ਏਹੁ ਹਮਾਰਾ ਜੀਵਣਾ ਹੈ -336

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)- ਸਾਡੇ ਦੇਸ਼ ਵਿੱਚ ਲੋਕ ਅਕਸਰ ਧਰਮ ਨੂੰ ਕਰਮਕਾਂਡ ਨਾਲ ਜੋੜ ਕੇ ਦੇਖਦੇ ਹਨ।ਪਰ ਅਸਲੀਅਤ ਇਸ ਤੋਂ ਉਲਟ ਹੈ।ਹਰ ਵਿਅਕਤੀ ਅੰਦਰ ਧਾਰਮਿਕ ਆਸਥਾ ਹੋਣੀ ਚੰਗੀ ਗੱਲ ਹੈ ਪਰ ਜਦੋਂ ਉਸ ਅੰਦਰਲੀ ਆਸਥਾ ਐਨੀ ਜ਼ਿਆਦਾ ਵਧ ਜਾਵੇ ਕਿ ਨਿੱਕੀ ਨਿੱਕੀ ਗੱਲ ਤੇ ਧਰਮ ਨੂੰ ਕਰਮ ਕਾਂਡਾਂ ਨਾਲ਼ ਜੋੜ ਲਿਆ ਜਾਵੇ ਤਾਂ ਉਹ ਧਰਮ ਨਹੀਂ ਰਹਿੰਦਾ। ਉਹਨਾਂ ਕਰਮਕਾਂਡਾਂ ਵਿੱਚੋਂ ਭੈਅ ਉਪਜਣ ਲੱਗਦਾ ਹੈ। ਸਾਡੇ ਸਾਰੇ ਧਾਰਮਿਕ ਗ੍ਰੰਥਾਂ ਰਾਹੀਂ ਮਨੁੱਖ ਨੂੰ ਜਿੱਥੇ ਡਰ ਤੋਂ ਮੁਕਤ ਹੋ ਕੇ ਸੱਚ ਦੇ ਮਾਰਗ ਤੇ ਚੱਲਦਿਆਂ ਪਰਮਾਤਮਾ ਪ੍ਰਾਪਤੀ ਦਾ ਸੰਦੇਸ਼ ਦਿੱਤਾ ਗਿਆ ਹੈ, ਉੱਥੇ ਲੋਕਾਂ ਨੇ ਉਸ ਤੋਂ ਉਲ਼ਟ ਧਾਰਮਿਕ ਆਸਥਾ ਨੂੰ ਇੱਛਾ ਪੂਰਤੀ ਦੇ ਸਾਧਨ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਜਦ ਇੱਛਾ ਪੂਰੀ ਹੋ ਜਾਂਦੀ ਹੈ ਤਾਂ ਆਸਥਾ ਵਧਣ ਲੱਗਦੀ ਹੈ ਤੇ ਇੱਛਾ ਪੂਰੀ ਨਾ ਹੋਣ ਤੇ ਭੈਭੀਤ ਹੋਣ ਲੱਗਦਾ ਹੈ।

       ਜਦ ਮਨੁੱਖ ਭੈਅਭੀਤ ਹੋਣ ਲੱਗੇ ਤਾਂ ਉਸ ਦੇ ਮਨ ਵਿੱਚੋਂ ਵਹਿਮ ਪੈਦਾ ਹੋਣ ਲੱਗਦੇ ਹਨ। ਜਾਂ ਫਿਰ ਡਰ ਅਤੇ ਵਹਿਮ ਨੂੰ ਸਕੇ ਭਰਾ ਆਖ ਦਿੱਤਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਡਰ ਵਿੱਚੋਂ ਵਹਿਮ ਉਪਜਦਾ ਹੈ ਅਤੇ ਵਹਿਮ ਵਿੱਚੋਂ ਡਰ ਉਪਜਦਾ ਹੈ।ਜਦ ਕਿ ਇਹ ਦੋਵੇਂ ਮਨੁੱਖੀ ਮਨ ਦੀ ਉਪਜ ਹੀ ਹੁੰਦੇ ਹਨ ‌‌। ਡਰ ਅਤੇ ਵਹਿਮ ਕਮਜ਼ੋਰ ਮਨ ਦੀ ਨਿਸ਼ਾਨੀ ਹੁੰਦੇ ਹਨ। ਬਹੁਤ ਸਾਰੇ ਵਹਿਮ ਪੁਰਾਣੇ ਸਮਿਆਂ ਤੋਂ ਚੱਲੇ ਆ ਰਹੇ ਹਨ ਜਿਨ੍ਹਾਂ ਨੂੰ ਸਮੇਂ ਸਮੇਂ ਤੇ ਵਿਦਵਾਨਾਂ ਦੁਆਰਾ ਉਨ੍ਹਾਂ ਸਮਿਆਂ ਦੀਆਂ ਸਹੂਲਤਾਂ ਦੀਆਂ ਕਮੀਆਂ ਜਾਂ ਲੋੜਾਂ ਅਨੁਸਾਰ ਸਿਆਣਿਆਂ ਦੇ ਨੁਸਖੇ ਜਾਂ ਉਹਨਾਂ ਦੁਆਰਾ ਪੇਸ਼ ਕੀਤੇ ਹੋਏ ਵਿਚਾਰਕ ਤੱਥ ਕਹਿਕੇ ਨਿਕਾਰਿਆ ਜਾ ਚੁੱਕਿਆ ਹੈ। ਪਰ ਲੋਕਾਂ ਅੰਦਰ ਪੀੜ੍ਹੀ ਦਰ ਪੀੜ੍ਹੀ ਉਸੇ ਤਰ੍ਹਾਂ ਮਨ ਵਿੱਚ ਪਲ਼ਦੇ ਆ ਰਹੇ ਹਨ।
                   ਕੁਝ ਘਟਨਾਵਾਂ ਸਾਡੇ ਆਲੇ ਦੁਆਲੇ ਵਿੱਚ ਰੋਜ਼ਾਨਾ ਵਾਪਰਦੀਆਂ ਹਨ ਜਿਵੇਂ ਕੁੱਤਿਆਂ ਬਿੱਲਿਆਂ ਦਾ ਰੋਣਾ,ਰਸਤਾ ਕੱਟਣਾ,ਰਾਤ ਨੂੰ ਸਿਰ ਵਾਹੁਣਾ,ਕੈਂਚੀ ਖੜਕਾਉਣਾ,ਕਿਸੇ ਕੰਮ ਨੂੰ ਜਾਣ ਲੱਗੇ ਜਾਂ ਸਲਾਹ ਕਰਨ ਲੱਗੇ ਕੁੱਤੇ ਦਾ ਕੰਨ ਮਾਰਨਾ,ਕਿਸੇ ਦਾ ਕੰਮ ਨੂੰ ਤੁਰਨ ਲੱਗੇ ਛਿੱਕ ਮਾਰਨਾ,ਘਰੋਂ ਨਿਕਲਦੇ ਵਿਅਕਤੀ ਨੂੰ ਖਾਲੀ ਟੋਕਰਾਂ ਜਾਂ ਖਾਲੀ ਘੜਾ ਮਿਲਣਾ,ਘਰ ਤੋਂ ਤੁਰੇ ਵਿਅਕਤੀ ਨੂੰ ਪਿਛੋਂ ਹਾਕ ਮਾਰਨਾ,ਬਿੱਲੀ ਜਾਂ ਕਾਲੇ ਹਿਰਨ ਦਾ ਰਾਹ ਕੱਟਣਾ,ਰਾਤ ਨੂੰ ਕਿਸੇ ਚੰਗੇ ਕੰਮ ਬਾਰੇ ਸਲਾਹ ਕਰਨੀ,ਕਿਸੇ ਸ਼ੁੱਭ ਕੰਮ ਨੂੰ ਜਾਂਦੇ ਹੋਏ ਰਸਤੇ ਵਿੱਚ ਬ੍ਰਾਹਮਣ ਜਾਂ ਨੰਬਰਦਾਰ ਦਾ ਮਿਲਣਾ ਜਾਂ ਮੱਥੇ ਲੱਗਣਾ ਮਾੜਾ ਸ਼ਗਨ ਸਮਝਿਆ ਜਾਂਦਾ ਹੈ,ਚੌਥ ਦਾ ਚੰਨ ਮੱਥੇ ਲੱਗਣਾ ਆਦਿ ਮਾੜਾ ਸਮਝਿਆ ਜਾਂਦਾ ਹੈ।