HOME ਏਹੁ ਹਮਾਰਾ ਜੀਵਣਾ ਹੈ -353

ਏਹੁ ਹਮਾਰਾ ਜੀਵਣਾ ਹੈ -353

ਘੜੰਮ ਚੌਧਰੀ (ਵਿਅੰਗ)-‘ਚੌਧਰੀ’ ਸ਼ਬਦ ਨੂੰ ਜੇ ਮੁੱਖ ਤੌਰ ਤੇ ਦੇਖੀਏ ਤਾਂ ਇਹ ਸ਼ਬਦ ਕਈ ਲੋਕਾਂ ਦੇ ਨਾਂ ਨਾਲ ਵੀ ਲੱਗਿਆ ਹੁੰਦਾ ਹੈ ਕਿਉਂਕਿ ਇਹ ਉਹਨਾਂ ਦਾ ਗੋਤ ਹੁੰਦਾ ਹੈ। ਕਈ ਨਗਰਾਂ, ਪਿੰਡਾਂ ਤੇ ਕਸਬਿਆਂ ਜਾਂ ਮੁਹੱਲਿਆਂ ਵਿੱਚ ਕੰਮ ਕਾਜ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਵਾਲੇ ਮੋਹਤਬਰਾਂ ਨੂੰ ਵੀ ਚੌਧਰੀ ਚੁਣ ਲਿਆ ਜਾਂਦਾ ਹੈ ਜਿਸ ਕਰਕੇ ਉਹ ਲੋਕ ਉਹਨਾਂ ਦੇ ਨਾਵਾਂ ਤੋਂ ਘੱਟ ਤੇ ‘ਚੌਧਰੀ ਸਾਹਬ ” ਕਰਕੇ ਵੱਧ ਜਾਣੇ ਜਾਂਦੇ ਹਨ। ਇਹਨਾਂ ਨੂੰ ‘ਚੌਧਰੀ’ ਦੇ ਨਾਲ ‘ਸਾਹਿਬ’ ਇਸ ਲਈ ਲਾ ਦਿੱਤਾ ਜਾਂਦਾ ਹੈ ਕਿਉਂਕਿ ਇਹ ਸਾਰੇ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਮੂਹਰੇ ਹੋ ਕੇ ਖੜ੍ਹਦੇ ਹਨ, ਕਈ ਤਰ੍ਹਾਂ ਦੇ ਘਰੇਲੂ ਜਾਂ ਗਲੀਆਂ ਮੁਹੱਲਿਆਂ ਵਿੱਚ ਹੋਣ ਵਾਲੇ ਲੜਾਈ ਝਗੜੇ ਕਰਨ ਵਾਲ਼ੀਆਂ ਦੋ ਧਿਰਾਂ ਨੂੰ ਸਮਝਾ ਕੇ ਨਿਪਟਾ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਦਾ ਸਮਾਜ ਵਿੱਚ ਸਤਿਕਾਰ ਤੇ ਰੁਤਬਾ ਵਧ ਜਾਂਦਾ ਹੈ ਤੇ ਲੋਕ ਉਹਨਾਂ ਨੂੰ ‘ਚੌਧਰੀ ਸਾਹਿਬ ‘ ਕਹਿਕੇ ਬੁਲਾਉਂਦੇ ਹਨ। ਪਰ ਆਹ… “ਘੜੰਮ ਚੌਧਰੀ” ਕਿਹੜੀ ਸ਼੍ਰੇਣੀ ਦੇ ਚੌਧਰੀ ਹੋਏ ? ਅੱਜ ਆਪਾਂ ਨੇ ਅਸਲ ਵਿੱਚ ਘੜੰਮ ਚੌਧਰੀ ਦੀ ਹੀ ਗੱਲ ਕਰਨੀ ਹੈ।

         ਘੜੰਮ ਚੌਧਰੀ ਅਕਸਰ ਜਨ ਸਮੂਹ ਦੁਆਰਾ ਕੀਤੇ ਜਾਣ ਵਾਲੇ ਇਕੱਠਾਂ ਤੇ ਟਟਿਆਣੇ ਵਾਂਗ ਅਲੱਗ ਹੀ ਟਿਮਟਿਮਾਉਂਦੇ ਨਜ਼ਰ ਆਉਂਦੇ ਹਨ। ਇਹ ਘਰਾਂ ਤੋਂ ਸ਼ੁਰੂ ਹੋ ਕੇ ਸਮਾਜਿਕ ਇਕੱਠਾਂ,ਧਾਰਮਿਕ ਸਥਾਨਾਂ , ਹਰ ਤਰ੍ਹਾਂ ਦੀਆਂ ਸਭਾਵਾਂ ਜਾਂ ਸਮਝ ਲਓ ਕਿ ਹਰ ਜਗ੍ਹਾ ਹੀ ਤੁਹਾਨੂੰ ਘੁੰਮਦੇ ਹੋਏ ਦਿਸਦੇ ਹਨ। ਉਂਝ ਤਾਂ ਇਹ ਵੀ ਕਈ ਤਰ੍ਹਾਂ ਦੇ ਹੁੰਦੇ ਹਨ। ਗੁਰੂ ਘਰਾਂ ਵਿੱਚ ਵੀ ਜਿਸ ਦਿਨ ਕੋਈ ਵਿਸ਼ੇਸ਼ ਦਿਹਾੜਾ ਮਨਾਇਆ ਜਾ ਰਿਹਾ ਹੋਵੇ ਤਾਂ ਉੱਥੇ ਵੀ ਕੋਈ ਨਾ ਕੋਈ ਘੜੰਮ ਚੌਧਰੀ ਲੰਗਰ ਪਕਾਉਣ, ਵਰਤਾਉਣ ਤੇ ਛਕਣ ਵਾਲਿਆਂ ਵਿੱਚੋਂ ਕਿਸੇ ਨੂੰ ਨਹੀਂ ਬਖਸ਼ਦਾ। ਭਲਾ ਉਹ ਕਿਵੇਂ…? ਲੰਗਰ ਬਣਾਉਣ ਵਾਲਿਆਂ ਨੂੰ ਆਖੇਗਾ,”ਆਹ ਪ੍ਰਸ਼ਾਦੇ ਵੱਡੇ ਨੇ….. ਆਹ ਛੋਟੇ ਨੇ…. ਆਹ ਕੱਚੇ ਨੇ….ਆਹ ਸੜੇ ਹੋਏ ਨੇ….!” ਬੁੜੀਆਂ ਵੀ ਫਿਰ ਓਹਦੇ ਪਿੱਠ ਮਰੋੜਦੇ ਈ ਓਹਦੇ ਵੱਲ ਨੂੰ ਕੌੜਾ ਕੌੜਾ ਝਾਕਦੀਆਂ ਹੋਈਆਂ ਬੁੜ ਬੁੜ ਕਰਦੀਆਂ ਹਨ।ਲੰਗਰ ਵਰਤਾਉਣ ਵਾਲਿਆਂ ਨੂੰ,” ਇੱਕ ਇੱਕ ਪ੍ਰਸ਼ਾਦਾ ਦੇਵੋ…. ਇੱਕ ਕੜਛੀ ਤੋਂ ਵੱਧ ਕਿਸੇ ਨੂੰ ਖੀਰ ਨੀ ਦੇਣੀ…. ਦੁਬਾਰਾ ਮੰਗਣ ਵਾਲਿਆਂ ਨੂੰ ਕਹਿਦੋ… ਮੁੱਕਗੀ”…. ਵਿਚਾਰੀ ਸੰਗਤ ਦਾ ਚਾਹੇ ਇੱਕ ਇੱਕ ਕੜਛੀ ਹੋਰ ਖੀਰ ਛਕਣ ਨੂੰ ਦਿਲ ਕਰ ਰਹਿਆ ਹੋਵੇ। ਉਹ  ਕਿਸੇ ਨਾ ਕਿਸੇ ਵਰਤਾਰੇ ਨੂੰ ਇਸ਼ਾਰਾ ਕਰਕੇ ਕੋਲ਼ ਬੁਲਾ ਕੇ ਆਖਣ ਲੱਗੇਗਾ ,”ਔਹ ਬੀਬੀ…. ਜਿਹੜੀ ਦੋ ਜਵਾਕਾਂ ਨਾਲ ਬੈਠੀ ਆ…. ਉਹ ਮੇਰੇ ਘਰਦੀ ਆ……. ਓਹਦੇ ਕੋਲ਼ੇ ਦੋ ਟਿਫਨ ਨੇ…… ਜਾਹ …… ਫੜ ਲਿਆ ਤੇ…… ਇੱਕ ਵਿੱਚ ਦਾਲਾਂ ਸਬਜ਼ੀਆਂ…..