ਏਹੁ ਹਮਾਰਾ ਜੀਵਣਾ ਹੈ -389

ਬਰਜਿੰਦਰ ਕੌਰ ਬਿਸਰਾਓ‘
(ਸਮਾਜ ਵੀਕਲੀ)- ਸਤਬੀਰ ਮਾਪਿਆਂ ਦੀ ਸਭ ਤੋਂ ਛੋਟੀ ਤੇ ਲਾਡਲੀ ਧੀ ਸੀ। ਬਹੁਤੀ ਲਾਡਲੀ ਹੋਣ ਕਰਕੇ ਉਹ ਨਖ਼ਰੀਲੀ ਵੀ ਬਹੁਤ ਸੀ। ਉਸ ਦੀ ਉਸ ਤੋਂ ਛੇ ਕੁ ਸਾਲ ਵੱਡੀ ਭੈਣ ਜਿੰਦੋ ,ਵਿਆਹੀ ਹੋਈ ਸੀ ਤੇ ਉਸ ਦੇ ਤਿੰਨ ਅਤੇ ਪੰਜ ਸਾਲ ਦੇ ਦੋ ਪੁੱਤਰ ਸਨ। ਜਿੰਦੋ ਦਾ ਘਰਵਾਲਾ ਮੋਹਣਾ ਪੱਕੇ ਰੰਗ ਦਾ ਮੋਟੇ ਮੋਟੇ ਨੈਣ ਨਕਸ਼ਾਂ ਵਾਲ਼ਾ ਮੁੰਡਾ ਸੀ। ਜਿੰਦੋ ਦੇ ਘਰਵਾਲ਼ੇ ਦਾ ਸੁਭਾਅ ਵੀ ਕੋਈ ਬਹੁਤਾ ਵਧੀਆ ਨਹੀਂ ਸੀ। ਜਿੰਦੋ ਤੋਂ ਛੋਟਾ ਤੇ ਸਤਬੀਰ ਤੋਂ ਵੱਡਾ ਉਹਨਾਂ ਦਾ ਇੱਕੋ ਇੱਕ ਭਰਾ ਜੀਤ ਜੋ ਬਾਰਾਂ ਪੜ੍ਹਕੇ ਹਟ ਗਿਆ ਸੀ ਤੇ ਬਾਪੂ ਨਾਲ ਖੇਤੀਬਾੜੀ ਕਰਵਾਉਂਦਾ ਸੀ। ਜੀਤ ਘਰ ਦੇ ਬਾਹਰ ਅੰਦਰ ਦੇ ਸਭ ਕੰਮ ਧੰਦੇ ਸੰਭਾਲੀ ਫਿਰਦਾ ਸੀ। ਵੱਡੀ ਭੈਣ ਨੂੰ ਦਿਨ ਤਿਹਾਰ ਨੂੰ ਮਿਲਣ ਜਾਣਾ ਜਾਂ ਉਸ ਨੂੰ ਪੇਕੇ ਮਿਲ਼ਣ ਆਈ ਨੂੰ ਸਹੁਰੀਂ ਛੱਡਣ ਜਾਣਾ ਜਾਂ ਹੋਰ ਰਿਸ਼ਤੇਦਾਰੀਆਂ ਵਿੱਚ ਆਪਣੀ ਮਾਂ ਨੂੰ ਲੈ ਕੇ ਜਾਣਾ,ਸਭ ਉਸ ਦੀ ਜ਼ਿੰਮੇਵਾਰੀ ਹੀ ਸੀ। ਸਤਬੀਰ ਨੂੰ ਕਾਲਜ ਪੜ੍ਹਨ ਜਾਂਦੀ ਨੂੰ ਸਕੂਟਰ ਤੇ ਅੱਡੇ ਤੱਕ ਛੱਡ ਕੇ ਆਉਣਾ ਜਾਂ ਲੈ ਕੇ ਆਉਣਾ ਉਸੇ ਦੀ ਹੀ ਜ਼ਿੰਮੇਵਾਰੀ ਸੀ।
            ਸਤਬੀਰ ਪਿੰਡ ਦੀਆਂ ਸਾਰੀਆਂ ਕੁੜੀਆਂ ਵਿੱਚੋਂ ਸੋਹਣੀ ਸੁਨੱਖੀ ਮੁਟਿਆਰ ਸੀ । ਉਸ ਨੂੰ ਆਪਣੇ ਰੰਗ ਰੂਪ ਦਾ ਘੁਮੰਡ ਵੀ ਬਹੁਤ ਸੀ। ਉਸ ਦੀ ਕਿਸੇ ਸਹੇਲੀ ਦੀ ਮੰਗਣੀ ਹੁੰਦੀ ਤੇ ਉਸ ਨੇ ਚਾਈਂ ਚਾਈਂ ਉਸ ਨੂੰ ਆਪਣੇ ਮੰਗੇਤਰ ਦੀ ਫੋਟੋ ਵਿਖਾ ਦਿੱਤੀ ਤਾਂ ਉਸ ਨੂੰ ਆਖਣ ਲੱਗੀ,” ਨੀ ਆਹ ਕੀ…. ਆਏ ਹਾਏ…. ਐਹੇ ਜਿਹੇ ਝੁੱਡੂ ਨਾਲ਼ ਜ਼ਿੰਦਗੀ ਕੱਟੇਂਗੀ….?” ਉਸ ਦੀ ਸਹੇਲੀ ਨੇ ਚੁੱਪ ਕਰ ਕੇ ਫੋਟੋ ਆਪਣੀ ਕਿਤਾਬ ਵਿੱਚ ਰੱਖ ਲਈ। ਅਕਸਰ ਉਹ ਕਾਲਜ ਦੀ ਬੱਸ ਵਿੱਚ ਬੈਠੀ ਆਪਣੀਆਂ ਸਹੇਲੀਆਂ ਕੋਲ਼ ਬੜੇ ਨਹੋਰਾ ਮਾਰ ਮਾਰ ਕੇ ਆਖਦੀ,” ਮੈਂ ਐਵੇਂ ਕਿਸੇ ਦੇ ਵੀ ਕਹੇ ਤੇ ਆਪਣਾ ਰਿਸ਼ਤਾ ਨੀ ਕਰਵਾ ਲੈਣਾ…. ਕੋਈ ਕਿਸਮਤ ਵਾਲਾ ਈ ਹੋਊ ਜੀਹਨੂੰ ਮੈਂ ਪਸੰਦ ਕਰੂੰਗੀ….!” ਸਤਬੀਰ ਦੇ ਹੁਸਨ ਨਾਲ਼ੋਂ ਵੱਧ ਉਸ ਦੇ ਨਖਰਿਆਂ ਦੀ ਚਰਚਾ ਸੀ। ਜਦ ਉਹ ਇਸ ਤਰ੍ਹਾਂ ਦੀਆਂ ਘੁਮੰਡ ਭਰੀਆਂ ਗੱਲਾਂ ਕਰਦੀ ਤਾਂ ਸੱਚਮੁੱਚ ਉਸ ਦੇ ਨਖ਼ਰਿਆਂ ਸਾਹਮਣੇ ਉਸ ਦਾ ਸੁਹੱਪਣ ਮੱਧਮ ਪੈ ਜਾਂਦਾ ਸੀ।
               ਸਤਬੀਰ ਬੀ.ਏ. ਕਰਕੇ ਹਟੀ ਤਾਂ ਉਸ ਲਈ ਕਈ ਰਿਸ਼ਤੇ ਆਏ ਪਰ ਸਤਬੀਰ ਦੇ ਨੱਕ ਹੇਠਾਂ ਨਾ ਆਏ। ਜਦ ਉਹ ਪਿੰਡ ਵਿੱਚ ਜਾਂ ਰਿਸ਼ਤੇਦਾਰਾਂ ਦੇ ਕਿਸੇ ਵਿਆਹ ਵਿੱਚ ਜਾਂਦੀ ਤਾਂ ਸਾਰੇ ਮੇਲ਼ ਵਿੱਚ ਬੈਠੀ ਕਿਸੇ ਬੁੱਤਘਾੜੇ ਦੀ ਸਭ ਤੋਂ ਖੂਬਸੂਰਤ ਮੂਰਤੀ ਵਾਂਗ ਲੱਗਦੀ ਜਿਸ ਨੂੰ ਦੇਖੇ ਬਿਨਾਂ ਕੋਈ ਨਾ ਰਹਿ ਸਕਦਾ। ਫਿਰ ਕਿਸੇ ਨਾ ਕਿਸੇ ਨੇ ਰਿਸ਼ਤੇ ਦੀ ਗੱਲ ਛੇੜਨੀ ਤਾਂ ਉਸ ਨੇ ਕੋਰਾ ਜਵਾਬ ਇਸ ਤਰ੍ਹਾਂ ਦੇਣਾ ਕਿ ਜਿਵੇਂ ਉਸ ਨੂੰ ਕੋਈ ਵੱਖਰੀ ਦੁਨੀਆਂ ਦਾ ਫ਼ਰਿਸ਼ਤਾ ਜਾਂ ਰਾਜਕੁਮਾਰ ਹੀ ਵਿਆਹੁਣ ਆਵੇਗਾ।
          ਇੱਕ ਦਿਨ ਜਿੰਦੋ ਆਪਣੇ ਦੋਵੇਂ ਬੱਚਿਆਂ ਨਾਲ਼ ਦੋ ਚਾਰ ਦਿਨ ਰਹਿਣ ਲਈ ਪੇਕੇ ਆਈ । ਬੜੀ ਖੁਸ਼ੀ ਖੁਸ਼ੀ ਰਹਿ ਕੇ ਉਹ ਸਹੁਰੇ ਵਾਪਸ ਚੱਲੀ ਤਾਂ ਉਸ ਨੇ ਜੀਤ ਨੂੰ ਕਿਹਾ ਕਿ ਪਿੰਡੋਂ ਈ ਬੱਸ ਚੜ੍ਹਾ ਦੇਵੇ ਜੋ ਉਸ ਦੇ ਪਿੰਡ ਵਿੱਚੋਂ ਹੋ ਕੇ ਹੀ ਲੰਘਦੀ ਸੀ।ਪਰ ਜੀਤ ਨਹੀਂ ਮੰਨਿਆ ਤੇ ਉਸ ਨੇ ਕਿਹਾ,” ਭੈਣੇ…. ਕਿੱਥੇ ਜਵਾਕਾਂ ਨਾਲ ਬੱਸਾਂ ਵਿੱਚ ਧੱਕੇ ਖਾਂਦੀ ਫਿਰੇਂਗੀ….. ਚੱਲ ਮੈਂ… ਸਕੂਟਰ ਤੇ ਛੱਡ ਆਉਂਦਾ ਹਾਂ…!” ਜਿੰਦੋ ਮੰਨ ਗਈ ਤੇ ਸਵੇਰੇ ਗਿਆਰਾਂ ਕੁ ਵਜੇ ਜਵਾਕਾਂ ਨੂੰ ਤਿਆਰ ਕਰਕੇ ਆਪਣੇ ਭਰਾ ਨਾਲ ਸਕੂਟਰ ਦੇ ਪਿੱਛੇ ਵੱਡੇ ਮੁੰਡੇ ਨੂੰ ਵਿਚਾਲੇ ਬਿਠਾ ਕੇ ਆਪ ਪਿੱਛੇ ਬੈਠ ਗਈ ਤੇ ਛੋਟਾ ਮੁੰਡਾ ਜੀਤ ਨੇ ਮੂਹਰੇ ਬਿਠਾ ਲਿਆ । ਰਸਤੇ ਵਿੱਚ ਜਾਂਦੇ ਇੱਕ ਥਾਈਂ ਸੜਕ ਟੁੱਟੀ ਹੋਣ ਕਰਕੇ ਜਿੰਦੋ ਸਕੂਟਰ ਦੇ ਉਛਲਣ ਤੇ ਪਿੱਛੇ ਸੜਕ ਤੇ ਡਿੱਗ ਗਈ। ਆਉਂਦੇ ਜਾਂਦੇ ਕਿਸੇ ਰਾਹੀ ਦੀ ਮਦਦ ਨਾਲ ਜਿੰਦੋ ਨੂੰ ਜਦ ਉਠਾਇਆ ਤੇ ਹਸਪਤਾਲ ਲੈ ਕੇ ਗਿਆ ਤਾਂ ਉਸ ਦੀ ਪੁੜਪੜੀ ਵਿੱਚੋਂ ਬਹੁਤ ਖੂਨ ਵਹਿ ਜਾਣ ਕਰਕੇ ਉਸ ਦੀ ਮੌਤ ਹੋ ਗਈ । ਸਾਰੇ ਰਿਸ਼ਤੇਦਾਰ ਆ ਗਏ। ਮੋਹਣਾ ਵੀ ਆਪਣੇ ਰਿਸ਼ਤੇਦਾਰ ਲੈ ਕੇ ਆ ਗਿਆ। ਉਸ ਨੇ ਹਸਪਤਾਲ ਵਿੱਚ ਹੀ ਰੌਲ਼ਾ ਪਾ ਲਿਆ ਕਿ ਉਸ ਦੇ ਸਹੁਰਿਆਂ ਨੇ ਉਸ ਦੀ ਘਰਵਾਲ਼ੀ ਦੇ ਸਿਰ ਵਿੱਚ ਕੁਛ ਮਾਰ ਕੇ ਦਾ ਕਤਲ ਕੀਤਾ ਹੈ। ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਆਮੋ ਸਾਹਮਣੇ ਆ ਗਈਆਂ। ਪੰਚਾਇਤ ਵਿੱਚ ਬੈਠ ਕੇ ਫੈਸਲਾ ਇਹ ਹੋਇਆ ਕਿ ਮੋਹਣਾ ਆਪਣੇ ਸਹੁਰਿਆਂ ‘ਤੇ ਇੱਕ ਸ਼ਰਤ ਤੇ ਕੋਈ ਕੇਸ ਨਹੀਂ ਕਰੇਗਾ ਜੇ ਜਿੰਦੋ ਦੇ ਭੋਗ ਤੋਂ ਬਾਅਦ ਉਸ ਨਾਲ ਸਤਬੀਰ ਨੂੰ ਚੁੰਨੀ ਚੜ੍ਹਾ ਕੇ ਤੋਰ ਦੇਣਗੇ। ਜਿੰਦੋ ਦੇ ਮਾਪੇ ਮਰਦੇ ਅੱਕ ਨਾ ਚੱਬਦੇ ਤਾਂ ਹੋਰ ਕੀ ਕਰਦੇ। ਆਪਣੇ ਭਰਾ ਦੇ ਭਵਿੱਖ ਨੂੰ ਕੋਰਟ ਕਚਹਿਰੀਆਂ ਵਿੱਚ ਰੁਲਣ ਤੋਂ ਬਚਾਉਣ ਲਈ ਅਤੇ ਦੋ ਪੰਚਾਇਤਾਂ ਦੇ ਫੈਸਲਿਆਂ ਦੇ ਸਾਹਮਣੇ ਸਤਬੀਰ ਮਜ਼ਬੂਰ ਹੋ ਗਈ ਸੀ। ਉਸ ਦੇ ਨਖ਼ਰੇ ਤੇ ਰੰਗ ਰੂਪ ਸਭ ਦਫ਼ਨ ਹੋ ਗਿਆ ਸੀ। ਫ਼ੈਸਲੇ ਮੁਤਾਬਕ ਉਸ ਨੂੰ ਮੋਹਣੇ ਨਾਲ਼ ਵਿਆਹ ਦਿੱਤਾ ਗਿਆ। ਉਹ ਪਿੰਡ ਦੀਆਂ ਕੁੜੀਆਂ ਲਈ ਸਤਬੀਰ ਇੱਕ ਕੁੜੀ ਘੱਟ ਤੇ ਇੱਕ ਕਹਾਣੀ ਵੱਧ ਬਣ ਗਈ ਸੀ। ਜਿਵੇਂ ਉਹ ਲੋਕਾਂ ਨੂੰ ਕਹਿੰਦੀ ਹੁੰਦੀ ਸੀ ਕਿ ਲੋਕ ਉਸ ਦੇ ਪਤੀ ਨੂੰ ਖੜ੍ਹ ਖੜ੍ਹ ਕੇ ਵੇਖਣਗੇ, ਸੱਚਮੁੱਚ ਲੋਕ ਖੜ੍ਹ ਖੜ੍ਹ ਕੇ ਤਾਂ ਦੇਖਦੇ ਪਰ ਉਹਨਾਂ ਨੂੰ ਦੇਖਦੇ ਸਾਰ ਹੀ ਪਿੰਡ ਦੀਆਂ ਕੁੜੀਆਂ ਉਸ ਦੀ ਜ਼ਿੰਦਗੀ ਨੂੰ ਇੱਕ ਕਹਾਣੀ ਵਾਂਗ ਸੁਣਾਉਣ ਲੱਗਦੀਆਂ । ਜ਼ਿੰਦਗੀ ਦਾ ਕੀ ਭਰੋਸਾ ਹੁੰਦਾ ਹੈ ਕਦ ਕਰਵਟ ਲੈ ਲਵੇ ,ਇਸ ਲਈ ਕਦੇ ਰੰਗ ਰੂਪ,ਹੁਸਨ ਤੇ ਜਵਾਨੀ ਦਾ ਮਾਣ ਨਹੀਂ ਕਰਨਾ ਚਾਹੀਦਾ ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਲੱਸਟਰ ਪੱਧਰ ਤੇ ਰੀਲ ਮੇਕਿੰਗ ਮੁਕਾਬਲੇ
Next articleTARLOCHAN SINGH VIRK INTERVIEWED SATNAM SINGH MANAGER OF PUNJAB UNITED DERBY UNDER 13s FOOTBALL TEAM