ਏਹੁ ਹਮਾਰਾ ਜੀਵਣਾ ਹੈ -405

ਬਰਜਿੰਦਰ ਕੌਰ ਬਿਸਰਾਓ‘
(ਸਮਾਜ ਵੀਕਲੀ) – ਮਸਾਂ ਅੱਠ ਕੁ ਸਾਲ ਦੀ ਸੀ ਕਿ ਉਦੋਂ ਹੀ ਨਿੱਕੀ ਹੁੰਦੀ ਦੇ ਮਾਪੇ ਮਰ ਗਏ ਸਨ। ਪਹਿਲਾਂ ਪਿਓ ਮਰ ਗਿਆ ਸੀ ਤੇ ਫਿਰ ਮਾਂ ਮਾੜਾ ਜਿਹਾ ਤਾਪ ਚੜ੍ਹ ਕੇ ਈ ਪ੍ਰਾਣ ਤਿਆਗ ਗਈ ਸੀ। ਜਿਹਨਾਂ ਦੇ ਘਰ ਮਾਂ ਕੰਮ ਕਰਦੀ ਸੀ, ਉਹਨਾਂ ਨੇ ਹੀ ਕੰਮੋਂ ਨੂੰ ਆਪਣੇ ਘਰ ਦੇ ਨਿੱਕੇ ਮੋਟੇ ਕੰਮਾਂ ਵਿੱਚ ਹੱਥ ਵਟਾਉਣ ਲਈ ਰੱਖ ਲਿਆ ਸੀ। ਕੰਮੋਂ ਸੁਭਾਅ ਪੱਖੋਂ ਸਧਾਰਨ ਜਿਹੀ ਕੁੜੀ ਹੀ ਸੀ ਪਰ ਉਸ ਘਰ ਦੀਆਂ ਔਰਤਾਂ ਉਸ ਨੂੰ ਦੱਸ ਦੱਸ ਕੇ ਕੰਮ ਕਰਵਾਉਂਦੀਆਂ ਤਾਂ ਕੰਮ ਉਹ ਵਧੀਆ ਕਰ ਲੈਂਦੀ ਸੀ। ਇਸ ਤਰ੍ਹਾਂ ਉਸ ਘਰ ਵਿੱਚ ਉਸ ਨੂੰ ਕੰਮ ਕਰਦੀ ਨੂੰ ਅੱਠ ਵਰ੍ਹੇ ਹੋ ਗਏ ਸਨ। ਜਿਵੇਂ ਈ ਉਹ ਜਵਾਨ ਹੋਈ,ਕਿਸੇ ਨੇ ਅਗਾਂਹ ਦੀ ਅਗਾਂਹ ਉਸ ਦੇ ਰਿਸ਼ਤੇ ਲਈ ਨਾਲ਼ ਦੇ ਪਿੰਡ ਗਗਰੀ ਬੱਕਰੀਆਂ ਵਾਲ਼ੇ ਮੁੰਡੇ ਦੀ ਦੱਸ ਪਾਈ। ਘਰ ਵਿੱਚ ਉਹੀ ਕੁਆਰਾ ਸੀ ਤੇ ਉਸ ਦੇ ਤਿੰਨ ਵੱਡੇ ਭਰਾ ਵਿਆਹੇ ਹੋਏ ਸਨ । ਘਰ ਵਿੱਚ ਇੱਕ ਗਾਂ, ਇੱਕ ਮੱਝ ਤੇ ਕੁਛ ਬੱਕਰੀਆਂ ਰੱਖੀਆਂ ਹੋਈਆਂ ਸਨ। ਮਾਲਕਾਂ ਨੇ ਦੇਖ਼ ਕੇ ਕੰਮੋਂ ਦਾ ਵਿਆਹ ਉਸ ਨਾਲ਼ ਕਰ ਦਿੱਤਾ।

