ਏਹੁ ਹਮਾਰਾ ਜੀਵਣਾ ਹੈ -487

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)

  ਅੱਜ ਕੱਲ੍ਹ ਮਨੁੱਖ ਆਪਣੇ ਆਪ ਬਾਰੇ ਘੱਟ ਸੋਚਦਾ ਹੈ ਤੇ ਆਪਣੀਆਂ ਵਿਅਰਥ ਪਦਾਰਥਕ ਲੋੜਾਂ ਬਾਰੇ ਜ਼ਿਆਦਾ ਸੋਚਦਾ ਹੈ। ਉਹਨਾਂ ਦੀ ਪੂਰਤੀ ਦੇ ਢੰਗ ਤਰੀਕਿਆਂ ਅਤੇ ਪ੍ਰਾਪਤੀ ਨਾ ਹੋਣ ਤੇ ਨਿਰਾਸ਼ਾ ਉਸ ਦਾ ਮਨੋਬਲ ਸੁੱਟ ਦਿੰਦੀ ਹੈ। ਉਹ ਦੂਜਿਆਂ ਦੀਆਂ ਪ੍ਰਾਪਤੀਆਂ ਨੂੰ ਗਿਣਦਾ ਗਿਣਦਾ ਆਪਣੇ ਆਪ ਨੂੰ ਬਲਹੀਣ ਸਮਝਣ ਲੱਗਦਾ ਹੈ ਜਦ ਕਿ ਅੱਜ ਦੇ ਦੌਰ ਵਿੱਚ ਇਹਨਾਂ ਗੱਲਾਂ ਤੋਂ ਉੱਚਾ ਉੱਠ ਕੇ ਆਪਣੇ ਮਨ ਦੀ ਤੰਦਰੁਸਤੀ ਵੱਲ ਧਿਆਨ ਦੇਣਾ ਉਸ ਦੀ ਪਹਿਲੀ ਲੋੜ ਹੈ ਕਿਉਂਕਿ ਅੱਜ ਕੱਲ੍ਹ ਮਨੁੱਖ ਤਰ੍ਹਾਂ ਤਰ੍ਹਾਂ ਦੀਆਂ ਮਾਨਸਿਕ ਬੀਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।ਇਸ ਲਈ ਮਨ ਦੀ ਸ਼ਕਤੀ ਵਧਾਉਣ ਲਈ ਧਿਆਨ ਦੇਣ ਦੀ ਲੋੜ ਹੈ।
          ਮਨ ਨੂੰ ਤੰਦਰੁਸਤ ਰੱਖਣ ਲਈ ਧਿਆਨ ਦੇਣ ਯੋਗ ਗੱਲਾਂ ਵਿੱਚ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਅੰਨ੍ਹਾਧੁੰਦ ਆਪਣੇ ਕੰਮਾਂਕਾਰਾਂ ਜਾਂ ਭੱਜ ਦੌੜ ਦੀ ਜ਼ਿੰਦਗੀ ਵਿੱਚ ਉਲਝ ਕੇ ਮਨ ਦੀਆਂ ਸੋਚਾਂ ਦੇ ਤਾਣੇ ਬਾਣੇ ਨੂੰ ਉਲਝਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।ਇਸ ਲਈ ਉਸ ਨੂੰ ਸਵੈ ਚਿੰਤਨ ਦੀ ਲੋੜ ਹੈ। ਆਪਣੇ ਮਨ ਨੂੰ ਸਿਰਫ਼ ਦਸ ਮਿੰਟ ਸਵੇਰੇ ਉੱਠਣ ਸਾਰ ਅਤੇ ਦਸ ਮਿੰਟ ਰਾਤ ਨੂੰ ਸੌਣ ਤੋਂ ਪਹਿਲਾਂ ਦੇ ਕੇ ਉਸ ਨੂੰ ਰਿਸ਼ਟਪੁਸ਼ਟ ਬਣਾਇਆ ਜਾ ਸਕਦਾ ਹੈ। ਉਸ ਸਮੇਂ ਇਹਨਾਂ ਗੱਲਾਂ ਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਕਿਤੇ ਉਸ ਦਾ ਮਨ ਵਿਅਰਥ ਗੱਲਾਂ ਜਾਂ ਲੋਕਾਂ ਬਾਰੇ ਸੋਚ ਸੋਚ ਕੇ ਕਿਤੇ ਪ੍ਰੇਸ਼ਾਨ ਤਾਂ ਨਹੀਂ ਰਹਿੰਦਾ? ਉਸ ਦੇ ਅੰਦਰ ਆਪਣੇ ਘਰ,ਬਾਹਰ,ਨੌਕਰੀ, ਪੈਸੇ ਅਤੇ ਹੋਰ ਨਿੱਜੀ ਗੱਲਾਂ ਤੋਂ ਅਸੰਤੁਸ਼ਟ ਤਾਂ ਨਹੀਂ ਰਹਿੰਦਾ ਹੈ? ਜਾਂ ਫਿਰ ਉਸ ਦਾ ਮਨ ਕਿਤੇ ਬੀਤ ਚੁੱਕੀਆਂ ਗੱਲਾਂ ਨੂੰ ਵਾਰ ਵਾਰ ਯਾਦ ਕਰਕੇ ਪ੍ਰੇਸ਼ਾਨ ਤਾਂ ਨਹੀਂ ਹੋ ਰਿਹਾ? ਉਸ ਦੇ ਅੰਦਰ ਕਿਸੇ ਨਾਲ ਕਦੇ ਵੀ ਕਿਸੇ ਨਾਲ਼ ਹੋਏ ਵਾਦ ਵਿਵਾਦ ਕਾਰਨ ਉਸ ਦੇ ਅੰਦਰ ਕਿਤੇ ਬਦਲਾ ਲੈਣ ਦੇ ਵਿਚਾਰ ਤਾਂ ਵਾਰ ਵਾਰ ਉਤਪੰਨ ਨਹੀਂ ਹੋ ਰਹੇ? ਉਸ ਦੇ ਅੰਦਰ ਕਿਤੇ ਘਰ ਵਿੱਚ ਬਾਕੀ ਜੀਆਂ ਜਾਂ ਬਾਹਰ ਨਾਲ ਦੇ ਸਾਥੀਆਂ ਦੀਆਂ ਛੋਟੀਆਂ ਛੋਟੀਆਂ ਗਤੀਵਿਧੀਆਂ ਦੇਖ ਦੇਖ ਕੇ ਕ੍ਰੋਧ ਤਾਂ ਉਤਪੰਨ ਨਹੀਂ ਹੋ ਰਿਹਾ? ਇਹ ਸਭ ਗੱਲਾਂ ਜਦੋਂ ਮਨੁੱਖ ਦੇ ਮਨ ਵਿੱਚ ਆਉਂਦੀਆਂ ਹਨ ਤਾਂ ਉਸ ਅੰਦਰ ਨਾਕਾਰਾਤਮਕ ਸੋਚ ਪੈਦਾ ਹੁੰਦੀ ਹੈ।ਇਹ ਸੋਚਾਂ ਦੀ ਲੜੀ ਇੱਕ ਦੂਜੇ ਨਾਲ ਜੁੜਦੀ ਜਾਂਦੀ ਹੈ ਤੇ ਆਪਣੇ ਬਾਰੇ ਘੱਟ ਤੇ ਹੋਰਾਂ ਬਾਰੇ ਵੱਧ ਸੋਚ ਕੇ ਭਟਕਣ ਵਧਦੀ ਜਾਂਦੀ ਹੈ।ਜਿਸ ਨਾਲ ਆਂਤਰਿਕ ਸ਼ਕਤੀਆਂ ਨਸ਼ਟ ਹੁੰਦੀਆਂ ਜਾਂਦੀਆਂ ਹਨ। ਇਹਨਾਂ ਵਿਅਰਥ ਗੱਲਾਂ ਤੋਂ ਆਪਣੇ ਆਪ ਨੂੰ ਮੁਕਤ ਕਰਨ ਲਈ ਆਪਣੇ ਅੰਦਰ ਝਾਤੀ ਮਾਰ ਕੇ ਮਨ ਨੂੰ ਪੱਕਾ ਕੀਤਾ ਜਾਵੇ ਕਿ ਵਿਅਰਥ ਗੱਲਾਂ ਤੋਂ ਮਨ ਨੂੰ ਮੁਕਤ ਕਰਨਾ ਹੀ ਹੈ।
              ਮਨ ਦੀ ਸ਼ਕਤੀ ਵਧਾਉਣ ਲਈ ਮਨੁੱਖ ਨੂੰ ਕਿਤੋਂ ਕੋਈ ਦਵਾਈ ਜਾਂ ਸਿੱਖਿਆ ਲੈਣ ਦੀ ਲੋੜ ਨਹੀਂ ਹੁੰਦੀ ਬਲਕਿ ਉਸ ਦੇ ਆਪਣੇ ਅੰਦਰ ਹੀ ਮੌਜੂਦ ਹੁੰਦੀ ਹੈ। ਮਨੁੱਖ ਆਪਣੇ ਅੰਦਰ ਦੀ ਸ਼ਕਤੀ ਉੱਪਰ ਜਦੋਂ ਬਾਹਰੀ ਵਿਚਾਰਾਂ ਦੀਆਂ ਪਰਤਾਂ ਲਪੇਟਣਾ ਤੁਰਿਆ ਜਾਂਦਾ ਹੈ ਤਾਂ ਇਹ ਸ਼ਕਤੀਆਂ ਬਲਹੀਣ ਹੋ ਜਾਂਦੀਆਂ ਹਨ। ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਰੀਰਕ ਕਿਰਿਆਵਾਂ ਦੇ ਅਭਿਆਸ ਕਰਨੇ ਪੈਂਦੇ ਹਨ ਅਤੇ ਰੋਜ਼ ਇਸ਼ਨਾਨ ਕਰਕੇ ਸਾਫ਼ ਕਰਨਾ ਪੈਂਦਾ ਹੈ ਬਿਲਕੁਲ ਉਸੇ ਤਰ੍ਹਾਂ ਮਨ ਦੀ ਸ਼ਕਤੀ ਨੂੰ ਸਰਗਰਮ ਰੱਖਣ ਲਈ ਰੋਜ਼ ਇਸ ਵਿੱਚ ਭਰ ਰਹੀਆਂ ਵਿਅਰਥ ਸੋਚਾਂ ਦਾ ਸਵੈ ਚਿੰਤਨ ਕਰਕੇ ਉਹਨਾਂ ਨੂੰ ਵਿਦਾ ਕਰਕੇ ਇਸ ਮੈਲ਼ ਨੂੰ ਉਤਾਰਨਾ ਪਵੇਗਾ।ਜੇ ਇਹ ਮੈਲ ਨਾਲ ਦੀ ਨਾਲ ਨਾ ਉਤਾਰੀ ਜਾਵੇਗੀ ਤਾਂ ਇਸ ਵਿਅਰਥ ਸੋਚਾਂ ਵਾਲੀ ਪਰਤ ਮੋਟੀ ਹੁੰਦੀ ਜਾਵੇਗੀ।ਜਿਸ ਨਾਲ ਮਨ ਦੀਆਂ ਸ਼ਕਤੀਆਂ ਉਸ ਬੋਝ ਹੇਠ ਦਬ ਕੇ ਕਮਜ਼ੋਰ ਹੋ ਜਾਂਦੀਆਂ ਹਨ।ਜਿਸ ਨਾਲ ਪਹਿਲਾਂ ਮਾਨਸਿਕਤਾ ਨੂੰ ਕਮਜ਼ੋਰ ਹੁੰਦੀ ਹੈ, ਫ਼ਿਰ ਮਨ ਰੋਗੀ ਹੁੰਦਾ ਹੈ,ਤੇ ਫਿਰ ਸਰੀਰ ਰੋਗੀ ਹੁੰਦਾ ਹੈ।
                   ਅੱਜ ਕੱਲ੍ਹ ਮਾਨਸਿਕ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਰੋਜ਼ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਡੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਵਿਅਕਤੀ, ਅਮੀਰ ਅਮੀਰ ਲੋਕਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਹੋਇਆਂ ਨੂੰ, ਉਹਨਾਂ ਦੀ ਨਰਕ ਭਰੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਕੇ ਨਵੀਂ ਜ਼ਿੰਦਗੀ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਜੇ ਉਹ ਮਾਨਸਿਕ ਰੋਗੀਆਂ ਨੇ ਵੀ ਸਮੇਂ ਸਿਰ ਸਵੈ ਚਿੰਤਨ ਕੀਤਾ ਹੁੰਦਾ,ਵਿਅਰਥ ਗੱਲਾਂ ਨੂੰ ਦਿਮਾਗ ਉੱਤੇ ਭਾਰੂ ਨਾ ਹੋਣ ਦਿੱਤਾ ਹੁੰਦਾ ਤਾਂ ਉਹਨਾਂ ਦੀ ਜ਼ਿੰਦਗੀ ਵੀ ਨਰਕ ਭਰੀ ਨਾ ਬਣਦੀ। ਸੋ ਅੱਜ ਦੇ ਹਰ ਮਨੁੱਖ ਦੀ ਇੱਕ ਬਹੁਤ ਵੱਡੀ ਲੋੜ ਹੈ ਸਵੈ ਚਿੰਤਨ।ਹਰ ਮਨੁੱਖ ਨੂੰ ਆਪਣੇ ਹਰ ਦਿਨ,ਹਰ ਪਲ ਸਵੈ ਚਿੰਤਨ ਕਰਕੇ ਆਪਣੇ ਮਨ ਅਤੇ ਆਲ਼ੇ ਦੁਆਲ਼ੇ ਦੇ ਵਾਤਾਵਰਨ ਨੂੰ ਖੁਸ਼ ਰੱਖਣਾ ਚਾਹੀਦਾ ਹੈ। ਸਵੈ ਚਿੰਤਨ ਹੀ ਮਨ ਦੀ ਖੁਰਾਕ ਅਤੇ ਕਸਰਤ ਹੈ ਜੋ ਮਨ ਦੀ ਸ਼ਕਤੀ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ ਅਤੇ ਮਨੁੱਖੀ ਮਨ ਨੂੰ ਬਲ ਬਖਸ਼ਦੀ ਹੈ। ਆਪਣੇ ਆਪ ਨੂੰ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਸਵੈ ਪੜਚੋਲ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮਰਹੂਮ ਰਤਨ ਸਿੰਘ ਕਾਕੜ ਕਲਾਂ ਦਾ ਸੁਪਨਾ ਹੋਵੇਗਾ ਪੂਰਾ
Next articleਮਕਬੂਲ ਭਾਰਤੀ ਸ਼ਾਇਰ ਮੁਨੱਵਰ ਰਾਣਾ  ਦੇ ਦੇਹਾਂਤ ‘ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਦੁੱਖ ਦਾ ਇਜ਼ਹਾਰ