ਸਾਂਝਾ ਅਧਿਆਪਕ ਮੋਰਚਾ ਨੇ ਸ਼ਾਹੀ ਸ਼ਹਿਰ ਕੀਤਾ ਜਾਮ

ਪਟਿਆਲਾ-ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ’ਤੇ ਸੂਬੇ ਭਰ ’ਚੋਂ ਹਜ਼ਾਰਾਂ ਦੀ ਗਿਣਤੀ ’ਚ ਅਧਿਆਪਕਾਂ ਵੱਲੋਂ ਅੱਜ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ’ਚ ਲਾਮਿਸਾਲ ਵਾਹਨ ਝੰਡਾ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ| ਭਰੇ ਪੀਤੇ ਅਧਿਆਪਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 13 ਅਗਸਤ ਨੂੰ ਸਿਵਲ ਸਕੱਤਰੇਤ ਚੰਡੀਗੜ੍ਹ ’ਚ ਅਧਿਆਪਕਾਂ ਦੇ ਵਫ਼ਦ ਦੀ ਬੈਠਕ ਤੈਅ ਹੋਣ ਮਗਰੋਂ ਹੀ ਆਪਣੇ ਵਾਹਨ ਵਾਪਿਸ ਲਿਜਾਣ ਲਈ ਰਾਜ਼ੀ ਹੋਏ|
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਅਧਿਆਪਕਾਂ ਨੇ ਸ਼ਹਿਰੋਂ ਬਾਹਰਵਾਰ ਪੈਂਦੀਆਂ ਦੋ ਥਾਵਾਂ ਸੰਗਰੂਰ ਰੋਡ ਅਤੇ ਸੇਖ਼ੂਪੁਰਾ ਤੇ ਸਰਹਿੰਦ ਰੋਡ ’ਤੇ ਨੰਦਪੁਰ ਕੇਸ਼ੋ ’ਚ ਰੋਸ ਰੈਲੀਆਂ ਕੀਤੀਆਂ| ਇਸ ਮਗਰੋਂ ਦੋਵੇਂ ਪਾਸਿਓਂ ਅਧਿਆਪਕ ਥਾਪਰ ਚੌਕ ’ਚ ਇਕੱਠੇ ਹੋਏ, ਪਰ ਇੱਥੇ ਵੱਡੀ ਨਫ਼ਰੀ ’ਚ ਤਾਇਨਾਤ ਪੁਲੀਸ ਬਲਾਂ ਨੇ ਅਧਿਆਪਕਾਂ ਦੇ ਵਾਹਨ ਰੋਸ ਮਾਰਚ ਨੂੰ ਰੋਕ ਲਿਆ| ਅਧਿਆਪਕਾਂ ਨੇ ਭਾਵੇਂ ਬਾਕੀ ਦੇ ਸ਼ਹਿਰ ਵੱਲ ਝੰਡਾ ਮਾਰਚ ਕਰਨ ਦੀ ਜ਼ਿੱਦ ਵੀ ਕੀਤੀ ਪਰ ਪੁਲੀਸ ਬਲਾਂ ਨੇ ਅਜਿਹੀ ਵਿਉਂਤਬੰਦੀ ਸਿਰੇ ਨਾ ਚੜ੍ਹਨ ਦਿੱਤੀ| ਅਜਿਹੇ ’ਚ ਅਧਿਆਪਕਾਂ ਨੇ ਥਾਪਰ ਚੌਕ ’ਚ ਹੀ ਰੋਸ ਮਾਰਚ ਕਰ ਕੇ ਅਧਿਆਪਕਾਂ ਦੀਆਂ ਮੰਗਾਂ ’ਤੇ ਸਰਕਾਰ ਨੂੰ ਆੜੇ ਹੱਥੀਂ ਲਿਆ| ਮੋਰਚੇ ਦੇ ਸੂਬਾਈ ਕਨਵੀਨਰਾਂ ਬਲਕਾਰ ਸਿੰਘ ਵਲਟੋਹਾ, ਹਰਜੀਤ ਸਿੰਘ ਬਸੋਤਾ, ਬਾਜ਼ ਸਿੰਘ ਖਹਿਰਾ, ਦਵਿੰਦਰ ਸਿੰਘ ਪੂਨੀਆ ਅਤੇ ਸੁਖਵਿੰਦਰ ਸਿੰਘ ਚਾਹਲ ਨੇ ਸਿੱਖਿਆ ਮੰਤਰੀ ਓਪੀ ਸੋਨੀ ’ਤੇ ਸ਼ਿਕਵਾ ਕੀਤਾ ਕਿ ਉਨ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਪੰਜ ਅਧਿਆਪਕ ਆਗੂਆਂ ਨੂੰ ਮੁਅੱਤਲ ਕਰਵਾ ਕੇ ਅਧਿਆਪਕਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ| ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਅਧਿਆਪਕ ਵਰਗ ਨਾਲ ਕੱਚੇ, ਠੇਕਾ ਆਧਾਰਿਤ, ਵਿਭਾਗੀ ਅਤੇ ਸੁਸਾਇਟੀਆਂ ਅਧੀਨ ਅਧਿਆਪਕਾਂ ਦੀਆਂ ਪੂਰੀਆਂ ਤਨਖ਼ਾਹਾਂ ’ਤੇ ਸੇਵਾਵਾਂ ਪੱਕੀਆਂ ਕਰਨ ਦੇ ਭਰੋਸਿਆਂ ਤੋਂ ਪਿੱਛੇ ਹਟ ਰਹੀ ਹੈ| ਉਨ੍ਹਾਂ ਕਿਹਾ ਕਿ ਅਧਿਆਪਕ ਮੋਰਚੇ ਨਾਲ ਬਦਲੀ ਤੇ ਰੈਸ਼ਨੇਲਾਈਜ਼ੇਸ਼ਨ ਨੀਤੀ ਤੈਅ ਕਰਨ ਦੇ ਬਾਵਜੂਦ ਲਾਗੂ ਨਹੀਂ ਕੀਤੀ ਜਾ ਰਹੀ।
ਰੈਲੀ ਨੂੰ ਸੂਬਾ ਕੋ-ਕਨਵੀਨਰਾਂ ਇੰਦਰਜੀਤ ਸਿੰਘ, ਹਰਦੀਪ ਟੋਡਰਪੁਰ, ਹਰਵਿੰਦਰ ਬਿਲਗਾ, ਹਾਕਮ ਸਿੰਘ, ਸੁਖਜਿੰਦਰ ਹਰੀਕਾ, ਦੀਦਾਰ ਸਿੰਘ ਮੁੱਦਕੀ, ਗੁਰਵਿੰਦਰ ਸਿੰਘ ਤਰਨਤਾਰਨ, ਗੁਰਜਿੰਦਰ ਪਾਲ ਸਿੰਘ, ਡਾ. ਅੰਮ੍ਰਿਤਪਾਲ ਸਿੰਘ ਸਿੱਧੂ, ਸੁਖਰਾਜ ਕਾਹਲੋਂ, ਜਸਵੰਤ ਸਿੰਘ ਪੰਨੂ, ਸੁਖਰਾਜ ਸਿੰਘ, ਪ੍ਰਦੀਪ ਮਲੂਕਾ, ਜਗਸੀਰ ਸਹੋਤਾ, ਸਤਨਾਮ ਸਿੰਘ ਸ਼ੇਰੋਂ, ਵਿਨੀਤ ਕੁਮਾਰ, ਰਣਜੀਤ ਸਿੰਘ ਰਬਾਬੀ, ਸੰਜੀਵ ਕੁਮਾਰ, ਵੀਰਪਾਲ ਕੌਰ ਸਿਧਾਣਾ, ਲਖਵੀਰ ਸਿੰਘ ਅਤੇ ਅਨੂਪਜੀਤ ਸਿੰਘ ਨੇ ਅਧਿਆਪਕ ਮੰਗਾਂ ਦੇ ਜ਼ਿਕਰ ਕਰਦਿਆਂ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਮੜੇ| ਮਾਰਚ ਦੌਰਾਨ ਕਈ ਅਧਿਆਪਕਾਵਾਂ ਦੋਪਹੀਆ ਵਾਹਨਾਂ ਰਾਹੀਂ ਪਟਿਆਲਾ ਪੁੱਜੀਆਂ|
ਰੈਲੀ ਦੌਰਾਨ ਅਧਿਆਪਕਾਂ ਨੂੰ ਐੱਸਡੀਐਮ ਅਨਮੋਲਜੀਤ ਸਿੰਘ ਧਾਲੀਵਾਲ ਨੇ ’ਮੁੱਖ ਮੰਤਰੀ ਕੈਂਪਸ ਆਫਿਸ, ਨਿਊ ਮੋਤੀ ਬਾਗ ਪੈਲੇਸ’ ਤੋਂ ਜਾਰੀ ਕੀਤਾ ਪੱਤਰ ਸੌਂਪਿਆ, ਜਿਸ ’ਚ 13 ਅਗਸਤ ਨੂੰ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਮੁੱਖ ਮੰਤਰੀ ਨਾਲ ਗੱਲਬਾਤ ਲਈ ਸੱਦਿਆ ਗਿਆ ਸੀ। ਮੀਟਿੰਗ ਤੈਅ ਹੋਣ ਮਗਰੋਂ ਹੀ ਅਧਿਆਪਕ ਮੁੜਨ ਲਈ ਰਾਜ਼ੀ ਹੋਏ|

Previous articleਕਾਂਗਰਸੀ ਕੌਂਸਲਰਾਂ ਨੂੰ ਚੜ੍ਹਿਆ ਸਰਕਾਰੀ ਕਣਕ-ਦਾਲ ਵੰਡਣ ਦਾ ਚਾਅ
Next article82 killed as powerful quake jolts Indonesia