ਦੂਜੇ ਟਿਫਨ ਦੇ ਚਾਰੇ ਡੱਬਿਆਂ ਵਿੱਚ….. ਖੀਰ ਪਾ ਕੇ ਰੱਖ ਦੇ….(ਹੱਥ ਨਾਲ ਇੱਕ ਆਰਜ਼ੀ ਤੌਰ ਤੇ ਲਾਏ ਪਰਦੇ ਪਿੱਛੇ ਨੂੰ ਇਸ਼ਾਰਾ ਕਰਕੇ)…..ਆਹ ਪਿੱਛੇ ਬਾਲਟੀਆਂ ਭਰੀਆਂ ਪਈਆਂ…..।”
             ਵਿਚਾਰਾ ਵਰਤਾਰਾ ਸ਼ਰਧਾ ਭਾਵ ਨਾਲ ਸੇਵਾ ਕਰਨ ਆਇਆ ਹੁੰਦਾ। ਓਹਨੂੰ ਕੀ ਪਤਾ ਕਿ ਉਹ ਚੌਧਰੀ ਭਾਵ ਕੋਈ ਮੋਢੀ ਬੰਦਾ ਹੈ ਜਾਂ ਘੜੰਮ ਚੌਧਰੀ ਹੈ। ਉਹ ਫਟਾਫਟ ਓਹਦੇ ਹੁਕਮ ਵਿੱਚ ਬੱਝ ਕੇ ਸੇਵਾ ਕਰਨ ਲੱਗ ਜਾਂਦਾ ਹੈ। ਟਿਫਨ ਵੀ ਕਾਹਦੇ… ਨਿਰੇ ਬਾਲਟੀਆਂ ਵਰਗੇ ਹੁੰਦੇ ਨੇ। ਉਹ ਤਾਂ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਨਾ ਉਹ ਕਿਸੇ ਕਮੋਟੀ ਦਾ ਮੈਂਬਰ ਹੁੰਦਾ ਹੈ ਤੇ ਨਾ ਹੀ ਪ੍ਰਬੰਧਕਾਂ ਵੱਲੋਂ ਕੋਈ ਵਿਸ਼ੇਸ਼ ਡਿਊਟੀ ਮਿਲੀ ਹੁੰਦੀ ਹੈ,ਬੱਸ ਉਸ ਨੂੰ ਤਾਂ ਜੀ ਮੂਹਰੇ ਹੋ ਕੇ “ਸੇਵਾ ਕਰਨ”  ਤੇ ਕਰਵਾਉਣ ਦਾ ਸ਼ੌਕ ਹੁੰਦਾ ਹੈ। ਸ਼ਾਇਦ ਸੇਵਾ ਨਾਲੋਂ ਵੱਧ ਉਸ ਅੰਦਰ ਆਪਣੇ ਆਪ ਨੂੰ ਹਜ਼ਾਰਾਂ ਦੀ ਭੀੜ ਵਿੱਚ ਅਲੱਗ ਪਛਾਣ ਬਣਾਉਣ ਦਾ ਜ਼ਿਆਦਾ ਸ਼ੌਕ ਹੁੰਦਾ ਹੈ।
          ਹਰ ਤਰ੍ਹਾਂ ਦੇ ਸਮਾਗਮਾਂ ਵਿੱਚ ਸਟੇਜ ਤੇ ਜਿਹੜਾ ਵਾਰ ਵਾਰ ਐਧਰ ਓਧਰ ਗੇੜੇ ਮਾਰਦਾ ਜਿਵੇਂ ਕਿਸੇ ਨੂੰ ਕੁਛ ਪੁੱਛ ਰਿਹਾ ਹੋਵੇ ਜਾਂ ਦੱਸ ਰਿਹਾ ਹੋਵੇ , ਸਲਾਹ ਦੇ ਰਿਹਾ ਹੋਵੇ ਜਾਂ ਫਿਰ ਆਉਣ ਵਾਲੇ ਉੱਘੇ ਲੋਕਾਂ ਨਾਲ ਇਸ ਤਰ੍ਹਾਂ ਮਿਲ਼ਦੇ ਜਾਂ ਗੱਲਾਂਬਾਤਾਂ ਕਰਦੇ ਦਿਖਾਈ ਦਿੰਦੇ ਹਨ ਜਿਵੇਂ ਉਹਨਾਂ ਨੂੰ ਸਾਰੀ ਦੁਨੀਆਂ ਜਾਣਦੀ ਹੈ…..ਸਮਝੋ ਉਹ ਘੜੰਮ ਚੌਧਰੀ ਹੀ ਹੋਵੇਗਾ।ਆਮ ਕਰਕੇ ਘੜੰਮ ਚੌਧਰੀ ਉਹਨਾਂ ਨੂੰ ਕਿਹਾ ਹੀ ਤਾਂ ਜਾਂਦਾ ਹੈ ਕਿਉਂ ਕਿ ਕਈ ਵਾਰ ਉਹਨਾਂ ਵਿੱਚੋਂ ਹਰ ਜਗ੍ਹਾ ਮੂਹਰੇ ਹੋ ਹੋ ਕੇ ਆਪਣੀ ਪਛਾਣ ਤਾਂ ਇਸ ਤਰ੍ਹਾਂ ਬਣਾ ਲੈਂਦੇ ਹਨ ਜਿਵੇਂ ਉਹਨਾਂ ਨੇ ਜ਼ਿੰਦਗੀ ਵਿੱਚ ਬਹੁਤ ਮੱਲਾਂ ਮਾਰ ਕੇ ਨਾਮਣਾ ਖੱਟਿਆ ਹੋਵੇ ਪਰ ਜਦੋਂ ਉਹਨਾਂ ਦੀਆਂ ਪ੍ਰਾਪਤੀਆਂ ਤੇ ਝਾਤੀ ਮਾਰੀਏ ਤਾਂ ਉਹ ਹਵਾ ਨਾਲ਼ ਭਰੇ ਲਿਫ਼ਾਫ਼ੇ ਵਾਂਗ ਹੁੰਦੇ ਹਨ ।
             ਉਂਝ ਦੇਖਿਆ ਜਾਏ ਤਾਂ ਘੜੰਮ ਚੌਧਰੀ ਸਾਡੇ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ ਕਿਉਂ ਕਿ ਉਹ ਜਿੱਥੇ ਵੀ ਹਾਜ਼ਰ ਹੋਣ ਉੱਥੇ ਹੀ ਉਹ ਲੋਕਾਂ ਦਾ ਮੁੱਖ ਮੁੱਦੇ ਤੋਂ ਧਿਆਨ ਹਟਾ ਕੇ ਆਪਣੇ ਵੱਲ ਖਿੱਚ ਲੈਂਦੇ ਹਨ। ਕਈ ਵਾਰ ਇਹੋ ਜਿਹੇ ਘੜੰਮ ਚੌਧਰੀ ਆਪਣੀ ਪਛਾਣ ਐਨੀ ਉੱਚੀ ਬਣਾ ਲੈਂਦੇ ਹਨ ਕਿ ਉਹਨਾਂ ਦਾ ਹਰ ਜਗ੍ਹਾ ਚੌਧਰਪੁਣਾ ਕਰਨਾ ਹੀ ਉਹਨਾਂ ਦਾ ਰੁਤਬਾ ਬਣ ਜਾਂਦਾ ਹੈ।ਆਮ ਲੋਕ ਵੀ ਉਹਨਾਂ ਦੀਆਂ ਪ੍ਰਾਪਤੀਆਂ ਤੇ ਝਾਤੀ ਮਾਰੇ ਬਿਨਾਂ ਸਿਰਫ਼ ਉਹਨਾਂ ਦੀ ਮੌਜੂਦਗੀ ਨੂੰ ਹੀ ਉਹਨਾਂ ਦਾ ਰੁਤਬਾ ਮੰਨਣ ਲੱਗ ਜਾਂਦੇ ਹਨ। ਇਸ ਵਰਗ ਦੇ ਘੜੰਮ ਚੌਧਰੀ ਜ਼ਿਆਦਾ ਚਲਾਕ,ਪੈਸੇ ਵਾਲੇ ਤੇ ਗੱਲਾਂ ਬਾਤਾਂ ਦੇ ਮੰਝੇ ਹੋਏ ਹੁੰਦੇ ਹਨ। ਉਹਨਾਂ ਨੂੰ ਪੈਸੇ ਦੇ ਜ਼ੋਰ ਤੇ ਲੋਕਾਂ ਵਿੱਚ ਆਪਣੀ ਵਿਲੱਖਣ ਥਾਂ ਬਣਾਉਣ ਦਾ ਹੁਨਰ ਹੁੰਦਾ ਹੈ। ਜਦ ਉਹ ਸਟੇਜਾਂ ਤੇ ਸਨਮਾਨਿਤ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਸ਼ਾਨ ਵਿੱਚ ਤਾੜੀਆਂ ਮਾਰਨ ਵਾਲੇ ਲੋਕ ਉਹਨਾਂ ਤੋਂ ਕਿਤੇ ਜ਼ਿਆਦਾ ਕਾਬਲ ਹੁੰਦੇ ਹਨ।ਪਰ ਉਹ ਤਾੜੀਆਂ ਵਾਲੇ ਸੈਕਸ਼ਨ ਵਿੱਚ ਤਾਂ ਬੈਠੇ ਹੁੰਦੇ ਹਨ ਕਿਉਂ ਕਿ ਉਹ ਇਹ ਹੁਨਰ ਨਹੀਂ ਜਾਣਦੇ ਹੁੰਦੇ। ਕੋਈ ਕੋਈ ਸਿਆਸੀ ਆਗੂ ਵੀ ਇਸੇ ਹੁਨਰ ਦੀ ਉਪਜ ਹੁੰਦੇ ਹਨ।
          ਘੜੰਮ ਚੌਧਰੀ ਬਣਨਾ ਆਮ ਬੰਦੇ ਦੇ ਵਸ ਤੋਂ ਬਾਹਰ ਦੀ ਗੱਲ ਹੈ। ਕਈ ਵਾਰ ਜੇ ਕੋਈ ਵਿਅਕਤੀ ਹਿੰਮਤ ਕਰਕੇ ਇਹਨਾਂ ਬਾਰੇ ਜਾਣ ਬੁੱਝ ਕੇ ਭਰੀ ਸਭਾ ਵਿੱਚ ਤਵਾ ਲਾ ਕੇ ਠਿੱਠ ਕਰਨਾ ਵੀ ਚਾਹੇ ਤਾਂ ਇਹ ਦੰਦੀਆਂ ਕੱਢ ਕੇ ਪਬਲਿਕ ਦਾ ਹਿੱਸਾ ਬਣ ਕੇ ਉਸ ਨੂੰ ਆਪਣੇ ਉੱਤੇ ਨਾ ਲੈਂਦੇ ਹੋਏ ਉਸੇ ਨੂੰ ਵਾਹ! ਵਾਹ ਆਖਣ ਲੱਗਦੇ ਹਨ, ਜਿਸ ਨਾਲ ਤਵਾ ਲਾਉਣ ਵਾਲੇ ਦਾ ਵੀ ਸਿਰ ਚਕਰਾ ਜਾਂਦਾ ਹੈ ਤੇ ਹਿੰਮਤ ਢਾਹ ਬਹਿੰਦਾ ਹੈ। ਜੇ ਦੇਖਿਆ ਜਾਵੇ ਤਾਂ ਘੜੰਮ ਚੌਧਰੀ ਬਣਨ ਲਈ ਅਤਿ ਦਾ ਆਤਮ ਵਿਸ਼ਵਾਸੀ ਹੋਣਾ, ਹੱਦ ਦਰਜੇ ਦਾ ਢੀਠ ਹੋਣਾ ਤੇ ਗੱਲਾਂ ਬਾਤਾਂ ਨਾਲ਼ ਬਹੁਤ ਸਾਰੇ ਲੋਕਾਂ ਨੂੰ ਭਰਮਾਉਣ ਵਰਗੇ ਗੁਣਾਂ ਦਾ ਧਾਰਨੀ ਹੋਣਾ ਜ਼ਰੂਰੀ ਹੁੰਦਾ ਹੈ।
ਬਰਜਿੰਦਰ ਕੌਰ ਬਿਸਰਾਓ…
99889-01324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article10 injured after 5.5-magnitude quake hits China
Next articleਧੀਆਂ ਜਾਂ ਤੀਆਂ