           ਇੱਕ ਤਾਂ ਕੰਮੋਂ ਦਾ ਸੁਭਾਅ ਸਧਾਰਨ ਜਿਹਾ ਤੇ ਦੂਜਾ ਉਹ ਉਮਰ ਦੀ ਨਿਆਣੀ ਸੀ।ਇਸ ਤੋਂ ਉਲਟ ਤਿੰਨ ਜਠਾਣੀਆਂ ਤੇ ਇੱਕ ਸੱਸ ਉਸ ਤੇ ਰੋਹਬ ਪਾਉਂਦੀਆਂ ਤੇ ਗੱਲ ਗੱਲ ਤੇ ਉਸ ਨੂੰ ਭੰਡਦੀਆਂ ਸਨ। ਜੇ ਆਦਮੀ ਚੰਗਾ ਹੋਵੇ ਤਾਂ ਹੋਰ ਕਿਸੇ ਦੀ ਵੀ ਬੁਰਾ ਭਲਾ ਕਹਿਣ ਦੀ ਜ਼ੁਰਅਤ ਨਹੀਂ ਪੈਂਦੀ। ਤੀਜਾ ਉਹ ਪੇਕਿਆਂ ਤੋਂ ਸੱਖਣੀ ਸੀ। ਕੰਮੋਂ ਦੇ ਘਰਵਾਲ਼ੇ ਗਗਰੀ ਨੇ ਉਸ ਨੂੰ ਰੋਟੀਆਂ ਬਣਾਉਣ ਪਿੱਛੇ ਹੀ ਕੁੱਟ ਦੇਣਾ ਤੇ ਰੋਟੀਆਂ ਚੁੱਕ ਕੇ ਲੋਕਾਂ ਨੂੰ ਵਿਖਾਉਂਦੇ ਫਿਰਨਾ,” ਲੋਕੋ ! ਆਹ ਦੇਖੋ ਕਿੱਥੋਂ ਸਿੱਧਰੀ ਮੇਰੇ ਪੱਲੇ ਪਾਤੀ….. (ਰੋਟੀ ਨੂੰ ਉੱਚਾ ਚੁੱਕ ਕੇ ਲੋਕਾਂ ਨੂੰ ਦਿਖਾ ਕੇ) ਐਹੋ ਜਿਹੀਆਂ ਰੋਟੀਆਂ ਬਣਾਉਂਦੀ ਆ…!” ਕਦੇ ਉਸ ਦੀਆਂ ਜਿਠਾਣੀਆਂ ਨੇ ਉਸ ਨੂੰ ਆਖਣਾ, “….ਇਹਨੂੰ ਤਾਂ ਭਾਂਡੇ ਨੀ ਮਾਂਜਣੇ ਆਉਂਦੇ… ਇਹ ਤਾਂ ਭਾਂਡਿਆਂ ਵਿੱਚ ਅੱਧੀ ਸਵਾਹ ਲੱਗੀ ਛੱਡ ਦਿੰਦੀ ਆ….!”
          ਉਹਨਾਂ ਦੇ ਘਰ ਦੇ ਸਾਹਮਣੇ ਹੀ ਸਰਦਾਰਾਂ ਦੀ ਵੱਡੀ ਕੋਠੀ ਸੀ। ਉਹ ਨਿੱਤ ਉਹਨਾਂ ਦਾ ਇਹ ਡਰਾਮਾ ਵੇਖਦੇ ਸਨ । । ਇੱਕ ਦਿਨ ਇਹਨਾਂ ਗੱਲਾਂ ਤੇ ਈ ਸਰਦਾਰਨੀ ਆਪਣੇ ਸਰਦਾਰ ਨੂੰ ਆਖਣ ਲੱਗੀ,” ਜੇ ਤੁਸੀਂ ਵੀ ਇਸ ਤਰ੍ਹਾਂ ਮੇਰੀਆਂ ਪਕਾਈਆਂ ਰੋਟੀਆਂ ਵਿੱਚੋਂ ਨੁਕਸ ਕੱਢਣ ਲੱਗਦੇ ਤਾਂ ਮੈਨੂੰ ਤਾਂ ਕਦੋਂ ਦਾ ਛੱਡਿਆ ਹੋਣਾ ਸੀ…. ਜਰੂਰੀ ਤਾਂ ਨੀ ਰੋਟੀ ਹਮੇਸ਼ਾ ਗੋਲ ਈ ਬਣੇ….!” ਸਰਦਾਰ ਨੇ ਵੀ ਹੱਸ ਕੇ ਕਿਹਾ,”…. ਐਵੇਂ ਬੇਵਕੂਫ ਲੋਕ ਹਨ…… ਜੋ ਇੱਕ ਕੁੜੀ ਦੇ ਪਿੱਛੇ ਈ ਪਏ ਹੋਏ ਨੇ….. ਇਹ ਤਾਂ ਗਗਰੀ ਨੂੰ ਸੋਚਣਾ ਚਾਹੀਦਾ….. ਉਹ ਸਾਰਿਆਂ ਪਿੱਛੇ ਲੱਗ ਕੇ ਆਪਣੀ ਘਰਵਾਲੀ ਨੂੰ ਕਿਉਂ ਕੁੱਟਦਾ ਮਾਰਦਾ…..ਆਪਣਾ ਘਰ ਆਪ ਖ਼ਰਾਬ ਕਰਦਾ….!”
          ਇਸ ਤਰ੍ਹਾਂ ਲੋਕਾਂ ਨੂੰ ਤਾਂ ਦੇਖ਼ ਕੇ ਪਤਾ ਲੱਗਦਾ ਸੀ ਕਿ ਕੰਮੋਂ ਨਾਲ ਉਹ ਲੋਕ ਜ਼ਿਆਦਤੀ ਕਰ ਰਹੇ ਸਨ। ਗਗਰੀ ਨੇ ਤੀਜੇ ਦਿਨ ਵਿਚੋਲਿਆਂ ਦੇ ਘਰ ਉਲਾਂਭਾ ਲੈ ਕੇ ਚਲੇ ਜਾਣਾ। ਉਹਨਾਂ ਨੇ ਵੀ ਆ ਕੇ ਕੰਮੋਂ ਨੂੰ ਸਮਝਾ ਕੇ ਜਾਣਾ ਤੇ ਕਹਿਣਾ,” ਦੇਖ਼ ਤੈਨੂੰ ਆਪਣੇ ਘਰ ਦੀ ਛੱਤ ਮਿਲ਼ ਗਈ ਹੈ…. ਹੋਰ ਕੀ ਚਾਹੀਦਾ….. ਹੁਣ ਤੇਰੇ ਤੋਂ ਆਪਣਾ ਘਰ ਨੀ ਸੰਭਾਲਿਆ ਜਾਂਦਾ….. ਓਥੇ ਤੂੰ ਲੋਕਾਂ ਦੇ ਰੁਲ਼ਦੀ ਫਿਰਦੀ ਸੀ….!” ਸਾਰਿਆਂ ਨੇ ਰਲ਼ ਕੇ ਕੰਮੋਂ ਨੂੰ ਜਮ੍ਹਾਂ ਈ ਕਮਲ਼ੀ ਦਾ ਖਿਤਾਬ ਦੇ ਦਿੱਤਾ ਸੀ।
         ਡੇਢ ਕੁ ਸਾਲ ਬਾਅਦ ਕੰਮੋਂ ਦੇ ਮੁੰਡਾ ਹੋਇਆ ਪਰ ਕਿਸਮਤ ਨੇ ਇੱਥੇ ਵੀ ਸਾਥ ਨਾ ਦਿੱਤਾ। ਮੁੰਡਾ ਜੰਮਦਾ ਹੀ ਮਰ ਗਿਆ। ਬੱਸ ਹੁਣ ਤਾਂ ਕੰਮੋਂ ਸਾਰਿਆਂ ਨੂੰ ਰੜਕਣ ਲੱਗ ਪਈ ਸੀ। ਉਸ ਨੂੰ ਸ਼ਿਲੇ ਵਿੱਚ ਪਈ ਨੂੰ ਜਠਾਣੀਆਂ ਆਖਣ ਇਹਦੇ ਤੋਂ ਤਾਂ ਬੋ ਆਉਂਦੀ ਹੈ, ਅਸੀਂ ਤਾਂ ਨੀ ਇਹਨੂੰ ਚੁੱਲ੍ਹੇ ਚੌਂਕੇ ਵਿੱਚ ਵਾੜਨਾ। ਉਹਨਾਂ ਨੇ ਓਹਦੀ ਦੇਖਭਾਲ ਤਾਂ ਕੀ ਕਰਨੀ ਸੀ ਸਗੋਂ ਇਸ ਤਰ੍ਹਾਂ ਦੀਆਂ ਤੁਹਮਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਪੰਜਾਂ ਦਸਾਂ ਦਿਨਾਂ ਵਿੱਚ ਹੀ ਉਸ ਨੂੰ ਡੰਗਰਾਂ ਦਾ ਗੋਹਾ ਤੇ ਬੱਕਰੀਆਂ ਦੀਆਂ ਮੀਂਗਣਾਂ ਚੁੱਕਣ ਦਾ ਕੰਮ ਸੰਭਾਲ ਦਿੱਤਾ। ਉਸ ਨੂੰ ਰਸੋਈ ਵਿੱਚ ਜਾਣੋਂ ਬੰਦ ਕਰ ਦਿੱਤਾ। ਗਗਰੀ ਨੇ ਆਪ ਚੌਂਕੇ ਵਿੱਚ ਭਰਜਾਈਆਂ ਕੋਲ਼ ਬਹਿ ਕੇ ਰੋਟੀ ਖਾਣੀ ਤੇ ਕੰਮੋਂ ਦੀ ਰੋਟੀ ਤੇ ਦਾਲ ਵਾਲ਼ੀ ਕੌਲੀ ਚੌਕੇ ਤੋਂ ਬਾਹਰ ਇਸ ਤਰ੍ਹਾਂ ਰੱਖ ਦੇਣੀ ਜਿਵੇਂ ਕੋਈ ਪਾਲਤੂ ਕੁੱਤੇ ਨੂੰ ਰੋਟੀ ਖਵਾਉਂਦਾ ਹੋਵੇ। ਗਗਰੀ ਦੇ ਜ਼ੁਲਮ ਕੰਮੋਂ ਉੱਤੇ ਦਿਨੋ ਦਿਨ ਵਧਦੇ ਜਾ ਰਹੇ ਸਨ ਤੇ ਵਿਚੋਲਿਆਂ ਕੋਲ਼ ਸ਼ਿਕਾਇਤਾਂ ਦਾ ਸਿਲਸਿਲਾ ਵੀ ਵਧਦਾ ਜਾ ਰਿਹਾ ਸੀ। ਕੋਈ ਦਿਨ ਸੁੱਕਾ ਨਹੀਂ ਜਾਂਦਾ ਸੀ ਜਿਸ ਦਿਨ ਗਗਰੀ ਨੇ ਕੰਮੋਂ ਨੂੰ ਨਾ ਕੁੱਟਿਆ ਹੋਵੇ। ਕੰਮੋਂ ਨਿਆਣੀ ਜਿਹੀ ਇਹ ਤਸੀਹੇ ਚੁੱਪ ਚਾਪ ਸਹਿੰਦੀ ਰਹਿੰਦੀ।ਜੇ ਉਹ ਦੱਸਦੀ ਵੀ ਤਾਂ ਕਿਸ ਨੂੰ ਦੱਸਦੀ।
