ਸ਼ਬਦਾਂ ਦੀ ਪਰਵਾਜ਼:

(ਸਮਾਜ ਵੀਕਲੀ)

ਅਰਬੀ ਭਾਸ਼ਾ ਦੇ ‘ਮਅ’ ਅਗੇਤਰ ਨਾਲ਼ ਬਣੇ ਕੁਝ ਪੰਜਾਬੀ ਸ਼ਬਦ-
ਅੱਜ ਤੋਂ ਲਗ-ਪਗ ਅੱਧੀ ਕੁ ਸਦੀ ਪਹਿਲਾਂ ਪੰਜਾਬ ਦੇ ਇਤਿਹਾਸਿਕ ਨਗਰ ਰਾਹੋਂ (ਨਵਾਂਸ਼ਹਿਰ) ਦੇ ਸਰਕਾਰੀ ਹਾਈ ਸਕੂਲ (ਹੁਣ ਸੀ.ਸੈ.) ਵਿਖੇ ਬਤੌਰ ਅਧਿਆਪਕ ਸਰਕਾਰੀ ਨੌਕਰੀ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ ਜਦੋਂ ਮੈਨੂੰ ਛੇਵੀਂ ਜਮਾਤ ਦਾ ਰਜਿਸਟਰ ਦਿੱਤਾ ਗਿਆ ਤਾਂ ਚਾਰਜ ਦੇਣ ਵਾਲ਼ੇ ਪੁਰਾਣੇ/ਛੇਤੀ ਹੀ ਸੇਵਾ-ਮੁਕਤ ਹੋ ਜਾਣ ਵਾਲ਼ੇ ਉਰਦੂ ਪੜ੍ਹੇ ਅਧਿਆਪਕ ਗਿਆਨੀ ਗੋਪਾਲ ਸਿੰਘ ਜੀ ਨੇ ਹਾਜ਼ਰੀ-ਰਜਿਸਟਰ ਵਿੱਚ ਜਿਹੜੀ ਇਬਾਰਤ ਲਿਖੀ, ਉਸ ਵਿੱਚ ਇਹ ਸ਼ਬਦ ਵੀ ਲਿਖੇ ਕਿ ਚਾਰਜ ‘ਬਮੈ ਰਜਿਸਟਰ’ ਦਿੱਤਾ ਗਿਆ ਹੈ।

‘ਬਮੈ’ ਸ਼ਬਦ ਪੜ੍ਹ ਕੇ ਮੈਂ ਕੁਝ ਅਚੰਭੇ ਜਿਹੇ ‘ਚ ਪੈ ਗਿਆ। ਇਸ ਸ਼ਬਦ ਤੋਂ ਇਸ ਗੱਲ ਦਾ ਤਾਂ ਪਤਾ ਲੱਗਦਾ ਸੀ ਕਿ ਇਸ ਦਾ ਭਾਵ ਸਮੇਤ (ਰਜਿਸਟਰ ਫ਼ੀਸਾਂ ਆਦਿ ਸਮੇਤ) ਹੀ ਹੋਵੇਗਾ ਪਰ ਇਸ ਸ਼ਬਦ ਦਾ ਤਕਨੀਕੀ ਤੌਰ ‘ਤੇ ਵਿਸ਼ਲੇਸ਼ਣ ਕੀਤਿਆਂ ਕੁਝ ਵੀ ਪੱਲੇ ਨਹੀਂ ਸੀ ਪੈ ਰਿਹਾ। ਇਸ ਗੱਲ ਨੂੰ ਬੀਤਿਆਂ ਅਨੇਕਾਂ ਵਰ੍ਹੇ ਬੀਤ ਗਏ ਪਰ ਇਸ ਦਾ ਉੱਤਰ ਕੋਸ਼ਸ਼ ਕਰਨ ਦੇ ਬਾਵਜੂਦ ਕਿਤਿਓਂ ਨਾ ਮਿਲ਼ਿਆ। ਖ਼ੈਰ, ਇਹ ਸ਼ਬਦ ਮੇਰੇ ਜ਼ਿਹਨ ਵਿੱਚ ਲਗਾਤਾਰ ਕਿਤੇ ਨਾ ਕਿਤੇ ਅਟਕਿਆ ਰਿਹਾ। ਉਹਨਾਂ ਸਮਿਆਂ ਵਿੱਚ ਗਿਆਨ-ਪ੍ਰਾਪਤੀ ਦੇ ਸਾਧਨ ਵੀ ਬੜੇ ਘੱਟ ਹੁੰਦੇ ਸਨ ਪਰ ਬਾਅਦ ਵਿੱਚ ਜਦੋਂ ਸ਼ਬਦਾਂ ਨਾਲ਼ ਬਹੁਤ ਨੇੜਿਓਂ ਵਾਹ ਪਿਆ ਤਾਂ ਇਸ ਸ਼ਬਦ ਦਾ ਅਧਿਐਨ ਕੀਤਿਆਂ ਪਤਾ ਲੱਗਾ ਕਿ ਇਹ ਸ਼ਬਦ ਅਰਬੀ/ਫ਼ਾਰਸੀ ਭਾਸ਼ਾਵਾਂ ਦੇ ਪਿਛੋਕੜ ਦਾ ਹੈ ਅਤੇ ਇਸ ਵਿਚਲੇ ‘ਬ’ ਅਤੇ ‘ਮੈ’ (ਮਅ=ਫ਼ਾਰਸੀ ਲਿਪੀ ਦੇ ਮੀਮ ਅਤੇ ਐਨ ਅੱਖਰਾਂ ਦੇ ਮੇਲ਼ ਨਾਲ਼ ਬਣਿਆ ਸ਼ਬਦ) ਸ਼ਬਦਾਂ ਦਾ ਭਾਵ ਲਗ-ਪਗ ਇਕਸਮਾਨ ਹੀ ਹੈ।

‘ਬ’ ਅਗੇਤਰ ਦਾ ਅਰਥ ਹੈ- ਨਾਲ਼ ਜਾਂ ਵਿੱਚ ਆਦਿ, ਜਿਵੇਂ: ਬਜ਼ਿਦ ( ਬ+ਜ਼ਿਦ= ਜ਼ਿਦ ਨਾਲ਼), ਬਖ਼ੂਬੀ (ਬ+ਖ਼ੂਬੀ), ਬਦਸਤੂਰ (ਬ+ਦਸਤੂਰ) ਅਤੇ ‘ਮਅ’ ਦਾ ਅਰਥ ਹੈ- ਸਾਥ, ਸਮੇਤ ਜਾਂ ਨਾਲ਼ ਆਦਿ, ਜਿਵੇਂ: ਮਸਰੂਰ (ਸਰੂਰ ਸਮੇਤ) ਅਤੇ ਮਹਿਦੂਦ (ਹੱਦਬੰਦੀ ਸਮੇਤ/ਹੱਦਬੰਦੀ ਕੀਤਾ ਗਿਆ) ਆਦਿ। ਨਾਲ਼ ਹੀ ਇੱਕ ਹੋਰ ਗੱਲ ਇਹ ਵੀ ਸਪਸ਼ਟ ਹੋਈ ਕਿ ‘ਮਅ’ ਅਗੇਤਰ ਦੀ ਵਰਤੋਂ ਭਾਵੇਂ ਬਹੁਤ ਸਾਰੇ ਸ਼ਬਦਾਂ ਵਿੱਚ ਇੱਕ ਅਗੇਤਰ ਦੇ ਤੌਰ ਤੇ ਕੀਤੀ ਜਾਂਦੀ ਹੈ ਪਰ ‘ਬਮੈ’ (ਬ+ਮਅ) ਸ਼ਬਦ ਵਾਂਗ ਇਹ ਕਦੇ-ਕਦਾਈਂ ਕਿਸੇ ਸ਼ਬਦ ਦੇ ਪਿੱਛੇ ਲੱਗ ਕੇ ਵੀ ਆਪਣੇ ਅਰਥ ਦੇ ਦਿੰਦਾ ਹੈ।

ਇਸ ਅਗੇਤਰਨੁਮਾ ‘ਮਅ’ ਸ਼ਬਦ ਨਾਲ਼ ਇਹਨਾਂ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦ ਬਣੇ ਹਨ ਜੋਕਿ ਬਜ਼ਰੀਆ ਫ਼ਾਰਸੀ ਸਾਡੇ ਤੱਕ ਪਹੁੰਚੇ ਹਨ। ਕਈ ਵਾਰ ਪਹਿਲੀ ਨਜ਼ਰੇ ਦੇਖਿਆਂ ਇਹਨਾਂ ਸ਼ਬਦਾਂ ਦੇ ਅਰਥ ਸਮਝਣੇ ਰਤਾ ਮੁਸ਼ਕਲ ਹੋ ਜਾਂਦੇ ਹਨ ਪਰ ਜੇਕਰ ਇਹਨਾਂ ਵਿੱਚੋਂ ‘ਮਅ’ ਅਗੇਤਰ ਵੱਖ ਕਰਕੇ ਬਾਕੀ ਸ਼ਬਦ ਦੇ ਅਰਥਾਂ ‘ਤੇ ਨਜ਼ਰਸਾਨੀ ਕਰ ਲਈ ਜਾਵੇ ਤਾਂ ਸਮੁੱਚੇ ਸ਼ਬਦ ਦਾ ਅਰਥ ਜਾਣਨਾ ਬਹੁਤ ਅਸਾਨ ਹੋ ਜਾਂਦਾ ਹੈ। ਧਿਆਨ ਰੱਖਣ ਵਾਲ਼ੀ ਇੱਕ ਹੋਰ ਗੱਲ ਇਹ ਵੀ ਹੈ ਕਿ ਕਿਸੇ ਮੂਲ ਸ਼ਬਦ ਨਾਲ਼ ਜੁੜਨ ਸਮੇਂ ਕਈ ਵਾਰ ਇਸ ਦੇ ਆਪਣੇ ਰੂਪ ਵਿੱਚ ਵੀ ਕੁਝ ਤਬਦੀਲੀ ਆ ਜਾਂਦੀ ਹੈ ਅਤੇ ਕਈ ਵਾਰ ਇਹ ਆਪ ਤੋਂ ਪਿੱਛੋਂ ਲੱਗਣ ਵਾਲ਼ੇ ਮੂਲ ਸ਼ਬਦ ਨੂੰ ਵੀ ਕਿਸੇ ਹੱਦ ਤੱਕ ਬਦਲ ਦਿੰਦਾ ਹੈ, ਜਿਵੇਂ ਮੁਲਜ਼ਮ (ਮਅ+ਇਲਜ਼ਾਮ), ਮਜ਼ਲੂਮ (ਮਅ+ਜ਼ੁਲਮ) ਅਤੇ ਮੁਲਾਜ਼ਮ (ਮਅ+ਲਾਜ਼ਮੀ) ਆਦਿ। ਆਓ, ਅਜਿਹੇ ਕੁਝ ਸ਼ਬਦਾਂ ਤੇ ਉਹਨਾਂ ਦੀ ਸ਼ਬਦ-ਬਣਤਰ ਵੱਲ ਇੱਕ ਸਰਸਰੀ ਨਜ਼ਰ ਮਾਰੀਏ।

ਸਭ ਤੋਂ ਪਹਿਲਾਂ ਜੇਕਰ ਉਪਰੋਕਤ ਸ਼ਬਦ ‘ਨਜ਼ਰ’ ਵੱਲ ਹੀ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਅਰਬੀ ਭਾਸ਼ਾ ਦੇ ਇਸ ਸ਼ਬਦ ਦਾ ਭਾਵ ਹੈ- ਨਿਗ੍ਹਾ ਜਾਂ ਅੱਖ ਦੀ ਰੋਸ਼ਨੀ। ਇਸ ਨਾਲ਼ ‘ਮਅ’ ਅਗੇਤਰ ਲੱਗ ਕੇ ਸ਼ਬਦ ਮੰਜ਼ਰ (ਮਅ+ਨਜ਼ਰ) ਬਣਿਆ ਹੈ ਜਿਸ ਦਾ ਭਾਵ ਹੈ- ਦੇਖਿਆ ਜਾਣ ਵਾਲ਼ਾ ਜਾਂ ਦੇਖਣਯੋਗ ਅਰਥਾਤ ਕੋਈ ਦ੍ਰਿਸ਼ ਆਦਿ। ‘ਮੰਜ਼ਰ’ ਸ਼ਬਦ ਦਾ ਬਹੁਵਚਨ ‘ਮਨਾਜ਼ਰ’ ਹੈ। ‘ਮੰਜ਼ਰ’ ਸ਼ਬਦ ਵਿੱਚ ਭਾਵੇਂ ਨਜ਼ਰ ਵਿਚਲੇ ‘ਨ’ ਅੱਖਰ ਨੇ ਟਿੱਪੀ ਦਾ ਰੂਪ ਧਾਰ ਲਿਆ ਹੈ ਪਰ ਇਸ ਦੇ ਬਹੁਵਚਨ-ਰੂਪ ‘ਮਨਾਜ਼ਰ’ ਵਿੱਚ ਇਹ ਟਿੱਪੀ ‘ਨ’ ਦੇ ਰੂਪ ਵਿੱਚ ਇੱਕ ਵਾਰ ਫਿਰ ਜਲਵਾਗਰ ਹੋ ਜਾਂਦੀ ਹੈ। ਇਸੇ ਤਰ੍ਹਾਂ ‘ਮਨਜ਼ੂਰ’ (ਮਅ+ਨਜ਼ਰ) ਸ਼ਬਦ ਵੀ ਇਸੇ ਹੀ ਸ਼ਬਦ ‘ਨਜ਼ਰ’ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਨਜ਼ਰ ਕੀਤਾ ਗਿਆ, ਨਜ਼ਰ ਚੜ੍ਹਾਇਆ ਜਾਂ ਭੇਟ ਕੀਤਾ ਗਿਆ ਅਰਥਾਤ ਪਸੰਦ ਕੀਤਾ ਜਾਂ ਕਰਵਾਇਆ ਗਿਆ।
ਇਸੇ ਤਰ੍ਹਾਂ ਅਰਬੀ ਭਾਸ਼ਾ ਦਾ ਹੀ ਇੱਕ ਸ਼ਬਦ ਹੈ- ‘ਹੁੱਬ’ ਜਿਸ ਦਾ ਅਰਥ ਹੈ- ਚਾਹਤ ਜਾਂ ਪਿਆਰ।

ਮੁਹੱਬਤ (ਮਅ+ ਹੁੱਬ+ਤ) ਸ਼ਬਦ ਇਸੇ ਮੂਲ ਸ਼ਬਦ ‘ਹੁੱਬ’ ਤੋਂ ਹੀ ਬਣਿਆ ਹੈ ਜਿਸ ਦਾ ਭਾਵ ਹੈ- ਪਿਆਰ-ਭਾਵਨਾ ਜਾਂ ਚਾਹਤ ਭਰਿਆ ਅਹਿਸਾਸ। ਇਸੇ ਕਰਕੇ ਉਰਦੂ ਭਾਸ਼ਾ ਵਿੱਚ ਦੇਸ-ਪਿਆਰ ਨੂੰ ‘ਹੁੱਬ-ਉੱਲ-ਵਤਨੀ’ (ਦੇਸ ਦਾ ਪਿਆਰ/ਦੇਸ-ਪਿਆਰ ) ਆਖਿਆ ਜਾਂਦਾ ਹੈ। ‘ਉਲ’ ਸੰਬੰਧਕ ਦਾ ਅਰਥ ਹੈ- ਦਾ। ਬਹੁਤ ਹੁੱਬਣਾ ਜਾਂ ਹੁੱਬ-ਹੁੱਬ ਕੇ ਗੱਲਾਂ ਕਰਨੀਆਂ ਵਾਕਾਂਸ਼ ਪੰਜਾਬੀ ਵਿੱਚ ਇੱਕ ਮੁਹਾਵਰੇ ਦੇ ਤੌਰ ‘ਤੇ ਵੀ ਵਰਤੇ ਜਾਂਦੇ ਹਨ। ਉਰਦੂ/ਫ਼ਾਰਸੀ ਭਾਸ਼ਾਵਾਂ ਤੋਂ ਆਇਆ ਸ਼ਬਦ ‘ਮਾਸ਼ੂਕ’- ਮੁਹੱਬਤ ਸ਼ਬਦ ਦਾ ਬਹੁਤ ਨਜ਼ਦੀਕੀ ਸ਼ਬਦ ਹੈ ਜਿਹੜਾ ‘ਮਅ+ਇਸ਼ਕ’ ਸ਼ਬਦਾਂ ਤੋਂ ਬਣਿਆ ਹੈ ਜਿਸ ਦਾ ਭਾਵ ਹੈ- ਜਿਸ ਨਾਲ਼ ਇਸ਼ਕ ਜਾਂ ਪਿਆਰ ਹੋ ਗਿਆ ਹੋਵੇ। ਇਸੇ ਤਰ੍ਹਾਂ ਅਰਬੀ ਭਾਸ਼ਾ ਦਾ ਸ਼ਬਦ ‘ਮੁਰਸ਼ਦ’= ਮਅ+ਇਰਸ਼ਾਦ (ਹੁਕਮ ਕਰਨ ਵਾਲ਼ਾ/ਹਿਦਾਇਤ ਦੇਣ ਵਾਲ਼ਾ ਜਾਂ ਸਿੱਧੇ ਰਾਹ ਪਾਉਣ ਵਾਲ਼ਾ) ਸ਼ਬਦਾਂ ਤੋਂ ਬਣਿਆ ਹੋਇਆ ਹੈ।

