ਅਧਿਆਪਕਾਂ ਦੀਆਂ ਚੁਣੌਤੀਆਂ ਅਤੇ ਫ਼ਰਜ਼
ਅਧਿਆਪਨ ਇੱਕ ਇਹੋ ਜਿਹਾ ਕਿੱਤਾ ਹੈ ਜਿਸ ਦੇ ਸਿਰ ‘ਤੇ ਦੇਸ਼ ਦੇ ਭਵਿੱਖ ਦੀ ਜਿੰਮੇਵਾਰੀ ਟਿਕੀ ਹੁੰਦੀ ਹੈ। ਅਧਿਆਪਕ ਬੱਚਿਆਂ ਦੇ ਭਵਿੱਖ ਦਾ ਨਿਰਮਾਣ ਕਰਨ ਦੇ ਨਾਲ ਹੀ ਦੇਸ਼ ਦਾ ਭਵਿੱਖ ਉਸਾਰ ਰਿਹਾ ਹੁੰਦਾ ਹੈ। ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਮੁਤਾਬਕ ਅਧਿਆਪਕ ਇੱਕ ਬਲ਼ਦੀ ਹੋਈ ਮੋਮਬੱਤੀ ਵਾਂਗ ਹੁੰਦਾ ਹੈ ਜੋ ਆਪਣੇ ਆਪ ਨੂੰ ਜਲ਼ਾ ਕੇ ਦੂਜਿਆਂ ਨੂੰ ਰੌਸ਼ਨੀ ਵੰਡਦਾ ਹੈ । ਅਧਿਆਪਕ ਦੀ ਸ਼ਖ਼ਸੀਅਤ ਦਾ ਵਿਦਿਆਰਥੀਆਂ ਦੀ ਸ਼ਖ਼ਸੀਅਤ ਅਤੇ ਉਹਨਾਂ ਦੇ ਭਵਿੱਖ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ। ਮੁੱਢਲੀ ਵਿੱਦਿਆ ਤੋਂ ਹੀ ਜੇ ਅਧਿਆਪਕ ਬੱਚਿਆਂ ਦੀ ਨੀਂਹ ਮਜ਼ਬੂਤ ਬਣਾਉਣ ਵਿੱਚ ਪੂਰੀ ਮਿਹਨਤ ਲਗਾਏਗਾ ਤਾਂ ਬੱਚਿਆਂ ਦਾ ਭਵਿੱਖ ਵੀ ਇੱਕ ਮਜ਼ਬੂਤ ਨੀਂਹ ਵਾਲ਼ੀ ਚੰਗੀ ਇਮਾਰਤ ਵਾਂਗ ਮਜ਼ਬੂਤ ਬਣ ਸਕੇਗਾ। ਜਿਸ ਕਰਕੇ ਬੱਚਿਆਂ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਭਵਿੱਖ ਦੇ ਨਿਰਮਾਣ ਦਾ ਆਧਾਰ ਅਧਿਆਪਕ ਨੂੰ ਹੀ ਮੰਨਿਆ ਜਾਂਦਾ ਹੈ ।
ਅੱਜ ਕੱਲ੍ਹ ਵਿੱਦਿਆ ਦੇ ਬਾਜ਼ਾਰੀਕਰਨ ਤੇ ਵਪਾਰੀਕਰਨ ਨੇ ਸਮਾਜ ਵਿੱਚ ਇਸ ਕਿੱਤੇ ਪ੍ਰਤੀ ਵਫ਼ਾਦਾਰੀ ਨੂੰ ਘਟਾ ਕੇ ਇਸ ਕਿੱਤੇ ਨੂੰ ਦਾਗ਼ਦਾਰ ਕੀਤਾ ਜਾ ਰਿਹਾ ਹੈ। ਜਿਹੜਾ ਅਧਿਆਪਕ ਕਿਸੇ ਵੇਲਿਆਂ ਵਿੱਚ ਗੁਰੂ ਦਾ ਦਰਜਾ ਰੱਖਦਾ ਸੀ ਉਹ ਸਮਾਜ ਵਿੱਚ ਇੱਕ ਦਿਹਾੜੀਦਾਰ ਵਾਂਗ ਵਿਚਰਨ ਲੱਗ ਪਿਆ ਹੈ । ਅੱਜ ਦੇ ਅਧਿਆਪਕ ਦੀ ਸੋਚ ਵਿੱਚ ਆਪਣੀ ਨਿੱਜਤਾ ਦਾ ਜੀਵਨ ਪੱਧਰ ਭਾਰੂ ਹੋਣ ਕਰਕੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਸੋਚ ਨਾਲੋਂ ਵੱਧ ਪੈਸਾ ਕਮਾਉਣ ਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਸਭ ਲਈ ਨਿੱਜੀ ਸਕੂਲ,ਕਾਲਜ ਤੇ ਯੂਨੀਵਰਸਿਟੀਆਂ ਜ਼ਿੰਮੇਵਾਰ ਹਨ ਜੋ ਅਧਿਆਪਕਾਂ ਨੂੰ ਆਪਣੇ ਲਈ ਵੱਧ ਤੋਂ ਵੱਧ ਪੈਸਾ ਇਕੱਠਾ ਕਰਨ ਵਾਲਾ ਮਾਰਕੀਟਿੰਗ ਏਜੰਟ ਵਜੋਂ ਵਰਤ ਰਹੀਆਂ ਹਨ ਪਰ ਦੂਜੇ ਪਾਸੇ ਇਸ ਸਭ ਲਈ ਸਰਮਾਏਦਾਰ ਮਾਪੇ ਵੀ ਜ਼ਿੰਮੇਵਾਰ ਹਨ ਜੋ ਸਕੂਲਾਂ ਜਾਂ ਅਧਿਆਪਕਾਂ ਨੂੰ ਇੱਕ ਚੰਗੇ ਕਾਰੀਗਰਾਂ ਵਾਂਗ ਬਹੁਤੀ ਰਕਮ ਦੀ ਅਦਾਇਗੀ ਕਰਕੇ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਖਰੀਦਦਾਰ ਬਣਦੇ ਹਨ। ਇਸ ਤਰ੍ਹਾਂ ਕਰਨ ਨਾਲ਼ ਵਿੱਦਿਅਕ ਸੰਸਥਾਵਾਂ ਦੇ ਪੱਧਰ ਦਾ ਵਰਗੀਕਰਨ ਹੋਣ ਲੱਗ ਪਿਆ ਹੈ ਜਿਸ ਕਰਕੇ ਵਿੱਦਿਆ ਦਾ ਪੱਧਰ ਅਤੇ ਅਧਿਆਪਕਾਂ ਦਾ ਪੱਧਰ ਤੇ ਫਿਰ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਵੰਡੇ ਜਾਣ ਕਰਕੇ ਸਮਾਜ ਵਿੱਚ ਅਧਿਆਪਕ ਦਾ ਦਰਜਾ ਵੀ ਤਹਿ ਹੋਣ ਲੱਗ ਪਿਆ ਹੈ। ਜ਼ਿਆਦਾਤਰ ਅੱਜ ਕੱਲ੍ਹ ਮਾਪਿਆਂ ਦੇ ਵੱਧ ਪੜ੍ਹੇ ਲਿਖੇ ਹੋਣ ਕਰਕੇ ਵਿੱਦਿਅਕ ਸੰਸਥਾਵਾਂ ਅਤੇ ਅਧਿਆਪਕਾਂ ਦੇ ਕੰਮਾਂ ਵਿੱਚ ਸਿੱਧੇ ਤੌਰ ਤੇ ਦਖ਼ਲ ਅੰਦਾਜ਼ੀ ਕਰਨ ਨਾਲ ਵਿਦਿਆਰਥੀਆਂ ਦੇ ਮਨਾਂ ਵਿੱਚ ਅਧਿਆਪਕਾਂ ਪ੍ਰਤੀ ਸਤਿਕਾਰ ਘਟਦਾ ਜਾ ਰਿਹਾ ਹੈ ਕਿਉਂਕਿ ਉਹਨਾਂ ਦੇ ਮਾਪੇ ਅਧਿਆਪਕ ਨੂੰ ਇੱਕ ਗੁਰੂ ਜਾਂ ਸਤਿਕਾਰਯੋਗ ਹਸਤੀ ਨਾਲੋਂ ਵੱਧ ਪੈਸੇ ਦੇ ਕੇ ਵਿੱਦਿਆ ਨੂੰ ਵਸਤੂ ਵਾਂਗ ਹਾਸਲ ਕਰਨਾ ਆਪਣਾ ਹੱਕ ਸਮਝਦੇ ਹਨ ਅਤੇ ਅਧਿਆਪਕ ਨੂੰ ਇੱਕ ਨੌਕਰ ਵਾਂਗ ਸਮਝਣ ਲੱਗੇ ਹਨ ਜਿਸ ਕਰਕੇ ਉਹਨਾਂ ਦੇ ਬੱਚਿਆਂ ਦਾ ਵੀ ਆਪਣੇ ਅਧਿਆਪਕਾਂ ਪ੍ਰਤੀ ਰਵੱਈਆ ਘਟੀਆ ਹੋਣ ਲੱਗ ਪਿਆ ਹੈ। ਪਹਿਲਾਂ ਸਮਿਆਂ ਵਿੱਚ ਨਾ ਅਧਿਆਪਕ ਲਾਲਚੀ ਸਨ ਤੇ ਨਾ ਮਾਪਿਆਂ ਦੀ ਸਿੱਧੇ ਤੌਰ ਤੇ ਦਖ਼ਲ ਅੰਦਾਜ਼ੀ ਸੀ ਜਿਸ ਕਰਕੇ ਦੋਵੇਂ ਧਿਰਾਂ ਦਾ ਆਪਸੀ ਸਹਿਯੋਗ ਬੱਚਿਆਂ ਵਿੱਚ ਜਿਹੜਾ ਸਤਿਕਾਰ ਅਧਿਆਪਕ ਪ੍ਰਤੀ ਪੈਦਾ ਕਰਦਾ ਸੀ,ਅੱਜ ਦੇ ਸਮਿਆਂ ਵਿੱਚ ਉਹ ਸਤਿਕਾਰ ਖ਼ਤਮ ਹੋ ਰਿਹਾ ਹੈ ਜੋ ਅਧਿਆਪਕਾਂ ਲਈ ਬਹੁਤ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ।
ਇੱਕ ਅਧਿਆਪਕ ਦੀ ਭੂਮਿਕਾ ਸਦਾ ਰਸਮੀ ਅਤੇ ਨਿਰੰਤਰ ਹੁੰਦੀ ਹੈ । ਅਧਿਆਪਕ ਬੱਚੇ ਦੀ ਪੜ੍ਹਾਈ ਉੱਤੇ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਹਨ। ਜੇ ਦੇਖਿਆ ਜਾਵੇ ਤਾਂ ਪ੍ਰਭਾਵਸ਼ਾਲੀ ਸਿੱਖਿਆ ਦੇਣ ਲਈ ਸੂਝਵਾਨ ,ਪਾਰਖੂ ਅਤੇ ਮਿਹਨਤੀਟੀਚਰਾਂ ਦੀ ਲੋੜ ਹੁੰਦੀ ਹੈ। ਮੁੱਢਲੀ ਸਿੱਖਿਆ ਦੇਣ ਲਈ ਖ਼ਾਸ ਤਕਨੀਕਾਂ, ਸਟਾਈਲ ਜਾਂ ਪਲੈਨ ਜ਼ਿਆਦਾ ਜ਼ਰੂਰੀ ਨਹੀਂ ਹੁੰਦੇ ਹਨ ਕਿਉਂ ਕਿ ਆਮ ਤੌਰ ਤੇ ਇਹ ਦੇਖਿਆ ਗਿਆ ਹੈ ਕਿ ਜਿਹੜੇ ਅਧਿਆਪਕ ਪਾਠਕ੍ਰਮ ਅਤੇ ਵਿਦਿਆਰਥੀਆਂ ਪ੍ਰਤੀ ਉਤਸ਼ਾਹ ਦਿਖਾਉਂਦੇ ਹਨ, ਉਹ ਪ੍ਰਭਵਸ਼ਾਲੀ ਤਰੀਕੇ ਨਾਲ ਵਿਦਿਆਰਥੀਆਂ ਅੱਗੇ ਪੇਸ਼ ਆਉਂਦੇ ਹਨ ਤੇ ਉਨ੍ਹਾਂ ਉੱਪਰ ਆਪਣੀ ਇਸ ਕਲਾ ਦੀ ਅਮਿੱਟ ਛਾਪ ਛੱਡਦੇ ਹਨ ਜੋ ਉਹਨਾਂ ਦੇ ਜ਼ਿਹਨ ਵਿੱਚ ਜ਼ਿੰਦਗੀ ਭਰ ਇੱਕ ਮੋਹਰ ਵਾਂਗੂੰ ਉੱਕਰ ਜਾਂਦਾ ਹੈ। ਇਹ ਅਧਿਆਪਕ ਰੱਟੇ ਨਾਲ ਨਹੀਂ ਸਿਖਾਉਂਦੇ ਪਰ ਰੋਜ਼ਾਨਾ ਪਾਠ ਸਮੱਗਰੀ ਪੜ੍ਹਾਉਂਦੇ ਹੋਏ ਪ੍ਰਭਾਵਸ਼ਾਲੀ ਤਰੀਕੇ ਲੱਭਣ ਦੀ ਕੋਸ਼ਿਸ਼ ਕਰਦੇ ਹਨ,ਉਹ ਬੱਚਿਆਂ ਪ੍ਰਤੀ ਅਪਣੱਤ, ਪਿਆਰ ਦਿਖਾ ਕੇ ਉਹਨਾਂ ਵਿੱਚ ਆਪਣੇ ਪ੍ਰਤੀ ਵਿਸ਼ਵਾਸ ਅਤੇ ਪੜ੍ਹਾਈ ਪ੍ਰਤੀ ਖਿੱਚ ਪੈਦਾ ਕਰਦੇ ਹਨ।ਅਧਿਆਪਕ ਜਿਹੜੀਆਂ ਚੁਣੌਤੀਆਂ ਦਾ ਆਮ ਤੌਰ ’ਤੇ ਸਾਹਮਣਾ ਕਰਦੇ ਹਨ ਉਹਨਾਂ ਵਿੱਚੋਂ ਇੱਕ ਇਹ ਹੈ ਕਿ ਉਹ ਵਾਰ-ਵਾਰ ਇੱਕੋ ਪਾਠਕ੍ਰਮ ਨੂੰ ਪੜ੍ਹਾਉਂਦੇ ਹੋਏ ਉਸ ਵਿਸ਼ੇ ਨਾਲ ਬੋਰੀਅਤ ਮਹਿਸੂਸ ਕਰਨ ਲੱਗਦੇ ਹਨ, ਅਤੇ ਉਹਨਾਂ ਦੇ ਇਸ ਰਵੱਈਏ ਨਾਲ ਵਿਦਿਆਰਥੀਆਂ ਵਿੱਚ ਵਿਸ਼ੇ ਪ੍ਰਤੀ ਬੋਰੀਅਤ ਪੈਦਾ ਹੁੰਦੀ ਹੈ ਪਰ ਜੇ ਉਸ ਵਿਸ਼ੇ ਨੂੰ ਵੱਖ ਵੱਖ ਤਰੀਕਿਆਂ ਰਾਹੀਂ ਪੜਾਵੇ ਤਾਂ ਉੱਕਣ ਦਾ ਸਵਾਲ ਹੀ ਨਹੀਂ ਉੱਠਦਾ ਇਸੇ ਲਈ ਆਮ ਕਰਕੇ ਬਹੁਤੇ ਵਿਦਿਆਰਥੀ ਉਤਸ਼ਾਹ ਨਾਲ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਉਨ੍ਹਾਂ ਅਧਿਆਪਕਾਂ ਨਾਲੋਂ ਜ਼ਿਆਦਾ ਵਧੀਆ ਸਮਝਦੇ ਹਨ ਜਿਹੜੇ ਜਮਾਤ ਵਿੱਚ ਪੜਾਏ ਜਾਂਦੇ ਪਾਠਕ੍ਰਮਾਂ ਨੂੰ ਸਿਰਫ਼ ਸਮੇਂ ਦੀ ਸਾਰਣੀ ਮੁਤਾਬਕ ਮਜ਼ਬੂਰੀ ਤਹਿਤ ਪੜ੍ਹਾਉਂਦੇ ਹਨ । ਚੰਗੇ ਅਧਿਆਪਕ ਬੱਚਿਆਂ ਪ੍ਰਤੀ ਪਿਆਰ ਅਤੇ ਆਪਣੇ ਵਿਸ਼ਿਆਂ ਵੱਲ ਉਤਸ਼ਾਹ ਦਿਖਾਉਂਦੇ ਹਨ ਉਹ ਵਿਦਿਆਰਥੀਆਂ ਵਿੱਚ ਵਿਸ਼ਾ ਵਸਤੂ ਸਿੱਖਣ ਬਾਰੇ ਜ਼ਿਆਦਾ ਦਿਲਚਸਪੀ ਪੈਦਾ ਕਰਦੇ ਹਨ, ਉਹ ਬੱਚਿਆਂ ਵਿੱਚ ਨਵੀਂ ਊਰਜਾ ਪੈਦਾ ਕਰਕੇ ਉਤਸੁਕਤਾ ਜਗਾ ਸਕਦੇ ਹਨ। ਅਧਿਆਪਕ ਅਤੇ ਵਿਦਿਆਰਥੀ ਦੀ ਸਾਂਝ ਸਿਰਫ਼ ਪੜ੍ਹਾਈ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ ਸਗੋਂ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜ਼ਿੰਦਗੀ ਦੀਆਂ ਮੁਸ਼ਕਲ ਮੰਜ਼ਲਾਂ ਦੀਆਂ ਪੌੜੀਆਂ ਚੜ੍ਹਨ ਦੇ ਯੋਗ ਬਣਾਉਣ ਵਿੱਚ ਵੀ ਮਾਹਿਰ ਹੋਣਾ ਚਾਹੀਦਾ ਹੈ ਇਸ ਲਈ ਉਸ ਨੂੰ ਆਪਣੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅਧਿਆਪਕ ਪ੍ਰਤੀ ਬੱਚਿਆਂ ਦਾ ਵਿਸ਼ਵਾਸ ਐਨਾ ਮਜ਼ਬੂਤ ਹੋਣਾ ਚਾਹੀਦਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਉਹ ਨੈਤਿਕ ਕਦਰਾਂ ਕੀਮਤਾਂ ਤੇ ਰੋਜ਼ਾਨਾ ਜ਼ਿੰਦਗੀ ਦੀਆਂ ਅਨੇਕਾਂ ਉਦਾਹਰਨਾਂ ਦੇ ਕੇ ਬੱਚਿਆਂ ਲਈ ਮਾਰਗ ਦਰਸ਼ਨ ਦਾ ਸਰੋਤ ਬਣੇ। ਚੰਗਾ ਅਧਿਆਪਕ ਵਿਦਿਆਰਥੀ ਲਈ ਰਾਹ ਦਸੇਰਾ ਹੁੰਦਾ ਹੈ।ਅਧਿਆਪਕ ਚੰਗੀ ਸੋਚ ਦਾ ਮਾਲਕ ਹੋਣਾ ਚਾਹੀਦਾ ਹੈ,ਜੋ ਵਿਦਿਆਰਥੀਆਂ ਨੂੰ ਅਤੇ ਸਮਾਜ ਨੂੰ ਚੰਗੀ ਸੇਧ ਦੇ ਕੇ ਚੰਗੇ ਸਮਾਜ ਦੀ ਸਿਰਜਣਾ ਕਰ ਸਕੇ। ਅਧਿਆਪਕ ਦੀ ਪਹਿਲੀ ਤਰਜੀਹ ਆਦਰਸ਼ ਤੇ ਆਚਰਣ ਨਿਰਮਾਣਕਾਰੀ ਹੁੰਦੀ ਹੈ। ਚੰਗਾ ਅਧਿਆਪਕ ਬੱਚਿਆਂ ਦੀਆਂ ਸਿੱਖਿਆ ਸਬੰਧੀ ਲੋੜਾਂ ਵਿੱਚ ਮਦਦਗਾਰ ਬਣ ਕੇ ਪੇਸ਼ ਆਉਂਦਾ ਹੈ। ਉਹ ਬੱਚਿਆਂ ਪ੍ਰਤੀ ਸਾਕਾਰਾਤਮਕ ਰਵੱਈਆ ਪੈਦਾ ਕਰਕੇ ਉਹਨਾਂ ਦਾ ਆਪਣੇ ਪ੍ਰਤੀ ਵਿਸ਼ਵਾਸ ਪੈਦਾ ਕਰਨ ਤਾਂ ਜੋ ਉਹਨਾਂ ਦੁਆਰਾ ਦਿੱਤੀ ਜਾਣ ਵਾਲੀ ਸਿੱਖਿਆ ਉਹਨਾਂ ਨੂੰ ਪ੍ਰਭਾਵਿਤ ਕਰ ਸਕੇ।ਉਹ ਵਿਦਿਆਰਥੀਆਂ ਲਈ ਇੱਕ ਸੁਰੱਖਿਅਤ ਦਾਇਰਾ ਕਾਇਮ ਕਰਕੇ ਭਰੋਸੇ ਦੇ ਯੋਗ ਬਣ ਕੇ ਇੱਕ ਸੁਖਾਂਤਮਈ ਵਾਤਾਵਰਣ ਸਿਰਜ ਕੇ ਉਨ੍ਹਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਤਾਂ ਜੋ ਉਹ ਇੱਕ ਵਧੀਆ ਇਨਸਾਨ ਬਣਨ ਦੀ ਲੀਹ ਤੇ ਅਗਾਂਹ ਵਧਣ।ਸਕਾਰਾਤਮਕ ਅਧਿਆਪਕ-ਵਿਦਿਆਰਥੀ ਸੰਬੰਧਾਂ ਦਾ ਵਿਕਾਸ ਕਰਨ ਲਈ ਸਮਾਂ ਅਤੇ ਮਿਹਨਤ ਚਾਹੀਦੀ ਹੁੰਦੀ ਹੈ ਜਿਸ ਨੂੰ ਇੱਕ ਚੰਗਾ ਅਧਿਆਪਕ ਜ਼ਰੂਰ ਦਿੰਦਾ ਹੈ। ਇੱਕ ਅਧਿਆਪਕ ਹੋਣ ਦੇ ਨਾਤੇ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਸਾਡਾ ਸਭ ਦਾ ਇਹੀ ਫ਼ਰਜ਼ ਹੈ ਕਿਉਂਕਿ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324