         ਇੱਕ ਦਿਨ ਵਿਚੋਲੇ ਨੇ ਮਾਲਕਾਂ ਨੂੰ ਜਾ ਕੇ ਕੰਮੋਂ ਬਾਰੇ ਦੱਸਿਆ ਤਾਂ ਉਹਨਾਂ ਤੋਂ ਕੰਮੋ ਦੀ ਹੁੰਦੀ ਦੁਰਦਸ਼ਾ ਬਰਦਾਸ਼ਤ ਨਾ ਹੋਈ। ਉਹਨਾਂ ਨੇ ਸਾਫ਼ ਕਹਿ ਦਿੱਤਾ,” ਕੰਮੋਂ ਦੀਆਂ ਸਾਨੂੰ ਦੋ ਰੋਟੀਆਂ ਨਹੀਂ ਦੁਖਦੀਆਂ….. ਅਸੀਂ ਤਾਂ ਸੋਚਿਆ ਸੀ…. ਮਾਂ ਪਿਓ ਤੋਂ ਬਾਹਰੀ ਹੈ…. ਚੱਲੋ ਇਸ ਦਾ ਆਪਣਾ ਘਰ ਵਸ ਜਾਵੇਗਾ….. ਅੱਜ ਹੀ ਫੈਸਲਾ ਕਰ ਦਿਓ… ਅਸੀਂ ਕੰਮੋਂ ਨੂੰ ਨਾਲ਼ ਲੈ ਜਾਂਦੇ ਹਾਂ…..!”  ਫੈਸਲਾ ਹੋ ਗਿਆ। ਕੰਮੋਂ ਫਿਰ ਮਾਲਕਾਂ ਦੇ ਘਰ ਆ ਗਈ।ਛੇ ਕੁ ਮਹੀਨੇ ਬਾਅਦ ਫਿਰ ਪਿੰਡ ਵਿੱਚੋਂ ਹੀ ਕਿਸੇ ਨੇ ਕੰਮੋਂ ਦਾ ਕਿਸੇ ਲੋੜਵੰਦ ਵਿਅਕਤੀ ਨਾਲ ਰਿਸ਼ਤਾ ਕਰਵਾ ਦਿੱਤਾ। ਇਸ ਵਾਰ ਮਾਲਕਾਂ ਨੇ ਉਸ ਨਾਲ਼ ਖੁੱਲ੍ਹ ਕੇ ਗੱਲ ਕੀਤੀ ਤੇ ਉਸ ਦਾ ਉਸ ਨਾਲ਼ ਵਿਆਹ ਕਰ ਦਿੱਤਾ। ਕੰਮੋਂ ਦੀ ਕਿਸਮਤ ਹੀ ਪਲਟ ਗਈ। ਤਿੰਨ ਸਾਲਾਂ ਵਿੱਚ ਉਸ ਦੇ ਦੋ ਨਿਆਣੇ ਹੋ ਗਏ…. ਉਸ ਵਿਅਕਤੀ ਦਾ ਘਰ ਵਸ ਗਿਆ… ਉਸ ਦਾ ਪਤੀ ਉਸ ਨੂੰ ਬਹੁਤ ਪਿਆਰ ਕਰਦਾ ਸੀ। ਘਰ ਵਿੱਚ ਉਸ ਨੂੰ ਕੋਈ ਰੋਕਣ ਟੋਕਣ ਵਾਲਾ ਨਹੀਂ ਸੀ।ਉਹ ਆਪਣੇ ਘਰ ਦੀ ਆਪ ਮਾਲਕਣ ਸੀ।
             ਓਧਰ ਗਗਰੀ ਨੇ ਭਰਜਾਈਆਂ ਮਗਰ ਲੱਗ ਕੇ ਕੰਮੋਂ ਨੂੰ ਤਸੀਹੇ ਦੇ ਦੇ ਕੇ ਆਪਣਾ ਘਰ ਆਪ ਉਜਾੜਿਆ ਸੀ ਤੇ ਉਹ ਸਾਰੀ ਉਮਰ ਭਰਾ ਭਰਜਾਈਆਂ ਦੀ ਚਾਕਰੀ ਕਰਨ ਜੋਗਾ ਰਹਿ ਗਿਆ ਸੀ। ਜਿਹੜੀਆਂ ਭਰਜਾਈਆਂ ਕੰਮੋਂ ਨੂੰ ਨੀਵਾਂ ਦਿਖਾਉਣ ਲਈ ਉਸ ਨੂੰ ਚੌਂਕੇ ਵਿੱਚ ਬਿਠਾ ਕੇ ਗਰਮ ਗਰਮ ਰੋਟੀਆਂ ਖਵਾਉਂਦੀਆਂ ਸਨ ਉਹੀ ਅੱਜ ਉਸ ਦੇ ਰਸੋਈ ਵਿੱਚ ਆਉਣ ਤੇ ਇਤਰਾਜ਼ ਜਤਾਉਂਦੀਆਂ ਸਨ। ਗਗਰੀ ਦੀਆਂ ਹੁਣ ਅੱਖਾਂ ਖੁੱਲ੍ਹ ਰਹੀਆਂ ਸਨ ਕਿ ਕੰਮੋਂ ਤੇ ਇਹਨਾਂ ਨੇ ਜਾਣ ਬੁੱਝ ਕੇ ਤਸ਼ੱਦਦ ਕਰਵਾਏ ਸਨ। ਉਹ ਵਿਚੋਲੇ ਕੋਲ਼ ਗਿਆ ਤੇ ਕੰਮੋਂ ਨੂੰ ਵਾਪਸ ਲਿਆਉਣ ਬਾਰੇ ਗੱਲ ਕਰਨ ਲੱਗਿਆ ਤਾਂ ਵਿਚੋਲੇ ਨੇ ਕਿਹਾ,” ਓਏ ਗਗਰੀਆ….. ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਹੁੰਦਾ….ਜਦ ਹੱਥ ਵਿੱਚ ਹੋਵੇ ਤਾਂ ਸੰਭਾਲਣ ਦੀ ਲੋੜ ਹੁੰਦੀ ਐ….ਤੂੰ ਕੀ ਸੋਚਿਆ ਕੰਮੋਂ…. ਬੈਠੀ ਤੈਨੂੰ ਈ ਉਡੀਕਦੀ ਆ…? ….. ਓਹਦੇ ਘਰੋਂ ਤਾਂ ਤੇਰੇ ਵਰਗੇ ਵੀਹ ਗ਼ਰੀਬ ਗੁਰਬੇ  ਰੋਟੀ ਖਾ ਕੇ ਢਿੱਡ ਭਰਦੇ ਨੇ….. ।” ਗਗਰੀ ਸਮਝ ਗਿਆ ਸੀ ਤੇ ਉੱਠ ਕੇ ਬੀਤੇ ਸਮੇਂ ਦੀਆਂ ਕੀਤੀਆਂ ਕਰਤੂਤਾਂ ਤੇ ਪਛਤਾਉਂਦਾ ਹੋਇਆ ਮੈਲਾ ਜਿਹਾ ਕੁੜਤਾ ਤੇ ਚਾਦਰਾ ਪਾਈਂ ਟੁੱਟੇ ਛਿੱਤਰਾਂ ਵਿੱਚ ਫਸਾਏ ਹੋਏ ਪੈਰਾਂ ਨੂੰ ਘੜੀਸਦਾ ਹੋਇਆ ਆਪਣੇ ਘਰ ਵੱਲ ਨੂੰ ਤੁਰ ਪਿਆ ।
          ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਘਰ ਨੂੰ ਖ਼ਰਾਬ ਕਰਨ ਤੋਂ ਪਹਿਲਾਂ ਸਮੇਂ ਨੂੰ ਸੰਭਾਲਣਾ ਅਤੇ ਆਪਣਿਆਂ ਦੀ ਕਦਰ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜੋਨ ਪੱਧਰੀ ਸਕੂਲੀ ਅਥਲੈਟਿਕਸ ਟੂਰਨਾਮੈਂਟ ਵਿੱਚੋਂ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਨੇ ਹਾਸਿਲ ਕੀਤੇ 10 ਮੈਡਲ।
Next articleਕਵਿਤਾ /   ਲੁਟੇਰਾ