(ਸਮਾਜ ਵੀਕਲੀ)– ਸਾਡੇ ਦੇਸ਼ ਵਿੱਚ ਅੱਜ ਕੱਲ ਸਾਰੀਆ ਰਾਜਨੀਤਿਕ ਪਾਰਟੀਆ ਦੀ ਦੌੜ ਲੱਗੀ ਹੋਈ ਹੈ,ਕਿ ਅਸੀਂ ਇਸ ਵਾਰ ਚੰਗੀਆਂ ਸੀਟਾਂ ਲੈ ਕੇ ਜਿੱਤਣਾ ਹੈ। ਹਰ ਕੋਈ ਆਪਣੀ ਸ਼ਾਨ ਬਣਾਉਣ ਲਈ ਤੇ ਮੁੱਖੀ ਬਣਨ ਲਈ ਪਾਰਟੀਆਂ ਬਦਲਣ ਦਾ ਦੌਰ ਚਾਲੂ ਹੈ। ਹਰ ਰੋਜ਼ ਅਖਬਾਰਾਂ ਵਿੱਚ ਪੜਨ ਨੂੰ ਮਿਲਦਾ ਹੈ ਕਿ ਉਸ ਵੱਡੇ ਨੇਤਾ ਨੇ ਆਪਣੀ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਦਾਖਲਾ ਲੈ ਕੇ ਆਪਣਾ ਟਿਕਟ ਹਾਸਲ ਕਰ ਲਿਆ ਹੈ, ਕਈ ਨੇਤਾ ਦੂਸਰੀਆਂ ਪਾਰਟੀਆਂ ਵਿੱਚ ਜਾ ਕੇ ਆਪਣਾ ਆਧਾਰ ਨਹੀਂ ਬਣਾ ਸਕਦੇ ਉਹ ਪਹਿਲੀ ਪਾਰਟੀ ਵਿੱਚ ਵਾਪਸ ਆਉਂਦੇ ਹਨ ਤੇ ਉਸ ਨੂੰ ਘਰ ਵਾਪਸੀ ਦਾ ਨਾਅਰਾ ਦਿੱਤਾ ਹੋਇਆ ਹੈ ਜੋ ਅੱਜ ਕੱਲ ਇੱਕ ਰਿਵਾਜ਼ ਬਣ ਗਿਆ ਹੈ।ਇਹ ਤਾਂ ਜਨਤਾ ਆਉਣ ਵਾਲੇ ਦਿਨਾਂ ਵਿੱਚ ਵੋਟਾਂ ਰਾਹੀਂ ਸਿੱਧ ਕਰੇਗੀ,ਕਿਸ ਨੂੰ ਆਪਣੀ ਕੀਮਤੀ ਵੋਟ ਪਾਉਣੀ ਹੈ, ਤੇ ਜਿੱਤ ਦਾ ਸਿਹਰਾ ਕਿਸ ਦੇ ਸਿਰ ਬੰਨਣਾ ਹੈ।ਪਰ ਕੁਝ ਗੱਲਾਂ ਸੋਚ ਵਿਚਾਰ ਜ਼ਰੂਰ ਲਿਓ?
ਤੁਸੀਂ ਜਿਹੜੇ ਨੇਤਾ ਨੂੰ ਵੋਟ ਪਾ ਰਹੇ ਹੋ ਉਹ ਕਿਤੇ ਵਾਰ ਵਾਰ ਦਲ ਬਦਲੂ ਨੇਤਾ ਤਾਂ ਨਹੀਂ ਜੋ ਤੁਹਾਡੇ ਹੱਕਾਂ ਦੇ ਹੱਕ ਵਿੱਚ ਖਲੋਣ ਦੇ ਲਾਇਕ ਹੈ ਜਾਂ ਫਿਰ,ਵੱਡੀਆ ਧਿਰਾਂ ਦੇ ਹੱਕ ਵਿੱਚ ਤਾਂ ਨਹੀਂ ਭੁੱਗਤਦੇ,ਇਹ ਸਾਨੂੰ ਆਪ ਦੇਖਣਾ ਪਵੇਗਾ ਤੇ ਸੋਚ ਸਮਝ ਕੇ ਫ਼ੈਸਲਾ ਲੈਣਾ ਪਵੇਗਾ। ਅਸੀਂ ਕਿਹੋ ਜਿਹਾ ਨੇਤਾ ਦੀ ਥਾਂ ਇੱਕ ਚੰਗੇ ਮਿਹਨਤੀ ਤੇ ਸੇਵਾਦਾਰ ਵਿਅਕਤੀ ਨੂੰ ਚੁਣਨਾ ਹੈ।ਜੋ ਸਾਡੇ ਨਾਲ ਮਾੜੇ ਚੰਗੇ ਸਮੇਂ ਵਿੱਚ ਖਲੋ ਸਕੇਂ, ਖਾਸ ਤੌਰ ਤੇ ਸੰਵਿਧਾਨ ਦੇ ਕਾਨੂੰਨਾਂ ਅਨੁਸਾਰ ਚੱਲੇ ਤੇ ਆਪਣੇ ਇਲਾਕੇ ਦਾ ਖਾਸ ਖਿਆਲ ਰੱਖਦਾ ਹੋਵੇ।
ਕਈ ਨੇਤਾ ਸਾਰੀ ਉਮਰ ਇਕੋ ਗੱਲ ਦਾ ਹੀ ਪ੍ਰਚਾਰ ਕਰਦੇ ਰਹਿੰਦੇ ਹਨ , ਅਸੀਂ ਇਮਾਨਦਾਰੀ ਨਾਲ ਤੁਹਾਡੀ ਸੇਵਾ ਕਰ ਰਹੇ ਹਾਂ, ਜਦੋਂ ਈ ਡੀ ਜਾਂ ਸੀ ਆਈ ਡੀ ਦੀ ਰੇਡ ਪੈਂਦੀ ਹੈ ਫੇਰ ਦਲ ਬਦਲਣ ਲਈ ਕੋਈ ਸਮਾਂ ਨਹੀਂ ਲਗਾਉਂਦੇ ਆਪਣੀ ਜ਼ਰੂਰਤ ਵਾਲੀ ਪਾਰਟੀ ਦਾ ਲੜ ਫੜ ਲੈਂਦੇ ਹਨ।ਉਸ ਵੇਲੇ ਉਹਨਾਂ ਦੀ ਇਮਾਨਦਾਰੀ ਕਿਹੜੇ ਖੂਹ ਵਿੱਚ ਡਿੱਗ ਪੈਂਦੀ ਹੈ, ਕਮਾਲ ਉਸ ਸਮੇਂ ਹੁੰਦੀ ਹੈ ਜਦੋਂ ਅਸੀਂ ਦਲ ਬਦਲੂਆਂ ਨੂੰ ਅੱਖਾਂ ਬੰਦ ਕਰਕੇ ਦਿਲ ਖੋਲ ਕੇ ਵੋਟਾਂ ਪਾ ਦਿੰਦੇ ਹਾਂ। ਭਵਿੱਖ ਵਿੱਚ ਨਤੀਜੇ ਜਦੋਂ ਆਉਂਦੇ ਹਨ ਤਾਂ ਅਸੀਂ ਆਪਣੀ ਅਕਲ ਨੂੰ ਕੋਸਦੇ ਹਾਂ।
ਸਾਡਾ ਵੀ ਫਰਜ਼ ਬਣਦਾ ਹੈ, ਇਹੋ ਜਿਹਿਆਂ ਤੋਂ ਪਿਛਾ ਛੁਡਾਇਆ ਹੀ ਚੰਗਾ ਹੈ,ਜੋ ਆਪਣੇ ਕੀਤੇ ਬੁਰੇ ਕੰਮਾਂ ਤੇ ਪਰਦਾ ਪਾਉਣ ਲਈ ਬਦਲ ਜਾਂਦੇ ਹਨ। ਪਿੰਡਾ,ਸ਼ਹਿਰਾਂ ਵਾਲਿਆਂ ਨੂੰ ਇਕੋ ਸਵਾਲ ਪੁੱਛਣ ਬਣਦਾ ਹੈ, ਜਦੋ ਇਹ ਵੋਟਾਂ ਮੰਗਣ ਆਉਣ, ਅਸੀਂ ਤੁਹਾਡੇ ਤੇ ਯਕੀਨ ਕਿਵੇ ਕਰੀਏ,ਕੀ ਤੁਸੀਂ ਅੱਗੇ ਜਾ ਕੇ ਸਾਡੇ ਕੀਤੇ ਵਿਸ਼ਵਾਸ ਦਾ ਸਹੀ ਤਰੀਕੇ ਨਾਲ ਮੁੱਲ ਤਾਰੋਗੇ।
ਇਕ ਗੱਲ ਹੋਰ ਹਿੰਸਾ ਤੇ ਨਹੀਂ ਉਤਰਨਾ ਚਾਹੀਦਾ,ਜੇ ਕੋਈ ਚੱਲ ਕੇ ਆਵੇ ਤਾਂ ਉਸ ਨਾਲ ਸਵਾਲ ਜਵਾਬ ਹੋਣੇ ਚਾਹੀਦੇ ਹਨ।ਜੇ ਕੋਈ ਉਮੀਦਵਾਰ ਨਹੀਂ ਪਸੰਦ ਤਾਂ ਵੋਟਾਂ ਰਾਹੀਂ ਉਸ ਨੂੰ ਜਵਾਬ ਦੇਣਾ ਬਣਦਾ ਹੈ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਵੇਲੇ ਆਪਣੀ ਜ਼ਮੀਰ ਨੂੰ ਨਹੀਂ ਮਾਰਨਾ ਚਾਹੀਦਾ, ਦੋ ਕੁ ਦਹਾਕਿਆਂ ਤੋਂ ਪੈਸੇ ਤੇ ਨਸ਼ਿਆਂ ਨਾਲ ਵੋਟ ਖਰੀਦਣ ਦਾ ਰਿਵਾਜ਼ ਚੱਲਦਾ ਆ ਰਿਹਾ ਹੈ, ਜਿਆਦਾ ਪ੍ਰਤੀਸਤ ਵੋਟ ਇਸ ਆਧਾਰ ਤੇ ਭੁਗਤ ਰਹੀ ਹੈ। ਜਿਸ ਦੇ ਮਾੜੇ ਨਤੀਜੇ ਸਾਡੇ ਸਾਹਮਣੇ ਹਨ। ਇੱਕ ਗੱਲ ਖਾਸ ਹੈ ਸਾਡੇ ਪੰਜਾਬ ਦੇ ਬਹੁਤੇ ਲੋਕ ਬੇਹੱਦ ਇਮਾਨਦਾਰ ਹਨ, ਪਰ ਇੱਕ ਘਾਟ ਬਹੁਤ ਰੜਕਦੀ ਹੈ ਨੇਤਾਵਾਂ ਨੂੰ ਵੋਟਾਂ ਖਰੀਦਦੇ ਆਪਣੇ ਅੱਖੀ ਵੇਖ ਕੇ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ। ਅੱਜ ਕੱਲ ਸੋਸ਼ਲ ਮੀਡੀਆ ਤੇ ਡਿਜੀਟਲ ਦਾ ਜਮਾਨਾ ਹੈ,ਜੋ ਕੁਝ ਗਲਤ ਹੋ ਰਿਹਾ ਹੈ ਸਾਨੂੰ ਸੋਸ਼ਲ ਮੀਡੀਆ ਤੇ ਡਿਜੀਟਲ ਦਾ ਸਹਾਰਾ ਲੈ ਕੇ ਪਰਦੇ ਉਠਾਉਣੇ ਚਾਹੀਦੇ ਹਨ। ਵੋਟ ਸੋਚ ਸਮਝ ਕੇ ਰਾਜਨੀਤਿਕ ਪਾਰਟੀਆਂ ਨੂੰ ਭੁੱਲ ਕੇ ਇੱਕ ਚੰਗੇ ਇਨਸਾਨ ਨੂੰ ਜਾਂ ਸਹੀ ਉਮੀਦਵਾਰ ਨੂੰ ਹੀ ਪਾਉਣੀ ਚਾਹੀਦੀ ਹੈ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲ੍ਹਾ ਗੁਰਦਾਸਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly