
(ਸਮਾਜ ਵੀਕਲੀ) ਅੱਜ ਡੇਰਾ ਸੱਚਖੰਡ ਬੱਲਾਂ ,ਜਲੰਧਰ ਵਿਖੇ 108 ਸੰਤ ਸਰਵਣ ਦਾਸ ਜੀ ਮਹਾਰਾਜ ਦਾ ਬਰਸੀ ਸਮਾਗਮ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ।ਇੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇਸ਼ਾਂ- ਵਿਦੇਸ਼ਾਂ ਤੋਂ ਆ ਕੇ ਨਤਮਸਤਕ ਹੋ ਰਹੀਆਂ ਹਨ। ਡੇਰੇ ਵੱਲੋਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਤ ਸਰਵਣ ਦਾਸ ਮਹਾਰਾਜ ਜੀ ਦੀ ਨਿੱਘੀ ਯਾਦ ਵਿੱਚ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਥਾਂ- ਥਾਂ ‘ਤੇ ਲਗਾਈਆਂ ਜਾ ਰਹੀਆਂ ਹਨ । “ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ।” ਸਤਿਗੁਰ ਸੁਆਮੀ ਸੰਤ ਸਰਵਣ ਦਾਸ ਜੀ ਇਕ ਮਹਾਨ ਸ਼ਖਸ਼ੀਅਤ, ਮਹਾਨ ਚਿੰਤਕ ਤੇ ਪਰਉਪਕਾਰੀ ਸਨ ।ਸਤਿਗੁਰੂ ਜੀ ਸਮਾਜਿਕ ਚੇਤਨਾ ਦੇ ਹਾਮੀ, ਦਇਆ ਦੇ ਸਾਗਰ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੱਚੇ- ਸੁੱਚੇ ਪੈਰੋਕਾਰ, ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਘਰ- ਘਰ ਪਹੁੰਚਾਉਣ ਵਾਲੇ, ਰੱਬੀ ਨੂਰੀ ਜੋਤ ,ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ‘ਤੇ ਚੱਲਣ ਵਾਲੇ ,ਬਹੁਜਨ ਹਿਤਾਏ ਤੇ ਬਹੁਜਨ ਸੁਖਾਏ ਦੀ ਜ਼ੋਰਦਾਰ ਆਵਾਜ਼ ਬੁਲੰਦ ਕਰਨ ਵਾਲੇ ,ਰੂਹਾਨੀਅਤ , ਸਿਮਰਨ, ਤਿਆਗ , ਸੇਵਾ ਦੇ ਮੁਜੱਸਮੇ , ਮਹਾਨ ਤੱਪਸਵੀ,ਰਵਿਦਾਸੀਆ ਸਮਾਜ ਨੂੰ ਹਮੇਸ਼ਾ ਚੜ੍ਹਦੀ ਕਲਾ ‘ਚ ਦੇਖਣ ਦੇ ਚਾਹਵਾਨ ਅਤੇ ਬੇਗਮਪੁਰਾ ਸੰਕਲਪ ਦੇ ਸੱਚੇ- ਸੁੱਚੇ ਹਮਦਰਦ ਸਨ। ਆਪ ਜੀ ਦਾ ਆਗਮਨ 15 ਫਰਵਰੀ 1895 ਈਸਵੀ ਨੂੰ ਸਤਿਕਾਰਯੋਗ ਪਿਤਾ ਬਾਬਾ ਪਿੱਪਲ ਦਾਸ ਜੀ ਦੇ ਗ੍ਰਹਿ ਪਿੰਡ ਗਿੱਲ ਪੱਤੀ, ਜ਼ਿਲ੍ਹਾ ਬਠਿੰਡਾ ਪੰਜਾਬ, ‘ਚ ਸਤਿਕਾਰਯੋਗ ਮਾਤਾ ਸ਼ੋਭਾਵੰਤੀ ਜੀ ਦੀ ਕੁੱਖੋਂ ਹੋਇਆ। ਬਚਪਨ ਵਿੱਚ ਆਪ ਜੀ ‘ਤੇ ਪਿਤਾ ਜੀ ਦਾ ਬਹੁਤ ਪ੍ਰਭਾਵ ਪਿਆ ਕਿਉਂਕਿ ਉਹ ਹਮੇਸ਼ਾ ਘਰ ਵਿੱਚ ਪ੍ਰਭੂ ਬੰਦਗੀ ਸਾਧਨਾ ਕਰਦੇ ਸਨ ।ਆਪ ਉਹਨਾਂ ਦੀ ਸੇਵਾ ਵਿੱਚ ਹਮੇਸ਼ਾ ਲੀਨ ਰਹਿੰਦੇ ਸਨ। ਇਕ ਦਿਨ ਬਾਬਾ ਪਿੱਪਲ ਦਾਸ ਜੀ ਆਪਣੇ ਬੇਟੇ ਨੂੰ ਨਾਲ ਲੈ ਕੇ ਬਠਿੰਡਾ ਤੋਂ ਘੁੰਮਦੇ -ਘੁੰਮਦੇ ਜਲੰਧਰ ਤੋਂ ਹੁੰਦੇ ਹੋਏ ਬੱਲਾਂ ਪਿੰਡ ਪਹੁੰਚੇ ।ਜਿੱਥੇ ਜੰਗਲ ਹੀ ਜੰਗਲ ਸੀ ।ਮਹਾਰਾਜ ਜੀ ਇੱਥੇ ਇਕਾਂਤ ਜੰਗਲ ‘ਚ ਦਰਖਤਾਂ ਦੀ ਠੰਡੀ ਛਾਂ ਹੇਠ ਬੈਠ ਕੇ ਸਮਾਧੀ ਲਗਾ ਕੇ ਸਿਮਰਨ ਕਰਦੇ ਸਨ ।ਇਹ ਜਗ੍ਹਾ ਇਕਾਂਤ ਕਰਕੇ ਉਹਨਾਂ ਨੂੰ ਚੰਗੀ ਲੱਗੀ ।ਜਿੱਥੇ ਯਾਦਗਾਰੀ ਮੰਦਰ ਬਣਿਆ ਹੈ, ਇਹ ਇੱਕ ਕਨਾਲ ਜਗ੍ਹਾ ਸ. ਹਜ਼ਾਰਾ ਸਿੰਘ ਪਿੰਡ ਬੱਲਾਂ ਵੱਲੋਂ ਦਾਨ ਕੀਤੀ ਗਈ ਸੀ। ਇੱਥੇ ਕੱਚੀ ਕੁੱਟੀਆ ਵਿੱਚ ਮਹਾਰਾਜ ਰਹਿੰਦੇ ਸਨ। ਕੁੱਟੀਆ ਦੇ ਸਾਹਮਣੇ ਥੜਾ ਸੀ, ਜਿੱਥੇ ਬੈਠ ਕੇ ਮਹਾਰਾਜ ਸੰਗਤਾਂ ਨੂੰ ਪ੍ਰਵਚਨ ਕਰਦੇ ਸਨ। ਹੌਲੀ- ਹੌਲੀ ਇਹ ਸਥਾਨ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਜਲੰਧਰ ਨਾਲ ਜਾਣਿਆ ਜਾਣ ਲੱਗਾ ।ਇੱਥੇ ਸੰਗਤਾਂ ਭਾਰੀ ਗਿਣਤੀ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਮਹਾਰਾਜ ਜੀ ਦੀਨ ਦੁਖੀਆਂ ਦੇ ਸਰੀਰਕ ਰੋਗ ਕੱਟਣ ਲਈ
ਆਯੂਰਵੈਦਿਕ ਦਵਾਈਆਂ ਨਾਲ ਇਲਾਜ ਕਰਦੇ ।ਉਹਨਾਂ ਦੇ ਦੁੱਖ ਦਵਾਈ ਦੇ ਰਾਹੀਂ ਦੁਆ (ਅਸ਼ੀਰਵਾਦ) ਨਾਲ ਵੀ ਕੱਟਦੇ। ਬੱਚਿਆਂ ਦੇ ਪੜ੍ਹਾਈ ਲਈ ਡੇਰੇ ਵਿੱਚ ਕਲਾਸਾਂ ਲਗਾ ਕੇ ਪੜਾਉਂਦੇ। ਵਧੀਆ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਖੀਰ, ਮਾਹਲ ਪੂੜੇ ਵੀ ਖਵਾਉਂਦੇ ਅਤੇ ਫਲ ਫਰੂਟ ਵੀ ਵੰਡਦੇ । ਪੜ੍ਹਾਈ ਦੇ ਨਾਲ- ਨਾਲ ਬੱਚਿਆਂ ਨੂੰ ਭਾਈਚਾਰੇ ਦੇ ਸੰਦੇਸ਼ ਰਾਹੀਂ ਜਾਗਰੂਕ ਕਰਦੇ। ਸਮਾਜ ਵਿੱਚ ਬੁਰਾਈਆਂ ਨੂੰ ਖਤਮ ਕਰਨ ਲਈ ਮਹਾਰਾਜ ਜੀ ਪ੍ਰੇਰਨਾ ਦਿੰਦੇ ਜਿਵੇਂ ਨਸ਼ਿਆਂ ਤੋਂ ਦੂਰ ਰਹੋ, ਬਾਲ ਵਿਆਹ ਨਾ ਕਰੋ, ਵੱਡਿਆਂ ਦਾ ਸਤਿਕਾਰ ਕਰੋ, ਸਭ ਦੀ ਇੱਜਤ ਕਰੋ ,ਆਪਣਾ ਰਹਿਣ- ਸਹਿਣ ਚੰਗਾ ਬਣਾਓ, ਸਾਫ ਸੁਥਰੇ ਕੱਪੜੇ ਪਹਿਨੋ ,ਸੁੱਖ-ਦੁੱਖ ਵਿਚ ਸਭ ਦੇ ਸਾਂਝੀਦਾਰ ਬਣੋ ,ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਓ ਅਤੇ ਰਲ ਮਿਲ ਕੇ ਰਹੋ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ : “ਉਪਜਿਓ ਗਿਆਨ, ਹੂਆ ਪ੍ਰਗਾਸ ।” ਗਿਆਨ ਨਾਲ ਹੀ ਸਾਰੇ ਦੁੱਖ ਦੂਰ ਹੋਣੇ ਹਨ ਭਾਵ ਸੋਝੀ ਆਉਣ ਨਾਲ ਹੀ ਮਨੁੱਖ ਵਿੱਚ ਪਰਿਵਰਤਨ ਆਉਂਦਾ ਹੈ ।ਉਹ ਆਪਣੇ ਦੁੱਖਾਂ ਨੂੰ ਨਿਵਾਰਨ ਲਈ ਹੋਰ ਉਪਰਾਲੇ ਕਰਕੇ ਉਸਦਾ ਹੱਲ ਲੱਭਦਾ ਹੈ। ਸਤਿਗੁਰੂ ਸੁਆਮੀ ਸਰਵਣ ਦਾਸ ਮਹਾਰਾਜ ਜੀ ਨੇ ਆਪਣੇ ਪਰਮ ਸੇਵਕ ਸੰਤ ਹਰੀ ਦਾਸ ਜੀ ਪਾਸੋਂ ਸ੍ਰੀ ਗੁਰੂ ਰਵਿਦਾਸ ਮੰਦਰ ਜਨਮ ਅਸਥਾਨ ਸੀਰ ਗੋਵਰਧਨਪੁਰ ਕਾਂਸ਼ੀ ਬਨਾਰਸ ਦੀ ਉਸਾਰੀ ਦਾ ਨੀਂਹ ਪੱਥਰ 14 ਜੂਨ 1965 ਈਸਵੀ ਨੂੰ ਸੰਗਰਾਂਦ ਵਾਲੇ ਦਿਨ ਰਖਵਾਇਆ। ਸੰਤ ਸਰਵਣ ਦਾਸ ਜੀ ਨੂੰ ਕਿਸੇ ਸ਼ਰਧਾਲੂ ਨੇ ਕਿਹਾ ਕਿ “ਮਹਾਰਾਜ ਜੀ ਇੰਨੀ ਦੂਰ ਕਾਂਸ਼ੀ ਵਿੱਚ ਕੌਣ ਆਵੇਗਾ ? ” ਤਾਂ ਸੰਤਾਂ ਨੇ ਝੱਟਪਟ ਜਵਾਬ ਦਿੱਤਾ ਤੇ ਕਿਹਾ ਕਿ “ਇੱਥੇ(ਕਾਂਸ਼ੀ ਬਨਾਰਸ ‘ਚ ) ਸੰਗਤਾਂ ਦੀਆਂ ਗੱਡੀਆਂ ,ਟ੍ਰੇਨਾਂ , ਭਰ -ਭਰ ਕੇ ਆਇਆ ਕਰਨਗੀਆਂ । ” ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਅੱਜ ਇਹ ਇਤਿਹਾਸਿਕ ਮੰਦਰ ਸੱਤ ਮੰਜ਼ਿਲਾਂ ਤੱਕ ਤਿਆਰ ਹੋ ਚੁੱਕਾ ਹੈ। 