(ਸਮਾਜ ਵੀਕਲੀ)– ਸਕੂਲੀ ਜੀਵਨ ਮਨੁੱਖ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਅਤੇ ਅਹਿਮ ਦੌਰ ਹੁੰਦਾ ਹੈ। ਇਸ ਦੌਰਾਨ ਬੱਚਾ ਐਨਾ ਕੁਝ ਨਵਾਂ ਸਿੱਖ ਰਿਹਾ ਹੁੰਦਾ ਹੈ ਕਿ ਉਹੀ ਉਸ ਦੇ ਭਵਿੱਖ ਦੀ ਉਸਾਰੀ ਕਰਨ ਵਿੱਚ ਸਹਾਈ ਹੁੰਦਾ ਹੈ ਬਿਲਕੁਲ ਉਵੇਂ ਜਿਵੇਂ ਇਮਾਰਤ ਬਣਾਉਣ ਲਈ ਪਹਿਲਾਂ ਨੀਂਹ ਦੀ ਉਸਾਰੀ ਕੀਤੀ ਜਾਂਦੀ ਹੈ। ਇਸ ਤਰ੍ਹਾਂ ਮਨੁੱਖੀ ਜ਼ਿੰਦਗੀ ਦਾ ਸਕੂਲੀ ਦੌਰ ਵੀ ਉਸ ਦੇ ਭਵਿੱਖ ਨਿਰਮਾਣ ਵਿੱਚ ਨੀਂਹ ਦਾ ਕੰਮ ਹੀ ਕਰਦਾ ਹੈ। ਬੱਚਿਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਦੋ ਧਿਰਾਂ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ ,ਉਹ ਹਨ ਮਾਪੇ ਅਤੇ ਅਧਿਆਪਕ। ਇਹਨਾਂ ਦੋਹਾਂ ਧਿਰਾਂ ਦਾ ਆਪਸ ਵਿੱਚ ਤਾਲਮੇਲ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ।
ਅੱਜ ਤੋਂ ਤਿੰਨ ਚਾਰ ਦਹਾਕੇ ਪਿੱਛੇ ਨਜ਼ਰ ਮਾਰੀਏ ਤਾਂ ਪੜ੍ਹੇ ਲਿਖੇ ਮਾਪਿਆਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਸੀ ਜਿਸ ਕਰਕੇ ਉਹਨਾਂ ਲਈ ਅਧਿਆਪਕ ਗੁਰੂਆਂ ਦੇ ਬਰਾਬਰ ਦਾ ਦਰਜਾ ਰੱਖਦੇ ਸਨ।ਜਿੰਨੀ ਇੱਜ਼ਤ ਉਹ ਅਧਿਆਪਕਾਂ ਨੂੰ ਦਿੰਦੇ ਸਨ ਓਨੀਂ ਇੱਜ਼ਤ ਹੀ ਬੱਚੇ ਅਧਿਆਪਕਾਂ ਨੂੰ ਦਿੰਦੇ ਸਨ। ਵੱਡਿਆਂ ਪ੍ਰਤੀ ਇੱਜ਼ਤ ਕਰਨ ਦਾ ਨਜ਼ਰੀਆ ਰੱਖਣ ਦਾ ਸੰਸਕਾਰ ਉੱਥੋਂ ਹੀ ਸ਼ੁਰੂ ਹੋ ਜਾਂਦਾ ਸੀ । ਉਦੋਂ ਮਾਪਿਆਂ, ਅਧਿਆਪਕਾਂ ਅਤੇ ਸਾਰਿਆਂ ਵੱਡਿਆਂ ਵੱਲੋਂ ਆਖੀ ਗੱਲ ਬੱਚਿਆਂ ਲਈ ਪੱਥਰ ਤੇ ਲਕੀਰ ਦਾ ਕੰਮ ਕਰਦੀ ਸੀ। ਇਸ ਲਈ ਆਉਣ ਵਾਲੀਆਂ ਪੀੜ੍ਹੀਆਂ ਬਹੁਤ ਸੰਸਕਾਰੀ ਹੁੰਦੀਆਂ ਸਨ। ਦੋ ਕੁ ਦਹਾਕੇ ਪਹਿਲਾਂ ਪਾੜ੍ਹਿਆਂ ਦੀ ਗਿਣਤੀ ਵਧਣ ਕਾਰਨ ਅੱਧਿਆਂ ਕੁ ਬੱਚਿਆਂ ਦੇ ਮਾਪੇ ਪੜ੍ਹੇ ਲਿਖੇ ਹੋਣ ਕਰਕੇ ਅਧਿਆਪਕਾਂ ਦੇ ਪੜ੍ਹਾਉਣ ਜਾਂ ਵਤੀਰੇ ਵਿੱਚ ਨੁਕਤਾਚੀਨੀ ਕਰਨ ਵਾਲ਼ੇ ਮਾਪੇ ਵਧਣ ਲੱਗੇ ਜਿਸ ਕਰਕੇ ਅਧਿਆਪਕਾਂ ਅਤੇ ਮਾਪਿਆਂ ਵਿੱਚ ਆਪਸੀ ਤਾਲਮੇਲ ਘਟਣ ਲੱਗਿਆ।