(ਸਮਾਜ ਵੀਕਲੀ)
ਗ਼ਜ਼ਲ/ਮਲਕੀਤ ਮੀਤ
ਸੂਹੇ ਫੁੱਲ ਦੇ ਅੰਦਰ ਵੜ ਕੇ ਵੇਖ ਲਿਆ !
ਮਨ-ਮੰਦਰ ਦੇ ਅੰਦਰ ਵੜ ਕੇ ਵੇਖ ਲਿਆ !
ਪਿੱਠ ਤੇ ਚਿੱਤਰਕਾਰੀ ਸੂਹੇ ਰੰਗਾਂ ਦੀ,
ਜਿਸ ਕੀਤੀ ਸੀ, ਅੱਜ ਓਹ ਖ਼ੰਜਰ ਵੇਖ ਲਿਆ !
ਹੱਥ ਪਰਾਏ, ਚੂੜੇ ਵਾਲੀ ਬਾਂਹ ਤੱਕੀ,
ਹਾਏ ਓ ਰੱਬਾ ਕੈਸਾ ਮੰਜ਼ਰ ਵੇਖ ਲਿਆ !
ਆਪਣੀ ਢਲਦੀ ਦੇਹੀ ਨੂੰ ਜੱਦ ਤੱਕਿਆ ਮੈਂ,
ਡੁੱਬਦੇ ਸੂਰਜ ਵਾਲਾ ਮੰਜ਼ਰ ਵੇਖ ਲਿਆ !
ਤੇਰੇ ਵਾਅਦੇ, ਲਾਰੇ, ਸ਼ਿਕਵੇ ਸਿਰ ਮੱਥੇ,
ਰੋਜ਼ ਹੀ ਤੇਰਾ ਨਵਾਂ ਅਡੰਬਰ ਵੇਖ ਲਿਆ !
ਚਿੱਟਾ ਚਾਨਣ ਝਲਕੇ ਕਾਲੀ ਦਾਹੜੀ ‘ਚੋਂ,
“ਮੀਤ” ਤੇਰੇ ਨੇ ਸ਼ੀਸ਼ੇ ਅੰਦਰ ਵੇਖ ਲਿਆ !