7 ਅਪ੍ਰੈਲ 1994 ਵਿੱਚ ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਸਾਹਿਬ ਕਾਂਸ਼ੀ ਰਾਮ ਜੀ ਨੇ ਸੰਤ ਗਰੀਬ ਦਾਸ ਜੀ ਦੀ ਸਰਪ੍ਰਸਤੀ ਹੇਠ ਸੋਨੇ ਦੇ ਕਲਸ਼ ਆਪਣੇ ਕਰ ਕਮਲਾ ਨਾਲ ਚੜਾਏ। ਸ੍ਰੀ ਗੁਰੂ ਰਵਿਦਾਸ ਗੇਟ ਲੰਕਾ ਚੌਰਾਹਾ ਬਨਾਰਸ ਦਾ ਉਦਘਾਟਨ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਕੋਚਰਿਲ ਰਮਨ ਨਰਾਇਣ ਵੱਲੋਂ 16 ਜੁਲਾਈ 1988 ਨੂੰ ਕੀਤਾ ਗਿਆ ।ਇਸ ਮੌਕੇ ‘ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵੀ ਮੌਜੂਦ ਸਨ। ਯੂਰਪ ਦੀਆਂ ਸੰਗਤਾਂ ਵੱਲੋਂ “ਸੋਨੇ ਦੀ ਪਾਲਕੀ” ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਕਾਂਸ਼ੀ ਬਨਾਰਸ ਨੂੰ ਭੇਂਟ ਕੀਤੀ ਗਈ। ਸੰਤ ਜਨ ਬੋਹੜ ਦੀ ਛਾਂ ਵਾਂਗ ਹੁੰਦੇ ਹਨ। ਜਿਹੜੇ ਪਾਪਾਂ ਰੂਪੀ ਗਰਮੀ ਨਾਲ ਤੱਪਦੀ ਮਨੁੱਖਤਾ ਨੂੰ ਪੱਛਮ ਦੀਆਂ ਠੰਡੀਆਂ ਠਾਰ ਪੌਣਾਂ ਬਣ ਕੇ ਠਾਰਦੇ ਹਨ ਅਤੇ ਮਨੁੱਖਤਾ ਦਾ ਭਲਾ ਕਰਦੇ ਹਨ : “ਹਰਿ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ।” ਸੰਤ ਸਰਵਣ ਦਾਸ ਜੀ ਦੁਨੀਆਂ ਨੂੰ ਉਪਦੇਸ਼ ਦਿੰਦੇ ਹੋਏ ਲੋਕਾਈ ਦਾ ਭਲਾ ਕਰਦੇ ਹੋਏ ਇਸ ਫਾਨੀ ਸੰਸਾਰ ਤੋਂ 11 ਜੂਨ 1972 ਨੂੰ ਲੱਗਭਗ 77 ਸਾਲ ਦੀ ਉਮਰ ਭੋਗ ਕੇ ਸਦਾ ਲਈ ਰੁਖਸਤ ਹੋ ਗਏ ।