇਹ ਮਹਾਨ ਲਾਲ ਯੁੱਗਾਂ- ਯੁੱਗਾਂ ਤੱਕ ਕਹਾਣੀਆਂ ਅਤੇ ਗੀਤਾਂ ‘ਚੋਂ ਯਾਦ ਕੀਤਾ ਜਾਂਦਾ ਰਹੇਗਾ। ਲੋਕਾਂ ਨੂੰ ਪਵਿੱਤਰ ਕੰਮਾਂ ਅਤੇ ਮਹਾਨ ਕੁਰਬਾਨੀਆਂ ਲਈ ਪ੍ਰੇਰਿਤ ਕਰੇਗਾ। ਮਾਤ- ਭੂਮੀ ਦੀ ਆਜ਼ਾਦੀ ਲਈ ਇਸ ਮਹਾਨ ਦੇਸ਼ ਭਗਤ ਦਾ ਜੀਵਨ ਇੱਕ ਨਾਟਕ ਹੈ ,ਜਿਸ ਵਿੱਚ ਨੇਤਾ ਜੀ ਮਹਾਨਾਇਕ ਹਨ। ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਸਾਰੀਆਂ ਆਜ਼ਾਦ ਸ਼ਕਤੀਆਂ ਨੂੰ ਸੰਗਠਿਤ ਕੀਤਾ ਤੇ ਉਹਨਾਂ ਨੂੰ ਉਦੇਸ਼ ਦੀ ਪੂਰਤੀ ਲਈ ਸਭ ਕੁਝ ਕੁਰਬਾਨ ਕਰਨ ਲਈ ਪ੍ਰੇਰਿਤ ਕੀਤਾ। ਸ਼ਾਇਦ ਹੀ ਕਿਸੇ ਹੋਰ ਨੇਤਾ ਵਿੱਚ ਦੇਸ਼ ਦੇ ਪ੍ਰਤੀ ਮਘਦੀ ਹੋਈ ਦੇਸ਼ ਭਗਤੀ, ਬੇਚੈਨੀ ਅਤੇ ਤਿਆਗ ਦੀ ਇੰਨੀ ਤੇਜ਼ ਭਾਵਨਾ ਸੀ। ਉਹ ਆਪਣੇ ਪੈਰੋਕਾਰਾਂ ਨੂੰ ਕਿਹਾ ਕਰਦੇ ਸਨ, “ਇਸ ਗੱਲ ਨੂੰ ਕਦੀ ਨਾ ਭੁੱਲੋ ਕਿ ਸਭ ਤੋਂ ਵੱਡਾ ਪਾਪ ਗੁਲਾਮ ਰਹਿਣਾ ਹੈ। ਉਹ ਉਹਨਾਂ ਨੂੰ ਇਹ ਵੀ ਯਾਦ ਕਰਵਾਉਂਦੇ ਸਨ ਕਿ ‘ਅਨੀਤੀ ਅਤੇ ਬੇਇਨਸਾਫ਼ੀ ਨਾਲ ਸਮਝੌਤਾ ਕਰਨਾ ਸਭ ਤੋਂ ਵੱਡਾ ਅਪਰਾਧ ਹੈ। ਸਭ ਤੋਂ ਵੱਡਾ ਗੁਣ ਬੁਰਾਈ ਦੇ ਵਿਰੁੱਧ ਸੰਘਰਸ਼ ਕਰਨਾ ਹੈ ,ਇਸ ਲਈ ਭਾਵੇਂ ਕਿੱਡਾ ਵੀ ਵੱਡਾ ਮੁੱਲ ਕਿਉਂ ਨਾ ਚੁਕਾਉਣਾ ਪਵੇ।”
ਜਿੱਤ ਦਾ ਰਾਹ ਬਣਾਇਆ……..
ਭਾਰਤੀ ਇਤਿਹਾਸਕਾਰ ਭਾਰਤ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਭਾਰਤ ਵਿੱਚ ਵਿੱਚੋਂ ਅੰਗਰੇਜ਼ੀ ਹਕੂਮਤ ਨੂੰ ਉਖਾੜਨ ਵਿੱਚ ਨੇਤਾ ਜੀ ਤੇ ਉਸ ਦੀ ਆਜ਼ਾਦ ਹਿੰਦ ਫੌਜ ਦੇ ਕੰਮਾਂ ਦਾ ਮਾਣ ਨਾਲ ਵਰਣਨ ਕਰਨਗੇ ।ਪੂਰਬੀ ਏਸ਼ੀਆ ਵਿੱਚ ਨੇਤਾ ਜੀ ਦੀਆਂ ਸਰਗਰਮੀਆਂ ਨਾਲ ਬ੍ਰਿਟਿਸ਼ ਸਰਕਾਰ ਡਰੀ ਹੋਈ ਸੀ। ਆਜ਼ਾਦ ਹਿੰਦ ਫੌਜ ਦੀ ਹਾਰ ਦੇ ਬਾਵਜੂਦ ਵੀ ਉਸਨੂੰ ਇਸ ਲਈ ਡਰ ਸੀ ਕਿਉਂਕਿ ਆਜ਼ਾਦ ਹਿੰਦ ਦੀ ਫੌਜ ਅਜੇ ਜਿਉਂਦੀ ਸੀ ਅਤੇ ਉਹ ਜਨਤਾ ਵਿੱਚ ਫੈਲ ਗਈ ਸੀ। ਭਾਵੇਂ ਆਜ਼ਾਦ ਹਿੰਦ ਫੌਜ ਹਾਰ ਗਈ ,ਪਰ ਉਸਨੇ ਆਜ਼ਾਦੀ ਲਈ ਰਾਹ ਪੱਧਰਾ ਕਰ ਦਿੱਤਾ।
ਨੇਤਾ ਜੀ ਦਾ ਜਨਮ 23 ਜਨਵਰੀ 1897 ਨੂੰ ਕਟਕ ਵਿੱਚ ਹੋਇਆ ਸੀ। ਕਲਕੱਤਾ ਵਿਸ਼ਵ ਵਿਦਿਆਲੇ ਦੀ ਮੈਟਰਿਕ ਪ੍ਰੀਖਿਆ ਦੂਸਰਾ ਸਥਾਨ ਪ੍ਰਾਪਤ ਕਰਦੇ ਹੋਏ ਪਾਸ ਕੀਤੀ ਸੀ। 1914 ਵਿੱਚ ਅਚਾਨਕ ਉਹ ਅਧਿਆਤਮਿਕ ਗੁਰੂ ਦੀ ਖੋਜ ਵਿੱਚ ਹਰਿਦੁਆਰ ਵੱਲ ਚਲੇ ਗਏ । ਪਰ ਕੁਝ ਸਮੇਂ ਪਿੱਛੋਂ ਵਾਪਸ ਪਰਤ ਆਏ। ਫਿਰ ਪੜ੍ਹਾਈ ਕਰਨ ਲੱਗ ਪਏ। 1916 ਵਿੱਚ ਕਲਕੱਤਾ ਵਿੱਚ ਪ੍ਰੈਜ਼ੀਡੈਂਸੀ ਕਾਲਜ ਦੇ ਇੱਕ ਅਧਿਆਪਕ ਓਟਣ ਨੇ ਭਾਰਤੀਆਂ ਬਾਰੇ ਕੁਝ ਕੌੜੇ ਸ਼ਬਦ ਕਹੇ, ਜਿਸ ਕਾਰਨ ਬੋਸ ਨੇ ਉਹਨਾਂ ਦੀ ਕੁੱਟਮਾਰ ਕਰ ਦਿੱਤੀ। ਇਸ ਵਾਰਦਾਤ ਉਪਰੰਤ ਉਹ ਨੂੰ ਕਾਲਜ ‘ਚੋਂ ਕੱਢ ਦਿੱਤੇ ਗਏ। 1919 ਵਿੱਚ ਬੀ ਏ ਪ੍ਰੀਖਿਆ ਦਰਸ਼ਨ ਸ਼ਾਸਤਰ ਵਿੱਚ ਆਨਰਜ਼ ਦੇ ਨਾਲ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ। 1920 ਵਿੱਚ ਉਹਨਾਂ ਨੇ ਆਈ.ਸੀ.ਏ. ਪ੍ਰੀਖਿਆ ਚੌਥਾ ਸਥਾਨ ਪ੍ਰਾਪਤ ਕਰਦੇ ਹੋਏ ਪਾਸ ਕੀਤੀ ।ਬੋਸ ਦੀ ਦਰਸ਼ਨ ਸ਼ਾਸਤਰ ਵਿਸ਼ੇ ‘ਚੋਂ ਬਹੁਤ ਦਿਲਚਸਪੀ ਸੀ। ਉਹਨਾਂ ਨੇ ਕੁਝ ਦਿਨ ਸਰਕਾਰੀ ਅਹੁਦੇ ਤੇ ਕੰਮ ਕੀਤਾ । ਪਰ ਉਹਨਾਂ ਨੇ ਆਪਣੀ ਆਜ਼ਾਦ ਸੋਚ ਦੇ ਖ਼ਿਲਾਫ਼ ਸਮਝਦੇ ਹੋਏ ਇਸ ਅਹੁਦੇ ਨੂੰ ਛੱਡ ਦਿੱਤਾ ।ਇਸ ਪਿੱਛੋਂ ਉਹਨਾਂ ਦੀ ਗਾਂਧੀ ਜੀ ਨਾਲ ਭੇਟ ਹੋਈ। ਦੋਵੇਂ ਇੱਕ- ਦੂਜੇ ਤੋਂ ਪ੍ਰਭਾਵਿਤ ਹੋਏ ।
ਸੰਨ 1921 ਦੇ ਨਾਮਿਲਵਰਤਨ ਅੰਦੋਲਨ ਵਿੱਚ ਉਹ ਦੇਸ਼ ਬੰਧੂ ਚਿਤਰੰਜਨ ਦਾਸ ਤੇ ਮੌਲਾਨਾ ਅਬਦੁਲ ਕਲਾਮ ਆਜ਼ਾਦ ਦੇ ਨਾਲ ਗ੍ਰਿਫਤਾਰ ਹੋਏ ।ਉਹਨਾਂ ਨੂੰ ਛੇ ਮਹੀਨੇ ਜੇਲ ਦੀ ਸਜ਼ਾ ਹੋਈ ।ਇਸ ਉਪਰੰਤ ਤਾਂ ਉਹਨਾਂ ਨੂੰ ਕਈ ਵਾਰੀ ਜੇਲ ਜਾਣਾ ਪਿਆ।
ਅਜ਼ਾਦ ਹਿੰਦ ਫੌਜ ……..
29 ਜਨਵਰੀ 1931 ਵਿੱਚ ਉਹ ਅਖਿਲ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਚੁਣੇ ਗਏ। 1940 ‘ਚੋਂ ਉਹਨਾਂ ਦਾ ਕਾਂਗਰਸ ਦੀਆਂ ਨੀਤੀਆਂ -ਰੀਤੀਆਂ ਨਾਲ ਗਹਿਰਾ ਮੱਤਭੇਦ ਹੋ ਗਿਆ। ਉਹਨਾਂ ਨੇ ਵੱਖਰੀ ਸਮਾਜ ਪਾਰਟੀ ‘ਫਾਰਵਰਡ ਬਲਾਕ'( ਅਗਾਂਹ ਵਧੂ ਦਲ) ਦਾ ਗਠਨ ਕੀਤਾ। 27 ਜਨਵਰੀ 1941 ਨੂੰ ਪਤਾ ਲੱਗਾ ਕਿ ਉਹ ਕਲਕੱਤਾ ਵਿੱਚ ਆਪਣੇ ਨਿਵਾਸ ਤੇ ਭੇਤ -ਭਰੇ ਹਾਲਤਾਂ ਵਿੱਚ ਗਾਇਬ ਹੋ ਗਏ ਹਨ। ਉਥੋਂ ਉਹ ਕਾਬਲ, ਬਰਲਿਨ, ਰੋਮ ਤੇ ਟੋਕਿਓ ਪਹੁੰਚੇ। ਉਨਾਂ ਨੇ ਅੰਗਰੇਜ਼ੀ ਸ਼ਾਮਰਾਜ ਦੇ ਵਿਰੁੱਧ ਲੜਾਈ ਲੜਨ ਲਈ ਭਾਰਤੀਆਂ ਨੂੰ ਲਾਮਬੰਦ ਕੀਤਾ। ਪੂਰਵੀ ਏਸ਼ੀਆ ਦੇ ਭਾਰਤੀਆਂ ਅਤੇ ਭਾਰਤੀ ਸੈਨਾ ਦੇ ਆਤਮ- ਸਮਰਪਿਤ ਸੈਨਿਕਾਂ ਨੂੰ ਇਕੱਠਾ ਕਰਕੇ। ਉਹਨਾਂ ਨੇ ਆਜ਼ਾਦ ਹਿੰਦ ਫੌਜ ਦਾ ਨਿਰਮਾਣ ਕੀਤਾ। ਇਸ ਸੈਨਾ ਨੂੰ ਬਹੁਤ ਸਫਲਤਾ ਮਿਲੀ। ਪਰ ਯੂਰਪ ਵਿੱਚ ਲੜਾਈ ਦੀ ਹਾਲਤ ਬਦਲ ਜਾਣ ਕਾਰਨ ਆਜ਼ਾਦ ਹਿੰਦ ਫੌਜ ਦੀਆਂ ਮੁਸ਼ਕਿਲਾਂ ਵੱਧ ਗਈਆਂ । ਉਹਨਾਂ ਦੀ ਮੌਤ ਦੇ ਵਿਵਾਦ ਬਾਰੇ ਕਈ ਗੱਲਾਂ ਕਹੀਆਂ ਜਾਂਦੀਆਂ ਹਨ। ਕੁਝ ਲੋਕਾਂ ਦਾ ਵਿਸ਼ਵਾਸ ਹੈ, ਕਿ ਉਹ ਜਿਉਂਦੇ ਹਨ। ਪਰ ਕਰਨਲ ਹਬੀਬ ਰਹਿਮਾਨ ਦੇ ਦੱਸਣ ਅਨੁਸਾਰ ਨੇਤਾ ਜੀ ਦੀ ਹਵਾਈ ਦੁਰਘਟਨਾ ਵਿੱਚ ਮੌਤ ਹੋ ਗਈ। ਉਹ ਹਵਾਈ ਜਹਾਜ ਤੋਕਾਹੂ ਹਵਾਈ ਅੱਡੇ ਤੇ 16 ਅਗਸਤ 1945 ਨੂੰ ਡਿੱਗ ਪਿਆ। ਕਰਨਲ ਹਬੀਬ ਰਹਿਮਾਨ ਦਾ ਕਹਿਣਾ ਹੈ ,ਕਿ ਉਹ ਨੇਤਾ ਜੀ ਦੇ ਨਾਲ ਉਸ ਹਵਾਈ ਜਹਾਜ ਵਿੱਚ ਸਨ।
ਬੁਲਾਵਾ ਦਿੰਦਾ ਹਿਮਾਲਾ ………..
ਨੇਤਾ ਜੀ ਅਧਿਆਪਕ ਵਿਸ਼ਵਾਸ ਵਾਲੇ ਵਿਅਕਤੀ ਸਨ। ਪਰਮਾਤਮਾ ਵਿੱਚ ਉਹਨਾਂ ਦਾ ਵਿਸ਼ਵਾਸ, ਦਲੇਰੀ ਅਤੇ ਇਛਾਵਾਂ ਦਾ ਮੁੱਖ ਭੰਡਾਰ ਸੀ। ਉਹ ਬਿਨ੍ਹਾਂ ਕਿਸੇ ਝਿਜਕ ਤੋਂ ਤਕੜੀ ਤੋਂ ਤਕੜੀ ਹਕੂਮਤ ਦੇ ਖਿਲਾਫ ਡੱਟ ਜਾਂਦੇ ਸਨ। ਧਾਰਮਿਕ ਸ਼ਰਧਾ ਨਾਲ ਉਹਨਾਂ ਨੂੰ ਸ਼ਾਂਤੀ, ਮਜ਼ਬੂਤੀ ,ਆਤਮ- ਵਿਸ਼ਵਾਸ ਤੇ ਹਲੀਮੀ ਪ੍ਰਾਪਤ ਹੁੰਦੀ ਸੀ। ਜਦੋਂ ਉਹ ਸੰਘਰਸ਼ਾਂ ‘ਚੋਂ ਹੁੰਦੇ ਸਨ। ਤਦ ਵੀ ਉਹ ਸ਼ਾਂਤੀ ਅਤੇ ਇਕੱਲੇਪਨ ਨੂੰ ਪਸੰਦ ਕਰਦੇ ਸਨ। ਹਿਮਾਲਿਆ ਤਾਂ ਉਹਨਾਂ ਨੂੰ ਹਮੇਸ਼ਾ ਹੀ ਬੁਲਾਵਾ ਜਿਹਾ ਦਿੰਦਾ ਰਹਿੰਦਾ ਸੀ। ਉਹਨਾਂ ਵਿੱਚ ਸੰਨਿਆਸੀਆਂ ਵਰਗੇ ਗੁਣ ਵੀ ਸਨ। ਸਿੰਗਾਪੁਰ ਵਿੱਚ ਉਹ ਕਦੀ ਕਦੀ ਰਾਮ ਕ੍ਰਿਸ਼ਨ ਮਿਸ਼ਨ ਦੇ ਸਵਾਮੀ ਜੀ ਨੂੰ ਮਿਲਿਆ ਕਰਦੇ ਤੇ ਧਿਆਨ ਕਰਦੇ ਸਨ ।ਕਦੀ -ਕਦੀ ਉਹ ਕਾਫੀ ਰਾਤ ਗਏ ,ਬਿਨਾਂ ਕਿਸੇ ਨੂੰ ਦੱਸਿਆ ਮਿਸ਼ਨ ਦੇ ਪ੍ਰਾਰਥਨਾ ਭਵਨ ਵਿੱਚ ਹੱਥ ਵਿੱਚ ਮਾਲਾ ਲੈ ਕੇ ਬੰਦ ਹੋ ਜਾਂਦੇ ਸਨ ਅਤੇ ਘੰਟਿਆਂ ਤੱਕ ਬੰਦਗੀ ਕਰਿਆ ਕਰਦੇ ਸਨ ।ਨੇਤਾ ਜੀ ਦੇ ਇੱਕ ਕਰੀਬੀ ਸਾਥੀ ਤੇ ਅਸਥਾਈ ਆਜ਼ਾਦ ਹਿੰਦ ਫੌਜ ਦੇ ਇੱਕ ਮੰਤਰੀ ਸ਼੍ਰੀ ਐਸ. ਕੇ. ਅਈਅਰ ਦੇ ਦੱਸਣ ਅਨੁਸਾਰ ਉਨਾਂ ਦੇ ਕੋਲ ਸਾਧਨਾਂ ਦੀ ਪ੍ਰਗਟ ਨਿਸ਼ਾਨੀ ਇੱਕ ਛੋਟੀ ਗੀਤਾ, ਇੱਕ ਛੋਟੀ ਤੁਲਸੀ ਮਾਲਾ, ਤੇ ਪੜ੍ਹਣ ਲਈ ਇੱਕ ਐਨਕ ਸੀ ।ਜਿਸ ਨੂੰ ਉਹ ਇੱਕ ਛੋਟੇ ਜਿਹੇ ਬਟੂਏ ਵਿੱਚ ਰੱਖਦੇ ਸਨ ।ਇਸ ਬਟੂਏ ਦੇ ਬਾਰੇ ‘ਚ ਉਹਨਾਂ ਦੇ ਨਿੱਜੀ ਨੌਕਰ ਤੋਂ ਬਿਨਾਂ ਹੋਰ ਕੋਈ ਨਹੀਂ ਜਾਣਦਾ ਸੀ ।ਨੇਤਾ ਜੀ ਰੱਬ ਬਾਰੇ ਕੋਈ ਜ਼ਿਕਰ ਨਹੀਂ ਕਰਦੇ ਸਨ ।ਉਹ ਤਾਂ ਖੁਦ ਰੱਬ ਦੇ ਨਾਲ ਰਹਿ ਕੇ ਜੀਵਨ ਬਿਤਾਉਂਦੇ ਸਨ।
ਨੇਤਾ ਜੀ ਜਦੋਂ ਭਾਰਤ ਵਿੱਚ ਸਨ ।ਉਦੋਂ ਕਾਂਗਰਸੀ ਨੇਤਾਵਾਂ ਤੇ ਮਹਾਤਮਾ ਗਾਂਧੀ ਜੀ ਨਾਲ ਉਹਨਾਂ ਦੇ ਡੂੰਘੇ ਮੱਤਭੇਦ ਸਨ। ਉਹ ਉਹਨਾਂ ਦੀ ਨੀਤੀ ਨਾਲ ਸਹਿਮਤ ਨਹੀਂ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਵਿਦੇਸ਼ੀ ਮੱਦਦ ਦੀ ਲੋੜ ਸੀ ।ਜਿਸ ਨੂੰ ਭਾਰਤ ਦੇ ਉਹਨਾਂ ਦੇ ਹੋਰ ਸਾਥੀ ਮੰਨਦੇ ਨਹੀਂ ਸਨ ।ਇਸ ਦੇ ਬਾਵਜੂਦ ਉਹਨਾਂ ਨੇ ਗਾਂਧੀ ਜੀ ਪ੍ਰਤੀ ਯਕੀਨ ਬਣਾਈ ਰੱਖਿਆ ।ਪਰ ਉਹ ਉਹਨਾਂ ਦੀ ਅਹਿੰਸਾ ਦੀ ਨੀਤੀ ‘ਚ ਵਿਸ਼ਵਾਸ ਨਹੀਂ ਰੱਖਦੇ ਸਨ। ਜਦੋਂ ਉਹ ਦੇਸ਼ ਤੋਂ ਬਾਹਰ ਆਜ਼ਾਦੀ ਲਈ ਲੜ ਰਹੇ ਸਨ, ਤਾਂ ਉਦੋਂ ਵੀ ਗਾਂਧੀ ਜੀ ਪ੍ਰਤੀ ਬਹੁਤ ਸਤਿਕਾਰ ਕਰਦੇ ਰੱਖਦੇ ਸਨ। ਉਹਨਾਂ ਆਪਣੇ ਇੱਕ ਰੇਡੀਓ ਭਾਸ਼ਨ ਵਿੱਚ ਕਿਹਾ ਸੀ — ‘ਹੇ ਰਾਸ਼ਟਰਪਿਤਾ, ਇਸ ਪਵਿੱਤਰ ਆਜ਼ਾਦੀ ਦੀ ਲੜਾਈ ਵਿੱਚ ਅਸੀਂ ਤੁਹਾਨੂੰ ਸ਼ੁਭਕਾਮਨਾ ਤੇ ਤੁਹਾਡਾ ਆਸ਼ੀਰਵਾਦ ਚਾਹੁੰਦੇ ਹਾਂ ।’ਇਹ ਸ਼ਬਦ ਉਹਨਾਂ ਛੇ ਜੁਲਾਈ 1944 ਨੂੰ ਰੇਡੀਓ ਤੋਂ ਮਹਾਤਮਾ ਗਾਂਧੀ ਦੇ ਨਾਲ ਸੰਦੇਸ਼ ਵਿੱਚ ਕਹੇ ਸਨ ।ਇਹ ਸੰਦੇਸ਼ ਉਸ ਸਮੇਂ ਪ੍ਰਸਾਰਿਤ ਕੀਤਾ ਗਿਆ ਸੀ ਜਦ ਆਜ਼ਾਦ ਹਿੰਦ ਫੌਜ ਭਾਰਤ- ਭੂਮੀ ਤੇ ਲੜ ਰਹੀ ਸੀ। ਉਹਨਾਂ ਨੇ ਕਿਹਾ– “ਮੈਂ ਉਸ ਪ੍ਰਚਾਰ ਤੋਂ ਜਾਣੂ ਹਾਂ,ਜਿਹੜਾ ਸਾਡਾ ਦੁਸ਼ਮਣ ਸਾਡੇ ਵਿਰੁੱਧ ਕਰ ਰਿਹਾ ਹੈ। ਸਿਰਫ ਉਹੀ ਵਿਅਕਤੀ ਕਠਪੁਤਲੀ ਬਣ ਜਾਂਦਾ ਹੈ, ਜਿਸ ਵਿੱਚ ਖੁਦਦਾਰੀ ਤੇ ਆਤਮ- ਗੌਰਵ ਦੀ ਭਾਵਨਾ ਨਹੀਂ ਹੈ।ਮੇਰੇ ਵੱਡੇ ਦੁਸ਼ਮਣ ਵੀ ਮੈਨੂੰ ਇਹ ਗੱਲ ਕਹਿਣ ਦਾ ਹੌਂਸਲਾ ਤੱਕ ਨਹੀਂ ਕਰ ਸਕਦੇ, ਕਿ ਮੈਂ ਦੇਸ਼ ਦੀ ਇੱਜਤ ਅਤੇ ਆਤਮ -ਗੌਰਵ ਵੇਚ ਸਕਦਾ ਹਾਂ।”
“………ਇਸ ਸਮੇਂ ਆਜ਼ਾਦ ਹਿੰਦ ਫੌਜ ਅਨੇਕਾਂ ਮਸੀਬਤਾਂ ਦੇ ਬਾਵਜ਼ੂਦ ਭਾਰਤ ਦੀ ਧਰਤੀ ‘ਤੇ ਆਜ਼ਾਦੀ ਦੀ ਲੜਾਈ ਲੜ ਰਹੀ ਹੈ। ਅਤੇ ਹੌਲੀ -ਹੌਲੀ ਪਰ ਯਕੀਨੀ ਤੌਰ ਤੇ ਤਰੱਕੀ ਕਰ ਰਹੀ ਹੈ। ਇਹਨਾਂ ਹਥਿਆਰਾਂ ਸਮੇਤ ਲੜਾਈ ਉਦੋਂ ਤੱਕ ਚਲਦੀ ਰਹੇਗੀ ,ਜਦੋਂ ਤੱਕ ਕੇ ਭਾਰਤ ਦੇ ਸਾਰੇ ਅੰਗਰੇਜ਼ ਬਾਹਰ ਨਹੀਂ ਨਿਕਲ ਜਾਂਦੇ ਤੇ ਸਾਡਾ ਤਰੰਗਾ ਕੌਮੀ ਝੰਡਾ ਦਿੱਲੀ ਦੇ ਵਾਇਸਰਾਏ ਭਵਨ ਉੱਤੇ ਸ਼ਾਨ ਨਾਲ ਨਹੀਂ ਲਹਿਰਾਉਂਦਾ ।
ਤੁਸੀਂ ਜਿੱਤ ਦੀ ਰਾਹ ‘ਤੇ ਹੋ………
ਨੇਤਾ ਜੀ ਭਾਰਤ ਤੋਂ ਬੜੇ ਖੁਫੀਆ ਤਰੀਕੇ ਨਾਲ ਚਲੇ ਗਏ। ਪੁਲਿਸ ਉਹਨਾਂ ਤੇ ਸਖ਼ਤ ਨਜ਼ਰਾਂ ਰੱਖ ਰਹੀ ਸੀ। ਪਰ ਫਿਰ ਵੀ ਉਹ ਉਹਨਾਂ ਦੀਆਂ ਨਜ਼ਰਾਂ ਤੋਂ ਬਚ ਨਿਕਲ ਗਏ। ਉਹਨਾਂ ਦੀ ਜਰਮਨੀ, ਰੋਮ ਤੇ ਟੋਕਿਓ ਜਾਣ ਦੀ ਕਹਾਣੀ ਰੋਚਕ, ਵੱਡੇ ਹੌਸਲੇ ਤੇ ਪੱਕੇ ਇਰਾਦੇ ਨਾਲ ਭਰਪੂਰ ਹੈ। ਨੇਤਾ ਜੀ ਦੇ ਦੁਸ਼ਮਣਾਂ ਨੇ ਉਹਨਾਂ ਨੂੰ ਜਰਮਨ ਅਤੇ ਜਪਾਨ ਦੀ ਕਠਪੁਤਲੀ ਆਖਿਆ। ਪਰ ਉਸਦੇ ਦੇਸ਼ਵਾਸੀ ਜਾਣਦੇ ਸਨ ਕਿ ਉਹਨਾਂ ਦਾ ਇੱਕੋ ਇੱਕ ਉਦੇਸ਼ ਭਾਰਤ ਤੋਂ ਅੰਗਰੇਜ਼ੀ ਹਕੂਮਤ ਦਾ ਖ਼ਾਤਮਾ ਤੇ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ। ਉਹ ਕਿਸੇ ਵੀ ਕਠਪੁਤਲੀ ਹੋ ਨਹੀਂ ਸਕਦੇ। ਆਜ਼ਾਦ ਹਿੰਦ ਫੌਜ ਦੇ ਭਾਰਤ ਰਵਾਨਗੀ ਸਮੇਂ ਉਨਾਂ ਉਹਨਾਂ ਨੇ ਆਪਣੇ ਸੈਨਿਕਾਂ ਨੂੰ ਜਿਹੜੀ ਗੱਲ ਕਹੀ ਸੀ, ਉਹ ਅੱਜ ਵੀ ਕੰਨਾਂ ਵਿੱਚ ਗੂੰਜਦੀ ਹੈ।
ਉਹਨਾਂ ਨੇ ਕਿਹਾ ਸੀ— –“ਉਹਨਾਂ ਪਹਾੜਾਂ ਤੋਂ ਦੂਜੇ ਪਾਸੇ ਉਹਨਾਂ ਨਦੀਆਂ ਤੋਂ ਪਾਰ ਸਾਡੀ ਭੂਮੀ ਹੈ। ਸੁਣੋ ਭਾਰਤ ਬੁਲਾ ਰਿਹਾ ਹੈ । ਤੁਹਾਡੀ ਰਵਾਨਗੀ ਦਿੱਲੀ ਮਾਰਗ ‘ਤੇ ਜਿੱਤ ਦੇ ਰਾਹ ਤੇ ਸ਼ੁਰੂ ਹੋ ਰਹੀ ਹੈ। ਇਸ ਰਾਹ ‘ਤੇ ਮੈਂ ਤੁਹਾਨੂੰ ਭੁੱਖ, ਪਿਆਸ, ਕਸ਼ਟ ਅਖੀਰ ਵਿੱਚ ਮੌਤ ਤੋਂ ਇਲਾਵਾ ਹੋਰ ਕੁਝ ਦੇਣ ਦਾ ਵਾਅਦਾ ਨਹੀਂ ਕਰਦਾ ।