ਜਿਸ ਦਾ ਅਸਰ ਸਿੱਧੇ ਤੌਰ ਤੇ ਬੱਚਿਆਂ ਦੇ ਵੱਡਿਆਂ ਪ੍ਰਤੀ ਰਵੱਈਏ ਦੇ ਉੱਪਰ ਪੈਣਾ ਸ਼ੁਰੂ ਹੋਇਆ। ਫਿਰ ਬੱਚੇ ਨਾ ਤਾਂ ਪਹਿਲਾਂ ਵਾਂਗ ਅਧਿਆਪਕਾਂ ਦਾ ਸਤਿਕਾਰ ਕਰਦੇ ਸਨ ਤੇ ਨਾ ਹੀ ਮਾਪਿਆਂ ਦਾ,ਜਿਸ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਆਪਹੁਦਰਾਪਣ ਵਧਣ ਲੱਗਿਆ।
ਪਿਛਲੇ ਇੱਕ ਦਹਾਕੇ ਤੋਂ ਲੈਕੇ ਹੁਣ ਤੱਕ ਦੇ ਤਕਰੀਬਨ ਸਾਰੇ ਮਾਪੇ ਪੜ੍ਹੇ ਲਿਖੇ ਹੋਣ ਕਰਕੇ ਮਾਪਿਆਂ ਅਤੇ ਵਿਦਿਆਰਥੀਆਂ ਦਾ ਅਧਿਆਪਕਾਂ ਪ੍ਰਤੀ ਵਰਤਾਰਾ ਪੂਰੀ ਤਰ੍ਹਾਂ ਹੀ ਪਲਟ ਗਿਆ ਹੈ। ਜਦੋਂ ਤੋਂ ਵਿੱਦਿਆ ਦਾ ਵਪਾਰੀਕਰਨ ਵਧਣ ਲੱਗਿਆ ਹੈ ਮਾਪੇ ,ਸਕੂਲਾਂ ਜਾਂ ਅਧਿਆਪਕਾਂ ਨੂੰ ਇੱਕ ਚੰਗੇ ਕਾਰੀਗਰਾਂ ਵਾਂਗ ਬਹੁਤੀ ਰਕਮ ਦੀ ਅਦਾਇਗੀ ਕਰਕੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਖਰੀਦਦਾਰ ਬਣਦੇ ਹਨ। ਅੱਜ ਦੇ ਮਾਪੇ ਕਾਨੂੰਨ ਦੇ ਗਿਆਤਾ, ਬੱਚਿਆਂ ਦੇ ਬਚਪਨ ਨੂੰ ਐਸ਼ੋ ਇਸ਼ਰਤ ਭਰਪੂਰ ਜੀਵਨ ਬਣਾਉਣ ਲਈ ਹਰ ਸਾਧਨ ਮੁਹੱਈਆ ਕਰਵਾਉਣ ਲਈ ਤਤਪਰ ਤਿਆਰ ਬਰ ਤਿਆਰ ਰਹਿਣ ਲੱਗੇ, ਚਾਹੇ ਇਸ ਲਈ ਉਹਨਾਂ ਨੂੰ ਜਾ ਕੇ ਸਿੱਧੇ ਤੌਰ ਤੇ ਸਕੂਲ ਪ੍ਰਬੰਧਕਾਂ ਨਾਲ ਹੀ ਟੱਕਰ ਕਿਉਂ ਨਾ ਲੈਣੀ ਪਵੇ, ਬੱਚਿਆਂ ਦੀਆਂ ਦੋਸਤਾਂ ਨਾਲ ਹੋਈਆਂ ਨਿੱਕੀਆਂ ਮੋਟੀਆਂ ਲੜਾਈਆਂ ਨੂੰ ਸਕੂਲ ਅਤੇ ਸਕੂਲੀ ਪ੍ਰਬੰਧਕਾਂ ਲਈ ਇੱਕ ਵੱਡਾ ਵਿਵਾਦ ਖੜ੍ਹਾ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਅੱਜ ਕੱਲ੍ਹ ਦੇ ਮਾਪੇ ਆਪਣੀ ਵਿਦਵਤਾ ਦਾ ਸਬੂਤ ਪੇਸ਼ ਕਰਨ ਲਈ ਆਪਣੇ ਬੱਚਿਆਂ ਸਾਹਮਣੇ ਹੀ ਉਹਨਾਂ ਦੇ ਅਧਿਆਪਕਾਂ ਦੇ ਪੜ੍ਹਾਉਣ ਦੇ ਤਰੀਕਿਆਂ ਵਿੱਚ ਇਸ ਤਰ੍ਹਾਂ ਨਘੋਚਾਂ ਕੱਢਦੇ ਹਨ ਜਿਵੇਂ ਇੱਕ ਮਜ਼ਦੂਰ ਤੋਂ ਇਮਾਰਤ ਬਣਾਉਣ ਵੇਲੇ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ,ਜਿਸ ਨਾਲ ਬੱਚਿਆਂ ਦੇ ਮਨ ਵਿੱਚ ਅਧਿਆਪਕਾਂ ਪ੍ਰਤੀ ਗਿਆਨ ਵਿਹੂਣੇ ਹੋਣ ਦੀ ਭਾਵਨਾ ਪੈਦਾ ਹੋਣ ਕਰਕੇ ਉਹਨਾਂ ਲਈ ਸਤਿਕਾਰ ਦਾ ਭਾਵ ਘਟਦਾ ਜਾ ਰਿਹਾ ਹੈ। ਅਧਿਆਪਕਾਂ ਦੁਆਰਾ ਬੱਚਿਆਂ ਨੂੰ ਹਲਕੀ ਜਿਹੀ ਚਪੇੜ ਮਾਰਨ ਤੇ ਵਿਵਾਦ ਖੜ੍ਹਾ ਕਰ ਦੇਣਾ, ਫੀਸਾਂ ਲਈ ਧਰਨੇ ਦੇਣਾ, ਅੱਜ ਕੱਲ੍ਹ ਸਕੂਲਾਂ ਅਤੇ ਅਧਿਆਪਕਾਂ ਦੀ ਖ਼ਿਲਾਫ਼ਤ ਕਰਨ ਲਈ ਕਈ ਮਾਪਿਆਂ ਵੱਲੋਂ ਸੋਸ਼ਲ ਮੀਡੀਆ ਤੇ ਗਰੁੱਪ ਬਣਾ ਕੇ ਆਪਸ ਵਿੱਚ ਵਿਚਾਰ ਵਟਾਂਦਰਾ ਆਦਿਕ ਗੱਲਾਂ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਹੋਣ ਵਿੱਚ ਰੁਕਾਵਟ ਬਣਦੀਆਂ ਹਨ ।
ਇਸ ਤਰ੍ਹਾਂ ਮਾਪਿਆਂ ਦੀ ਅਧਿਆਪਕਾਂ ਨਾਲ ਤਾਲਮੇਲ ਦੀ ਕਮੀ ਹੋਣ ਕਾਰਨ ਅੱਜ ਕੱਲ੍ਹ ਦੀ ਪੀੜ੍ਹੀ ਉਹਨਾਂ ਉੱਤੇ ਹੀ ਭਾਰੂ ਪੈ ਰਹੀ ਹੈ ਜਿਸ ਕਰਕੇ ਉਹਨਾਂ ਅੰਦਰ ਘਰੇਲੂ ਵਾਤਾਵਰਨ ਵਿੱਚ ਸਦਾਚਾਰਕ ਕਦਰਾਂ ਕੀਮਤਾਂ ਦਾ ਘਟਣਾ , ਵੱਡਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਦਾ ਘਟਦੇ ਜਾਣਾ, ਵੱਡਿਆਂ ਤੋਂ ਸ਼ਰਮ ਹਯਾ ਦਾ ਪਰਦਾ ਲਾਹ ਸੁੱਟਣਾ, ਆਪਹੁਦਰਾਪਣ ਵਧਣਾ ਅਤੇ ਹੋਰ ਬਹੁਤ ਸਾਰੀਆਂ ਨਾਕਾਰਾਤਮਕ ਗੱਲਾਂ ਦਾ ਉਪਜਣਾ ਇਸੇ ਦਾ ਨਤੀਜਾ ਹੀ ਹੈ। ਇਸ ਲਈ ਮਾਪੇ ਆਪਣੇ ਬੱਚਿਆਂ ਤੋਂ ਜਿਹੋ ਜਿਹੇ ਵਿਵਹਾਰ ਦੀ ਆਸ ਰੱਖਦੇ ਹਨ ਉਹੋ ਜਿਹਾ ਰਵੱਈਆ ਹੀ ਉਹਨਾਂ ਨੂੰ ਉਹਨਾਂ ਦੇ ਅਧਿਆਪਕਾਂ ਪ੍ਰਤੀ ਅਪਣਾਉਣਾ ਪਵੇਗਾ,ਇਸ ਲਈ ਮਾਪਿਆਂ ਅਤੇ ਅਧਿਆਪਕਾਂ ਦਾ ਆਪਸੀ ਤਾਲਮੇਲ ਬਣਾਉਣਾ ਬਹੁਤ ਜ਼ਰੂਰੀ ਹੈ । ਬੱਚਿਆਂ ਦੇ ਭਵਿੱਖ ਨਿਰਮਾਣ ਦੇ ਨਾਲ ਨਾਲ ਆਪਣੀ ਬਿਰਧ ਅਵਸਥਾ ਵਿੱਚ ਆਪਣੇ ਬੱਚਿਆਂ ਦੇ ਪੂਰਨ ਸਹਿਯੋਗ ਲਈ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly