ਏਹੁ ਹਮਾਰਾ ਜੀਵਣਾ ਹੈ -407

(ਸਮਾਜ ਵੀਕਲੀ)- ਅੱਜ ਦੇ ਮਨੁੱਖ ਦੇ ਪੈਦਾ ਹੋਣ ਤੋਂ ਲੈਕੇ ਬਚਪਨ,ਜਵਾਨੀ , ਪੜ੍ਹਾਈ,ਰਹਿਣ ਸਹਿਣ , ਪਹਿਰਾਵਾ,ਬੋਲੀ , ਪਰਿਵਾਰਾਂ ਦੇ ਢਾਂਚੇ ਮਤਲਬ ਕਿ ਪੂਰੀ ਦੀ ਪੂਰੀ ਜੀਵਨ ਸ਼ੈਲੀ ਵਿੱਚ ਹੀ ਬਦਲਾਅ ਆ ਗਿਆ ਹੈ। ਇਸ ਤੇਜ਼ੀ ਨਾਲ ਬਦਲਦੇ ਹੋਏ ਦੌਰ ਵਿੱਚ ਸਾਰੀਆਂ ਧਿਰਾਂ ਭਾਵ ਬਚਪਨ,ਜਵਾਨੀ ਅਤੇ ਬੁਢਾਪਾ ਸਾਰੇ ਹੀ ਸੰਘਰਸ਼ ਦੇ ਦੌਰ ਵਿੱਚੋਂ ਗੁਜ਼ਰਦੇ ਨਜ਼ਰ ਆ ਰਹੇ ਹਨ। ਸਾਰੇ ਪਾਸੇ ਮਾਰਾ- ਮਾਰ ਤੇ ਹਫੜਾ ਦਫੜੀ ਮੱਚੀ ਹੋਈ ਲੱਗਦੀ ਹੈ। ਦੇਖਿਆ ਜਾਵੇ ਤਾਂ ਬੱਚਾ ਨਰਸਰੀ ਜਮਾਤ ਤੋਂ ਲੈਕੇ ਜਵਾਨੀ ਵਿੱਚ ਘਰ ਵਸਾਉਣ ਤੱਕ,ਘਰ ਵਸਾਉਣ ਤੋਂ ਲੈਕੇ ਬੱਚਿਆਂ ਅਤੇ ਪਰਿਵਾਰਾਂ ਦੇ ਪਾਲਣ ਪੋਸ਼ਣ ਤੱਕ, ਫਿਰ ਉਹਨਾਂ ਦੇ ਭਵਿੱਖ ਅਤੇ ਆਪਣੇ ਬੁਢਾਪੇ ਦੌਰਾਨ ਹਰ ਕੋਈ ਸੰਘਰਸ਼ ਕਰਦਾ ਹੀ ਨਜ਼ਰ ਆ ਰਿਹਾ ਹੈ। ਅੱਜ ਦੀ ਜ਼ਿੰਦਗੀ ਦਾ ਸਭ ਤੋਂ ਦੁਖਦਾਈ ਪੱਖ ਇਕਹਿਰੇ ਤੋਂ ਵੀ ਟੁੱਟ ਚੁੱਕੇ ਅਧੂਰੇ ਰਹਿ ਗਏ ਪਰਿਵਾਰਾਂ ਕਾਰਨ ਅੱਜ ਦਾ ਬਚਪਨਾ ਲੁੱਟਿਆ ਜਾ ਰਿਹਾ ਹੈ,ਜਵਾਨੀ ਭਟਕ ਰਹੀ ਹੈ ਅਤੇ ਬੁਢਾਪਾ ਰੁਲ ਰਿਹਾ ਹੈ।
  ਜਿਹੜੀ ਉਮਰੇ ਦੁਨੀਆਂ ਦੀ ਸੁਧ ਬੁਧ ਆਉਣ ਲੱਗੇ , ਮਾਪਿਆਂ ਨਾਲ ਤੋਤਲੀਆਂ ਗੱਲਾਂ ਕਰਨੀਆਂ ਹੋਣ, ਮਾਂ ਦੀਆਂ ਲੋਰੀਆਂ ਵਿਚਲੇ ਭੁਲੇਖ਼ੇ ਪਾਉਂਦੇ ਨਵੇਂ ਨਵੇਂ ਸ਼ਬਦਾਂ ਦੇ ਅਰਥਾਂ ਨੂੰ ਸਮਝਣਾ ਹੋਵੇ, ਰਿਸ਼ਤਿਆਂ ਨੂੰ ਪਹਿਚਾਨਣਾ ਤੇ ਮਾਪਿਆਂ ਨਾਲ ਲਾਡ ਲਡਾਉਣ ਦੇ ਦਿਨ ਆਉਣ, ਨੰਨ੍ਹੇ ਪੈਰਾਂ ਨਾਲ ਤੁਰਦੇ ਤੁਰਦੇ ਆਪਣੇ ਪਿੱਛੇ ਸਾਰੇ ਟੱਬਰ ਨੂੰ ਭਜਾਈ ਫਿਰਨਾ ਹੋਵੇ, ਨਿੱਕੇ ਨਿੱਕੇ ਦੁੱਧ ਦੰਦਾਂ ਨਾਲ ਮਾਂ ਨਾਲ ਬੈਠ ਕੇ ਨਿੱਕੀਆਂ ਨਿੱਕੀਆਂ ਬੁਰਕੀਆਂ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਦੇ ਸਵਾਦ ਚੱਖਣਾ ਸਿੱਖਣਾ ਹੋਵੇ, ਉਸ ਉਮਰੇ ਹੱਥ ਵਿੱਚ ਮੋਬਾਇਲ ਫ਼ੋਨ ਇੱਕ ਖਿਡੌਣੇ ਵਜੋਂ ਫੜਾ ਕੇ ਉਹਨਾਂ ਨੂੰ ਰੁੱਝ ਜਾਣ ਲਈ ਆਖ ਦੇਣਾ, ਤਾਂ ਸੱਚ ਮੁੱਚ ਇਹ ਸਭ ਦੇਖ਼ ਕੇ ਲੱਗਦਾ ਹੈ ਕਿ ਅੱਜ ਦਾ ਬਚਪਨ ਲੁੱਟਿਆ ਜਾ ਰਿਹਾ ਹੈ।ਉਹ ਅੱਖਾਂ ਦੀ ਟਿਕਟਿਕੀ ਲਾ ਕੇ ਕਰੂੰਬਲਾਂ ਵਰਗੀਆਂ ਛੋਟੀਆਂ ਜਿਹੀਆਂ ਉਂਗਲਾਂ ਨਾਲ ਰੰਗ ਬਿਰੰਗੀਆਂ ਤਸਵੀਰਾਂ ਦੇਖ ਕੇ ਖੁਸ਼ ਹੁੰਦਾ ਹੋਇਆ ਉਸ ਵਿੱਚ ਐਨਾ ਗਵਾਚ ਜਾਂਦਾ ਹੈ ਕਿ ਉਸ ਦੇ ਨਾਲ ਹੀ ਉਸ ਦਾ ਬਚਪਨ ਵੀ ਗੁੰਮ ਹੋ ਜਾਂਦਾ ਹੈ ‌‌‌‌।
 ਕਹਿੰਦੇ ਹਨ ਕਿ ਕਿਸੇ ਘਰ ਦੀ ਮਜ਼ਬੂਤੀ ਲਈ ਉਸ ਦੀ ਨੀਂਹ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ‌। ਇਸੇ ਤਰ੍ਹਾਂ ਬਚਪਨ ਦਾ ਸਮਾਂ ਵੀ ਹਰ ਮਨੁੱਖ ਦੀ ਜ਼ਿੰਦਗੀ ਦੀ ਨੀਂਹ ਦਾ ਕੰਮ ਕਰਦਾ ਹੈ। ਬਚਪਨ ਰੂਪੀ ਨੀਂਹ ਨੂੰ ਮਜ਼ਬੂਤ ਬਣਾਉਣ ਲਈ ਮਾਪਿਆਂ ਦੀ ਨਿਗਰਾਨੀ ਹੇਠ ਵਧਣਾ ਫੁੱਲਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਅਫਸੋਸ ਕਿ ਟੁੱਟ ਰਹੀਆਂ ਪਰਿਵਾਰਿਕ ਸਾਂਝਾਂ, ਬਹੁਤੇ ਪੜ੍ਹੇ ਲਿਖੇ ਮਾਪਿਆਂ ਦੇ ਵਿਚਾਰਾਂ ਦੀ ਆਪਸੀ ਅਸਹਿਮਤੀ , ਨਵੀਆਂ ਨਵੀਆਂ ਤਕਨੀਕਾਂ ਅਤੇ ਸੁੱਖ ਸਹੂਲਤਾਂ ਨੂੰ ਹੀ ਵਧੀਆ ਪਾਲਣ ਪੋਸ਼ਣ ਸਮਝ ਲੈਣਾ, ਮਾਤਾ ਪਿਤਾ ਦੋਵਾਂ ਦਾ ਕੰਮ ਕਾਜੀ ਹੋਣਾ, ਬੱਚਿਆਂ ਦੀ ਸੁਰਤ ਸੰਭਾਲਦਿਆਂ ਹੀ ਨੌਕਰਾਣੀਆਂ ਜਾਂ ਸੁੱਖ ਸਹੂਲਤਾਂ ਨਾਲ਼ ਭਰਪੂਰ ਛੋਟੇ ਬੱਚਿਆਂ ਵਾਲ਼ੇ ਨਰਸਰੀ ਸਕੂਲਾਂ ਵਿੱਚ ਭੇਜ ਕੇ ਉਸਾਰਿਆ ਗਿਆ ਬਚਪਨ ਕਿੰਨਾ ਖੋਖਲਾ ਹੁੰਦਾ ਜਾ ਰਿਹਾ ਹੈ ਜਿਸ ਵਿੱਚ ਸਿਰਫ਼ ਦੂਜਿਆਂ ਦੁਆਰਾ ਦਿੱਤੀ ਟ੍ਰੇਨਿੰਗ ਹੀ ਉਸ ਦੀ ਜ਼ਿੰਦਗੀ ਦੀ ਨੀਂਹ ਉਸਾਰਦੀ ਹੈ। ਇਸ ਵਿਚਾਰਧਾਰਾ ‘ਤੇ ਅਧਾਰਿਤ ਹੀ ਬੱਚਾ ਸਕੂਲੀ ਸਮੇਂ ਦੌਰਾਨ ਸਿੱਖਿਆ ਹਾਸਲ ਕਰਨ ਜਿੰਨਾਂ ਹੀ ਜਾਂ ਉਸ ਅਨੁਸਾਰ ਹੀ ਆਪਣਾ ਜੀਵਨ ਬਤੀਤ ਕਰਦਾ ਹੈ ਜਿਸ ਵਿੱਚ ਮਾਪਿਆਂ ਤੋਂ ਵੱਧ ਮਾਪਿਆਂ ਦੇ ਪੈਸੇ ਦਾ ਯੋਗਦਾਨ ਹੁੰਦਾ ਹੈ। ਉਹਨਾਂ ਦੀ ਅਪਣੱਤ , ਭਾਵਨਾਵਾਂ ਅਤੇ ਪਿਆਰ ਤੋਂ ਸੱਖਣਾ ਪਲਿਆ ਬਚਪਨ ਜਦ ਜਵਾਨੀ ਵਿੱਚ ਪਹੁੰਚਦਾ ਹੈ ਤਾਂ ਮਾਪਿਆਂ ਨੂੰ ਉਹਨਾਂ ਕੋਲੋਂ ਸਮਾਂ ਚਾਹੀਦਾ ਹੁੰਦਾ ਹੈ ਪਰ ਉਹ ਓਪਰੀ ਦੁਨੀਆ ਵਿੱਚ ਐਨੇ ਮਸਤ ਹੋ ਜਾਂਦੇ ਹਨ ਕਿ ਉਨ੍ਹਾਂ ਲਈ ਪਰਿਵਾਰ ਵਿੱਚ ਬੈਠਣਾ ਇੱਕ ਕੈਦ ਲੱਗਦੀ ਹੈ, ਵਾਰ ਵਾਰ ਮਾਪਿਆਂ ਦੀ ਕੀਤੀ ਦਖਲ ਅੰਦਾਜੀ ਇੱਕ ਬੋਝ ਅਤੇ ਬੰਦਿਸ਼ ਲੱਗਦੀ ਹੈ।