ਏਹੁ ਹਮਾਰਾ ਜੀਵਣਾ ਹੈ -559

ਬਰਜਿੰਦਰ-ਕੌਰ-ਬਿਸਰਾਓ.
 (ਸਮਾਜ ਵੀਕਲੀ)- ਕਿਸੇ ਵੀ ਮਨੁੱਖ ਦੀ ਮਨੋਦਸ਼ਾ ਨੂੰ ਉਸ ਦਾ ਚਿਹਰਾ ਬਿਆਨ ਕਰ ਦਿੰਦਾ ਹੈ।ਜੇ ਕਿਸੇ ਵਿਅਕਤੀ ਦਾ ਮਨ ਉਦਾਸ ਹੁੰਦਾ ਹੈ ਤਾਂ ਉਸ ਦਾ ਚਿਹਰਾ ਵੀ ਮੁਰਝਾ ਜਾਂਦਾ ਹੈ।ਜੇ ਕਿਸੇ ਵਿਅਕਤੀ ਦਾ ਮਨ ਖੁਸ਼ ਹੋਏ ਤਾਂ ਉਸ ਦਾ ਚਿਹਰਾ ਵੀ ਖਿੜਿਆ ਖਿੜਿਆ ਦਿਸਦਾ ਹੈ। ਇਸ ਤਰ੍ਹਾਂ ਸਾਰਿਆਂ ਨੂੰ ਸਰੀਰ ਦੇ ਨਾਲ ਨਾਲ ਮਨ ਦਾ ਵੀ ਧਿਆਨ ਰੱਖਣਾ ਵੀ ਜ਼ਰੂਰੀ ਹੈ। ਪਦਾਰਥਵਾਦੀ ਯੁੱਗ ਹੋਣ ਕਰਕੇ ਮਨੁੱਖ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਦਿਨ ਭਰ ਮਿਹਨਤ ਕਰਦਾ ਹੈ। ਸਵੇਰ ਤੋਂ ਸ਼ਾਮ ਤੱਕ ਭੱਜ ਦੌੜ ਵਾਲ਼ੀ ਜ਼ਿੰਦਗੀ ਵਿੱਚ ਮਨੁੱਖ ਨੇ ਆਪਣੇ ਸਰੀਰ ਨੂੰ ਇੱਕ ਮਸ਼ੀਨ ਹੀ ਬਣਾ ਲਿਆ ਹੈ। ਜਿੰਨੀ ਤੇਜ਼ੀ ਨਾਲ ਸਰੀਰ ਰੂਪੀ ਮਸ਼ੀਨ ਚੱਲਦੀ ਹੈ ਓਨਾ ਹੀ ਤੇਜ਼ੀ ਨਾਲ ਉਸ ਵਿੱਚ ਬੈਠਾ ਮਨ  ਦੌੜ ਰਿਹਾ ਹੁੰਦਾ ਹੈ। ਸਰੀਰ ਅਤੇ ਮਨ ਦੀ ਤੇਜ਼ ਰਫ਼ਤਾਰੀ ਕਾਰਨ ਮਨੁੱਖ ਅੰਦਰ ਮਾਨਸਿਕ ਤਣਾਓ ਵੱਧਦਾ ਜਾ ਰਿਹਾ ਜਿਸ ਕਰਕੇ ਉਹ ਡਿਪਰੈਸ਼ਨ ਜਿਹੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਅੱਜ ਕੱਲ੍ਹ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਮਨੁੱਖ ਲਈ ਘਾਤਕ ਸਿੱਧ ਹੁੰਦੀਆਂ ਹਨ। ਸੋ ਆਪਣੇ ਮਨ ਨੂੰ ਤੰਦਰੁਸਤ ਰੱਖਣ ਲਈ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ,ਇਸ ਬਾਰੇ ਵਿਚਾਰ ਕਰਦੇ ਹਾਂ।
                 ਮਨ ਨੂੰ ਵੀ ਸਰੀਰ ਵਾਂਗ ਪੌਸ਼ਟਿਕ ਖੁਰਾਕ ਦੀ ਜ਼ਰੂਰਤ ਹੁੰਦੀ ਹੈ।ਮਨ ਦੀ ਪੌਸ਼ਟਿਕ ਖੁਰਾਕ ਉਸ ਦੇ ਸ਼ੁੱਧ ਵਿਚਾਰ ਹੁੰਦੇ ਹਨ। ਮਨੁੱਖ ਦੇ ਮਨ ਅੰਦਰ ਜਿਹੋ ਜਿਹੇ ਵਿਚਾਰ ਪੈਦਾ ਹੁੰਦੇ ਹਨ ਉਸੇ ਤਰ੍ਹਾਂ ਦਾ ਉਹ ਆਪਣੇ ਆਲ਼ੇ ਦੁਆਲ਼ੇ ਦਾ ਵਾਤਾਵਰਨ ਸਿਰਜ ਰਿਹਾ ਹੁੰਦਾ ਹੈ।ਜੇ ਕੋਈ ਵਿਅਕਤੀ ਚੰਗੇ ਵਿਚਾਰਾਂ ਦਾ ਧਾਰਨੀ ਹੋਵੇਗਾ ਤਾਂ ਉਹ ਸਹਿਜੇ ਹੀ ਮਾਨਸਿਕ ਤੌਰ ਤੇ ਰਿਸ਼ਟਪੁਸ਼ਟ ਰਹਿ ਸਕੇਗਾ। ਆਪਣੇ ਮਨ ਅੰਦਰ ਵਧੀਆ ਵਿਚਾਰ ਪੈਦਾ ਕਰਨ ਲਈ ਚੰਗੀਆਂ ਸ਼ਖ਼ਸੀਅਤਾਂ ਬਾਰੇ ਪੜ੍ਹਨਾ ਜਾਂ ਸੁਣਨਾ,ਟੀ.ਵੀ ਉੱਪਰ ਪ੍ਰੇਰਨਾਦਾਇਕ ਪ੍ਰੋਗਰਾਮ ਵੇਖਣਾ ਅਤੇ ਵਧੀਆ ਵਧੀਆ ਕੰਮ ਕਰਨਾ ਆਦਿ। ਇਸ ਤਰ੍ਹਾਂ ਕਰਨ ਨਾਲ ਜ਼ਿੰਦਗੀ ਨੂੰ ਸਹੀ ਸੇਧ ਮਿਲਦੀ ਹੈ, ਮਨੁੱਖ ਨੂੰ ਪ੍ਰੇਰਨਾ ਮਿਲਦੀ ਹੈ ਅਤੇ ਮਨ ਕੁਝ ਚੰਗਾ ਕਰਨ ਲਈ ਤਿਆਰ ਹੁੰਦਾ ਹੈ।
                ਸਰੀਰ ਵਾਂਗ ਮਨ ਨੂੰ ਵੀ ਕਸਰਤ ਦੀ ਲੋੜ ਹੁੰਦੀ ਹੈ।ਮਨ ਦੀ ਕਸਰਤ ਕਰਨ ਲਈ ਹਰ ਸਮੇਂ ਉਸ ਨੂੰ ਜਾਗਰੂਕ ਰੱਖਣਾ ਪੈਂਦਾ ਹੈ। ਆਪਣੇ ਅੰਦਰ ਪੈਦਾ ਹੋਣ ਵਾਲੇ ਨਾਕਾਰਾਤਮਕ ਵਿਚਾਰਾਂ ਨੂੰ ਦੂਰ ਕਰਨ ਲਈ ਸਾਕਾਰਾਤਮਕ ਸੋਚ ਪੈਦਾ ਕਰਨੀ ਚਾਹੀਦੀ ਹੈ।ਵਾਰ ਵਾਰ ਸਾਕਾਰਾਤਮਕ ਦ੍ਰਿਸ਼ਟੀਕੋਣ ਅਤੇ ਚਿੰਤਨ ਦਾ ਅਭਿਆਸ ਕਰਕੇ ਨਾਕਾਰਾਤਮਕ ਵਿਚਾਰਾਂ ਨੂੰ ਦੂਰ ਕਰਨਾ ਹੀ ਮਨ ਦੀ ਵਧੀਆ ਕਸਰਤ  ਹੈ ਜਿਸ ਨਾਲ ਮਨ ਦਾ ਸੰਤੁਲਨ ਬਣਿਆ ਰਹਿੰਦਾ ਹੈ। ਇਸ ਤਰ੍ਹਾਂ ਕਰਨ ਨਾਲ ਮਨ ਖੁਸ਼ ਅਤੇ ਤੰਦਰੁਸਤ ਰਹਿੰਦਾ ਹੈ। ਚੰਗਾ ਸੋਚਣਾ, ਚੰਗਾ ਬੋਲਣਾ ਅਤੇ ਚੰਗਾ ਸੁਣਨਾ ਸਾਕਾਰਾਤਮਕ ਗੁਣ ਹੀ ਹੁੰਦੇ ਹਨ।
                 ਇਸ ਦੇ ਨਾਲ ਹੀ ਮਨੁੱਖ ਨੂੰ ਨਿਮਰਤਾ ਭਰਪੂਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਨੁੱਖ ਨੂੰ ਆਪਣੇ ਅੰਦਰੋਂ ਈਰਖਾ,ਸਾੜਾ , ਗੁੱਸਾ, ਬਦਲਾਖੋਰੀ, ਕਰੋਧ ਆਦਿ ਭਾਵਨਾਵਾਂ ਦੂਰ ਕਰਨੀਆਂ ਚਾਹੀਦੀਆਂ ਹਨ।ਇਹ ਉਹ ਬੁਰਾਈਆਂ ਹੁੰਦੀਆਂ ਹਨ ਜੋ ਮਨੁੱਖ ਨੂੰ ਅੰਦਰੋਂ ਅੰਦਰ ਘੁਣ ਵਾਂਗ ਖਾਂਦੀਆਂ ਹਨ। ਅੰਦਰੋਂ ਖਿੱਝੇ ਸੜੇ ਮਨੁੱਖ ਦਾ ਮਨ ਕਦੇ ਵੀ ਤੰਦਰੁਸਤ ਨਹੀਂ ਹੋ ਸਕਦਾ। ਕੋਸ਼ਿਸ਼ ਕੀਤੀ ਜਾਵੇ ਕਿ ਤਣਾਓ ਪੈਦਾ ਕਰਨ ਵਾਲੀਆਂ ਗੱਲਾਂ ਨੂੰ ਹਲਕੇ ਵਿੱਚ ਲਿਆ ਜਾਵੇ। ਨਿੱਕੀ ਜਿਹੀ ਗੱਲ ਨੂੰ ਲੰਮਾ ਖਿੱਚਣ ਨਾਲ ਮਨੁੱਖ ਖ਼ੁਦ ਤਾਂ ਤਣਾਓ ਦੀ ਸਥਿਤੀ ਵਿੱਚ ਆਉਂਦਾ ਹੀ ਹੈ ਨਾਲ ਆਪਣੇ ਆਲੇ-ਦੁਆਲੇ ਦਾ ਵਾਤਾਵਰਨ ਵੀ ਤਣਾਅ ਭਰਪੂਰ ਕਰ ਦਿੰਦਾ ਹੈ।
          ਆਪਣੇ ਮਨ ਦੀ ਸਥਿਤੀ ਨੂੰ ਠੀਕ ਰੱਖਣ ਲਈ ਕਿਸੇ ਵੀ ਵਿਅਕਤੀ ਨੂੰ ਬੀਤੇ ਸਮੇਂ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਨੂੰ ਵਾਰ-ਵਾਰ ਯਾਦ ਨਹੀਂ ਕਰਨਾ ਚਾਹੀਦਾ ਜੋ ਉਸ ਨੂੰ ਦੁੱਖ ਦਿੰਦੀਆਂ ਹੋਣ ਜਿਵੇਂ- ਕਿਸੇ ਦਾ ਬੁਰਾ ਬੋਲਣਾ, ਲੜਾਈ, ਕਿਸੇ ਦਾ ਧੋਖਾ ਦੇਣਾ ਆਦਿ। ਆਪਣੇ ਮਨ ਨੂੰ ਤੰਦਰੁਸਤ ਰੱਖਣ ਵਾਸਤੇ ਮਨੁੱਖ ਨੂੰ ਬੀਤੇ ਹੋਏ ਸਮੇਂ ਦੇ ਬੁਰੇ ਅਨੁਭਵਾਂ ਨੂੰ ਭੁਲਾ ਕੇ ਅੱਗੇ ਵਧੀਆ ਦੀ ਉਮੀਦ ਨਾਲ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਸੋ  ਮਨ ਦੀ ਅਵਸਥਾ ਠੀਕ ਰੱਖਣ ਲਈ ਜੇ ਇਹਨਾਂ ਸਭ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਤਾਂ ਹੀ ਮਨੁੱਖ ਤਣਾਓ ਭਰਪੂਰ ਮਾਹੌਲ ਤੋਂ ਦੂਰ ਹੋ ਸਕਦਾ ਹੈ ਅਤੇ ਸਦਾ ਖੁਸ਼ ਰਹਿ ਸਕਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRahul Gandhi makes surprise visit to women collecting ‘mahua’ flowers in MP’s Shahdol
Next articleਧਰਮਵੀਰ ਮਲਹੋਤਰਾ ਬੌਬੀ ਬਣੇ ਭਾਜਪਾ ਵਪਾਰ ਤੇ ਕਾਮਰਸਲ ਸੈੱਲ ਦੇ ਜ਼ਿਲ੍ਹਾ ਕਨਵੀਨਰ