ਅੱਜ ਭੇਜ ਬਾਬਾ ਕੋਈ ਐਸਾ ਪਾਂਧਾ
(ਸਮਾਜ ਵੀਕਲੀ)- ਇਸ ਵਾਰ ਜਦੋਂ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 554ਵਾਂ ਜਨਮ ਦਿਨ ਮਨਾ ਰਹੇ ਹੋਵਾਂਗੇ ਤਾਂ ਸਾਨੂੰ ਬਾਬੇ ਦੀ ਸਿੱਧ ਗੋਸਟਿ ਯਾਦ ਆਉਣੀ ਸੁਭਾਵਿਕ ਹੋਣੀ ਚਾਹੀਦੀ ਹੈ। ਕਿਉਂਕਿ ਮਹਾਨ ਰਹਿਬਰਾਂ ਦੇ ਜਨਮ ਦਿਹਾੜੇ ਮਨਾਉਣ ਦਾ ਮਕਸਦ ਸਿਰਫ ਗੁਰਬਾਣੀ ਕੀਰਤਨ ਵਿਖਿਆਨ,ਨਗਰ ਕੀਰਤਨ ਕਰਨ ਜਾਂ ਲੰਗਰ ਲਾਉਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ। ਇਸ ਦਾ ਮਕਸਦ ਉਹਨਾਂ ਰਹਿਬਰਾਂ ਦੀ ਵਿਚਾਰਧਾਰਾ ਨੂੰ ਆਮ ਲੋਕਾਈ ਜਾਂ ਨਵੀਂ ਪੀੜੀ ਦੇ ਹੂਬਹੂ ਰੂਬਰੂ ਕਰਨਾਂ ਹੋਣਾ ਚਾਹੀਦਾ ਹੈ। ਦੁਨੀਆਂ ਭਰ ਵਿੱਚ ਜਿੱਥੇ ਕਿਤੇ ਵੀ ਗੁਰ ਨਾਨਕ ਨਾਮ ਲੇਵਾ ਸੰਗਤ ਵੱਸਦੀ ਹੈ,ਬਾਬੇ ਦਾ ਜਨਮ ਦਿਨ ਬੜੀ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਉਂਦੀ ਹੈ। ਥਾਂ-ਥਾਂ ਨਗਰ ਕੀਰਤਨ,ਗੁਰਬਾਣੀ-ਕੀਰਤਨ ਤੇ ਲੰਗਰਾਂ ਦੇ ਪ੍ਰਵਾਹ ਚੱਲਦੇ ਨੇ। ਪਰ ਇਸ ਸਾਰੇ ਕਾਸੇ ਵਿੱਚ ਕਿਤੇ ਨਾਂ ਕਿਤੇ ਇਹ ਲੱਗਦੈ ਕਿ ਅਸੀਂ ਉਸ ਮਹਾਨ ਰਹਿਬਰ ਦੀ ਵਿਚਾਰਧਾਰਾ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ ਜਾਂ ਹੋ ਗਏ ਹਾਂ। ਉਸ ਮਹਾਨ ਬਾਬੇ ਨੇ ਤਾਂ ਆਪਣੇ ਜਨਮ ਸਮੇਂ ਹੀ ਜਦੋਂ ਜਨੇਊ ਪਾਉਣ ਦੀ ਰਸਮ ਹੋਈ ਤਾਂ ਮੌਜੂਦਾ ਧਰਮ ਦੇ ਠੇਕੇਦਾਰਾਂ ਨੂੰ ਇਸ ਧਾਗੇ ਦੇ ਜਨੇਊ ਦੇ ਕੰਮ ਬਾਰੇ ਸਵਾਲ ਕਰ ਦਿੱਤੇ ਸਨ। ਉਹਨਾਂ ਨੇ ਉਹਨਾਂ ਤੋਂ ਦਇਆ,ਸੰਤੋਖ ਦੇ ਜਨੇਊ ਦੀ ਮੰਗ ਕੀਤੀ ਸੀ ਕਿ ਮੈਨੂੰ ਤਾਂ ਉਸ ਤਰ੍ਹਾਂ ਦੇ ਜਨੇਊ ਦੀ ਲੋੜ ਹੈ ਜੋ ਮੇਰੇ ਅੰਦਰ ਦਇਆ ਤੇ ਸੰਤੋਖ ਲਿਆ ਸਕੇ। ਜੇਕਰ ਤੁਹਾਡੇ ਕੋਲ ਇਹੋ ਜਿਹਾ ਕੋਈ ਹੈ ਤਾਂ ਤੁਸੀਂ ਮੇਰੇ ਪਾ ਸਕਦੇ ਹੋ। ਪਰ ਉਸ ਸਮੇਂ ਦੇ ਪੰਡਿਤ ਫਿਰ ਵੀ ਆਪਣੀ ਸਿਆਣਪ ਨਾਲ ਬਹਿਸ ਵਿਚ ਨਾਂ ਪੈਂਦੇ ਪਿੱਛੇ ਹੱਟ ਗਏ। ਜੇਕਰ ਅੱਜ ਦੇ ਧਰਮ ਦੇ ਠੇਕੇਦਾਰ ਹੁੰਦੇ ਤਾਂ ਗੱਲ ਵੱਸੋਂ ਬਾਹਰੀ ਹੋਣੀ ਸੀ। ਇਸੇ ਤਰ੍ਹਾਂ ਬਾਬਾ ਤੂੰ ਤਾਂ ਉਸ ਸਮੇਂ ਆਪਣੇ ਵਿਚਾਰਾਂ ਨਾਲ ਬਾਬਰ ਵਰਗਿਆਂ ਨੂੰ ਵੰਗਾਰਿਆ ਵੀ ਤੇ ਖੁਦ ਸਜਾ ਕੱਟ ਉਸ ਦੇ ਹੰਕਾਰ ਨੂੰ ਵੀ ਤੋੜਿਆ। ਇਹ ਤਾਂ ਹੀ ਸੰਭਵ ਹੋਇਆ ਜੇ ਅੱਗੋਂ ਕੋਈ ਸੁਣਨ ਵਾਲਾ ਟੱਕਰਿਆ ਪਰ ਅੱਜ ਤਾਂ ਬਾਬਰ ਕੇ ਤੁਹਾਡੀ ਵਿਚਾਰਧਾਰਾ ਵਾਲਿਆਂ ਨੂੰ ਦੁਨੀਆਂ ਤੋਂ ਉਠਾਉਣ ਦਾ ਹੀ ਕੰਮ ਕਰਦੇ ਨੇ। ਕਿਉਂਕਿ ਸੁਣਨ ਜਾਂ ਸਮਝਣ ਦੀ ਉਹਨਾਂ ਕੋਲ ਸਮਝ ਨਹੀਂ ਹੈ।
ਹਾਂ ਬਾਬਾ ਤੁਸੀਂ ਤੇ ਮਰਦਾਨੇ ਨੇ ਤਾਂ ਪੂਰੀ ਦੁਨੀਆਂ ਦੇ ਗੇੜਾ ਆਪਣੇ ਪੈਰਾਂ ਤੇ ਲਾਇਆ ਪਰ ਅੱਜ ਤੁਹਾਡੇ ਘਰ ਦੇ ਰਾਖੇ ਬਣੇ ਬਾਬਿਆਂ ਦਾ ਕੱਦ ਉਹਨਾਂ ਦੁਆਰਾ ਵਰਤੀ ਜਾਂਦੀ ਛੋਟੀ-ਵੱਡੀ ਗੱਡੀ ਰਾਹੀਂ ਮਾਪਿਆ ਜਾਂਦਾ ਹੈ। ਉਹ ਪਹਿਰਾਵਾ ਦੇਖ ਬੰਦੇ ਨੂੰ ਗਲ ਲਾਉਂਦੇ ਹਨ ਪਰ ਤੁਸੀਂ ਤਾਂ ਯਾਰੀ ਭਾਈ ਲਾਲੋਆਂ ਨਾਲ ਪੂਰੀ ਨਿਭਾਈ। ਬਾਬਾ ਅੱਜ ਫਿਰ ਤੇਰਾ ਰਾਹ ਦਸੇਰੇ ਅਖਵਾਉਂਦੇ ਬਾਬੇ ਪਿੱਤਰਾਂ ਨੂੰ ਪਾਣੀ ਪਿਆਉਣ ਜਾਂ ਭੋਗ ਲਵਾਉਣ ਦੇ ਰਾਹੇ ਪਾ ਰਹੇ ਹਨ, ਜਿਹਨਾ ਨੂੰ ਤੁਸੀਂ ਬਾ ਦਲੀਲ ਪਾਣੀ ਦੇਣ ਤੋਂ ਰੋਕਿਆ ਸੀ। ਬਾਬਾ ਅੱਜ ਅਸੀਂ ਭਟਕ ਗਏ ਹਾਂ ਤੇਰੇ, ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ।। ਦੇ ਉਪਦੇਸ਼ ਤੋਂ। ਅਸੀਂ ਖੁਦ ਆਪਣੇ ਹੱਥੀਂ ਗੁਰੂ ਸਮਾਨ ਹਵਾ ਨੂੰ ਗੰਧਲਾ ਕਰ ਆਪਣੇ ਹੀ ਨਿਆਣਿਆਂ ਨੂੰ ਜਹਿਰੀਲੀ ਹਵਾ ਚ ਸਾਹ ਲੈਣ ਲਈ ਮਜਬੂਰ ਕਰ ਰਹੇ ਹਾਂ। ਅਸੀਂ ਖੁਦ ਧਰਤੀ ਹੇਠਲਾ ਪਵਿੱਤਰ ਪਾਣੀ ਨਿੱਜੀ ਹਿੱਤਾਂ ਤੇ ਕੁਝ ਲਾਲਚਾਂ ਵੱਸ ਗੰਦਾ ਕਰ ਲਿਆ ਹੈ ਜੋ ਨਾਂ ਪੀਣਯੋਗ ਰਿਹਾ ਹੈ ਤੇ ਨਾਂ ਹੀ ਸਿੰਜਾਈ ਯੋਗ। ਮਾਤਾ ਸਮਾਨ ਧਰਤੀ ਦੇ ਤਾਂ ਅਸੀਂ ਪੂਰੇ ਵੈਰੀ ਬਣ ਗਏ ਹਾਂ। ਇਹਦੇ ਪੇਟੋਂ ਅਸੀਂ ਜੋ ਕੁਝ ਵੀ ਨਿਕਲਦਾ, ਉਸ ਨੂੰ ਜਬਰੀ ਕੱਢ ਕੇ ਇਸ ਨੂੰ ਅੱਗ ਲਾ ਸਾੜ ਦਿੰਦੇ ਹਾਂ ਤੇ ਜਦੋਂ ਤੇਰੇ ਵਾਂਗ ਕੋਈ ਸਾਡੇ ਨਾਲ ਗੋਸਟਿ ਕਰਨ ਆਉਂਦਾ ਹੈ ਤਾਂ ਅਜੋਕੇ ਬਾਬਰਾਂ ਦੀ ਆੜ ਚ ਉਸ ਨੂੰ ਚਾਰੇ ਪੈਰ ਚੁੱਕ ਕੇ ਪੈ ਜਾਂਦੇ ਹਾਂ।
ਬਾਬਾ ਜੀ ਤੁਸੀਂ ਤਾਂ ਰਸਮੀ ਵਿੱਦਿਆ ਗ੍ਰਹਿਣ ਕਰਨ ਹਿੱਤ ਆਪਣੇ ਪਾਂਧੇ ਨਾਲ ਵੀ ਖੂਬ ਵਿਚਾਰ-ਚਰਚਾ ਕੀਤੀ ਤੇ ਉਸ ਨੇ ਵੀ ਤੁਹਾਡੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਪਰ ਬਾਬਾ ਜੀ ਅੱਜ ਦੇ ਵਿੱਦਿਅਕ ਪ੍ਰਬੰਧ ਤੇ ਕਾਬਜ ਵੱਡੇ ਪਾਂਧੇ ਵੀ ਆਪ ਦੇ ਸਮੇਂ ਵਾਂਗ ਰਟਿਆ-ਰਟਾਇਆ ਵਿੱਦਿਅਕ ਪ੍ਰਬੰਧ ਥੋਪ ਰਹੇ ਹਨ। ਅਜੋਕੇ ਪਾਂਧੇ ਬੱਚਿਆਂ ਦੀ ਲਿਆਕਤ ਮੈਰਿਟ ਅੰਕਾਂ ਨਾਲ ਮਾਪਦੇ ਹਨ। ਉਹ ਚਾਹੁੰਦੇ ਹਨ ਕਿ ਇੱਕ ਭਲੀ ਭਾਂਤੀ ਮੋਟਰਸਾਇਕਲ ਦੀ ਮੁਰੰਮਤ ਕਰਨ ਵਾਲਾ ਬੱਚਾ ਵੀ ਸਕੂਲ ਬੈਠ ਕੇ ਭੌਤਿਕ ਵਿਗਿਆਨ ਦੀ ਪੜ੍ਹਾਈ ਕਰ ਸਰਟੀਫਿਕੇਟ ਹਾਸਲ ਕਰੇ। ਸੋ ਬਾਬਾ ਜੀ ਅਜੋਕੇ ਇਸ ਵਿੱਦਿਅਕ ਸਿਸਟਮ ਨੇ ਬੱਚਿਆਂ ਨੂੰ ਵੀ ਬੋਝਲ ਕਰ ਦਿੱਤਾ ਹੈ ਕਿਉਂਕਿ ਕਾਬਜ ਪਾਂਧਿਆਂ ਨੇ ਇਸ ਨੂੰ ਵੇਚਣ -ਵੱਟਣ ਦਾ ਸੰਦ ਬਣਾ ਲਿਆ ਹੈ। ਤੁਸੀਂ ਤਾਂ ਕਿਰਤ ਨੂੰ ਅੱਗੇ ਰੱਖ ਵੰਡ ਛਕਣ ਦਾ ਹੋਕਾ ਦਿੱਤਾ ਸੀ ਪਰ ਲੰਘੇ ਦਿਨ ਹੀ ਤੇਰੇ ਸੁਲਤਾਨਪੁਰ ਲੋਧੀ ਚ, ਜਿੱਥੇ ਤੁਸੀਂ ਤੇਰਾ-ਤੇਰਾ ਕਹਿ ਕੇ ਤੋਲਿਆ ਸੀ, ਤੇਰਾ ਨਾਮ ਜਪਣ ਦੇ ਨਾਂ ਤੇ ਕਬਜਾ ਕਰਨ ਖਾਤਰ ਲਹੂ ਡੁੱਲ੍ਹ ਕੇ ਹਟਿਆ ਹੈ।
ਬਾਬਾ ਤੇਰੀ ਤਾਂ ਸਿੱਧਾਂ ਨਾਲ ਹੋਈ ਗੋਸਟੀ ਨੇ ਉਸ ਸਮੇਂ ਕੁੱਲ ਲੋਕਾਈ ਨੂੰ ਜਾਗਰੂਕ ਕੀਤਾ ਸੀ ਤੇ ਸਿੱਧ ਵੀ ਸਿੱਧੇ ਰਾਹੇ ਪਏ ਸੀ ਪਰ ਅਜੋਕੇ ਤਰਕ ਤੇ ਵਿਚਾਰ ਵਿਹੂਣੇ ਸਿੱਧਾਂ ਨਾਲ ਗੋਸਟੀ ਕਰਨ ਦੀ ਲੱਗਿਆਂ ਬੰਦਾ ਸੌ-ਸੌ ਵਾਰ ਸੋਚਦਾ ਹੈ ਕਿ ਕਿਤੇ ਭੀੜ ਦੀ ਭੇਂਟ ਨਾ ਚੜ੍ਹ ਜਾਵਾਂ। ਸੋ ਆਉ ਬਾਬਾ ਜੀ, ਅੱਜ ਤਹਾਡੀ ਫਿਰ ਲੋੜ ਜਾਪ ਰਹੀ ਹੈ। ਬੇਸ਼ੱਕ ਆਪ ਦੀ ਵਿਚਾਰਧਾਰਾ ਬਾਣੀ ਰੂਪ ਵਿੱਚ ਪੜ੍ਹ-ਪੜ੍ਹ ਅਜੋਕੇ ਸਿੱਧ ਗੱਡੇ ਲੱਦ ਰਹੇ ਹਨ ਪਰ ਉਸ ਨੂੰ ਸਮਝਣ ਤੇ ਲਾਗੂ ਕਰਨ ਵੇਲੇ ਸੂਰਤ/ਪਹਿਰਾਵਾ ਅੱਗੇ ਰੱਖ ਤਰਕ ਕਰਨ ਵਾਲੇ ਨੂੰ ਅਗਿਆਨੀ ਕਰਾਰ ਦਿੰਦੇ ਹਨ। ਸੋ ਅੱਜ ਫਿਰ ਤੁਹਾਡੇ ਸਮਿਆਂ ਵਰਗੇ ਪਾਂਧਿਆ ਦੀ ਲੋੜ ਹੈ ਜੋ ਤਰਕ ਨਾਲ ਗੋਸਟ ਕਰਨ ਦਾ ਹੌਸਲਾ ਰੱਖਦੇ ਹੋਣ ਤੇ ਆਪਣੇ ਵਰਗੇ ਹੋਰ ਪੈਦਾ ਕਰਨ ਦੇ ਸਮਰੱਥ ਹੋਣ। ਸੁਮੱਤ ਬਖਸ਼ ਬਾਬਾ ਅਜੋਕੇ ਪਾਂਧਿਆਂ ਨੂੰ।
ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371