(ਸਮਾਜ ਵੀਕਲੀ)- ਸ਼ਿੰਦੋ ਆਪਣੀਆਂ ਤਿੰਨ ਦਰਾਣੀਆਂ ਕਿੰਦਰ, ਮਾਨਾਂ ਤੇ ਵੀਰੋ ਨਾਲ ਪੁਰਾਣੀ ਦਲਾਨ ਵਿੱਚ ਬੈਠੀ ਚੁਰ ਤੇ ਰੋਟੀ ਬਣਾ ਰਹੀ ਸੀ। “ਸ਼ਿੰਦੋ ਭੈਣ ਜੀ…. ਹੁਣ ਤਾਂ ਆਟਾ ਦਸ ਕ ਗੰਨੀਆਂ ਜੋਗਾ ਰਹਿ ਗਿਆ…. ਮੈਂ ਤਾਂ ਕਹਿੰਨੀ ਆਂ…. ਤੁਸੀਂ ਦਮ ਦੇਣੇ ਹਾਰੇ ਚੋਂ ਦਾਲ ਕੱਢ ਲਿਆਓ…..ਜਦ ਤੱਕ ਸਾਰੀਆਂ ਰੋਟੀਆਂ ਪੱਕ ਜਾਣਗੀਆਂ….. ਆਪਾਂ ਨਾਲ਼ ਦੀ ਨਾਲ਼ ਰੋਟੀਆਂ ਪਾ ਕੇ ਸਭ ਨੂੰ ਖਵਾ ਦੇਵਾਂਗੀਆਂ…,” ਮਾਨਾਂ ਬੋਲੀ। (ਸ਼ਿੰਦੋ ਆਪਣੀ ਸੂਤੀ ਫੁੱਲਾਂ ਵਾਲੀ ਲਾਲ ਚੁੰਨੀਂ ਨਾਲ਼ ਮੂੰਹ ਤੋਂ ਪਸੀਨਾ ਪੂੰਝਦੀ ਹੋਈ ਹਾਰੇ ਵੱਲ ਨੂੰ ਜਾਂਦੀ ਹੈ।ਰੰਗ ਆਏਂ ਚੋ ਚੋ ਪੈਂਦਾ ਹੈ ਜਿਵੇਂ ਕਿਤੇ ਚੁੰਨੀ ਦਾ ਲਾਲ ਰੰਗ ਹੀ ਲੱਗ ਗਿਆ ਹੋਵੇ। )
“ਭੈਣ ਜੀ…. ਮੈਂ ਫਟਾਫਟ ਬਾਲਟੀ ਵਿੱਚ ਬਰਫ਼ ਪਾ ਕੇ…. ਪਾਣੀ ਭਰ ਲਿਆਉਂਦੀ ਆਂ….. ਨਾਲ਼ੇ ਕੌਲੀਆਂ ਤੇ ਥਾਲੀਆਂ ਵੀ ਉਰੇ ਈ ਚੁੱਕ ਲਿਆਉਂਦੀ ਆਂ….।”ਸਾਰਿਆਂ ਤੋਂ ਛੋਟੀ ਵੀਰੋ ਬੋਲੀ।
ਸ਼ਿੰਦੋ ਆਪਣੀਆਂ ਛੋਟੀਆਂ ਕੁਆਰੀਆਂ ਦੋਵੇਂ ਨਣਾਨਾਂ ਨੂੰ ਹਾਕ ਮਾਰਦੀ ਹੈ,”ਨੀ ਸੁੱਖੀ….ਨੀ ਰਾਣੀ….ਐਧਰ ਆਓ….. ਆਹ ਅਸੀਂ ਥਾਲੀਆਂ ਵਿੱਚ ਰੋਟੀ ਪਾ ਕੇ ਦਿੰਨੀਆਂ…. ਤੁਸੀਂ ਦੋਵੇਂ ਜਾਣੀਆਂ ਰੋਟੀ ਫੜਾਈ ਜਾਓ ਸਾਰਿਆਂ ਨੂੰ…. ਇੱਕ ਜਾਣੀ ਥਾਲੀਆਂ ਫੜਾਈ ਜਾਓ…. ਤੇ ਦੂਜੀ ਪਾਣੀ ਦੇ ਗਿਲਾਸ….।”
