ਏਹੁ ਹਮਾਰਾ ਜੀਵਣਾ ਹੈ -522

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)-ਗੁਰਮੇਲ ਸਿੰਘ ਚਹੁੰ ਕੁ ਕਿੱਲਿਆਂ ਦੀ ਖ਼ੇਤੀ ਕਰਦਾ ਸੀ।ਉਸ ਦੀ ਪਤਨੀ ਤੇ ਉਹ ਆਪਣੇ ਤਿੰਨੇ ਬੱਚਿਆਂ ਦੀ ਪਰਵਰਿਸ਼ ਬਹੁਤ ਵਧੀਆ ਤਰੀਕੇ ਨਾਲ ਕਰਦੇ ਸਨ। ਉਹਨਾਂ ਨੇ ਬੱਚਿਆਂ ਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੱਤੀ ਸੀ। ਤਿੰਨੇ ਜਵਾਕ ਜਦ ਵਿਹੜੇ ਵਿੱਚ ਖੇਡਦੇ ਤਾਂ ਘਰ ਦੀ ਰੌਣਕ ਦੁੱਗਣੀ ਹੋ ਜਾਂਦੀ। ਵੱਡੇ ਸਾਰੇ ਵਿਹੜੇ ਵਿੱਚ ਖੇਡਦੇ ਖੇਡਦੇ ਕਦੇ ਲੜ ਪੈਂਦੇ ਤਾਂ ਮਿੰਟ ਕੁ ਦੀ ਸ਼ਾਂਤੀ ਤੋਂ ਬਾਅਦ ਫਿਰ ਓਵੇਂ ਕਾਵਾਂ ਰੌਲੀ ਪਾ ਦਿੰਦੇ । ਪਤਾ ਈ ਨਾ ਲੱਗਦਾ ਕਦ ਰੁੱਸਦੇ ਤੇ ਕਦ ਮੰਨ ਵੀ ਜਾਂਦੇ। ਵਿਹੜੇ ਦੀਆਂ ਰੌਣਕਾਂ ਏਦਾਂ ਈ ਬਰਕਰਾਰ ਰਹੀਆਂ। ਜਿਵੇਂ ਜਿਵੇਂ ਵੱਡੇ ਹੋਣ ਲੱਗੇ ਹੁਣ ਬਚਪਨ ਵਾਲ਼ੀਆਂ ਵਿਹੜੇ ਦੀਆਂ ਰੌਣਕਾਂ ਦੀ ਥਾਂ ਟੈਲੀਵਿਜ਼ਨ ਵਾਲੇ ਕਮਰੇ ਦੀਆਂ ਰੌਣਕਾਂ ਵਧ ਗਈਆਂ ਸਨ। ਉੱਥੇ ਵੀ ਬੈਠੇ ਬੈਠੇ ਆਪਣੀ ਆਪਣੀ ਪਸੰਦ ਦਾ ਪ੍ਰੋਗਰਾਮ ਦੇਖਣ ਨੂੰ ਲੈਕੇ ਲੜ ਪੈਂਦੇ,ਆਪੇ ਈ ਫਿਰ ਇੱਕ ਦੂਜੇ ਨੂੰ ਮੰਨ-ਮੰਨਾ ਲੈਂਦੇ।

                  ਸਮਾਂ ਬੀਤਦਾ ਗਿਆ, ਪਤਾ ਈ ਨਾ ਲੱਗਿਆ ਕਦ ਤਿੰਨੇ ਜਵਾਕ ਜਵਾਨ ਹੋ ਗਏ।ਕੁੜੀ ਲਈ ਰਿਸ਼ਤੇਦਾਰੀ ਵਿੱਚੋਂ ਹੀ ਚੰਗੇ ਘਰ ਦਾ ਰਿਸ਼ਤਾ ਆਇਆ ਤਾਂ ਉਹਨਾਂ ਨੇ ਕੁੜੀ ਵਿਆਹ ਕੇ ਤੋਰ ਦਿੱਤੀ।ਕੁੜੀ ਦੇ ਸਹੁਰੇ ਚੰਗੇ ਸਨ ,ਉਹ ਆਪਣੇ ਘਰ ਬਹੁਤ ਸੌਖੀ ਸੀ। ਦੋਨਾਂ ਮੁੰਡਿਆਂ ਨੇ ਵੀ ਪੜ੍ਹਾਈ ਵਿੱਚ ਕਮਜ਼ੋਰ ਹੋਣ ਕਰਕੇ ਦਸਵੀਂ ਤੱਕ ਹੀ ਪੜ੍ਹਾਈ ਕੀਤੀ ਸੀ। ਗੁਰਮੇਲ ਸਿੰਘ ਨੇ ਦੋਵੇਂ ਮੁੰਡਿਆਂ ਨੂੰ ਏਧਰ ਓਧਰ ਵਿਹਲੇ ਫਿਰਨ ਨਾਲੋਂ ਆਪਣੇ ਨਾਲ ਖੇਤੀ ਕਰਨ ਲਾ ਲਿਆ। ਆਪਣੀ ਜ਼ਮੀਨ ਨਾਲ ਲੱਗਦੇ ਛੇ ਕਿੱਲੇ ਠੇਕੇ ਤੇ ਲੈ ਲਏ,ਇਸ ਤਰ੍ਹਾਂ ਦਸ ਕਿੱਲਿਆਂ ਦੀ ਵਾਹੀ ਕਰਨ ਲੱਗੇ। ਦੋਵੇਂ ਮੁੰਡਿਆਂ ਲਈ ਪਿੰਡ ਵਿੱਚੋਂ ਹੀ ਸਕਿਆਂ ਦੀ ਨੂੰਹ ਆਪਣੀਆਂ ਮਾਮੇ ਦੀਆਂ ਦੋ ਕੁੜੀਆਂ ਦਾ ਰਿਸ਼ਤਾ ਲੈ ਕੇ ਆਈ ਤਾਂ ਇਹਨਾਂ ਨੇ ਹਾਂ ਕਰ ਦਿੱਤੀ। ਦੇਖ ਦਿਖਾਈ ਹੋਣ ਤੋਂ ਬਾਅਦ ਸ਼ਗਨ ਪਾ ਕੇ ਪੱਕ ਠੱਕ ਕਰ ਲਈ। ਅਗਲੇ ਨਰਾਤਿਆਂ ਵਿੱਚ ਪੰਜਵੇਂ ਨਰਾਤੇ ਨੂੰ ਵਿਆਹ ਦੀ ਤਰੀਕ ਪੱਕੀ ਕਰ ਲਈ। ਗੁਰਮੇਲ ਸਿੰਘ ਤੇ ਉਸ ਦੀ ਪਤਨੀ ਦੋਵੇਂ ਸਕੀਆਂ ਭੈਣਾਂ ਦਾ ਰਿਸ਼ਤਾ ਲੈ ਕੇ ਖੁਸ਼ ਸਨ।ਉਹ ਸੋਚਦੇ ਸਨ ਕਿ ਦੋਵੇਂ ਭੈਣਾਂ ਆਪਸ ਵਿੱਚ ਪਿਆਰ ਨਾਲ ਰਹਿਣਗੀਆਂ ਜੇ ਦੋਵੇਂ ਮੁੰਡਿਆਂ ਦੇ ਅੱਡ ਅੱਡ ਘਰ ਵਿਆਹ ਕਰਦੇ ਤਾਂ ਕੀ ਪਤਾ ਉਹਨਾਂ ਦੇ ਸੁਭਾਅ ਮੇਲ਼ ਖਾਣ ਜਾਂ ਨਾ।