ਉਹ ਆਪਣੇ ਅਤੇ ਆਪਣੇ ਦੁਆਰਾ ਸਿਰਜੇ ਮਾਹੌਲ ਵਿੱਚ ਕਿੱਧਰ ਨੂੰ ਵਧਦਾ ਹੈ ਇਹ ਉਸ ਉੱਤੇ ਹੀ ਨਿਰਭਰ ਕਰਦਾ ਹੈ। ਉਸ ਦੀ ਜਵਾਨੀ ਰੂਪੀ ਬੂਟੇ ਨੂੰ ਮਾਪਿਆਂ ਦੀਆਂ ਭਾਵਨਾਵਾਂ ਨਾਲ਼ੋਂ ਵੱਧ ਪੈਸੇ ਨਾਲ ਸਿੰਜਿਆ ਹੋਇਆ ਹੁੰਦਾ ਹੈ। ਇਸੇ ਕਰਕੇ ਅਣਗੌਲ਼ੇ ਬਚਪਨ ਤੋਂ ਬਣੀ ਅੱਜ ਦੀ ਨੌਜਵਾਨੀ ਨਸ਼ਿਆਂ, ਲੁੱਟਾਂ ਖੋਹਾਂ ਜਾਂ ਹੋਰ ਅਨੇਕਾਂ ਭੈੜੀਆਂ ਆਦਤਾਂ ਦੇ ਦਲਦਲ ਵਿੱਚ ਅਜਿਹੀ ਫਸਦੀ ਹੈ ਕਿ ਉਸ ਨੂੰ ਉੱਥੋਂ ਵਾਪਸ ਕੱਢਣਾ ਮੁਸ਼ਕਲ ਹੋ ਜਾਂਦਾ ਹੈ।ਇਸ ਲਈ ਜੇ ਆਉਣ ਵਾਲੀਆਂ ਪੀੜ੍ਹੀਆਂ ਦੀ ਜਵਾਨੀ ਨੂੰ ਸੰਭਾਲਣਾ ਹੈ ਤਾਂ ਪਹਿਲਾਂ ਬਚਪਨ ਨੂੰ ਸੰਭਾਲਣਾ ਜ਼ਰੂਰੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਨੀਂਹ ਮਜ਼ਬੂਤ ਹੋ ਸਕੇ। ਆਉਣ ਵਾਲੀਆਂ ਨਸਲਾਂ ਦੀ ਨੀਂਹ ਮਜ਼ਬੂਤ ਕਰਕੇ ਹੀ ਭਵਿੱਖ ਦੀ ਨੌਜਵਾਨੀ ਨੂੰ ਬੁਰੀਆਂ ਆਦਤਾਂ ਤੋਂ ਬਚਾਉਣ ਲਈ ਉਪਰਾਲੇ ਕਰਨੇ ਹੀ ਪੈਣਗੇ ਕਿਉਂ ਕਿ ਆਪਣਾ ਤੇ ਉਹਨਾਂ ਦਾ ਭਵਿੱਖ ਸੰਵਾਰਨਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੰਮ ਚੱਕਰ ਪ੍ਰਵਰਤਨ’ ਦਿਵਸ ਸਮਾਗਮ ਦੀਆਂ ਤਿਆਰੀਆਂ ਜੋਰਾਂ ‘ਚ 
Next articleਮਿੰਨੀ ਕਹਾਣੀ / ਸੇਲਜ਼ਮੈਨਸ਼ਿਪ