(ਸਮਾਜ ਵੀਕਲੀ) ਕੁੱਝ ਦਿਨ ਪਹਿਲਾਂ ਸਾਡੇ ਘਰ ਦੀ ਲਗਭਗ ਪੰਦਰਾਂ ਸਾਲ ਪੁਰਾਣੀ ਫਰਿੱਜ ਖਰਾਬ ਹੋ ਗਈ। ਇਸ ਨੂੰ ਪਹਿਲਾਂ ਵੀ ਦੋ-ਤਿੰਨ ਵਾਰ ਠੀਕ ਕਰਵਾ ਚੁੱਕੇ ਸੀ, ਪਰ ਇਸ ਵਾਰ ਲੱਗਿਆ ਕਿ ਹੁਣ ਇਸ ਤੇ ਹੋਰ ਪੈਸੇ ਖਰਚਣ ਦੀ ਬਜਾਏ ਨਵੀਂ ਫਰਿੱਜ ਹੀ ਖਰੀਦ ਲਈ ਜਾਵੇ। ਇਸ ਤੋਂ ਬਾਅਦ ਘਰ ਵਿੱਚ ਸਲਾਹ-ਮਸ਼ਵਰਾ ਸ਼ੁਰੂ ਹੋ ਗਿਆ ਕਿ ਕਿਹੜੀ ਫਰਿੱਜ ਸਾਡੇ ਲਈ ਠੀਕ ਰਹੇਗੀ। ਅਸੀਂ ਇੱਕ ਸ਼ੋਅ ਰੂਮ ਵਿੱਚ ਗਏ। ਉੱਥੇ ਹਰ ਆਕਾਰ ਅਤੇ ਹਰ ਕੀਮਤ ਦੀਆਂ ਫਰਿੱਜਾਂ ਮੌਜੂਦ ਸਨ। ਕੁੱਝ ਬਹੁਤ ਮਹਿੰਗੀਆਂ ਸਨ ਅਤੇ ਕੁੱਝ ਆਮ ਪਰਿਵਾਰਾਂ ਦੇ ਬਜਟ ਅਨੁਸਾਰ। ਅਸੀਂ ਕਈ ਮਾਡਲ ਵੇਖੇ, ਪਰ ਕੋਈ ਜਲਦਬਾਜ਼ੀ ਨਹੀਂ ਕੀਤੀ। ਘਰ ਆ ਕੇ ਸ਼ਾਂਤ ਮਨ ਨਾਲ ਬੈਠੇ ਅਤੇ ਆਪਣੀਆਂ ਲੋੜਾਂ, ਬਜਟ ਅਤੇ ਵਰਤੋਂ ਬਾਰੇ ਵਿਚਾਰ ਕੀਤਾ। ਫਿਰ ਅਸੀਂ ਇਹ ਵੀ ਸੋਚਿਆ ਕਿ ਅਸੀਂ ਫਰਿੱਜ ਵਿੱਚ ਕਿਸ ਤਰ੍ਹਾਂ ਦਾ ਸਮਾਨ ਰੱਖਣਾ ਹੁੰਦਾ ਹੈ। ਸਾਨੂੰ ਕਿੰਨੀ ਬਰਫ਼ ਦੀ ਲੋੜ ਪੈਂਦੀ ਹੈ ਅਤੇ ਕਿੰਨਾ ਕੁੱਝ ਫ਼੍ਰੋਜ਼ਨ ਸਮਾਨ ਸਟੋਰ ਕਰਨਾ ਹੁੰਦਾ ਹੈ। ਕਿਉਂਕਿ ਸਾਡੇ ਘਰ ਵਿੱਚ ਬਰਫ਼ ਅਤੇ ਫ਼੍ਰੋਜ਼ਨ ਸਮਾਨ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ, ਇਸ ਲਈ ਅਸੀਂ ਆਪਣੀਆਂ ਅਸਲ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਫਰਿੱਜ ਦੀ ਚੋਣ ਕੀਤੀ। ਸਾਡਾ ਮਕਸਦ ਸਿਰਫ਼ ਵੱਡੀ ਜਾਂ ਮਹਿੰਗੀ ਫਰਿੱਜ ਖਰੀਦਣਾ ਨਹੀਂ ਸੀ, ਸਗੋਂ ਉਹੀ ਫਰਿੱਜ ਲੈਣੀ ਸੀ ਜੋ ਸਾਡੀਆਂ ਲੋੜਾਂ ਅਤੇ ਬਜਟ—ਦੋਵਾਂ ਦੇ ਅਨੁਕੂਲ ਹੋਵੇ। ਸ਼ਾਇਦ ਹਰ ਕੋਈ ਇਸ ਗੱਲ ਨੂੰ ਮਹਿਸੂਸ ਨਾ ਕਰ ਸਕੇ, ਪਰ ਇੱਕ ਮੱਧ ਵਰਗ ਜਾਂ ਇਸ ਤੋਂ ਹੇਠਾਂ ਦੇ ਪਰਿਵਾਰ ਲਈ ਅਜਿਹੀ ਖਰੀਦਦਾਰੀ ਸਿਰਫ਼ ਇੱਕ ਚੀਜ਼ ਖਰੀਦਣ ਦਾ ਨਾਮ ਨਹੀਂ ਹੁੰਦੀ। ਇਸ ਦੇ ਪਿੱਛੇ ਕਈ ਦਿਨਾਂ ਦੀ ਸੋਚ-ਵਿਚਾਰ, ਹਿਸਾਬ-ਕਿਤਾਬ ਅਤੇ ਆਪਣੀਆਂ ਲੋੜਾਂ ਨੂੰ ਤਰਜੀਹ ਦੇਣੀ ਪੈਂਦੀ ਹੈ। ਆਖ਼ਰਕਾਰ ਇਹ ਵੀ ਦੇਖਣਾ ਪੈਂਦਾ ਹੈ ਕਿ ਆਪਣੀ ਹੈਸੀਅਤ ਦੇ ਅੰਦਰ ਰਹਿ ਕੇ ਹੀ ਸਹੀ ਫ਼ੈਸਲਾ ਲਿਆ ਜਾਵੇ। ਆਖ਼ਰਕਾਰ ਅਸੀਂ ਆਪਣੀਆਂ ਲੋੜਾਂ ਅਤੇ ਬਜਟ ਦੇ ਅਨੁਸਾਰ ਅੱਜ ਇੱਕ ਫਰਿੱਜ ਖਰੀਦ ਲਈ। ਜਦੋਂ ਉਹ ਘਰ ਪਹੁੰਚੀ ਤਾਂ ਮੇਰਾ ਬੇਟਾ ਕਹਿਣ ਲੱਗਾ, “ਪਾਪਾ, ਦਾਦੂ ਨੂੰ ਆ ਜਾਣ ਦਿਓ, ਫਿਰ ਅਸੀਂ ਸਾਰੇ ਮਿਲ ਕੇ ਇਸ ਨੂੰ ਅਨਬਾਕਸ ਕਰਾਂਗੇ।” ਉਸ ਦੀ ਇਹ ਗੱਲ ਸੁਣ ਕੇ ਮੇਰੇ ਚਿਹਰੇ ਤੇ ਮੁਸਕਾਨ ਆ ਗਈ, ਕਿਉਂਕਿ ਮੇਰੇ ਮਨ ਵਿੱਚ ਵੀ ਇਹੀ ਵਿਚਾਰ ਸੀ। ਪਾਪਾ ਕਿਸੇ ਕੰਮ ਗਏ ਸਨ। ਅਸੀਂ ਲਗਭਗ ਇੱਕ ਘੰਟਾ ਉਡੀਕ ਕੀਤੀ। ਜਦੋਂ ਪਾਪਾ ਘਰ ਆਏ ਤਾਂ ਉਹਨਾਂ ਦੇ ਚਿਹਰੇ ਤੇ ਵੀ ਵੱਖਰੀ ਹੀ ਖੁਸ਼ੀ ਸੀ। ਫਿਰ ਸਾਰੇ ਪਰਿਵਾਰ ਨੇ ਇਕੱਠੇ ਹੋ ਕੇ ਫਰਿੱਜ ਨੂੰ ਅਨਬਾਕਸ ਕੀਤਾ। ਉਸ ਵੇਲੇ ਉਹ ਸਿਰਫ਼ ਇੱਕ ਨਵੀਂ ਫਰਿੱਜ ਨਹੀਂ ਸੀ, ਸਗੋਂ ਸਾਡੀ ਮਿਹਨਤ, ਸਬਰ ਅਤੇ ਪਰਿਵਾਰਕ ਇਕੱਠ ਦਾ ਇੱਕ ਸੁੰਦਰ ਪ੍ਰਤੀਕ ਸੀ। ਉਸ ਪਲ ਮੈਨੂੰ ਇੱਕ ਵਾਰ ਫਿਰ ਮਹਿਸੂਸ ਹੋਇਆ ਕਿ ਅਸਲ ਖੁਸ਼ੀ ਚੀਜ਼ਾਂ ਦੀ ਕੀਮਤ ਵਿੱਚ ਨਹੀਂ ਹੁੰਦੀ, ਸਗੋਂ ਉਹਨਾਂ ਨੂੰ ਹਾਸਲ ਕਰਨ ਪਿੱਛੇ ਦੀ ਮਿਹਨਤ, ਉਡੀਕ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਾਂਝੇ ਕੀਤੇ ਪਲਾਂ ਵਿੱਚ ਹੁੰਦੀ ਹੈ। ਜਦੋਂ ਅਸੀਂ ਆਪਣੀ ਹੈਸੀਅਤ ਦੇ ਅੰਦਰ ਰਹਿ ਕੇ ਕੋਈ ਚੀਜ਼ ਖਰੀਦਦੇ ਹਾਂ, ਤਾਂ ਉਸ ਨਾਲ ਮਿਲਣ ਵਾਲੀ ਸੰਤੁਸ਼ਟੀ ਅਤੇ ਖੁਸ਼ੀ ਦਾ ਅਹਿਸਾਸ ਬੇਮਿਸਾਲ ਹੁੰਦਾ ਹੈ। ਸ਼ਾਇਦ ਇਸੇ ਲਈ ਮੱਧ ਵਰਗ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਵੀ ਜ਼ਿੰਦਗੀ ਭਰ ਯਾਦ ਰਹਿ ਜਾਂਦੀਆਂ ਹਨ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