ਸਾਰੀਆਂ ਨੇ ਆਪਣੇ ਆਪਣੇ ਹਿੱਸੇ ਦੇ ਕੰਮ ਕਰਦੀਆਂ ਨੇ ਘੰਟੇ ਵਿੱਚ ਰੋਟੀ ਬਣਾ ਕੇ ਵਰਤਾ ਵੀ ਦਿੱਤੀ ਤੇ ਆਪ ਸਾਰੀਆਂ ਦਰਾਣੀਆਂ ਜਠਾਣੀਆਂ ਤੇ ਦੋਵੇਂ ਕੁੜੀਆਂ ਓਥੇ ਈ ਦਲਾਨ ਵਿੱਚ ਮੰਜਿਆਂ ਤੇ ਬਹਿ ਕੇ ਰੋਟੀ ਖਾਣ ਲੱਗੀਆਂ। ਵੀਰੋ ਸਿਹਤ ਪੱਖੋਂ ਥੋੜ੍ਹੀ ਤਕੜੀ ਹੋਣ ਕਰਕੇ ਆਪਣੀ ਜਠਾਣੀ ਸ਼ਿੰਦੋ ਨੂੰ ਆਖਣ ਲੱਗੀ,”ਭੈਣ ਜੀ…. ਤੂੰ…. ਸ਼ੁਰੂ ਤੋਂ ਈ ਐਹੋ ਜਿਹੀ ਸੀ….? ਕਿ ਬਾਅਦ ਚ ਆਏਂ ਮਾੜੀ ਹੋਗੀ…. ਤੇਰੀਆਂ ਜ੍ਹਾਭਾਂ ਜਮ੍ਹਾਂ ਈ ਵਿੱਚ ਵੜੀਆਂ ਪਈਆਂ…!”
ਊਂ ਸ਼ਿੰਦੋ ਸੁਭਾਅ ਦੀ ਹਸਮੁੱਖ ਸੀ ਤੇ ਘਰ ਦੀਆਂ ਸਾਰੀਆਂ ਨੂੰਹਾਂ ਦਾ ਏਕਾ ਵੀ ਓਹਦੇ ਕਰਕੇ ਹੀ ਚੱਲਿਆ ਆ ਰਿਹਾ ਸੀ। ਆਪਣੇ ਤਿੰਨੇ ਦਿਓਰਾਂ ਤੇ ਦੋਵੇਂ ਨਣਾਨਾਂ ਨੂੰ ਬਹੁਤ ਪਿਆਰ ਕਰਦੀ ਸੀ। ਸਾਰੇ ਟੱਬਰ ਨੂੰ ਮੂਹਰੇ ਲਾਈ ਫਿਰਦੀ ਸੀ,ਮਜਾਲ ਆ ਕਿ ਕੋਈ ਘਰ ਦਾ ਜੀਅ ਤਿੜ ਫਿੜ ਕਰ ਦੇਵੇ। ਹਰ ਗੱਲ ਹਾਸੇ ਵਿੱਚ ਈ ਟਾਲ਼ ਦਿੰਦੀ ਸੀ। ਜੇ ਵੱਡੀ ਨੂੰਹ ਦਾ ਸੁਭਾਅ ਠੀਕ ਨਾ ਹੋਵੇ ਤਾਂ ਬਾਕੀ ਜੀਅ ਵੀ ਘਰ ਖ਼ਰਾਬ ਕਰਨ ਲੱਗ ਜਾਂਦੇ ਹਨ। ਵੈਸੇ ਵੀ ਓਹਦੇ ਸਿਰ ‘ਤੇ ਉਸ ਦੀ ਸੱਸ ਨੂੰ ਘਰ ਦਾ ਜਾਂ ਕਬੀਲਦਾਰੀ ਦਾ ਬਾਹਰ ਅੰਦਰ ਦਾ ਕੋਈ ਫ਼ਿਕਰ ਨਹੀਂ ਸੀ।
ਸ਼ਿੰਦੋ ਬੋਲੀ,” ਨੀ …. ਸਹੁਰਿਆਂ ਦੀ ਕਬੀਲਦਾਰੀ ਨਜਿੱਠਦੀ ਓ ਈ ਰਹਿ ਗਈ ਮੈਂ ਤਾਂ….. ਆਹ ਦੋਏ ਕੁੜੀਆਂ ਵਿਆਹੀਆਂ ਜਾਣ….. ਮੈਂ ਤਾਂ ਅੱਡ ਹੋ ਕੇ…. ਤੈਨੂੰ ਗੱਲ੍ਹਾਂ ਬਾਹਰ ਕੱਢ ਕੇ ਦਿਖਾਊਂ….. ਜਦ ਕੰਮ ਦਾ ਕੋਈ ਬੋਝ ਨੀ ਹੋਊ ਦਿਮਾਗ਼ ‘ਤੇ…..ਤੇ ….ਖਾਣ ਪੀਣ ਨੂੰ ਦੁੱਧ ਘਿਓ ਖੁੱਲ੍ਹਾ ਹੋਊ (ਫੇਰ ਆਪ ਈ ਸੋਚ ਕੇ ਬੋਲੀ) ਉੰਝ ਖਾਣ ਪੀਣ ਤਾਂ ਹੁਣ ਵੀ ਨੀ ਕੋਈ ਕਮੀ…. ਮੈਨੂੰ ਜਾਂ ਥੋਨੂੰ ਕਿਹੜਾ ਕੋਈ ਰੋਕ ਟੋਕ ਆ….!”
ਜੂਠੇ ਭਾਂਡੇ ਇਕੱਠੇ ਕਰ ਕੇ, ਵਿਹੜੇ ਦੇ ਇੱਕ ਪਾਸੇ ਨਲ਼ਕੇ ਅਤੇ ਟੂਟੀ ਕੋਲ਼ ਬਣੇ ਖੁਰੇ ਤੇ ਰੱਖ ਕੇ ਸਾਰੀਆਂ ਆਪੋ ਆਪਣੇ ਕਮਰਿਆਂ ਵਿੱਚ ਅਰਾਮ ਕਰਨ ਲਈ ਚਲੀਆਂ ਗਈਆਂ । ਸ਼ਾਮ ਨੂੰ ਤਿੰਨ ਕੁ ਵਜੇ ਕਿੰਦਰ ਮੱਝਾਂ ਲਈ ਸੰਨ੍ਹੀ ਰਲਾਉਣ ਚਲੀ ਗਈ, ਮਾਨਾਂ ਭਾਂਡੇ ਮਾਂਜਣ ਬੈਠ ਗਈ, ਸ਼ਿੰਦੋ ਨੇ ਘਰ ਲਈ ਤੇ ਖੇਤਾਂ ਵਿੱਚ ਕਾਮਿਆਂ ਲਈ ਚਾਹ ਧਰ ਦਿੱਤੀ,ਵੀਰੋ ਸਾਰਿਆਂ ਦੇ ਜਵਾਕਾਂ ਨੂੰ ਸਕੂਲ ਦਾ ਕੰਮ ਕਰਾਉਣ ਬੈਠ ਗਈ। ਸੁੱਖੀ ਤੇ ਰਾਣੀ ਨੂੰ ਜਿਹੜੀ ਭਰਜਾਈ ਆਪਣੇ ਕੰਮ ਵਿੱਚ ਹੱਥ ਵਟਾਉਣ ਲਈ ਹਾਕ ਮਾਰ ਲੈਂਦੀ…. ਓਹਦੇ ਨਾਲ ਈ ਉਹ ਹੱਥ ਵਟਾਉਣ ਲੱਗ ਜਾਂਦੀਆਂ। ਇਵੇਂ ਹੀ ਸ਼ਾਮ ਦੀ ਰੋਟੀ ਦਾ ਉਹ ਕੰਮ ਕਰਨ ਲੱਗ ਜਾਂਦੀਆਂ। ਰਾਤ ਦੇ ਅੱਠ ਕੁ ਵਜਦੇ ਨਾਲ਼ ਸਭ ਖਾ ਪਕਾ ਕੇ,ਭਾਂਡੇ ਧੋ ਮਾਂਜ ਕੇ ਵਿਹਲੀਆਂ ਹੋ ਜਾਂਦੀਆਂ…. ਰਾਤ ਨੂੰ ਸੌਣ ਤੋਂ ਪਹਿਲਾਂ ਆਪੋ ਆਪਣੀ ਜ਼ਰੂਰਤ ਅਨੁਸਾਰ ਜਿਸ ਕਿਸੇ ਨੇ ਦੁੱਧ ਪੀਣਾ ਹੁੰਦਾ…. ਉਹ ਆਪਣੇ ਜਵਾਕਾਂ ਜਾਂ ਘਰਵਾਲਿਆਂ ਨੂੰ ਗਰਮ ਕਰਕੇ ਦੇ ਦਿੰਦੀਆਂ। ਇਹੀ ਉਹਨਾਂ ਦੇ ਘਰ ਦੇ ਕੰਮਾਂ ਦੀ ਰੁਟੀਨ ਸੀ। ਸ਼ਿੰਦੋ ਨੂੰ ਜੇ ਉਸ ਦੀਆਂ ਦਰਾਣੀਆਂ ਮਜ਼ਾਕ ਕਰਦੀਆਂ ਕੁਝ ਕਹਿ ਦਿੰਦੀਆਂ ਤਾਂ ਉਹ ਅਕਸਰ ਹੀ ਹਾਸੇ ਹਾਸੇ ਵਿੱਚ ਹਰ ਗੱਲ ਨੂੰ “ਅੱਡ ਹੋ ਕੇ….” ਆਹ ਕਰੂੰ…..”ਅੱਡ ਹੋ ਕੇ” ਆਏਂ ਕਰੂੰਗੀ…”ਅੱਡ ਹੋ ਕੇ…” ਕੰਮ ਦਾ ਬੋਝ ਘਟ ਜਾਊ…! ਕਹਿ ਕੇ ਮਾਹੌਲ ਨੂੰ ਖੁਸ਼ਗਵਾਰ ਬਣਾਈ ਰੱਖਦੀ ਕਿਉਂ ਕਿ ਸਭ ਨੂੰ ਪਤਾ ਸੀ ਕਿ ਉਸ ਅੰਦਰ ਕੋਈ ਇਹੋ ਜਿਹੀ ਭਾਵਨਾ ਨਹੀਂ ਸੀ ਉਹ ਸਿਰਫ਼ ਉਂਝ ਹੀ ਗੱਲ ਕਰਦੀ ਸੀ।
ਸੁੱਖੀ ਤੇ ਰਾਣੀ ਲਈ ਚੰਗੇ ਘਰ ਦੇ ਦੋ ਸਕੇ ਭਰਾਵਾਂ ਦਾ ਰਿਸ਼ਤਾ ਆ ਗਿਆ। ਉਹਨਾਂ ਨੂੰ ਮੰਗ ਕੇ ਛੇ ਮਹੀਨਿਆਂ ਦੇ ਅੰਦਰ ਦੋਹਾਂ ਦਾ ਵਿਆਹ ਕਰ ਦਿੱਤਾ। ਸ਼ਿੰਦੋ ਦੇ ਸੱਸ ਸਹੁਰੇ ਨੇ ਮਹਿਸੂਸ ਕੀਤਾ ਕਿ ਹੁਣ ਸਾਰੇ ਨੂੰਹਾਂ ਪੁੱਤਾਂ ਨੂੰ ਅੱਡ ਕਰ ਦਿੱਤਾ ਜਾਵੇ। ਉਹਨਾਂ ਨੇ ਆਪਣੇ ਵੱਡੇ ਸਾਰੇ ਘਰ ਵਿੱਚੋਂ ਸਾਰਿਆਂ ਨੂੰ ਦੋ ਦੋ ਕਮਰੇ ਤੇ ਦੋ ਦੋ ਮੱਝਾਂ ਦੇ ਕੇ ਅੱਡ ਕਰ ਦਿੱਤਾ। ਮੱਝਾਂ ਲਈ ਘਰ ਦੇ ਪਿਛਵਾੜੇ ਵਿੱਚ ਹੀ ਜੋ ਜਗ੍ਹਾ ਮੈਸਾਂ ਲਈ ਸੀ, ਉੱਥੇ ਹੀ ਸਭ ਨੂੰ ਕੋਈ ਰੋਕ ਟੋਕ ਨਹੀਂ ਸੀ,ਉਸ ਨੂੰ ਵੰਡਣ ਦੀ ਤਾਂ ਕੋਈ ਲੋੜ ਨਹੀਂ ਲੱਗੀ ਸੀ। ਉਹਨਾਂ ਨੇ ਆਪ ਦਲਾਨ ਤੇ ਬੈਠਕ ਆਪਣੇ ਕੋਲ ਰੱਖ ਲਈ। ਅੱਡ ਹੋਣ ਵੇਲੇ ਸ਼ਿੰਦੋ ਨੇ ਅੱਖਾਂ ਵਿੱਚ ਪਾਣੀ ਭਰ ਕੇ ਬਥੇਰਾ ਕਿਹਾ ਕਿ ਉਸ ਨੇ ਨੀ ਅੱਡ ਹੋਣਾ ਪਰ ਉਸ ਦੇ ਸਹੁਰੇ ਨੇ ਸਮਝਾਉਂਦਿਆਂ ਕਿਹਾ,” ਦੇਖੋ ਭਾਈ…. ਹੁਣ ਸੁੱਖ ਨਾਲ ਥੋਡੀਆਂ ਵੀ ਆਪਣੀਆਂ ਆਪਣੀਆਂ ਕਬੀਲਦਾਰੀਆਂ ਨੇ….. ਸਮੇਂ ਸਿਰ ਈ ਸਭ ਕੁਝ ਵੰਡਿਆ ਠੀਕ ਰਹਿੰਦਾ…. ਐਵੇਂ ਕੱਲ੍ਹ ਨੂੰ ਸਾਡੇ ਮਗਰੋਂ ਮਾੜੇ ਮੋਟੇ ਵਾਧੇ ਘਾਟੇ ਪਿੱਛੇ ਤੁਹਾਡਾ ਆਪਸ ਵਿੱਚ ਫ਼ਰਕ ਪਊ… ਓਹਦੇ ਨਾਲੋਂ ਚੰਗਾ ਪਿਆਰ ਨਾਲ ਈ ਸਭ ਕੁਝ ਵੰਡਿਆ ਜਾਏ….!”
ਸਾਰੇ ਜਾਣੇ ਘਰ ਦੇ ਵੱਡੇ ਦੀ ਗੱਲ ਮੋੜਨੀ ਤਾਂ ਸਿੱਖੇ ਈ ਨਹੀਂ ਸਨ।
ਹੁਣ ਸਾਰੀਆਂ ਦਰਾਣੀਆਂ ਜਠਾਣੀਆਂ ਵੱਡੇ ਸਾਰੇ ਵਿਹੜੇ ਵਿੱਚ ਆਪੋ ਆਪਣੀਆਂ ਰਸੋਈਆਂ ਵਿੱਚ ਰੁੱਝੀਆਂ ਰਹਿੰਦੀਆਂ। ਜੇ ਕਿਤੇ ਕਿਸੇ ਨੇ ਲ੍ਹਾਮ ਨੂੰ ਜਾਣਾ ਤਾਂ ਜਵਾਕਾਂ ਦੇ ਪੜ੍ਹਕੇ ਆਉਣ ਤੋਂ ਪਹਿਲਾਂ ਪਹਿਲ ਕਾਹਲੀ ਨਾਲ ਮੁੜਕੇ ਆਉਣਾ। ਆਪਣੀਆਂ ਆਪਣੀਆਂ ਮੱਝਾਂ ਲਈ ਪੱਠੇ ਲਿਆਉਣਾ, ਧਾਰਾਂ ਚੋਣਾ, ਤਿੰਨ ਟਾਈਮ ਘਰ ਦੀ ਰੋਟੀ ਟੁੱਕ ਤੇ ਘਰ ਦੇ ਹੋਰ ਛੱਤੀ ਕੰਮ ਹੋਣ ਕਰਕੇ ਕਿਸੇ ਨੂੰ ਵਿਹਲ ਈ ਨਾ ਮਿਲਦੀ। ਜਦ ਇਕੱਠੀਆਂ ਸਨ ਤਾਂ ਵੰਡੇ ਹਿੱਸੇ ਦਾ ਕੰਮ ਕਰਕੇ ਸਭ ਵਿਹਲੀਆਂ ਹੋ ਕੇ ਹਾਸਾ ਠੱਠਾ ਵੀ ਕਰ ਲੈਂਦੀਆਂ ਸਨ। ਇੱਕ ਦਿਨ ਸ਼ਿੰਦੋ ਸਵੇਰੇ ਦਸ ਕੁ ਵਜੇ ਕੰਮ ਨਿਬੇੜ ਕੇ ਨ੍ਹਾ ਧੋ ਕੇ ਆਪਣੇ ਵਿਹੜੇ ਵਿੱਚ ਮੰਜੇ ਤੇ ਬੈਠ ਕੇ ਚਾਹ ਪੀਣ ਲੱਗੀ ਤਾਂ ਉਸ ਦੇ ਦਿਓਰ ਨੇ ਉਸ ਨੂੰ ਮਸ਼ਕਰੀ ਕਰਦੇ ਨੇ ਪੁੱਛਿਆ,”ਭਾਬੀ….. ਕੀ ਗੱਲ…..ਆਹ…ਅੱਡ ਹੋ ਕੇ….. ਤੇਰੀਆਂ ਜ੍ਹਾਭਾਂ ਤਾਂ ਬਾਹਰ ਨੂੰ ਆਈਆਂ ਨੀ ….. ਹੁਣ ਤਾਂ ਸੁੱਖ ਨਾਲ ਦੁੱਧ ਘਿਓ ਵੀ ਖੁੱਲ੍ਹਾ ਹੋਊ…. ਤੂੰ ਤਾਂ ਮੈਨੂੰ ਹੋਰ ਮਾੜੀ ਹੋ ਗਈ ਲੱਗਦੀ ਆਂ….!”
“ਜਾਹ ਵੇ….. ਅੰਨਾਂ ਜੁਲਾਹਾ ਮਾਂ ਨਾਲ ਮਸ਼ਕਰੀਆਂ…… ਮੱਝਾਂ ਦਾ ਦੁੱਧ ਤਾਂ ਡਾਇਰੀ ਤੇ ਪਾਉਣਾ ਪੈਂਦਾ…… ਇਹਨਾਂ ਦੀ ਖਲ਼ ਦਾ ਖਰਚਾ…. ਭਈਏ ਦਾ ਖ਼ਰਚਾ ਵੀ ਤਾਂ ਕੱਢਣਾ ….. ਤੇ ਨਾਲ਼ ਹੋਰ ਛੱਤੀ ਖ਼ਰਚੇ….. ਮੈਂ ਤਾਂ ਬਥੇਰਾ ਕਿਹਾ ਸੀ….. ਜਿੰਨਾਂ ਚਿਰ ਕੱਠ ਨਿਭਦਾ ਨਿਭਾਈ ਜਾਨੇ ਆਂ…..ਬਚਦਾ ਕੀ ਆ…… ਅੱਡ ਹੋ ਕੇ…..!”
ਸਾਰੇ ਜਾਣੇ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਓਹਦੀ ਗੱਲ ਸੁਣ ਕੇ ਹੱਸ ਪਏ ਜਿਵੇਂ ਸਾਰੇ ਉਸ ਦੀ ਗੱਲ ਨਾਲ ਸਹਿਮਤ ਹੋਣ ਤੇ ਸੋਚ ਰਹੇ ਹੋਣ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ ਕਿਉਂਕਿ ਇਕੱਠ ਵਰਗੀ ਰੀਸ ਨਹੀਂ ਹੁੰਦੀ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly