ਏਹੁ ਹਮਾਰਾ ਜੀਵਣਾ ਹੈ -563

ਬਰਜਿੰਦਰ ਕੌਰ ਬਿਸਰਾਓ‘

(ਸਮਾਜ ਵੀਕਲੀ)  –ਵਿਸਾਖੀ ਤੇ ਵਿਸ਼ੇਸ਼           

ਵਿਸਾਖੀ ਆਰਥਿਕ ਤੇ ਸਭਿਆਚਾਰ ਨਾਲ ਜੁੜਿਆ ਤਿਉਹਾਰ ਵਿਸਾਖੀ ਦੋ ਸ਼ਬਦਾਂ ਦੇ ਜੋੜ ਤੋਂ ਬਣਿਆ ਹੈ। ਵੈ ਦਾ ਅਰਥ ਹੈ ਵਿਸ਼ੇਸ਼ ਅਤੇ ਸਾਖ ਦਾ ਅਰਥ ਹੈ ਟਾਹਣੀ,ਫਸਲ,  ਜਿਨਸ ਜਾਂ ਸੰਤਾਨ। ਕਈ ਰਾਜਾਂ ਵਿਚ ਇਹ ਬੈਸਾਖੀ ਦੇ ਨਾਂ ਨਾਲ ਮਨਾਇਆ ਜਾਂਦਾ ਹੈ। ਵਿਸਾਖੀ ਦਾ ਮੁੱਖ ਸਬੰਧ ਕਣਕ ਦੀ ਫਸਲ ਨਾਲ ਹੈ ।ਇਸ ਦੇ ਪੱਕਣ ‘ਤੇ ਘਰ ਵਿੱਚ ਆ ਜਾਣ ਦੀ ਖੁਸ਼ੀ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ।ਇਹ ਵੀ ਮੰਨਿਆ ਜਾਂਦਾ ਹੈ ਕਿ ਵਿਸਾਖ ਮਹੀਨੇ ਦਾ ਨਾਮ ਵਿਸਾਖਾ ਨਛੱਤਰ ਤੋਂ ਰੱਖਿਆ ਗਿਆ ਹੈ । ਵਿਸਾਖਾ 27 ਨਛੱਤਰਾਂ ਵਿੱਚੋਂ ਸੋਲਵਾਂ ਨਛੱਤਰ ਹੈ। ਪੁਰਾਤਨ ਗਰੰਥਾਂ ਅਨੁਸਾਰ ਸਾਰੇ ਨਛੱਤਰਾਂ ਵਿੱਚੋਂ ਵਿਸਾਖਾ ਨਛੱਤਰ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਲਈ  ਖੁਸ਼ੀ ਮਨਾਉਣ ਲਈ ਇਹੀ ਖਾਸ ਦਿਨ ਚੁਣਿਆ ਗਿਆ ਸੀ।ਇਸ ਦਿਨ ਬਿਕ੍ਰਮੀ ਸੰਮਤ ਦਾ ਨਵਾਂ ਸਾਲ ਆਰੰਭ ਹੁੰਦਾ ਹੈ। ਵਪਾਰੀ ਲੋਕ ਇਸ ਦਿਨ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹੋਏ ਨਵੇਂ ਵਹੀ ਖਾਤੇ ਖੋਲ੍ਹਦੇ ਹਨ।ਇਹ ਵਿਸਾਖ ਮਹੀਨੇ ਦਾ ਪਹਿਲਾ ਦਿਨ ਸੰਗਰਾਂਦ ਦਾ ਦਿਹਾੜਾ ਹੁੰਦਾ ਹੈ। ਇਹਨਾਂ ਸਭ ਕਾਰਨਾਂ ਕਰਕੇ ਇਸ ਤਿਉਹਾਰ ਦੀ ਧਾਰਮਿਕ ਪੱਖੋਂ ਵਿਸ਼ੇਸ਼ਤਾ ਬਹੁਤ ਜ਼ਿਆਦਾ ਹੈ। ਮਾਘੀ ਵਾਂਗ ਇਸ ਦਿਨ ਵੀ ਪਵਿੱਤਰ ਸਰੋਵਰਾਂ ਤੇ ਇਸ਼ਨਾਨ ਦੀ ਖਾਸ ਮਹੱਤਤਾ ਹੈ।

ਦਾਣਿਆਂ ਨਾਲ ਭਰੀਆਂ ,ਝੁਕੀਆਂ ਹੋਈਆਂ ਬੱਲੀਆਂ ਜਿਵੇਂ ਝੁਕ ਕੇ ਕਿਸਾਨ ਨੂੰ ਸਲਾਮ ਕਰ ਰਹੀਆਂ ਹੋਣ। ਸੋਨੇ ਰੰਗੀਆਂ ਫ਼ਸਲਾਂ ਵਿਸਾਖ ਮਹੀਨੇ ਵਿੱਚ ਖੇਤਾਂ ਵਿੱਚ ਲਹਿਲਹਾਉਂਦੀਆਂ  ਜਿਵੇਂ  ਉਸ ਦੀ ਮਿਹਨਤ ਨੂੰ ਸਜਦਾ ਕਰਦੀਆਂ ਹੋਈਆਂ ਖੁਸ਼ੀ ਵਿੱਚ ਝੂਮ ਰਹੀਆਂ ਹੋਣ। ਖੇਤਾਂ ਦੇ ਕਿਨਾਰੇ ਖੜ੍ਹੇ ਹੋ ਕੇ ਨਜ਼ਰ ਮਾਰੀਏ ਤਾਂ ਇੰਝ ਲੱਗਦਾ ਹੈ ਜਿਵੇਂ ਧਰਤੀ ਤੇ ਸੋਨੇ ਦੀ ਚਾਦਰ ਵਿਛਾ ਦਿੱਤੀ ਹੋਵੇ।ਅੱਸੂ ਮਹੀਨੇ ਵਿੱਚ ਬੀਜੀ ਕਣਕ ਨੂੰ ਕਿਸਾਨ ਨੇ ਪੁੱਤਾਂ ਵਾਂਗ ਪਾਲਿਆ ਹੁੰਦਾ ਹੈ।ਜਿਸ ਨੂੰ ਦੇਖ ਦੇਖ ਕੇ ਉਸ ਦਾ ਸੀਨਾ ਚੌੜਾ ਹੁੰਦਾ ਹੈ।ਇਹੀ ਸਮਾਂ ਹੁੰਦਾ ਹੈ ਜਦ ਉਸ ਨੇ ਸ਼ਾਹਾਂ ਤੋਂ ਲਏ ਕਰਜ਼ੇ ਮੋੜਨੇ ਹੁੰਦੇ ਹਨ, ਅਗਲੀ ਫਸਲ ਬੀਜਣ ਦਾ ਬਜਟ,ਘਰ ਦੇ ਸਾਰੇ ਕਾਰਜਾਂ ਲਈ ਭਵਿੱਖ ਦੀਆਂ ਯੋਜਨਾਵਾਂ ਤੇ ਹੋਰ ਪਤਾ ਨਹੀਂ ਕਿੰਨੀਆਂ ਆਸਾਂ ਦੇ ਦੀਪ ਮਨ ਵਿੱਚ ਜਗਾਏ ਹੁੰਦੇ ਹਨ।