ਭਾਵੇਂ ਮਹਾਰਾਜ ਜੀ ਸਰੀਰਕ ਤੌਰ ‘ਤੇ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਦੇ ਉਪਦੇਸ਼, ਉਹਨਾਂ ਵੱਲੋਂ ਕੀਤੇ ਕਾਰਜ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਪ੍ਰਚਾਰ ਪ੍ਰਸਾਰ ਪ੍ਰਤੀ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਕਾਇਮ ਰਹਿਣਗੀਆਂ। ਸਤਿਗੁਰਾਂ ਤੋਂ ਬਾਅਦ ਡੇਰੇ ਦੇ ਮੌਜੂਦਾ ਮਹਾਂਪੁਰਸ਼ਾਂ ਵੱਲੋਂ ਆਰੰਭੇ ਕਾਰਜਾਂ ਵਿੱਚ ਸੰਤ ਹਰੀ ਦਾਸ ਜੀ ਵੱਲੋਂ ਸੰਤ ਸਰਵਣ ਦਾਸ ਜੀ ਦੀ ਯਾਦ ਵਿੱਚ ਡੇਰੇ ਵਿੱਚ ਸੱਚਖੰਡ ਮੰਦਰ ਦੀ ਉਸਾਰੀ 10 ਅਗਸਤ 1972 ਨੂੰ ਆਰੰਭੀ ਤੇ ਉਦਘਾਟਨ 11 ਜੂਨ 1976 ਨੂੰ ਕੀਤਾ ,ਜੋ ਅੱਜ ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਜਲੰਧਰ ਦੇ ਨਾਮ ਨਾਲ ਵਿਸ਼ਵ ਵਿੱਚ ਪ੍ਰਸਿੱਧ ਹੋਇਆ ਹੈ। 22 ਫਰਵਰੀ 1974 ਨੂੰ “ਸੰਤ ਸਰਵਣ ਦਾਸ ਜੀ ” ਦੀ ਪ੍ਰਤਿਮਾ ਸਥਾਪਨਾ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਮੰਦਰ ਕਾਂਸ਼ੀ ਬਨਾਰਸ ਵਿੱਚ ਕੀਤੀ ਗਈ। ਡੇਰੇ ਦੇ ਮਹਾਂਪੁਰਸ਼ਾਂ ਵੱਲੋਂ ” ਸੰਤ ਸਰਵਣ ਦਾਸ ਚੈਰੀਟੇਬਲ ਹਸਪਤਾਲ” ਢੇਪੁਰ -ਕੁਪੂਰ ਅੱਡਾ ਕਠਾਰ ਜਲੰਧਰ ਦੀ ਉਸਾਰੀ ਦਾ ਕੰਮ 22 ਅਕਤੂਬਰ 1982 ਨੂੰ ਕੀਤਾ ਗਿਆ ਤੇ ਸ਼ੁੱਭ ਉਦਘਾਟਨ 1 ਜਨਵਰੀ 1984 ਨੂੰ ਕਰਕੇ ਸੰਗਤਾਂ ਨੂੰ ਇਲਾਜ ਲਈ ਖੋਲ੍ਹ ਦਿੱਤਾ। ਜਿੱਥੋਂ ਅੱਜ ਹਜ਼ਾਰਾਂ ਰੋਗੀਆਂ ਦਾ ਰੋਗ ਦੂਰ ਹੋਇਆ। ਹਜ਼ਾਰਾਂ ਮਰੀਜ਼ ਆਪਣਾ ਸਸਤਾ ਤੇ ਵਧੀਆ ਇਲਾਜ ਕਰਵਾ ਰਹੇ ਹਨ। ‘ਸਪਤਾਹਿਕ ਬੇਗਮਪੁਰਾ ਸ਼ਹਿਰ’ ਪੱਤ੍ਰਿਕਾ ਡੇਰੇ ਵੱਲੋਂ ਸ਼ੁਰੂ ਕੀਤੀ ਗਈ। ਜਿਸ ਰਾਹੀਂ ਅਸੀਂ ਆਪਣੇ ਰਹਿਬਰਾਂ ਦੀ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਸਕਦੇ ਹਾਂ ।ਆਪਣੀ ਕੌਮੀ ਆਵਾਜ਼ ਨੂੰ ਬੁਲੰਦ ਕਰ ਸਕਦੇ ਹਾਂ ।