ਕਰੋਨਾ: ਇੱਕੋ ਦਿਨ ਵਿੱਚ 2.47 ਲੱਖ ਨਵੇਂ ਮਰੀਜ਼

 

  • ਸੂਬਿਆਂ ਨੂੰ ਸਥਾਨਕ ਪੱਧਰ ਉੱਤੇ ਉਪਰਾਲੇ ਕਰਨ ’ਤੇ ਦਿੱਤਾ ਜ਼ੋਰ

ਨਵੀਂ ਦਿੱਲੀ (ਸਮਾਜ ਵੀਕਲੀ): ਦੇਸ਼ ’ਚ ਅੱਜ ਕਰੋਨਾ ਦੇ 2,47,417 ਨਵੇਂ ਕੇਸ ਆਏ ਹਨ ਜੋ 236 ਦਿਨਾਂ ’ਚ ਸਭ ਤੋਂ ਵਧ ਹਨ। ਕਰੋਨਾ ਪੀੜਤਾਂ ਦਾ ਕੁੱਲ ਅੰਕੜਾ 3,63,17,927 ’ਤੇ ਪਹੁੰਚ ਗਿਆ ਹੈ ਜਿਸ ’ਚੋਂ ਓਮੀਕਰੋਨ ਦੇ 5,488 ਕੇਸ ਵੀ ਸ਼ਾਮਲ ਹਨ। ਲਗਾਤਾਰ ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਦੇ ਹਾਲਾਤ ਦੀ ਸਮੀਖਿਆ ਕਰਦਿਆਂ ਅੱਜ ਸੂਬੇ ਦੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਥਾਨਕ ਪੱਧਰ ਉੱਤੇ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕਰੋਨਾ ਦੇ ਟਾਕਰੇ ਦੀ ਰਣਨੀਤੀ ਬਣਾਉਣ ਸਮੇਂ ਆਮ ਲੋਕਾਂ ਦੀ ਰੋਜ਼ੀ-ਰੋਟੀ ’ਤੇ ਘੱਟ ਤੋਂ ਘੱਟ ਅਸਰ ਪਵੇ।

ਉਧਰ ਸਰਗਰਮ ਕੇਸ ਵੀ ਵਧ ਕੇ 11,17,531 ਹੋ ਗਏ ਹਨ ਜੋ 216 ਦਿਨਾਂ ’ਚ ਸਭ ਤੋਂ ਜ਼ਿਆਦਾ ਹਨ। ਸਿਹਤ ਵਿਭਾਗ ਮੁਤਾਬਕ ਬੀਤੇ ਇਕ ਦਿਨ ’ਚ 380 ਹੋਰ ਮੌਤਾਂ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 4,85,035 ’ਤੇ ਪਹੁੰਚ ਗਿਆ ਹੈ। ਕੌਮੀ ਰਿਕਵਰੀ ਦਰ ਘੱਟ ਕੇ 95.59 ਫ਼ੀਸਦ ’ਤੇ ਪਹੁੰਚ ਗਈ ਹੈ। ਰੋਜ਼ਾਨਾ ਦੀ ਪਾਜ਼ੇਟੀਵਿਟੀ ਦਰ 13.11 ਫ਼ੀਸਦ ਜਦਕਿ ਹਫ਼ਤਾਵਾਰੀ ਪਾਜ਼ੇਟੀਵਿਟੀ ਦਰ 10.80 ਫ਼ੀਸਦ ਰਿਕਾਰਡ ਹੋਈ ਹੈ। ਲਾਗ ਤੋਂ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 3,47,15,361 ’ਤੇ ਪਹੁੰਚ ਗਈ ਹੈ।

ਸਮੀਖਿਆ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਵੈਕਸੀਨੇਸ਼ਨ ਦੀ ਮਹੱਤਤਾ ਦਰਸਾਈ ਅਤੇ 100 ਫ਼ੀਸਦੀ ਵੈਕਸੀਨੇਸ਼ਨ ਕਵਰੇਜ ਹਾਸਲ ਕਰਨ ਲਈ ‘ਹਰ ਘਰ ਦਸਤਕ’ ਪ੍ਰੋਗਰਾਮ ’ਚ ਤੇਜ਼ੀ ਲਿਆਉਣ ’ਤੇ ਜ਼ੋਰ ਦਿੱਤਾ। ਸ੍ਰੀ ਮੋਦੀ ਨੇ ਕਿਹਾ,‘‘ਅਸੀਂ 10 ਦਿਨਾਂ ਦੇ ਅੰਦਰ ਕਰੀਬ ਤਿੰਨ ਕਰੋੜ ਅੱਲ੍ਹੜਾਂ ਨੂੰ ਟੀਕੇ ਲਗਾ ਦਿੱਤੇ ਹਨ ਜਿਸ ਤੋਂ ਭਾਰਤ ਦੀ ਇਸ ਚੁਣੌਤੀ ਨਾਲ ਸਿੱਝਣ ਦੀ ਸਮਰੱਥਾ ਅਤੇ ਤਿਆਰੀ ਦਾ ਪਤਾ ਲੱਗਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਲਕ ’ਚ ਬਣੀਆਂ ਵੈਕਸੀਨਾਂ ਦੁਨੀਆ ਭਰ ’ਚ ਆਪਣੀ ਉੱਤਮਤਾ ਸਾਬਤ ਕਰ ਰਹੀਆਂ ਹਨ। ‘ਇਹ ਹਰੇਕ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਬਾਲਗ ਆਬਾਦੀ ’ਚੋਂ ਕਰੀਬ 92 ਫ਼ੀਸਦ ਨੂੰ ਪਹਿਲੀ ਖੁਰਾਕ ਲੱਗ ਚੁੱਕੀ ਹੈ।

ਦੇਸ਼ ’ਚ ਦੂਜੀ ਖੁਰਾਕ ਲੈਣ ਵਾਲਿਆਂ ਦੀ ਗਿਣਤੀ ਵੀ ਕਰੀਬ 70 ਫ਼ੀਸਦ ਹੋ ਗਈ ਹੈ।’ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਰਲ ਕੇ ਮਹਾਮਾਰੀ ਦੇ ਟਾਕਰੇ ਲਈ ਲਗਾਤਾਰ ਯਤਨ ਕਰਨੇ ਚਾਹੀਦੇ ਹਨ। ‘ਜਿਵੇਂ ਹੀ ਅਸੀਂ ਫਰੰਟਲਾਈਨ ਵਰਕਰਾਂ ਅਤੇ ਸੀਨੀਅਰ ਸਿਟੀਜ਼ਨਸ ਨੂੰ ਪ੍ਰੀਕੌਸ਼ਨ ਡੋਜ਼ ਦੇ ਦੇਵਾਂਗੇ ਤਾਂ ਸਾਡੀ ਸਿਹਤ ਸੰਭਾਲ ਪ੍ਰਣਾਲੀ ਹੋਰ ਮਜ਼ਬੂਤ ਹੋ ਜਾਵੇਗੀ।’ ਉਨ੍ਹਾਂ ਕਿਹਾ ਕਿ ਕੋਵਿਡ ਰਣਨੀਤੀ ਬਣਾਉਂਦੇ ਸਮੇਂ ਆਮ ਲੋਕਾਂ ਦੀ ਰੋਜ਼ੀ-ਰੋਟੀ ਅਤੇ ਅਰਥਚਾਰੇ ਦਾ ਧਿਆਨ ਰੱਖਣਾ ਚਾਹੀਦਾ ਹੈ। ‘ਮੁਲਕ ਦੇ 130 ਕਰੋੜ ਲੋਕ ਸਾਂਝੇ ਯਤਨਾਂ ਨਾਲ ਕਰੋਨਾ ਮਹਾਮਾਰੀ ਤੋਂ ਜੇਤੂ ਬਣ ਕੇ ਨਿਕਲਣਗੇ। ਸਾਨੂੰ ਸਾਰਿਆਂ ਨੂੰ ਚੌਕਸ ਰਹਿਣ ਦੀ ਲੋੜ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ ਦੇ ਸਿਵਲ ਸਰਜਨ ਸਣੇ ਕਈ ਡਾਕਟਰਾਂ ਨੂੰ ਕਰੋਨਾ
Next articleਸੰਸਦ ਦੇ 300 ਹੋਰ ਮੁਲਾਜ਼ਮਾਂ ਨੂੰ ਕਰੋਨਾ ਹੋਇਆ