30 ਮਾਰਚ 1699 ਨੂੰ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪਾਹੁਲ ਖੰਡੇ ਵਾਲ਼ਾ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਸਾਜ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਅਸਲ ਵਿੱਚ ਵਿਸਾਖੀ ਬਾਰੇ 30 ਮਾਰਚ ਅਤੇ 13 ਅਪ੍ਰੈਲ ਦੀਆਂ ਤਰੀਕਾਂ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਬਰਤਾਨੀਆ ਹਕੂਮਤ ਵਲੋਂ ਸਤੰਬਰ 1752 ਈ: ( 2ਸਤੰਬਰ ਤੋਂ ਬਾਅਦ ਸਿੱਧਾ 13ਸਤੰਬਰ ਤਰੀਕ ਮਿਥੀ ਗਈ) ਵਿੱਚ ਗ੍ਰੈਗੋਰੀਅਨ ਕਲੰਡਰ ਲਾਗੂ ਹੋਣ ਕਰਕੇ ਗਿਆਰਾਂ ਦਿਨ ਦਾ ਫ਼ਰਕ ਪਾ ਦਿੱਤਾ ਗਿਆ ਸੀ ਜਿਸ ਕਰਕੇ 1753 ਦੀ ਵਿਸਾਖੀ 9 ਅਪ੍ਰੈਲ ਅਤੇ ਉਸ ਤੋਂ ਬਾਅਦ ਦਿਨਾਂ ਦੇ ਅੰਤਰ ਹੋਣ ਕਰਕੇ 10 ਜਾਂ 11 ਅਪ੍ਰੈਲ ਨੂੰ ਮਨਾਈ ਜਾਂਦੀ ਰਹੀ ਸੀ। ਸਭ ਤੋਂ ਪਹਿਲਾਂ ਵਿਸਾਖੀ 13 ਅਪ੍ਰੈਲ ਨੂੰ  1919 ਵਿੱਚ ਮਨਾਈ ਗਈ ਸੀ।ਉਸ ਤੋਂ ਬਾਅਦ ਹੁਣ ਤੱਕ 13 ਜਾਂ 14 ਅਪ੍ਰੈਲ ਨੂੰ ਮਨਾਈ ਜਾਂਦੀ ਹੈ।

ਵਿਸਾਖੀ ਦੇ ਪਵਿੱਤਰ ਦਿਹਾੜੇ ਤੇ 13 ਅਪ੍ਰੈਲ 1919 ਦੀ ਸ਼ਾਮ ਨੂੰ ਅੰਮ੍ਰਿਤਸਰ ਦੇ ਜਲ੍ਹਿਆਂ ਵਾਲੇ ਬਾਗ ਵਿੱਚ  ਇਕੱਠੇ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਨੂੰ ਜਨਰਲ ਡਾਇਰ ਨੇ ਗੋਲੀ ਦਾ ਨਿਸ਼ਾਨਾ ਬਣਾਇਆ। ਇਸ ਅੱਤਿਆਚਾਰ ਦੇ ਸਿੱਟੇ ਵਜੋਂ ਸੈਂਕੜੇ ਬੱਚੇ, ਬੁੱਢੇ, ਔਰਤਾਂ ਅਤੇ ਜਵਾਨ ਸ਼ਹੀਦ ਹੋ ਗਏ ।ਵਿਸਾਖੀ ਦੇ ਦਿਨ ਹਰ ਸਾਲ ਇਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਹੈ।

ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ‘ਚ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ‘ਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ।ਇਸ ਦਿਨ ਪੰਜਾਬ ਦੇ ਵੱਖ-ਵੱਖ ਇਲਾਕਿਆ ‘ਚ ਮੇਲੇ ਲੱਗਦੇ ਹਨ ਅਤੇ ਅਤੇ ਲੋਕ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਸਮੇਤ ਇਹਨਾਂ ਮੇਲਿਆਂ ਦਾ ਅਨੰਦ ਮਾਣਦੇ ਹਨ।ਇਸ ਦਿਨ ਪੰਜਾਬ ਦਾ ਪਰੰਪਰਾਗਤ ਨਾਚ ਭੰਗੜੇ ਪਾਉਂਦੇ ਲੋਕ ਪੂਰੇ ਜੋਸ਼ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ। ਇਸ ਦਿਨ ਇਸ ਦਿਨ ਲੋਕ ਗੁਰੂ ਘਰਾਂ ‘ਚ ਮੱਥਾ ਟੇਕਦੇ ਹਨ ਅਤੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਨ। ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ‘ਚ ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਵੀ ਸਜਾਏ ਜਾਂਦੇ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਸ ਦੀਵਾਨ ਸਜਾਏ ਜਾਂਦੇ ਹਨ।ਜਿਸ ‘ਚ ਵੱਡੀ ਗਿਣਤੀ ‘ਚ ਸੰਗਤਾਂ ਸ਼ਿਰਕਤ ਕਰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।

ਬਰਜਿੰਦਰ ਕੌਰ ਬਿਸਰਾਓ…

9988901324

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਬਾਬਾ ਸਾਹਿਬ ਜੀ”
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਵਿਸਾਖੀ ਸਬੰਧੀ ਸਮਾਗਮ