                 ਪੰਜਵੇਂ ਨਰਾਤੇ ਦੋਵੇਂ ਮੁੰਡਿਆਂ ਦਾ ਵਿਆਹ ਹੋ ਗਿਆ। ਉਹਨਾਂ ਦੀਆਂ ਵਹੁਟੀਆਂ ਦੋਵੇਂ ਸਕੀਆਂ ਭੈਣਾਂ ਘਰ ਵਿੱਚ ਤੁਰੀਆਂ ਫਿਰਦੀਆਂ ਕੰਮ ਕਰਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਸਨ।ਘਰ ਦੀ ਰੌਣਕ ਦੁੱਗਣੀ ਹੋ ਗਈ ਸੀ। ਗੁਰਮੇਲ ਸਿੰਘ ਤੇ ਉਸ ਦੀ ਪਤਨੀ ਵੀ ਬਹੁਤ ਖੁਸ਼ ਸਨ। ਸਾਲ ਬਾਅਦ ਵੱਡੇ ਮੁੰਡੇ ਦੇ ਘਰ ਰੱਬ ਨੇ ਪੁੱਤ ਦੀ ਦਾਤ ਦਿੱਤੀ ਉਸ ਤੋਂ ਦੋ ਕੁ ਮਹੀਨੇ ਬਾਅਦ ਛੋਟੇ ਮੁੰਡੇ ਦੇ ਘਰ ਕੁੜੀ ਨੇ ਜਨਮ ਲਿਆ। ਛੋਟੀ ਨੂੰਹ ਹੁਣ ਖਿਝੀ ਖਿਝੀ ਰਹਿਣ ਲੱਗੀ।ਉਹ ਮਨ ਹੀ ਮਨ ਵਿੱਚ ਵਹਿਮ ਕਰਨ ਲੱਗੀ ਕਿ ਜਿਵੇਂ ਉਸ ਨੂੰ ਸਾਰੇ ਘੱਟ ਪਿਆਰ ਕਰਦੇ ਹਨ। ਹੁਣ ਨਿੱਕੀ ਨਿੱਕੀ ਗੱਲ ਤੇ ਆਪਣੀ ਵੱਡੀ ਭੈਣ ਜੋ ਇਸ ਘਰ ਵਿੱਚ ਉਸ ਦੀ ਜਠਾਣੀ ਲੱਗਦੀ ਸੀ ਉਸ ਨਾਲ ਖਿਝਣ ਲੱਗੀ ,ਕਦੇ ਜਵਾਕਾਂ ਪਿੱਛੇ ਲੜ ਪੈਂਦੀਆਂ। ਬਹੁਤੀ ਲੜਾਈ ਵਧਦੀ ਵੇਖ ਕੇ ਗੁਰਮੇਲ ਸਿੰਘ ਨੇ ਉਨ੍ਹਾਂ ਨੂੰ ਅੱਡ ਕਰ ਦਿੱਤਾ। ਘਰ ਦੇ ਵਿਹੜੇ ਵਿੱਚ ਕੰਧ ਕੱਢ ਦਿੱਤੀ ਗਈ। ਉਸ ਨੂੰ ਤੀਜਾ ਹਿੱਸਾ ਦੇ ਦਿੱਤਾ ਗਿਆ। ਗੁਰਮੇਲ ਸਿੰਘ ਤੇ ਉਸ ਦੀ ਪਤਨੀ ਵੱਡੇ ਮੁੰਡੇ ਨੂੰਹ ਨਾਲ ਹੀ ਸਨ।
           ਦੋਹਾਂ ਮੁੰਡਿਆਂ ਦੀ ਵਿਚੋਲਣ ਜੋ ਉਹਨਾਂ ਦੀਆਂ ਵਹੁਟੀਆਂ ਦੀ ਭੂਆ ਦੀ ਧੀ ਹੀ ਸੀ ।ਉਸ ਦੇ ਮੁੰਡੇ ਦਾ ਵਿਆਹ ਆ ਗਿਆ।ਵਿਹੜਾ ਵੱਡਾ ਹੋਣ ਕਰਕੇ ਉਸ ਨੇ ਗੁਰਮੇਲ ਸਿੰਘ ਹੋਰਾਂ ਦੇ ਵਿਹੜੇ ਵਿੱਚ ਟੈਂਟ ਲਾ ਕੇ ਉੱਥੇ‌ ਹੀ ਮੇਲ਼ ਅਤੇ ਪਿੰਡ ਦੀ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ। ਜਦ ਸ਼ਗਨ ਤੋਂ ਬਾਅਦ ਸਾਰਾ ਮੇਲ਼ ਅਤੇ ਪਿੰਡ ਦੇ ਲੋਕ ਰੋਟੀ ਖਾ ਰਹੇ ਸਨ ਤਾਂ ਗੁਰਮੇਲ ਸਿੰਘ ਦੇ ਛੋਟੇ ਨੂੰਹ ਪੁੱਤ ਵਿਆਹ ਵਿੱਚ ਨਹੀਂ ਆਏ ਸਨ।ਜਦ ਉਹ ਬੁਲਾਉਣ ਗਈ ਤਾਂ ਉਸ ਨੇ ਅਤੇ ਉਸ ਦੇ ਪਤੀ ਨੇ ਉੱਥੇ ਜਾ ਕੇ ਰੋਟੀ ਖਾਣ ਤੋਂ ਕੋਰੀ ਨਾਂਹ ਕਰਦਿਆਂ ਕਿਹਾ, “ਅਸੀਂ ਤਾਂ ਉੱਥੇ ਊਈਂ ਨੀ ਜਾ ਕੇ ਵੜਨਾ , ਭਾਵੇਂ ਦੁਨੀਆ ਏਧਰ ਦੀ ਓਧਰ ਹੋਜੇ।”
ਉਸ ਨੇ ਬਥੇਰਾ ਸਮਝਾਇਆ ,” ਕੋਈ ਨਾ ਗੁੱਸੇ ਗਿਲੇ ਬੰਦਿਆਂ ਨਾਲ਼ ਹੁੰਦੇ ਆ …. ਥਾਵਾਂ ਨਾਲ ਤਾਂ ਨੀ…….ਇਹ ਉਹੀ ਵਿਹੜਾ ਹੈ ਜਿੱਥੇ ਤੂੰ ਜੰਮਿਆਂ ਪਲਿਆਂ।” ਪਰ ਕਿੱਥੇ ਕੋਈ ਸੁਣਦਾ ਹੈ। ਉਸ ਦੀ ਭੂਆ ਦੀ ਧੀ ਉਸ ਨੂੰ ਖਾਣਾ ਉਸ ਦੇ ਘਰ ਹੀ ਫੜਾ ਕੇ ਆਈ ਤੇ ਸੋਚਦੀ ਹੈ ਕਿ ਜਦ ਘਰਾਂ ਵਿੱਚ ਵੰਡੀਆਂ ਪੈਂਦੀਆਂ ਨੇ ਉਸ ਤੋਂ ਪਹਿਲਾਂ ਦਿਲਾਂ ਵਿੱਚ ਵੰਡੀਆਂ ਪੈ ਜਾਂਦੀਆਂ ….ਪਤਾ ਨੀ ਇਹ ਵੰਡੀਆਂ ਵਾਲੀਆਂ ਲਕੀਰਾਂ ਕਦੋਂ ਮਿਟਣਗੀਆਂ। ਇਹੀ ਸਾਡੇ ਸਮਾਜ ਦੀ ਸਚਾਈ ਹੈ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleCongress cry in political wilderness of J&K
Next articleਸਿਹਤ ਕੇਂਦਰ ਭੀਖੀ ਵਿਖੇ ਪਰਿਵਾਰ ਨਿਯੋਜਨ ਕੈਂਪ ਜਾਰੀ