ਕਿਸੇ ਦੀ ਉਡੀਕ ਕਰਨ ਵਾਲੇ ਨੂੰ ਉਰਦੂ/ਫ਼ਾਰਸੀ ਭਾਸ਼ਾਵਾਂ ਵਿੱਚ ‘ਮੁੰਤਜ਼ਿਰ’ (ਮਅ+ ਇੰਤਜ਼ਾਰ) ਆਖਿਆ ਜਾਂਦਾ ਹੈ ਜਿਹੜਾ ਕਿ ਫ਼ਾਰਸੀ ਭਾਸ਼ਾ ਦੇ ਸ਼ਬਦ ‘ਇੰਤਜ਼ਾਰ’ ਤੋਂ ਬਣਿਆ ਹੈ। ਪੰਜਾਬੀ ਵਿੱਚ ‘ਮਸ਼ਹੂਰ’ ਸ਼ਬਦ ਬੜਾ ਮਸ਼ਹੂਰ (ਪ੍ਰਸਿੱਧ) ਹੈ। ਇਹ ਸ਼ਬਦ ‘ਮਅ+ਸ਼ੁਹਰਤ’ ਸ਼ਬਦਾਂ ਤੋਂ ਬਣਿਆ ਹੈ ਜਿਨ੍ਹਾਂ ਦਾ ਅਰਥ ਹੈ- ਸ਼ੁਹਰਤ ਅਰਥਾਤ ਪ੍ਰਸਿੱਧੀ ਵਾਲ਼ਾ- ਜਿਸ ਦੀ ਪ੍ਰਸਿੱਧੀ ਦੂਰ-ਦੂਰ ਤੱਕ ਫੈਲ ਚੁੱਕੀ ਹੋਵੇ। ਮਹਿਸੂਲ (ਮਅ+ਹਾਸਲ) ਸ਼ਬਦ ਦਾ ਉਚਾਰਨ ਪੰਜਾਬੀ ਆਮ ਤੌਰ ‘ਤੇ ‘ਮਸੂਲ’ ਸ਼ਬਦ ਦੇ ਤੌਰ ‘ਤੇ ਹੀ ਕਰਦੇ ਹਨ। ਫ਼ਾਰਸੀ ਭਾਸ਼ਾ ਦਾ ਇਹ ਸ਼ਬਦ ‘ਹਾਸਲ’ (ਪ੍ਰਾਪਤ ਕਰਨਾ) ਤੋਂ ਬਣਿਆ ਹੈ ਜਿਸ ਦੇ ਅਰਥ ਹਨ- ਹਾਸਲ ਕੀਤਾ ਗਿਆ ਜਾਂ ਹਾਸਲ ਕੀਤਾ ਜਾਣ ਵਾਲ਼ਾ ਕੋਈ ਕਰ ਜਾਂ ਟੈੱਕਸ ਆਦਿ। ‘ਮੁਲਜ਼ਮ’ ਸ਼ਬਦ ‘ਮਅ+ਇਲਜ਼ਾਮ’ ਸ਼ਬਦਾਂ ਤੋਂ ਬਣਿਆ ਹੈ ਜਿਸ ਦਾ ਭਾਵ ਹੈ, ਉਹ ਬੰਦਾ ਜਿਸ ‘ਤੇ ਕਿਸੇ ਕਿਸਮ ਦਾ ਕੋਈ ਇਲਜ਼ਾਮ/ਦੋਸ਼ ਲੱਗਿਆ ਹੋਇਆ ਹੋਵੇ। ਇਸੇ ਤਰ੍ਹਾਂ ਉਹ ਮੁਲਜ਼ਮ ਜਿਹੜਾ ਪੁਲਿਸ-ਹਿਰਾਸਤ ਵਿੱਚੋਂ ਫ਼ਰਾਰ (ਭਗੌੜਾ) ਹੋ ਗਿਆ ਹੋਵੇ, ਉਸ ਨੂੰ ‘ਮਫ਼ਰੂਰ’ (ਮਅ+ਫ਼ਰਾਰ) ਆਖਿਆ ਜਾਂਦਾ ਹੈ।

ਉਹ ਸੇਵਾਵਾਂ ਜਿਹੜੀਆਂ ਕਿਸੇ ਅਦਾਰੇ ਵੱਲੋਂ ਕਿਸੇ ਵਿਅਕਤੀ-ਵਿਸ਼ੇਸ਼ ਲਈ ਨਿਭਾਉਣੀਆਂ ਲਾਜ਼ਮੀ ਕਰ ਦਿੱਤੀਆਂ ਜਾਣ, ਉਸ ਵਿਅਕਤੀ ਨੂੰ ਸੰਬੰਧਿਤ ਅਦਾਰੇ ਦਾ ‘ਮੁਲਾਜ਼ਮ’ (ਮਅ+ਲਾਜ਼ਮੀ) ਆਖਿਆ ਜਾਂਦਾ ਹੈ। ਉਰਦੂ/ਹਿੰਦੁਸਤਾਨੀ ਭਾਸ਼ਾਵਾਂ ਦੀਆਂ ਫ਼ਿਲਮਾਂ ਵਿੱਚ ਕਿਸੇ ਸਮੇਂ ‘ਮੋਇਆ-ਮਰਦੂਦ’ ਸ਼ਬਦ ਬੜਾ ਪ੍ਰਚਲਿਤ ਰਿਹਾ ਹੈ। ਮੋਇਆ ਸਬਦ ਦੇ ਅਰਥ ਤਾਂ ਅਸੀਂ ਜਾਣਦੇ ਹੀ ਹਾਂ ਪਰ ‘ਮਰਦੂਦ’ ਸ਼ਬਦ ਦੇ ਅਰਥਾਂ ਬਾਰੇ ਪਹਿਲੀ ਨਜ਼ਰੇ ਦੇਖਿਆਂ ਕੁਝ ਵੀ ਪਤਾ ਨਹੀਂ ਲੱਗਦਾ। ਆਮ ਤੌਰ ‘ਤੇ ਇਸ ਸ਼ਬਦ ਨੂੰ ਮਰਿਆ ਹੋਇਆ ਜਾਂ ‘ਮਰਿਆਂ ਸਮਾਨ’ ਦੇ ਅਰਥਾਂ ਵਾਲ਼ਾ ਸਮਝ ਲਿਆ ਜਾਂਦਾ ਹੈ ਪਰ ਇਹ ਸ਼ਬਦ ‘ਮਅ+ਰੱਦ’ ਸ਼ਬਦਾਂ ਤੋਂ ਬਣਿਆ ਹੈ ਜਿਸ ਦੇ ਅਰਥ ਹਨ- ਰੱਦ ਕੀਤਾ ਗਿਆ, ਰੱਦੀ ਕਿਸਮ ਦਾ ਭਾਵ ਕੋਈ ਫ਼ਜ਼ੂਲ ਜਿਹਾ ਬੰਦਾ।

ਰੇਡੀਓ/ਟੀਵੀ ਤੋਂ ਖ਼ਬਰਾਂ ਸੁਣਦਿਆਂ ਅਸੀਂ ਪਾਕਿਸਤਾਨੀ ਕਬਜ਼ੇ ਵਾਲ਼ੇ ਕਸ਼ਮੀਰ ਨਾਲ਼ ਸੰਬੰਧਿਤ ਸ਼ਬਦ ‘ਮਕਬੂਜ਼ਾ ਕਸ਼ਮੀਰ’ ਤਾਂ ਅਕਸਰ ਹੀ ਸੁਣਦੇ ਹਾਂ। ‘ਮਕਬੂਜ਼ਾ’ ਸ਼ਬਦ ਭਾਵੇਂ ਦੋ ਸ਼ਬਦਾਂ- ‘ਮਅ+ਕਬਜ਼ਾ’ ਤੋਂ ਬਣਿਆ ਹੋਇਆ ਹੈ ਪਰ ਇਸ ਸ਼ਬਦ ਵਿਚਲੇ ਦੁਲੈਂਕੜ ਇਸ ਦੀ ਸ਼ਬਦ-ਬਣਤਰ ਅਤੇ ਅਰਥਾਂ ਨੂੰ ਸਮਝਣ ਵਿੱਚ ਰੁਕਾਵਟ ਪੈਦਾ ਕਰਦੇ ਹਨ। ‘ਮਕਬੂਜ਼ਾ’ ਦੇ ਮੁਕਾਬਲੇ ‘ਮਕਬੂਲ’ ਸ਼ਬਦ ਦੇ ਅਰਥ ਸਮਝਣੇ ਸੌਖੇ ਹਨ ਕਿਉਂਕਿ ਇਸ ਸ਼ਬਦ ਦੇ ਸ਼ਬਦ-ਜੋੜਾਂ (ਮਅ+ਕਬੂਲ= ਜੋ ਹਰ ਪਾਸੇ, ਹਰ ਪੱਖੋਂ ਕਬੂਲ/ਮਨਜ਼ੂਰ ਕਰ ਲਿਆ ਗਿਆ ਹੋਵੇ) ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਕੀਤੀ ਗਈ ਹੈ। ਇਸੇ ਤਰ੍ਹਾਂ ਮੁਸਾਫ਼ਰ (ਮਅ+ਸਫ਼ਰ ਅਰਥਾਤ ਸਫ਼ਰ ਕਰਨ ਵਾਲ਼ਾ) ਸ਼ਬਦ ਸਮਝਣਾ ਵੀ ਸੌਖਾ ਹੈ। ‘ਮਕਬਰਾ’ ਸ਼ਬਦ ‘ਮਅ+ਕਬਰ’ ਸ਼ਬਦਾਂ ਤੋਂ ਬਣਿਆ ਹੈ ਜਿਸ ਦਾ ਭਾਵ ਹੈ ‘ਕਬਰ ਵਾਲ਼ੀ ਥਾਂ’।

ਪੰਜਾਬੀ ਵਿੱਚ “ਮਜ੍ਹਮਾ ਲਾਉਣਾ’ ਸ਼ਬਦ-ਜੁੱਟ ਤਾਂ ਇੱਕ ਮੁਹਾਵਰੇ ਦਾ ਰੂਪ ਹੀ ਧਾਰਨ ਕਰ ਚੁੱਕਿਆ ਹੈ। ਜਿੱਥੇ ਕੋਈ ਵਿਅਕਤੀ ਕੁਝ ਲੋਕਾਂ ਨੂੰ ਇਕੱਠਿਆਂ ਕਰਕੇ ਆਪਣਾ ਸਮਾਨ ਆਦਿ ਵੇਚ ਰਿਹਾ ਹੋਵੇ, ਕਿਸੇ ਚੀਜ਼ ਦੀ ਮਸ਼ਹੂਰੀ ਕਰ ਰਿਹਾ ਹੋਵੇ ਜਾਂ ਜਿੱਥੇ ਚਾਰ ਬੰਦਿਆਂ ਨੇ ਆਪਣੀ ਧਮਾ-ਚੌਕੜੀ ਜਮਾਈ ਹੋਵੇ, ਉਸ ਨੂੰ ਝੱਟ ‘ਮਜ੍ਹਮਾ ਲਾਉਣ’ ਦੀ ਸੰਗਿਆ ਦੇ ਦਿੱਤੀ ਜਾਂਦੀ ਹੈ। ਇਹ ਸ਼ਬਦ ਮਅ ਅਤੇ ਜਮ੍ਹਾ (ਇਕੱਠ) ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੈ। ਜਮਾਤ (ਸ਼੍ਰੇਣੀ) ਸ਼ਬਦ ਵੀ ‘ਜਮ੍ਹਾ’ ਸ਼ਬਦ ਤੋਂ ਹੀ ਬਣਿਆ ਹੈ ਅਰਥਾਤ ਉਹ ਥਾਂ ਜਿੱਥੇ ਇੱਕ ਪੱਧਰ ਜਾਂ ਸ਼੍ਰੇਣੀ ਦੇ ਕੁਝ ਬੱਚੇ ਇਕੱਠੇ ਬਹਿ ਕੇ ਸਿੱਖਿਆ ਪ੍ਰਾਪਤ ਕਰਨ। ਉਰਦੂ ਭਾਸ਼ਾ ਵਿੱਚ ਕਹਾਣੀਆਂ, ਕਵਿਤਾਵਾਂ ਜਾਂ ਹੋਰ ਰਚਨਾਵਾਂ ਆਦਿ ਦੇ ਸੰਗ੍ਰਹਿ ਨੂੰ ‘ਮਜਮੂਆ’ ਕਿਹਾ ਜਾਂਦਾ ਹੈ। ਇਹ ਸ਼ਬਦ ਵੀ ‘ਜਮ੍ਹਾ’ ਸ਼ਬਦ ਤੋਂ ਹੀ ਬਣਿਆ ਹੈ। ਇਸੇ ਤਰ੍ਹਾਂ ‘ਮਜਲਸ’ ਸ਼ਬਦ ਵੀ ਮਅ+ਜੁਲੂਸ (ਬੈਠਣ ਦੀ ਥਾਂ) ਸ਼ਬਦਾਂ ਤੋਂ ਬਣਿਆ ਹੋਇਆ ਹੈ ਅਰਥਾਤ ਉਹ ਥਾਂ ਜਿੱਥੇ ਕਿਸੇ ਮਸਲੇ ‘ਤੇ ਵਿਚਾਰ ਕਰਨ ਲਈ ਕੁਝ ਲੋਕਾਂ ਦਾ ਇਕੱਠ ਹੋਇਆ ਹੋਵੇ।

ਇਸ ਪ੍ਰਥਾਇ ਬੁੱਲ੍ਹੇ ਸ਼ਾਹ ਦਾ ਕਲਾਮ ਹੈ- “ਰਲ਼ ਫ਼ਕੀਰਾਂ ਮਜਲਿਸ ਕੀਤੀ, ਭੋਰਾ ਭੋਰਾ ਖਾਈਦਾ।” ਇਸੇ ਤਰ੍ਹਾਂ ਫ਼ੈਜ਼ ਅਹਿਮਦ ਫ਼ੈਜ਼ ਦਾ ਇੱਕ ਸ਼ਿਅਰ ਹੈ- “ਜਿਸ ਧਜ ਸੇ ਕੋਈ ਮਕਤਲ ਮੇਂ ਗਇਆ, ਵੋਹ ਸ਼ਾਨ ਸਲਾਮਤ ਰਹਿਤੀ ਹੈ, ਇਸ ਜਾਂ ਕੀ ਤੋ ਕੋਈ ਬਾਤ ਨਹੀਂ ਯੇਹ ਜਾਂ ਤੋ ਆਨੀ-ਜਾਨੀ ਹੈ।” ਇਸ ਸ਼ਿਅਰ ਵਿਚਲੇ ‘ਮਕਤਲ’ (ਮਅ+ਕਤਲ) ਸ਼ਬਦ ਦਾ ਅਰਥ ਹੈ- ਕਤਲ ਕੀਤੇ ਜਾਣ ਵਾਲ਼ੀ ਥਾਂ। ‘ਮਤਲਬ’ ਸ਼ਬਦ ‘ਮਅ+ਤਲਬ’ (ਮਨਸ਼ਾ, ਇਰਾਦਾ, ਚਾਹਤ) ਸ਼ਬਦਾਂ ਤੋਂ ਬਣਿਆ ਹੈ ਜਿਸ ਦੇ ਅਰਥ ਹਨ ਕਿਸੇ ਵਿਸ਼ੇਸ਼ ਮਨਸ਼ੇ ਜਾਂ ਇਰਾਦੇ ਵਾਲ਼ੇ ਭਾਵ ਪ੍ਰਗਟ ਕਰਨਾ। ‘ਮਸਜਦ’ ਸ਼ਬਦ ਇਸ ਵਿਚਲੇ ਸ਼ਬਦਾਂ ‘ਮਅ+ਸਿਜਦਾ’ ਤੋਂ ਬਣਿਆ ਹੈ ਜਿਸ ਦਾ ਭਾਵ ਹੈ- ਸਿਜਦਾ ਕਰਨ ਅਰਥਾਤ ਰੱਬੀ ਇਬਾਦਤ ਕਰਨ ਦੀ ਥਾਂ।

‘ਮਹਿਕਮਾ’ ਸ਼ਬਦ ‘ਮਅ+ਹੁਕਮ’ ਸ਼ਬਦਾਂ ਤੋਂ ਬਣਿਆ ਹੈ ਜਿਸ ਦਾ ਭਾਵ ਹੈ, ਉਹ ਥਾਂ ਜਿੱਥੋਂ ਹੁਕਮ ਦਿੱਤਾ ਜਾਵੇ। ਇਸੇ ਤਰ੍ਹਾਂ ਉਰਦੂ/ਫ਼ਾਰਸੀ ਭਾਸ਼ਾਵਾਂ ਵਿੱਚ ਪੱਛਮ ਦੀ ਦਿਸ਼ਾ ਨੂੰ ‘ਮਗ਼ਰਬ’ ਆਖਦੇ ਹਨ। ਇਸ ਸ਼ਬਦ ਵਿਚਲੇ ‘ਗ਼ਰਬ’ ਸ਼ਬਦ ਦਾ ਅਰਥ ਹੈ- ਗ਼ਰੂਬ ਹੋ ਜਾਣਾ ਅਰਥਾਤ ਸੂਰਜ ਦਾ ਡੁੱਬਣਾ। ਸੋ, ਜਿਸ ਪਾਸੇ ਸੂਰਜ ਡੁੱਬਦਾ ਜਾਂ ਗ਼ਰੂਬ ਹੁੰਦਾ ਹੈ, ਉਸ ਨੂੰ ‘ਮਗ਼ਰਬ’ ਆਖਿਆ ਜਾਂਦਾ ਹੈ। ‘ਮਕਤਾਅ’ ਸ਼ਬਦ ਉਰਦੂ ਗ਼ਜ਼ਲਗੋਆਂ ਵੱਲੋਂ ਮੁਸ਼ਾਇਰਿਆਂ (ਮਅ+ਸ਼ਾਇਰ= ਸ਼ਾਇਰਾਂ ਵੱਲੋਂ ਇਕੱਠਿਆਂ ਹੋ ਕੇ ਸ਼ਿਅਰ ਪੜ੍ਹਨਾ) ਵਿੱਚ ਅਕਸਰ ਵਰਤਿਆ ਜਾਣ ਵਾਲ਼ਾ ਸ਼ਬਦ ਹੈ। ਇਸ ਵਿਚਲੇ ‘ਕਤਅ’ ਸ਼ਬਦ ਦਾ ਭਾਵ ਹੈ- ਕੱਟਿਆ ਹੋਇਆ (ਬਾਕੀ ਗ਼ਜ਼ਲ ਨਾਲ਼ੋਂ)।

ਇਹ ਗ਼ਜ਼ਲ ਜਾਂ ਕਸੀਦੇ ਦਾ ਅੰਤਿਮ ਸ਼ੇਅਰ ਹੁੰਦਾ ਹੈ ਜਿਸ ਵਿੱਚ ਕਵੀ ਆਪਣਾ ਤਖ਼ੱਲਸ (ਉਪਨਾਮ) ਦਰਜ ਕਰਦਾ ਹੈ। ਗ਼ਜ਼ਲ ਦੇ ਪਹਿਲੇ ਸ਼ਿਅਰ ਨੂੰ ‘ਮਤਲਾਅ’ (ਮਅ+ਤੁਲੂਅ ਅਰਥਾਤ ਉਦੈ ਹੋਣ ਦੀ ਜਗ੍ਹਾ ਭਾਵ ਗ਼ਜ਼ਲ ਦਾ ਪਹਿਲਾ ਸ਼ਿਅਰ) ਆਖਿਆ ਜਾਂਦਾ ਹੈ। ‘ਮੌਕਾ’ ਸ਼ਬਦ ਦੇਖਣ ਵਿੱਚ ਭਾਵੇਂ ਬਹੁਤ ਛੋਟਾ ਜਿਹਾ ਪ੍ਰਤੀਤ ਹੁੰਦਾ ਹੈ ਪਰ ਇਹ ਵੀ ਆਪਣੇ-ਆਪ ਵਿੱਚ ਦੋ ਸ਼ਬਦ ਸਮੋਈ ਬੈਠਾ ਹੈ। ਇਹ ਹਨ- ‘ਮਅ’ ਅਤੇ ‘ਵਾਕਿਆ’ ਅਰਥਾਤ ਘਟਨਾ ਵਾਪਰਨ ਦੀ ਥਾਂ। ਇਸੇ ਕਾਰਨ ਉਰਦੂ/ਫ਼ਾਰਸੀ ਭਾਸ਼ਾਵਾਂ ਵਿੱਚ ‘ਮੌਕਾ’ ਸ਼ਬਦ ਦਾ ਬਹੁਵਚਨ ‘ਮਵਾਕੇ’ (‘ਵਾਕਿਆ’ ਸ਼ਬਦ ਵਿੱਚ ‘ਵ’ ਦੀ ਧੁਨੀ ਸ਼ਾਮਲ ਹੋਣ ਕਾਰਨ) ਹੈ, ‘ਮੌਕੇ’ ਨਹੀਂ।

ਪੰਜਾਬੀ ਵਿੱਚ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲ਼ੇ ਕੁਝ ਹੋਰ ਅਰਬੀ/ਫ਼ਾਰਸੀ ਭਾਸ਼ਾਵਾਂ ਤੋਂ ਆਏ ਸ਼ਬਦਾਂ ਦੀਆਂ ਵੰਨਗੀਆਂ ਇਸ ਪ੍ਰਕਾਰ ਹਨ- ਮੁਕਾਮ (ਪੜਾਅ) ਸ਼ਬਦ ਮਅ+ਕਿਆਮ (ਠਹਿਰ) ਸ਼ਬਦਾਂ ਤੋਂ ਬਣਿਆ ਹੈ। ‘ਮੁਖ਼ਤਿਆਰਨਾਮਾ’ ਸ਼ਬਦ ਵਿਚਲਾ ‘ਮੁਖ਼ਤਿਆਰ’ ਸ਼ਬਦ ਮਅ+ਇਖ਼ਤਿਆਰ (ਅਧਿਕਾਰ) ਤੋਂ, ‘ਮੁੱਕਰ’ (ਮੁੱਕਰਨਾ) ਸ਼ਬਦ ਅਸਲ ਵਿੱਚ ‘ਮੁਨਕਰ’ ਸ਼ਬਦ ਤੋਂ ਬਣਿਆ ਹੈ ਜਿਹੜਾ ਕਿ ਅੱਗੋਂ ‘ਮਅ+ਇਨਕਾਰ’ ਸ਼ਬਦਾਂ ਤੋਂ ਬਣਿਆ ਹੋਇਆ ਹੈ। ਮੁਕੰਮਲ= ਮਅ+ਕਾਮਿਲ (ਪੂਰਾ ਕੀਤਾ ਹੋਇਆ) ਸ਼ਬਦਾਂ ਤੋਂ, ਮੁਹਾਫ਼ਿਜ਼= ਮਅ+ ਹਾਫਿਜ਼ (ਹਿਫ਼ਾਜ਼ਤ/ਰੱਖਿਆ ਕਰਨ ਵਾਲਾ) ਤੋਂ, ‘ਮੁਹਾਜਰ’ =ਮਅ+ਹਿਜਰਤ (ਇੱਕ ਥਾਂ ਨੂੰ ਛੱਡ ਕੇ ਦੂਜੀ ਥਾਂ ਨੂੰ ਜਾਣ ਵਾਲ਼ਾ) ਤੋਂ, ਮੁਅਤਬਰ/ਮੁਹਤਬਰ= ਮਅ+ਇਤਬਾਰ (ਭਰੋਸੇਯੋਗ ਵਿਅਕਤੀ) ਤੋਂ, ਮੁਹਤਰਮਾ= ਮਅ+ਇਹਤਰਾਮ (ਆਦਰਯੋਗ) ਤੋਂ, ਮੁਗ਼ਾਲਤਾ= ਮਅ+ ਗ਼ਲਤੀ ਅਰਥਾਤ ਗ਼ਲਤੀ ਵਿੱਚ ਹੋਣਾ ਜਾਂ ਗ਼ਲਤੀ ਵਿੱਚ ਪਾਉਣਾ ਤੋਂ, ‘ਮੁਜਰਮ’= ਮਅ+ਜੁਰਮ ਅਰਥਾਤ ਜੁਰਮ ਜਾਂ ਗੁਨਾਹ ਕਰਨ ਵਾਲ਼ਾ ਤੋਂ, ਮੁਜੱਸਮਾ= ਮਅ+ਜਿਸਮ ਅਰਥਾਤ ਕਿਸੇ ਜਿਸਮ (ਸਰੀਰ) ਦੀ ਸ਼ਕਲ ਦੇ ਘੜੇ ਹੋਏ ਬੁੱਤ ਜਾਂ ਮੂਰਤੀ ਤੋਂ, ‘ਮੁਜ਼ਾਹਰਾ’= ਮਅ+ਜ਼ਾਹਰ ਅਰਥਾਤ ਕਿਸੇ ਗੱਲ ਦਾ ਇਕੱਠੇ ਹੋ ਕੇ ਇਜ਼ਹਾਰ (ਪ੍ਰਗਟਾਵਾ) ਕਰਨਾ ਸ਼ਬਦਾਂ ਤੋਂ, ‘ਮੁਜ਼ਾਰਾ’ ਜਿਸ ਨੂੰ ਕਿ ਆਮ ਬੋਲ ਚਾਲ ਦੀ ਭਾਸ਼ਾ ਵਿੱਚ ‘ਮਜ਼ਾਰਾ’ ਜਾਂ ‘ਮਜਾਰਾ’ ਵੀ ਆਖ ਦਿੱਤਾ ਜਾਂਦਾ ਹੈ ਮਅ+ਜ਼ਰਅ (ਜ਼ਰਾਇਤ= ਖੇਤੀਬਾੜੀ) ਸ਼ਬਦਾਂ ਤੋਂ ਬਣਿਆ ਹੈ ਜਿਸ ਦਾ ਭਾਵ ਹੈ ਵਾਹੀ-ਜੋਤੀ ਕਰਨ ਵਾਲ਼ਾ/ਕਿਸੇ ਜ਼ਿਮੀਂਦਾਰ ਤੋਂ ਜ਼ਮੀਨ ਬਟਾਈ ਆਦਿ ‘ਤੇ ਲੈ ਕੇ ਕਾਸ਼ਤ ਕਰਨ ਵਾਲ਼ਾ ਕਿਰਸਾਣ।

ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ‘ਮਅ’ ਅਗੇਤਰ ਵਾਲ਼ੇ ਸ਼ਬਦਾਂ ਨੂੰ ਸਮਝਣਾ ਕੋਈ ਔਖਾ ਨਹੀਂ ਹੈ। ਜਿਵੇਂਕਿ ਉੱਪਰ ਲਿਖਿਆ ਗਿਆ ਹੈ ਕਿ ਅਜਿਹੇ ਸ਼ਬਦਾਂ ਵਿੱਚੋਂ ਜੇਕਰ ‘ਮਅ’ ਅਗੇਤਰ ਨੂੰ ਸੰਬੰਧਿਤ ਸ਼ਬਦ ਤੋਂ ਅਲੱਗ ਕਰਕੇ ਬਾਕੀ ਸ਼ਬਦ ਦੇ ਅਰਥਾਂ ‘ਤੇ ਵਿਚਾਰ ਕਰ ਲਿਆ ਜਾਵੇ ਅਤੇ ਫਿਰ ਉਸ ਸ਼ਬਦ ਵਿੱਚ ਮਅ (ਇਸੇ ਦੇ ‘ਮ’ ਜਾਂ ‘ਮੁਅ’ ਆਦਿ ਰੂਪ ਵੀ) ਅਗੇਤਰ ਦੇ ਅਰਥਾਂ ਨੂੰ ਜੋੜ ਲਿਆ ਜਾਵੇ ਤਾਂ ਔਖੇ ਜਾਪਦੇ ਸ਼ਬਦਾਂ ਦੇ ਅਰਥ ਵੀ ਅਸੀਂ ਸੌਖਿਆਂ ਹੀ ਸਮਝ ਸਕਦੇ ਹਾਂ। ਇਸ ਦੇ ਨਾਲ਼ ਹੀ ਯਾਦ ਰੱਖਣਯੋਗ ਗੱਲ ਇੱਕ ਇਹ ਵੀ ਹੈ ਕਿ ਅਰਬੀ ਜਾਂ ਫ਼ਾਰਸੀ ਦੇ ‘ਮ’ ਅੱਖਰ ਨਾਲ਼ ਸ਼ੁਰੂ ਹੋਣ ਵਾਲ਼ੇ ਸਾਰੇ ਹੀ ਸ਼ਬਦਾਂ ਵਿੱਚ ‘ਮਅ’ ਅਗੇਤਰ ਦੇ ਅਰਥ ਨਹੀਂ ਹੁੰਦੇ ਸਗੋਂ ‘ਮ’ ਅੱਖਰ ਨਾਲ਼ ਸ਼ੁਰੂ ਹੋਣ ਵਾਲ਼ੇ ਹੋਰ ਵੀ ਬਹੁਤ ਸਾਰੇ ਸ਼ਬਦ ਹਨ। ਅਜਿਹੇ ਸ਼ਬਦਾਂ ਦੀ ਪਛਾਣ ਕਰਨ ਦੀ ਜਾਚ ਆਉਣੀ ਬਹੁਤ ਜ਼ਰੂਰੀ ਹੈ।

ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ.98884-03052.

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਤੱਥ
Next articleਟਰੈਕਟਰ ਟਰਾਲੀ ਦੀ ਲਪੇਟ ’ਚ ਆਉਣ ਕਾਰਨ ਗਿਆਰਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