ਏਹੁ ਹਮਾਰਾ ਜੀਵਣਾ ਹੈ -565

(ਸਮਾਜ ਵੀਕਲੀ)-  ਗੱਲ ਉਹਨਾਂ ਸਮਿਆਂ ਦੀ ਹੈ ਜਦ ਹਰ ਕਿਸੇ ਦੇ ਦਿਮਾਗ਼ ਵਿੱਚ ਬਾਹਰ ਜਾਣ ਦਾ ਕੀੜਾ ਅੱਜ ਜਿੰਨਾਂ ਨਹੀਂ ਹੁੰਦਾ ਸੀ ਪਰ ਜਿਹਨਾਂ ਦੇ ਦਿਮਾਗ਼ ਵਿੱਚ ਬਾਹਰ ਜਾਣ ਦਾ ਚਾਅ ਉਮੜਦਾ ਸੀ ਤਾਂ ਉਹ ਕਿਸੇ ਵੀ ਵਿੰਗੇ ਟੇਡੇ ਤਰੀਕਿਆਂ ਨਾਲ ਵਿਆਹ ਕਰਵਾ ਕੇ ਬਾਹਰ ਜਾਂਦੇ ਹੀ ਜਾਂਦੇ ਸਨ। ਜਗਤਾਰ ਸਿੰਘ ਦੇ ਦੋ ਬੱਚੇ ਸਨ, ਵੱਡਾ ਮੁੰਡਾ ਮਨਮੋਹਨ ਸੀ ਤੇ ਉਸ ਤੋਂ ਦੋ ਸਾਲ ਛੋਟੀ ਕੁੜੀ ਛਿੰਦੀ ਸੀ। ਦੋਵੇਂ ਦਸ ਦਸ ਜਮਾਤਾਂ ਪਾਸ ਕਰ ਕੇ ਕਦੋਂ ਦੇ ਹਟ ਗਏ ਸਨ, ਹੁਣ ਤਾਂ ਉਹ ਜਵਾਨ ਹੋ ਗਏ ਸਨ। ਦੋਹਾਂ ਦੀ ਹੁਣ ਵਿਆਹੁਣ ਦੀ ਉਮਰ ਹੋ ਗਈ ਸੀ। ਪਿੰਡ ਵਿੱਚੋਂ ਕਿਸੇ ਨਾ ਕਿਸੇ ਨੇ ਜੇ ਰਿਸ਼ਤੇ ਦੀ ਦੱਸ ਪਾਉਣੀ ਤਾਂ ਜਗਤਾਰ ਸਿੰਘ ਦੀ ਪਤਨੀ ਭਜਨੋ ਨੇ ਅਗਲੇ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕੱਟਦਿਆਂ ਆਖਣਾ ,”ਭੈਣੇ….. ਅਸੀਂ ਨੀ ਆਪਣੇ ਜਵਾਕਾਂ ਦੇ ਵਿਆਹ ਐਧਰ ਕਰਨੇ….. ਕੋਈ ਬਾਹਰਲਾ ਰਿਸ਼ਤਾ ਨਜ਼ਰ ਆਏ ਤਾਂ ਦੱਸ ਦਿਓ…… ਫੇਰ ਤਾਂ ਬੰਦਾ ਕੁੜੀ ਨੂੰ ਦਾਜ ਵਿੱਚ ਦੋ ਚੀਜ਼ਾਂ ਵੱਧ ਵੀ ਦੇ ਦਿੰਦਾ……. ਮੁੰਡੇ ਲਈ ਦਾਜ ਦੋ ਚੀਜ਼ਾਂ ਘੱਟ ਵੀ ਲੈ ਲੈਂਦਾ…..!” ਇਸ ਤਰ੍ਹਾਂ ਆਖ ਕੇ ਰਿਸ਼ਤੇ ਦੀ ਦੱਸ ਪਾਉਣ ਵਾਲਿਆਂ ਦੀ ਬੋਲਤੀ ਬੰਦ ਕਰ ਦੇਣੀ।ਉਂਝ ਤਾਂ ਉਹਨਾਂ ਦੀ ਜ਼ਮੀਨ ਜਾਇਦਾਦ ਬਥੇਰੀ ਸੀ ਪਰ ਪਤਾ ਨਹੀਂ ਉਹਨਾਂ ਨੂੰ ਆਪਣੇ ਜਵਾਕਾਂ ਲਈ ਬਾਹਰਲੇ ਰਿਸ਼ਤੇ ਹੀ ਚਾਹੀਦੇ ਸਨ।

            ਇੱਕ ਦਿਨ ਉਹਨਾਂ ਦੀ ਇਹ ਉਮੀਦ ਵੀ ਪੂਰੀ ਹੋ ਗਈ ਜਦ ਨਾਲ਼ ਦੇ ਪਿੰਡ ਦਾ ਲੰਬੜਦਾਰ ਉਹਨਾਂ ਦੇ ਘਰ ਆਇਆ।ਉਹ ਤਾਂ ਜਗਤਾਰ ਦਾ ਦੋਸਤ ਹੋਣ ਦੇ ਨਾਤੇ ਵੈਸੇ ਹੀ ਲੰਘਦਾ ਲੰਘਦਾ ਮਿਲ਼ਣ ਆਇਆ ਸੀ। ਜਗਤਾਰ ਸਿੰਘ ਨੇ ਗੱਲਾਂ ਕਰਦੇ ਕਰਦੇ ਸਹਿਜ ਸੁਭਾਅ ਹੀ ਉਸ ਨੂੰ ਆਖ ਦਿੱਤਾ,”…… ਲੰਬੜਾ…… ਤੇਰਾ ਤਾਂ ਵਾਹਵਾ ਲੋਕਾਂ ਨਾਲ ……ਵਾਹ ਵਾਸਤਾ ਪੈਂਦਾ ਰਹਿੰਦਾ ਹੈ….. ਆਪਣੇ ਜਵਾਕਾਂ ਦਾ ਵੀ ਧਿਆਨ ਰੱਖ….. ਕੋਈ ਬਾਹਰਲੇ ਰਿਸ਼ਤੇ ਹੱਥ ‘ਚ ਹੋਣ ਤਾਂ ਦੱਸੀਂ…..!”
         “….. ਲੈ ਮੈਂ ਤਾਂ ਕਿੰਨੇ ਰਿਸ਼ਤੇ ਕਰਵਾਤੇ…..ਹਜੇ ਪਰਸੋਂ ਈ ਕਿਸੇ ਦੀ ਕੁੜੀ ਦਾ ਰਿਸ਼ਤਾ….. ਬਾਹਰਲੇ ਪੱਕੇ ਮੁੰਡੇ ਨੂੰ ਕਰਵਾਇਆ….. ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਆਪਣੀ ਗੁੱਡੀ ਦਾ ਕਰਵਾ ਦਿੰਦਾ…… ਨਾਲ਼ੇ ਅਗਲੇ ਨੇ ਕੁਛ ਲੈਣਾ ਵੀ ਨਹੀਂ…… ਚੱਲ ਕੋਈ ਨਾ ਹੋਰ ਬਥੇਰੇ ਰਿਸ਼ਤੇ…… ਬਾਹਰਲੇ ਰਿਸ਼ਤਿਆਂ ਦਾ ਕੋਈ ਘਾਟਾ ਨੀ…. ਊੰ ਤੇਰੇ ਵਰਗੇ ਮੇਰੇ ਇੱਕ ਯਾਰ ਬੇਲੀ ਦੀ ਕੁੜੀ ਬਾਹਰੋਂ ਆਈ ਹੋਈ ਆ……ਉਹ ਵੀ ਮੁੰਡਾ ਦੇਖਦੇ ਫਿਰਦੇ ਨੇ ….. ਕਹੇਂ ਤਾਂ ਆਪਣੇ ਮੋਹਣੇ ਦੀ ਗੱਲ ਛੇੜਾਂ…..?” ਲੰਬੜਦਾਰ ਬੋਲਿਆ। ਜਗਤਾਰ ਦੀ ਰੂਹ ਖੁਸ਼ ਹੋ ਗਈ। ਉਸ ਨੂੰ ਲੰਬੜਦਾਰ ਰੱਬ ਦਾ ਰੂਪ ਲੱਗਣ ਲੱਗਿਆ। ਉਸ ਨੇ ਝੱਟ ਹੀ ਲੰਬੜਦਾਰ ਨੂੰ ਆਖਿਆ,”…. ਲੰਬੜਾ……ਤੂੰ ਗੱਲ ਤੋਰ…… ਆਪਾਂ ਨੇ ਵੀ ਕੁਛ ਨੀ ਲੈਣਾ….. ਜੀਹਨੇ ਧੀ ਦੇ ਦਿੱਤੀ ਓਹਨੇ ਸਭ ਕੁਝ ਈ ਦੇਤਾ…..ਪਰ ਧਿਆਨ ਰੱਖੀਂ ਕੁੜੀ ਬਾਹਰ ਪੱਕੀ ਹੋਵੇ……!”
        “…… ਚੰਗਾ ਫੇਰ ਜਗਤਾਰ ਮੈਂ ਜਾਨਾਂ….. ਦੇਖਦਾਂ ਗੱਲ ਤੋਰ ਕੇ…..!” ਲੰਬੜਦਾਰ ਜਾਣ ਲਈ ਖੜ੍ਹਾ ਹੁੰਦਾ ਹੋਇਆ ਆਖਦਾ ਹੈ।

          (ਲੰਬੜਦਾਰ ਜਾਂਦਾ ਹੈ, ਜਗਤਾਰ ਉਸ ਨੂੰ ਗੇਟ ਤੱਕ ਛੱਡ ਕੇ ਖ਼ੁਸ਼ੀ ਖ਼ੁਸ਼ੀ ਅੰਦਰ ਨੂੰ ਆਉਂਦਾ ਹੈ)
“ਭਾਗਵਾਨੇ…… ਲੱਗਦਾ ਰੱਬ ਨੇ ਆਪਣੀ ਸੁਣ ਲਈ….. ਆਪਾਂ ਵੀ ਛੇਤੀ ਓ ਈ ਕਨੇਡਾ ਵਾਲੇ ਵੱਜਣ ਲੱਗ ਜਾਵਾਂਗੇ…… ਆਹ ਲੰਬੜਦਾਰ ਆਪਣੇ ਮਨਮੋਹਨ ਨੂੰ…. ਕਨੇਡਾ ਦੀ ਪੱਕੀ ਕੁੜੀ ਦਾ ਰਿਸ਼ਤਾ ਕਰਵਾਉਣ ਲੱਗਿਆ…..!”
” ਸ਼ੁਕਰ ਐ ਰੱਬ ਦਾ….. ਕਿਤੇ ਓਹਨੇ ਸਾਡੀ ਵੀ ਸੁਣੀ….!” ਭਜਨੋ ਦੋਵੇਂ ਹੱਥ ਜੋੜ ਕੇ ਉੱਪਰ ਨੂੰ ਵੇਖਦੀ ਹੋਈ ਕਹਿੰਦੀ ਹੈ।
          ਸ਼ਾਇਦ ਮਨਮੋਹਨ ਦੇ ਸੰਜੋਗ ਹੀ ਉਸ ਕੁੜੀ ਨਾਲ਼ ਜੁੜੇ ਹੋਏ ਸਨ। ਲੰਬੜਦਾਰ ਨੇ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਗੱਲ ਬਾਤ ਤੋਰ ਕੇ ਵਿਆਹ ਵੀ ਕਰਵਾ ਦਿੱਤਾ ਕਿਉਂਕਿ ਕੁੜੀ ਮਸਾਂ ਦੋ ਮਹੀਨੇ ਲਈ ਆਈ ਹੋਈ ਸੀ, ਹੁਣ ਤਾਂ ਉਸ ਦੀ ਵਾਪਸੀ ਦੇ ਮਸਾਂ ਵੀਹ ਕੁ ਦਿਨ ਬਚਦੇ ਸਨ। ਜਗਤਾਰ ਸਿੰਘ ਦੇ ਘਰ ਖੁਸ਼ੀਆਂ ਦਾ ਮਾਹੌਲ ਸੀ। ਸਭ ਕੁਝ ਵਧੀਆ ਹੋ ਗਿਆ ਸੀ। ਸਭ ਤੋਂ ਵੱਧ ਚਾਅ ਤਾਂ ਕਨੇਡਾ ਦੀ ਪੱਕੀ ਕੁੜੀ ਨਾਲ਼ ਰਿਸ਼ਤਾ ਹੋਣ ਦਾ ਸੀ। ਜਗਤਾਰ ਸਿੰਘ ਅਤੇ ਭਜਨੋ ਦੀ ਕਨੇਡਾ ਵਾਲ਼ੀ ਨੂੰਹ ਮਨਜੀਤ ਵੀਹ ਦਿਨਾਂ ਵਿੱਚ ਹੀ ਸਾਰੇ ਟੱਬਰ ਵਿੱਚ ਰਚ ਮਿਚ ਗਈ ਸੀ। ਸਾਰਾ ਟੱਬਰ ਵੀ ਬਹੁਤ ਖੁਸ਼ ਸੀ ਤੇ ਮਨਜੀਤ ਵੀ ਬਹੁਤ ਖੁਸ਼ ਸੀ। ਉਹ ਵਾਪਸ ਕਨੇਡਾ ਚਲੀ ਗਈ ਤੇ ਜਾ ਕੇ ਉਸ ਨੇ ਮਨਮੋਹਨ ਦੇ ਕਾਗਜ਼ ਪੱਤਰ ਵੀ ਜਲਦੀ ਹੀ ਬਣਾ ਲਏ। ਛੇ ਮਹੀਨਿਆਂ ਦੇ ਅੰਦਰ ਅੰਦਰ ਮਨਮੋਹਨ ਵੀ ਆਪਣੀ ਪਤਨੀ ਕੋਲ ਚਲਿਆ ਗਿਆ।
           ਜਗਤਾਰ ਸਿੰਘ ਦਾ ਘਰ ਵੀ ਪਿੰਡ ਵਿੱਚ ਕਨੇਡਾ ਵਾਲਿਆਂ ਦਾ ਘਰ ਵੱਜਣ ਲੱਗ ਪਿਆ ਸੀ। ਹੁਣ ਮਨਮੋਹਨ ਨੇ ਵੀ ਆਪਣੀ ਭੈਣ ਲਈ ਬਾਹਰਲਾ ਰਿਸ਼ਤਾ ਲੱਭਣਾ ਸ਼ੁਰੂ ਕੀਤਾ ਤਾਂ ਕੋਈ ਢੰਗ ਦਾ ਮੁੰਡਾ ਨਾ ਲੱਭੇ। ਕੋਈ ਦੁਹਾਜੂ ਦੀ ਦੱਸ ਪਾਵੇ, ਕੋਈ ਕੁੜੀ ਤੋਂ ਦੁੱਗਣੀ ਉਮਰ ਦੇ ਬੰਦੇ ਦੀ ਦੱਸ ਪਾਵੇ, ਕੋਈ ਘਰਵਾਲੀ ਮਰੀ ਹੋਣ ਕਰਕੇ ਦੋ ਤਿੰਨ ਜਵਾਕਾਂ ਦੇ ਪਿਓ ਦੀ ਦੱਸ ਪਾਵੇ। ਛਿੰਦੀ ਦੀ ਉਮਰ ਵੱਡੀ ਹੁੰਦੀ ਵੇਖ ਕੇ ਉਨ੍ਹਾਂ ਨੇ ਇਧਰਲੇ ਮੁੰਡੇ ਨਾਲ਼ ਹੀ ਇਹ ਵਾਅਦਾ ਕਰ ਕੇ ਵਿਆਹ ਕਰ ਦਿੱਤਾ ਕਿ ਸਾਲ ਦੇ ਅੰਦਰ ਅੰਦਰ ਹੀ ਉਹਨਾਂ ਦਾ ਮੁੰਡਾ ਤੇ ਸਾਡੀ ਕੁੜੀ ਨੂੰ ਮਨਮੋਹਨ ਆਪਣੇ ਕੋਲ ਬੁਲਾ ਲਵੇਗਾ। ਸਾਲ ਝੱਟ ਲੰਘ ਗਿਆ। ਛਿੰਦੀ ਦੇ ਸੱਸ ਸਹੁਰੇ ਨੇ ਹਫ਼ਤੇ ਦਸ ਦਿਨ ਬਾਅਦ ਹੀ ਛਿੰਦੀ ਨੂੰ ਪੇਕੇ ਭੇਜ ਦੇਣਾ ਕਿ ਜਾ ਕੇ ਪੁੱਛ ਕੇ ਆਵੇ ਕਿ ਉਸ ਦੇ ਭਰਾ ਭਰਜਾਈ ਨੇ ਉਨ੍ਹਾਂ ਦੇ ਮੁੰਡੇ ਦੇ ਬਾਹਰਲੇ ਕਾਗਜ਼ ਲਾਏ ਹਨ ਕਿ ਨਹੀਂ? ਕੁੜੀ ਦੇ ਪ੍ਰਾਹੁਣੇ ਗੁਰਮੀਤ ਅਤੇ ਉਸ ਦੇ ਬਾਕੀ ਪਰਿਵਾਰ ਦਾ ਛਿੰਦੀ ਪ੍ਰਤੀ ਰਵੱਈਆ ਦਿਨ ਪ੍ਰਤੀ ਦਿਨ ਵਿਗੜਨ ਲੱਗਿਆ।
           ਜਗਤਾਰ ਨੇ ਮਨਮੋਹਨ ਨਾਲ ਸਾਰੀ ਗੱਲ ਕੀਤੀ ਤੇ ਉਸ ਨੂੰ ਸਲਾਹ ਦਿੱਤੀ ਕਿ ਮਨਜੀਤ ਉਸ ਨੂੰ ਤਲਾਕ ਦੇ ਕੇ ਗੁਰਮੀਤ ਨਾਲ਼ ਵਿਆਹ ਕਰਵਾ ਕੇ ਉਸ ਨੂੰ ਓਧਰ ਬੁਲਾ ਲਵੇ, ਫਿਰ ਗੁਰਮੀਤ ਮਨਜੀਤ ਨੂੰ ਤਲਾਕ ਦੇ ਕੇ ਛਿੰਦੀ ਨੂੰ ਕਨੇਡਾ ਆਪਣੇ ਕੋਲ ਬੁਲਾ ਲਵੇਗਾ। ਸਾਰਾ ਟੱਬਰ ਰਾਜ਼ੀ ਹੋ ਗਿਆ। ਓਧਰ ਮਨਜੀਤ ਦਾ ਮਨਮੋਹਨ ਨਾਲੋਂ ਤਲਾਕ ਹੋ ਗਿਆ ਤੇ ਐਧਰ ਗੁਰਮੀਤ ਦਾ ਛਿੰਦੀ ਨਾਲੋਂ ਤਲਾਕ ਹੋ ਗਿਆ। ਮਨਜੀਤ ਇੰਡੀਆ ਆ ਕੇ ਗੁਰਮੀਤ ਨਾਲ਼ ਨਕਲੀ ਵਿਆਹ ਕਰਵਾ ਕੇ ਵਾਪਸ ਚਲੀ ਗਈ ਤੇ ਜਾਂਦੇ ਹੀ ਗੁਰਮੀਤ ਦੇ ਕਾਗਜ਼ ਭਰ ਦਿੱਤੇ। ਸਾਲ ਦੇ ਅੰਦਰ ਅੰਦਰ ਗੁਰਮੀਤ ਮਨਜੀਤ ਦਾ ਪਤੀ ਬਣ ਕੇ ਪਹੁੰਚ ਗਿਆ। ਓਧਰਲੇ ਕਾਨੂੰਨ ਮੁਤਾਬਕ ਗੁਰਮੀਤ ਤੇ ਮਨਜੀਤ ਨੂੰ ਮਨਮੋਹਨ ਤੋਂ ਅਲੱਗ ਰਹਿਣਾ ਪੈਣਾ ਸੀ ਕਿਉਂਕਿ ਕਾਗਜ਼ਾਂ ਵਿੱਚ ਤਲਾਕ ਹੋਣ ਕਾਰਨ ਮਨਜੀਤ ਮਨਮੋਹਨ ਕੋਲ ਨਹੀਂ ਰਹਿ ਸਕਦੀ ਸੀ। ਕੁਝ ਮਹੀਨੇ ਬਾਅਦ ਜਦ ਪਰਿਵਾਰ ਵੱਲੋਂ ਮਨਜੀਤ ਵੱਲੋਂ ਗੁਰਮੀਤ ਨੂੰ ਤਲਾਕ ਦੇਣ ਦੀ ਗੱਲ ਆਖੀ ਗਈ ਤਾਂ ਮਨਜੀਤ ਨੇ ਫੋਨ ਕਰਕੇ ਜਗਤਾਰ ਨੂੰ ਆਖਿਆ,”…… ਡੈਡੀ ਜੀ…… ਗੁਰਮੀਤ ਤੇ ਮੇਰੇ ਵਿਆਹ ਦਾ ਫੈਸਲਾ ਤੁਹਾਡਾ ਸੀ….. ਪਰ ਹੁਣ ਇਕੱਠੇ ਰਹਿਣ ਦਾ ਸਾਡਾ ਦੋਹਾਂ ਦਾ ਫੈਸਲਾ ਹੈ….. ਹੁਣ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਦੋਵੇਂ ਆਪਣਾ ਘਰ ਵਸਾਵਾਂਗੇ…..।”
“….ਬੇਟਾ ਮਨਜੀਤ…. ਤੂੰ ਸਾਡੇ ਨਾਲ ਮਜ਼ਾਕ ਕਰਦੀ ਐਂ….?”
“ਨਹੀਂ ਡੈਡੀ ਜੀ…… ਗੁਰਮੀਤ ਮਨਮੋਹਨ ਤੋਂ ਵੀ ਵੱਧ ਚੰਗੇ ਅਤੇ ਮਿਹਨਤੀ ਇਨਸਾਨ ਨੇ…..ਉਹ ਵੱਧ ਪੜ੍ਹੇ ਲਿਖੇ ਹੋਣ ਕਰਕੇ ਮੇਰੇ ਵਿਚਾਰ ਵੀ ਉਹਨਾਂ ਨਾਲ ਮਿਲ਼ਦੇ ਹਨ….. ਹੁਣ ਅਸੀਂ ਆਪਣਾ ਘਰ ਵਸਾ ਲਿਆ ਹੈ। ਜਦ ਸੀਰਤ (ਮਨਮੋਹਨ ਤੇ ਮਨਜੀਤ ਦੀ ਇੱਕ ਸਾਲ ਦੀ ਧੀ) ਨੂੰ ਉਹਨਾਂ ਨਾਲ ਮਿਲਾਉਣ ਲੈ ਕੇ ਜਾਵਾਂਗੀ ਤਾਂ ਮਨਮੋਹਨ ਨਾਲ ਮੈਂ ਆਪੇ ਗੱਲ ਕਰ ਲਵਾਂਗੀ ….. ਵੈਸੇ ਉਹ ਇਧਰਲੇ ਰੂਲਜ਼ ਜਾਣਦੇ ਹਨ ਕਿ ਸਾਡਾ ਡਾਈਵੋਰਸ ਤਾਂ ਪਹਿਲਾਂ ਹੀ ਹੋ ਚੁੱਕਿਆ ਹੈ…..ਉਹ ਹੁਣ ਇਸ ਖ਼ਿਲਾਫ਼ ਕੁਝ ਨੀ ਕਰ ਸਕਦੇ…. ਕਿਉਂ ਕਿ ਮੈਂ ਤੇ ਗੁਰਮੀਤ ਦੋਵੇਂ ਕਾਨੂੰਨੀ ਤੌਰ ਤੇ ਪਤੀ ਪਤਨੀ ਹਾਂ…..!”
           ਜਗਤਾਰ ਸਿੰਘ ਸੁਣ ਕੇ ਸੁੰਨ ਜਿਹਾ ਹੋ ਗਿਆ । ਉਹ ਉਸ ਵੇਲੇ ਨੂੰ ਪਛਤਾਉਂਦਾ ਹੈ ਜਦ ਉਸ ਨੇ ਆਪਣੀ ਧੀ ਦਾ ਘਰ ਵਸਾਉਣ ਲਈ ਇਹ ਸਕੀਮ ਲਗਾਈ ਸੀ। ਛਿੰਦੀ ਜਗਤਾਰ ਨੂੰ ਪੁੱਛਦੀ ਹੈ,” ….. ਪਾਪਾ ਜੀ…. ਉਹ ਕੀ ਕਹਿੰਦੇ…. ਕਦੋਂ ਕ ਤੱਕ ਉਹ ਮੇਰੇ ਕਾਗਜ਼ ਬਣਵਾ ਲੈਣਗੇ…..?”
    ਜਗਤਾਰ ਸਿੰਘ ਨੂੰ ਕੋਈ ਜਵਾਬ ਨਹੀਂ ਔੜਦਾ ਤੇ ਉਹ ਸਮਾਜ ਵਿੱਚ ਆਉਣ ਵਾਲੀ ਆਪਣੀ ਸਥਿਤੀ ਬਾਰੇ ਸੋਚਦਾ ਹੋਇਆ ਬਿਨਾਂ ਕੁਝ ਬੋਲੇ ਵਿਹੜੇ ਵਿੱਚ ਲੱਗੀ ਡੇਕ ਹੇਠਾਂ ਮੰਜੇ ਤੇ ਪੈ ਗਿਆ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAmbedkar statue removed from Village in Hardoi, after elections it will be the turn of Constitution
Next articleਪੰਜਾਬ ਦੇ ਲੋਕਾਂ ਵੱਲੋਂ ਵੋਟ ਦਾ ਸਹੀ ਇਸਤੇਮਾਲ ਕੀਤਾ ਜਾਵੇ – ਰਾਜੂ ਘੋਤੜਾ