ਜੇ ਤੁਸੀਂ ਇਸ ਦੇ ਲਈ ਤਿਆਰ ਹੋ ਤਾਂ ਮੇਰੇ ਨਾਲ ਚਲੋ ਅਤੇ ਅਸੀਂ ਨਾਲ- ਨਾਲ ਜਿੱਤ ਦੀ ਰਾਹ ਤੇ ਅੱਗੇ ਵਧਾਂਗੇ ।” ਨੇਤਾ ਜੀ ਸੁਭਾਸ਼ ਚੰਦਰ ਬੋਸ ਬਹੁਤ ਬੇਮਿਸਾਲ ਤਾਕਤ ਅਤੇ ਮਿਠਾਸ ਦਾ ਸੁਮੇਲ ਸਨ । ਉਹਨਾਂ ਦੀ ਸ਼ਖਸ਼ੀਅਤ ਪ੍ਰਭਾਵਸ਼ਾਲੀ ਸੀ ਜੋ ਕਿ ਲੋਕਾਂ ਨੂੰ ਉਹਨਾਂ ਦੀ ਅਗਵਾਈ ਵਿੱਚ ਥਾਂ ਹੌਸਲਾ ਤੇ ਬਹਾਦਰੀ ਭਰੇ ਕੰਮ ਕਰਨ ਲਈ ਪ੍ਰੇਰਿਤ ਕਰਦੀ ਸੀ ।ਛੋਟੇ ਕਹੇ ਜਾਣ ਵਾਲੇ ਲੋਕ ਵੀ ਜਦੋਂ ਉਹਨਾਂ ਦੀ ਝਲਕ ਪਾ ਲੈਂਦੇ ਅਤੇ ਸੁਣਦੇ ਤਾਂ ਉਹਨਾਂ ਵਿੱਚ ਵੀ ਪੂਰਾ ਵਿਕਾਸ ਹੋ ਜਾਂਦਾ ਸੀ। ਉਹਨਾਂ ਨੂੰ ਵੀ ਆਪਣੀ ਅੰਦਰੂਨੀ ਸ਼ਕਤੀ ਦਾ ਗਿਆਨ ਹੋਣ ਲੱਗਦਾ ਸੀ ਉਹਨਾਂ ਦੀ ਮੌਜ਼ੂਦਗੀ ਵਿੱਚ ਮਤਲਬੀ ਲੋਕ ਵੀ ਖੁੱਲੇ ਦਿਲ ਵਾਲੇ ਤੇ ਡਰਪੋਕ ਲੋਕ ਬਹਾਦਰ ਬਣ ਜਾਂਦੇ ਸਨ। ਉਹਨਾਂ ਦੀ ਸ਼ਰਮਾਕਲ ਅਤੇ ਸਾਦੀ ਮੁਸਕਾਨ ਉਹਨਾਂ ਦੀ ਮਿਠਾਸ ਭਰੀ ਨਜ਼ਰ ਬੜੀ ਲੁਭਾਵਣੀ ਬ ਸੀ ਤੇ ਉਹਨਾਂ ਦਾ ਨਰ -ਨਾਰੀਆਂ ਦੇ ਦਿਲਾਂ ਤੇ ਬੜਾ ਅਸਰ ਪੈਂਦਾ ਸੀ। ਉਹ ਉਹਨਾਂ ਦੇ ਆਸਾਨੀ ਨਾਲ ਪ੍ਰਸ਼ੰਸਕ ਤੇ ਪੈਰੋਕਾਰ ਬਣ ਜਾਂਦੇ ।ਉਹ ਉਹਨਾਂ ਨੂੰ ਵਡਿਆਈ ਵਾਲੇ ਕੰਮ ਕਰਨ ਲਈ ਪ੍ਰੇਰਤ ਕਰਦੇ । ਸੱਚ -ਮੁੱਚ ਹੀ ਉਹ ਇੱਕ ਮਹਾਨ ਨੇਤਾ, ਬੇਮਿਸਾਲ ਦੇਸ਼ ਭਗਤ, ਅਤੇ ਭਾਰਤ ਦੇ ਮਹਾਨ ਸਬੂਤ ਸਨ।
ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349