ਏਹੁ ਹਮਾਰਾ ਜੀਵਣਾ ਹੈ -506

ਬਰਜਿੰਦਰ ਕੌਰ ਬਿਸਰਾਓ‘

(ਸਮਾਜ ਵੀਕਲੀ)

 ਅੱਜ ਦੇ ਬੱਚਿਆਂ ਦੀ ਹਾਲਤ ਬਿਲਕੁਲ ਇਸ ਤਰ੍ਹਾਂ ਹੈ ਜਿਵੇਂ ਕੰਡਿਆਲੀਆਂ ਟਾਹਣੀਆਂ ਉੱਤੇ ਨਵੀਆਂ ਫੁੱਟਦੀਆਂ ਕਰੂੰਬਲਾਂ ਹੋਣ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਐਨੀਆਂ ਸਮਾਜਿਕ ਬੁਰਾਈਆਂ ਫ਼ੈਲ ਚੁੱਕੀਆਂ ਹਨ ਜਿਨ੍ਹਾਂ ਤੋਂ ਬੱਚਿਆਂ ਨੂੰ ਬਚਾਉਣਾ ਮਾਪਿਆਂ ਲਈ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ। ਪੜ੍ਹਾਈ ਵੱਲ ਪ੍ਰੇਰਿਤ ਕਰਨ ਦੇ ਨਾਲ ਨਾਲ ਅੱਜ ਦੀ ਜਵਾਨੀ ਨੂੰ ਨਸ਼ੇ, ਸੋਸ਼ਲ ਮੀਡੀਆ, ਜਾਂ ਫ਼ੋਕੀ ਸ਼ੁਹਰਤ ਖੱਟਣ ਦੀ ਹੋੜ ਤੋਂ ਬਚਾਉਣ ਲਈ ਮਾਪਿਆਂ ਦੇ ਨਾਲ ਨਾਲ ਸਾਹਿਤ ਜਗਤ ਵੀ ਇਸ ਵਿੱਚ ਬਾਖੂਬੀ ਯੋਗਦਾਨ ਪਾ ਸਕਦਾ ਹੈ।ਜੇ ਸਾਹਿਤਕਾਰ ਹੀ ਆਪਣੀਆਂ ਰਚਨਾਵਾਂ ਨੂੰ ਦਿਲਚਸਪ ਬਣਾਉਣ ਦੇ ਚੱਕਰ ਵਿੱਚ ਇਹਨਾਂ ਚੀਜ਼ਾਂ ਨੂੰ ਵਡਿਆ ਕੇ ਪੇਸ਼ ਕਰਨਗੇ ਤਾਂ ਨਵੀਂ ਪੀੜ੍ਹੀ ਉੱਪਰ ਉਹੀ ਰੰਗਤ ਚਾੜ੍ਹੇਗਾ। ਇਹੋ ਜਿਹਾ ਸਾਹਿਤ ਸਮਾਜ ਲਈ ਘਾਤਕ ਸਿੱਧ ਹੋਵੇਗਾ। ਸੋਸ਼ਲ ਮੀਡੀਆ ਉੱਪਰ ਸਾਹਿਤਕਾਰਾਂ ਨੂੰ ਸਮਾਜਿਕ ਬੁਰਿਆਈਆਂ ਦਾ ਆਭਾਸ ਕਰਵਾਉਂਦੀਆਂ ਤੇ ਉਹਨਾਂ ਦੇ ਬੁਰੇ ਨਤੀਜਿਆਂ ਤੋਂ ਜਾਣੂ ਕਰਵਾਉਂਦੀਆਂ ਰਚਨਾਵਾਂ ਪੇਸ਼ ਕਰਨ ਦੇ ਨਾਲ ਨਾਲ ਪ੍ਰੇਰਨਾਦਾਇਕ ਅਤੇ ਸਿੱਖਿਆਦਾਇਕ ਰਚਨਾਵਾਂ ਦੀ ਪੇਸ਼ਕਾਰੀ ਕੀਤੀ ਜਾਵੇ ਤਾਂ ਜੋ ਉਹ ਹਰ ਕਿਸੇ ਤੱਕ ਸਹਿਜੇ ਹੀ ਪਹੁੰਚ ਕੇ ਵਰਦਾਨ ਹੋ ਨਿਬੜਨ।ਸਹੀ ਅਰਥਾਂ ਵਿੱਚ ਸਾਹਿਤ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਬੋਲੀ ਜਾਣ ਵਾਲੀ ਭਾਸ਼ਾ ਤੋਂ ਚਾਹੇ ਵੱਖਰੀ ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ ਪਰ ਫਿਰ ਵੀ ਇਸ ਉੱਤੇ ਲੇਖ਼ਕ ਦੀ ਬੋਲੀ ਅਤੇ ਸਮਾਜਿਕ ਵਰਤਾਰੇ ਦਾ ਪ੍ਰਭਾਵ ਜ਼ਰੂਰ ਚੜ੍ਹਿਆ ਹੋਇਆ ਹੁੰਦਾ ਹੈ। ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ ਇਸ ਦੇ ਮੁੱਖ ਰੂਪ ਹੁੰਦੇ ਹਨ। ਸਾਹਿਤ ਦੇ ਇੰਨਾਂ ਰੂਪਾਂ ਵਿੱਚੋਂ ਕੋਈ ਵੀ ਰੂਪ ਦੇਖ ਲਵੋ, ਉਹ ਸਾਡੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ, ਸਾਡੇ ਆਲ਼ੇ ਦੁਆਲ਼ੇ ਵਿੱਚ ਪ੍ਰਾਣੀਆਂ ਦੇ ਆਪਸੀ ਵਿਹਾਰ, ਮੁਸ਼ਕਲਾਂ,ਹਾਸੇ, ਦੁੱਖ,ਸੁੱਖ, ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਜਾਂ ਹੋਰ ਕੋਈ ਵੀ ਪਹਿਲੂ ਹੋਵੇ, ਵਿੱਚੋਂ ਉਪਜਿਆ ਹੋਇਆ ਹੁੰਦਾ ਹੈ। ਇਸੇ ਲਈ ਸਾਹਿਤ ਅਤੇ ਸਮਾਜ ਦੋਵੇਂ ਇੱਕ ਦੂਜੇ ਦਾ ਅਨਿੱਖੜਵਾਂ ਅੰਗ ਹੁੰਦੇ ਹਨ। ਸਾਹਿਤ ਅਤੇ ਸਮਾਜ ਨੂੰ ਇੱਕ ਦੂਜੇ ਦਾ ਦਰਪਣ ਵੀ ਆਖ ਦਿੱਤਾ ਜਾਵੇ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।ਇਸ ਲਈ  ਸਾਡੇ ਅਜੋਕੇ ਸਮਾਜ ਵਿੱਚ ਸਿਰਫ਼ ਕਿਸ਼ੋਰ ਅਵਸਥਾ ਵੱਲ ਧਿਆਨ ਦੇਣ ਦੀ ਲੋੜ ਹੀ ਨਹੀਂ ਹੈ ਬਲਕਿ ਹਰ ਵਰਗ ਨੂੰ ਸੇਧ ਦੇਣ ਦੀ ਲੋੜ ਹੈ। ਕਈ ਲੇਖਣੀਆਂ ਇਸਤਰੀ ਮਰਦ ਦੇ ਨਾਜਾਇਜ਼ ਸਬੰਧਾਂ ਨੂੰ ਪੇਸ਼ ਕਰਕੇ ਪਿਆਰ ਦੀ ਤਰਫ਼ਦਾਰੀ ਕਰਦੀਆਂ ਬਹੁਤ ਦਿਲਚਸਪ ਢੰਗ ਨਾਲ ਪੇਸ਼ ਕੀਤੀਆਂ ਜਾਂਦੀਆਂ ਹਨ, ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਸਾਡੇ ਸਮਾਜ ਵਿੱਚ ਇਹੋ ਜਿਹੀਆਂ ਘਟਨਾਵਾਂ ਦਿਨੋਂ ਦਿਨ ਵਧ ਰਹੀਆਂ ਹਨ, ਜਿਨ੍ਹਾਂ ਦਾ ਸ਼ਿਕਾਰ ਹੋ ਕੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਇਹੋ ਜਿਹਾ ਸਾਹਿਤ ਕਿਸ ਕੰਮ ਦਾ ਜੋ ਸਾਡੀ ਸੱਭਿਅਤਾ ਬਰਬਾਦ ਕਰ ਰਿਹਾ ਹੋਵੇ। ਸੋ ਮੁੱਕਦੀ ਗੱਲ ਇਹ ਹੈ ਕਿ ਸਾਹਿਤਕਾਰਾਂ ਨੂੰ ਆਪਣੀਆਂ ਰਚਨਾਵਾਂ ਨੂੰ ਦਿਲਚਸਪ ਅਤੇ ਵਿਲੱਖਣ ਅੰਦਾਜ਼ ਦੇਣ ਦੇ ਨਾਲ ਨਾਲ ਸਮਾਜ ਦੇ ਹਰ ਵਰਗ ਨੂੰ ਸਮਰਪਿਤ ਰਚਨਾਵਾਂ ਪੇਸ਼ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਆਮ ਲੋਕਾਂ ਦੀ ਸਮਾਜਿਕ ਅਤੇ ਸੱਭਿਆਚਾਰਕ ਵਿਗੜ ਰਹੀ ਵਿਚਾਰਧਾਰਾ ਨੂੰ ਲੀਹੇ ਪਾਇਆ ਜਾ ਸਕੇ। ਕੋਈ ਵੀ ਸਾਹਿਤ ਦੀ ਸਿਰਜਣਾ ਅਗਰ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਸਮਾਜ ਨੂੰ ਸੇਧ ਦੇਣ ਵਾਲੀ ਕੀਤੀ ਜਾਵੇ ਤਾਂ ਉਹ ਸਾਹਿਤ ਸਮਾਜ ਲਈ ਵਰਦਾਨ ਸਾਬਤ ਹੋਵੇਗਾ। ਬੇਸ਼ੱਕ ਜਟਿਲ ਅਤੇ ਔਖੀ ਤੋਂ ਔਖੀ ਸ਼ਬਦਾਵਲੀ ਦੀ ਵਰਤੋਂ ਕਰਕੇ ਪੇਸ਼ ਕੀਤੀਆਂ ਰਚਨਾਵਾਂ ਅਕਾਦਮਿਕ ਅਤੇ ਬੁੱਧੀਜੀਵੀ ਖ਼ੇਤਰ ਵਿੱਚ ਸਰਾਹੀਆਂ ਜਾਂਦੀਆਂ ਹਨ ਪਰ ਸਮਾਜ ਵਿੱਚ ਸਰਲ ਤਰੀਕੇ ਨਾਲ ਪੇਸ਼ ਕੀਤੀਆਂ ਗਈਆਂ ਰਚਨਾਵਾਂ ਡੂੰਘਾ ਪ੍ਰਭਾਵ ਪਾਉਂਦੀਆਂ ਹਨ ਕਿਉਂਕਿ ਕਿ ਇਹ ਹਰ ਕਿਸੇ ਦੀ ਸਮਝ ਵਿਚ ਜਲਦੀ ਆ ਜਾਂਦੀਆਂ ਹਨ। ਹਰ ਸਾਹਿਤਕਾਰ ਨੂੰ ਪਿਆਰ, ਹਮਦਰਦੀ, ਸਮਾਜਿਕ ਚੇਤਨਾ, ਯਥਾਰਥਵਾਦੀ, ਅਗਾਂਹਵਧੂ ਤੇ ਇਨਕਲਾਬੀ ਵਿਚਾਰਾਂ ਵਾਲੀਆਂ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਸਰਲ ਭਾਸ਼ਾ ਵਿੱਚ ਦਿਲਚਸਪ ਢੰਗ ਨਾਲ ਪੇਸ਼ ਕਰਨੀਆਂ ਚਾਹੀਦੀਆਂ ਹਨ।
ਅਜੋਕੇ ਸਮੇਂ ਵਿੱਚ ਅਜਿਹਾ ਸਾਹਿਤ ਰਚਣ ਦੀ ਲੋੜ ਹੈ ਜੋ ਮਨੁੱਖੀ ਜੀਵਨ ਦੀਆਂ ਗਿਰ ਰਹੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਸੰਭਾਲਣ ਦਾ ਜ਼ਿੰਮਾ ਲਵੇ। ਹਰ ਸਾਹਿਤਕਾਰ ਦਾ ਕਾਰਜ ਸਿਰਫ਼ ਆਪਣੀ ਰਚਨਾ ਲਿਖ਼ਣਾ, ਪੜ੍ਹਨਾ ਜਾਂ ਸੁਣਾ ਕੇ ਪੇਸ਼ ਕਰਨ ਅਤੇ ਵਾਹ ਵਾਹ ਖੱਟਣ ਤੱਕ ਸੀਮਤ ਨਹੀਂ ਹੋਣਾ ਚਾਹੀਦਾ।ਉਸ ਉੱਤੇ ਸਿਰਫ ਆਪਣੀ ਸੋਚ ਅਤੇ ਮਨਸ਼ਾ ਹੀ ਭਾਰੂ ਨਾ ਹੋਣ ਦਿੱਤੀ ਜਾਵੇ। ਸਮਾਜ ਵਿੱਚ ਵਿਚਰਦਿਆਂ ਕਿਸੇ ਵੀ ਰਚਨਾਕਾਰ ਦੁਆਰਾ ਨਿੱਜੀ ਲਾਹੇ ਜਾਂ ਨਾਮਣੇ ਖੱਟਣ ਲਈ  ਨਿਰੀਆਂ ਉਹੀ ਗੱਲਾਂ  ਬਿਆਨ ਨਾ ਕੀਤੀਆਂ ਜਾਣ ਜੋ ਲੋਕਾਂ ਦੀ ਮੁੱਢਲੀ ਪਸੰਦ ਤਾਂ ਬਣ ਜਾਣ ਪਰ ਨੈਤਿਕਤਾ ਦਾ ਘਾਣ ਕਰਦੀਆਂ ਹੋਣ। ਇਸੇ ਤਰ੍ਹਾਂ ਹਰ ਕਲਮਕਾਰ ਜੇ ਆਪਣੀ ਕਲਮ ਰਾਹੀਂ ਸੇਧ ਦੇਣ ਵਾਲੇ ਸਾਹਿਤ ਦੀ ਸਿਰਜਣਾ ਕਰਦਾ ਹੈ ਤਾਂ ਉਹ ਨਾਲ ਨਾਲ ਇੱਕ ਨਰੋਆ ਸਮਾਜ ਵੀ ਸਿਰਜ ਰਿਹਾ ਹੁੰਦਾ ਹੈ ਕਿਉਂਕਿ ਇਹ ਹਰ ਸਾਹਿਤਕਾਰ ਦਾ ਫ਼ਰਜ਼ ਹੈ। ਚੰਗੀਆਂ ਲਿਖਤਾਂ ਬੱਚਿਆਂ ਅੱਗੇ ਪਰੋਸਣਾ ਮਾਪਿਆਂ ਦਾ ਫਰਜ਼ ਬਣਦਾ ਹੈ ਤਾਂ ਜੋ ਉਹਨਾਂ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ ਕਿਉਂਕਿ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਫਿਲੌਰ ਪੁਲਿਸ ਨੇ ਐੱਨ. ਆਰ. ਆਈਜ਼ ਦੀਆਂ ਬੰਦ ਪਈਆਂ ਕੋਠੀਆਂ ‘ਚ ਸਮਾਨ ਚੋਰੀ ਕਰਨ ਵਾਲੇ ਗਿਰੋਹ ਨੂੰ ਕੀਤਾ ਗ੍ਰਿਫਤਾਰ
Next articleਮਾਤਾ ਤੇਜ ਕੌਰ ਸੰਘੇੜਾ ਯਾਦਗਾਰੀ ਅਵਾਰਡ ‘ ਮੁਖਤਾਰ ਗਿੱਲ ਨੂੰ ਦੇਣ ਦਾ ਫੈਸਲਾ