ਜੋ ਰਵਿਦਾਸੀਆ ਕੌਮ ਦਾ ਇੱਕ ਬੁਲਾਰਾ ਬਣ ਕੇ ਸਿੱਧ ਹੋਇਆ ਹੈ । ਵਿਦਿਆ ਦੇ ਖੇਤਰ ਵਿੱਚ “ਸੰਤ ਸਰਵਣ ਦਾਸ ਮਾਡਲ ਸਕੂਲ ਹਦੀਆਬਾਦ,ਫਗਵਾੜਾ” ਸੀ.ਬੀ.ਐਸ.ਈ. ਸਕੂਲ ਖੋਲ੍ਹਿਆ ਗਿਆ ਹੈ ।ਜਿੱਥੋਂ ਹਜ਼ਾਰਾਂ ਵਿਦਿਆਰਥੀ ਸਿੱਖਿਆ ਗ੍ਰਹਿਣ ਕਰ ਰਹੇ ਹਨ ਅਤੇ ਕਈ ਸਿੱਖਿਆ ਗ੍ਰਹਿਣ ਕਰਕੇ ਉੱਚ ਅਹੁਦਿਆਂ ‘ਤੇ ਬਿਰਾਜਮਾਨ ਹਨ। “ਸੰਤ ਸਰਵਣ ਦਾਸ ਜੀ ਮਹਾਰਾਜ ਯਾਦਗਾਰੀ ਗੇਟ” ਅੱਡਾ ਸਰਮਸਤਪੁਰ ਜਲੰਧਰ ਬਣਾ ਕੇ ਸੰਤਾਂ ਦੀ ਯਾਦਗਾਰ ਕਾਇਮ ਕੀਤੀ ਗਈ ਹੈ । ਸੰਤਾਂ ਵੱਲੋਂ ਵਿਦੇਸ਼ਾਂ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ‘ਤੇ ਗੁਰੂ ਘਰਾਂ ਦੇ ਨੀਂਹ ਪੱਥਰ ਰੱਖੇ ਗਏ ਹਨ ਤੇ ਉਹਨਾਂ ਦਾ ਉਦਘਾਟਨ ਵੀ ਕੀਤਾ ਗਿਆ ਹੈ ਤਾਂ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਵਿਦੇਸ਼ਾਂ ਵਿੱਚ ਪ੍ਰਚਾਰ ਤੇ ਪ੍ਰਸਾਰ ਹੋ ਸਕੇ। ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਜੀ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਿਰ ਸਿਰਸਗੜ੍ਹ, ਹਰਿਆਣਾ ,ਕਰਮ ਸਥੱਲ ਭੂਮੀ ਬਾਬਾ ਪਿੱਪਲ ਦਾਸ ਜੀ ਅਤੇ ਜਨਮ ਸਥੱਲ ਸਤਿਗੁਰੂ ਸੁਆਮੀ ਸਰਵਣ ਦਾਸ ਜੀ ਗਿੱਲਪੱਤੀ ਬਠਿੰਡਾ ਦੀ ਉਸਾਰੀ ਕਰਵਾਈ ਗਈ ਹੈ। “ਸੰਤ ਸਰਵਣ ਦਾਸ ਚੈਰੀਟੇਬਲ ਅੱਖਾਂ ਦਾ ਹਸਪਤਾਲ” ਦਾ ਨੀਂਹ ਪੱਥਰ 10 ਨਵੰਬਰ 2004 ਨੂੰ ਰੱਖਿਆ ਤੇ ਸੰਤ ਨਿਰੰਜਨ ਦਾਸ ਜੀ ਵੱਲੋਂ 15 ਫਰਵਰੀ 2007 ਨੂੰ ਉਦਘਾਟਨ ਆਪਣੇ ਸ਼ੁੱਭ ਕਰ ਕਮਲਾਂ ਨਾਲ ਕੀਤਾ ਗਿਆ ।ਇਸ ਹਸਪਤਾਲ ਲਈ ਸਵਰਨ ਚੰਦ ਬੰਗੜ ਅਤੇ ਬੀਬੀ ਰੇਸ਼ਮ ਕੌਰ ਬੰਗੜ ,ਪਿੰਡ ਬੱਲ ਯੂ.ਕੇ. ਵੱਲੋਂ 1 ਕਰੋੜ,1 ਲੱਖ,11 ਹਜ਼ਾਰ, ਇੱਕ ਸੌ ਗਿਆਰ੍ਹਾਂ ਰੁਪਏ ਦਾਨ ਕੀਤਾ ਗਿਆ ।ਜਿੱਥੋਂ ਹਜ਼ਾਰਾਂ ਅੱਖਾਂ ਦੇ ਮਰੀਜ਼ ਰੋਸ਼ਨੀ ਪ੍ਰਾਪਤ ਕਰ ਚੁੱਕੇ ਹਨ। ਉਹਨਾਂ ਨੂੰ ਰੋਸ਼ਨੀ ਮਿਲਣ ਨਾਲ ਉਹਨਾਂ ਦਾ ਜਹਾਨ ਵਾਪਸ ਆ ਗਿਆ ਹੈ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਉਪਰਾਲੇ ਡੇਰੇ ਵੱਲੋਂ ਕੀਤੇ ਜਾ ਰਹੇ ਹਨ ,ਜੋ ਮਨੁੱਖਤਾ ਦੀ ਭਲਾਈ ਦੇ ਕਾਰਜ ਹਨ। ਡੇਰੇ ਵੱਲੋਂ ਵਿਦੇਸ਼ਾਂ ਦੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਰਵਿਦਾਸ ਜਨਮ ਅਸਥਲ ਮੰਦਰ, ਸੀਰ ਗੋਵਰਧਨਪੁਰ ਬਨਾਰਸ ਦਾ ਮੁੱਖ ਦਰਵਾਜ਼ਾ ਸੋਨੇ ਦਾ ਲਗਵਾ ਦਿੱਤਾ ਗਿਆ ਹੈ। ਡੇਰੇ ਵਿੱਚ ਏਸ਼ੀਆਂ ਵਿੱਚੋਂ ਸਭ ਤੋਂ ਪ੍ਰਸਿੱਧ ਸ੍ਰੀ ਗੁਰੂ ਰਵਿਦਾਸ ਭਵਨ ਬਣਾਇਆ ਗਿਆ, ਜੋ ਇੱਕ ਖਿੱਚ ਦਾ ਕੇਂਦਰ ਹੈ । ਇਸ ਦੇ ਨਾਲ ਹੀ ਚਾਰ ਮੰਜ਼ਿਲਾਂ ਵਧੀਆ ਬਿਲਡਿੰਗ ਬਾਹਰਲੀਆਂ ਸਟੇਟਾਂ ਦੀਆਂ ਸੰਗਤਾਂ ਦੀਆਂ ਸਹੂਲਤਾਂ ਲਈ ਬਣਾਈ ਗਈ ਹੈ। ਡੇਰੇ ਦੇ ਨਾਲ ਬੱਸਾਂ, ਕਾਰਾਂ, ਫੋਰਬੀਲਰਾਂ, ਸਕੂਟਰਾਂ ਅਤੇ ਹੋਰ ਆਵਾਜਾਈ ਲਈ ਵਧੀਆ ਸ਼ਾਨਦਾਰ ਪਾਰਕ ਬਣਾਈ ਗਈ ਹੈ। ਸ੍ਰੀ ਗੁਰੂ ਰਵਿਦਾਸ ਭਵਨ ਦੇ ਨਾਲ ਖਾਲੀ ਪਲਾਟ ਵਿੱਚ ਇੱਕ ਵੱਡੀ ਬਿਲਡਿੰਗ ਉਸਾਰੀ ਜਾ ਰਹੀ ਹੈ। ਲੇਖਕ ਦੇ ਨਾਨਾ ਜੀ ਸ੍ਰੀ ਮੰਗੂ ਰਾਮ, ਪਿੰਡ ਮੋਖੇ (ਨਜ਼ਦੀਕ ਡੇਰਾ ਸੱਚਖੰਡ ਬੱਲਾਂ) ਨੇ ਦੱਸਿਆ ਸੀ ਕਿ ਸੰਤ ਸਰਵਣ ਦਾਸ ਜੀ ਆਪਣੇ ਪਿੰਡ ਮੋਖੇ , ਨਹਿਰ ਦੀ ਪੱਟੜੀ ‘ਤੇ ਸੈਰ ਕਰਨ ਤੜਕੇ ਸਵੇਰ ਦੇ ਸਮੇਂ ਆਉਂਦੇ ਸਨ। ਉਹ ਬਹੁਤ ਕਾਹਲੀ -ਕਾਹਲੀ ਤੁਰਦੇ ਸਨ। ਜਦੋਂ ਸਾਨੂੰ ਉਨਾਂ ਦੇ ਆਉਣ ਦਾ ਪਤਾ ਲੱਗਦਾ ਤਾਂ ਅਸੀਂ ਮਹਾਂਪੁਰਸ਼ਾਂ ਦੇ ਚਰਨ ਸਪਰਸ਼ ਕਰਨ ਲਈ ਭੱਜਦੇ ਸਾਂ। ਜੇਕਰ ਅਸੀਂ ਉਹਨਾਂ ਨੂੰ ਇਕ -ਦੋ ਰੁਪਏ ਦਾ ਮੱਥਾ ਟੇਕਦੇ ਤਾਂ ਉਹ ਪੈਸੇ ਲੈਂਦੇ ਨਹੀਂ ਸਨ ,ਸਗੋਂ ਮੋੜ ਦਿੰਦੇ ਸਨ। ਤੇ ਕਹਿੰਦੇ ਸਨ ਕਿ ਪੈਸੇ ਲੈ ਜਾਓ, ਇਹ ਤੁਹਾਡੇ ਹੋਰ ਕਿਸੇ ਕੰਮ ਕੰਮ ਆਉਣਗੇ। ਨਾਨਾ ਜੀ (ਮੰਗੂ ਰਾਮ) ਨੇ ਇਹ ਵੀ ਦੱਸਿਆ ਸੀ ਕਿ ਮੇਰਾ ਇੱਕ ਚਾਚਾ, ਜਿਸ ਦਾ ਨਾਂ “ਮਾੜਾ” ਸੀ,(ਉਸ ਨੇ ਵਿਆਹ ਨਹੀਂ ਕਰਾਇਆ ਸੀ)। ਸੰਤ ਸਰਵਣ ਦਾਸ ਜੀ ਨੇ ਉਸਦਾ ਨਾਂ “ਮਨ ਸੁਖੀਆ” ਰੱਖਿਆ ਹੋਇਆ ਸੀ, ਉਹ ਡੇਰੇ ਕੁਟੀਆ ਵਿੱਚ ਸਾਰਾ ਸਾਰਾ ਦਿਨ ਹੱਥ ਨਾਲ ਨਲਕਾ ਗੇੜਦਾ ਰਹਿੰਦਾ ਸੀ ਭਾਵ ਸੰਗਤਾਂ ਨੂੰ ਜਲ ਛਕਾਉਣ ਲਈ, ਸੇਵਾ ਕਰਦਾ ਸੀ। ਇਹ ਨਲਕਾ ਕੱਚੀ ਕੁਟੀਆ ਦੇ ਕੋਲ ਥੜੇ ਦੇ ਸਾਹਮਣੇ ਲੱਗਾ ਹੋਇਆ ਸੀ। ਮਹਾਂਪੁਰਸ਼ ਉਸ ਨਾਲ ਬਹੁਤ ਪਿਆਰ ਕਰਦੇ ਸਨ। ਡੇਰੇ ਦੇ ਟਰੱਸਟੀਆਂ,ਬੁੱਧੀਜੀਵੀਆਂ, ਸੇਵਾਦਾਰਾਂ,ਗੀਤਕਾਰਾਂ,ਗਾਇਕਾਂ ਅਤੇ ਲੇਖਕਾਂ ਦੀ ਭਰਵੀ ਮੀਟਿੰਗ ‘ਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਆਗਮਨ ਪੁਰਬ ਨੂੰ ਵਧੀਆ ਤੇ ਸਚਾਰੂ ਢੰਗ ਨਾਲ ਮਨਾਉਣ ਲਈ ਤਿਆਰੀਆਂ ਕਰਨ ਲਈ ਕਿਹਾ ਗਿਆ। ਉਪਰੋਕਤ ਸੰਤਾਂ ਦੇ ਪਰਉਪਕਾਰ ਹੀ ਮਨੁੱਖਤਾ ‘ਤੇ ਇੰਨੇ ਹਨ ,ਜਿਸ ‘ਤੇ ਸਾਡਾ ਸਿਰ ਝੁੱਕਦਾ ਹੈ। ਅਸੀਂ ਉਹਨਾਂ ਦੀ ਵਿਚਾਰਧਾਰਾ ਤੇ ਉਪਦੇਸ਼ਾਂ ‘ਤੇ ਚੱਲੀਏ ,ਆਪਸੀ ਏਕਤਾ ਨਾਲ ਰਹਿੰਦੇ ਹੋਏ ਕਾਰਜ ਵੀ ਸਿਰੇ ਚਾੜੀਏ। ਇਹੀ ਸੰਤਾਂ ਨੂੰ ਸੱਚੀ ਸ਼ਰਧਾਂਜਲੀ ਹੈ। ਕਵੀ ਨੇ ਕਿਹਾ ਹੈ: “ਸੰਤ ਸਰਵਣ ਦਾਸ ਜਿਹਾ ਨਹੀਂ ਹੋਣਾ ,ਕੋਈ ਹਮਦਰਦ ਗਰੀਬਾਂ ਦਾ।”
-ਪ੍ਰਿੰਸੀਪਲ ਪਰਮਜੀਤ ਜੱਸਲ ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ ਜਲੰਧਰ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