ਪਰ ਉਹਨਾਂ ਨੂੰ ‘ਬਹੁਤ ਮਾੜਾ’ ਹੋਣ ਵਾਲ਼ਾ ਕਹਿਕੇ ਡਰ ਵਾਲ਼ਾ ਵਾਤਾਵਰਨ ਸਿਰਜਿਆ ਜਾਂਦਾ ਹੈ। ਪਰ ਕੀ ਕਦੇ ਕੁੱਤਿਆਂ ਬਿੱਲਿਆਂ ਨੂੰ ਰੋਂਦਿਆਂ ਨੂੰ ਸੁਣ ਕੇ ਉਹਨਾਂ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕਿਉਂ ਰੋ ਰਿਹਾ ਹੈ? ਨਹੀਂ, ਸਗੋਂ ਉਲਟਾ ਉਸ ਦੇ ਪੱਥਰ ਜਾਂ ਸੋਟੀ ਮਾਰ ਕੇ ਹੋਰ ਦੁਖੀ ਕੀਤਾ ਜਾਂਦਾ ਹੈ ਤੇ ਉਹ ਲੁਕ ਛਿਪ ਕੇ ਅਵਾਜ਼ਾਂ ਕੱਢਦਾ ਹੈ ਤਾਂ ਮਨ ਵਾਲ਼ਾ ਵਹਿਮ ਹੋਰ ਪੱਕਾ ਹੋ ਕੇ ਡਰ ਪੈਦਾ ਹੋ ਜਾਂਦਾ ਹੈ।ਜਿਹੋ ਜਿਹਾ ਸਾਡਾ ਮਨ ਹੁੰਦਾ ਹੈ ਉਹੋ ਜਿਹਾ ਹੀ ਅਸੀਂ ਆਪਣੇ ਆਲ਼ੇ ਦੁਆਲ਼ੇ ਦਾ ਵਾਤਾਵਰਨ ਸਿਰਜ ਰਹੇ ਹੁੰਦੇ ਹਾਂ।ਇਸ ਕਰਕੇ ਕੁਝ ‘ਮਾੜਾ’ ਹੋਣ ਵਾਲੇ ਡਰ ਨਾਲ ਮਾੜਾ ਹੋਣਾ ਤੈਅ ਹੋ ਜਾਂਦਾ ਹੈ।
        ਗਲੀ ਵਿੱਚ ਇੱਕ ਕੁੱਤੇ ਨੂੰ ਬਿੰਦੇ ਝੱਟੇ ਰੋਣ ਦੀ ਆਦਤ ਸੀ।ਉਸ ਦੀ ਅਵਾਜ਼ ਸੁਣ ਕੇ ਕੋਈ ਉਸ ਦੇ ਸੋਟੀ ਮਾਰਦਾ ਹੈ ਤੇ ਕੋਈ ਪੱਥਰ।ਪਰ ਉਸ ਨੂੰ ਸਮਝਣ ਜਾਂ ਪਰਖਣ ਦੀ ਕਿਸੇ ਨੇ ਜ਼ਰੂਰਤ ਈ ਨਹੀਂ ਸਮਝੀ। ਫਿਰ ਜਦ ਉਸ ਨੂੰ ਧਿਆਨ ਨਾਲ ਦੇਖਿਆ ਤਾਂ ਉਹ ਆਮ ਕੁੱਤਿਆਂ ਨਾਲੋਂ ਥੋੜ੍ਹੀ ਜਿਹੇ ਵਿਲੱਖਣ ਸੁਭਾਅ ਦਾ ਹੋਣ ਕਰਕੇ ਉਸ ਨੂੰ ਬੰਦਿਆਂ ਵਾਂਗ ਗੱਲਾਂ ਕਰਨ ਦੀ ਆਦਤ ਸੀ। ਹਰੇਕ ਚੀਜ਼ ਵੇਚਣ ਵਾਲੇ ਦੇ ਹੋਕੇ ਮਗਰ ਉਸ ਦੀ ਰੀਸ ਨਾਲ ਉਸ ਨੂੰ ਵੀ ਹੋਕਾ ਦੇਣ ਦੀ ਆਦਤ ਹੈ। ਇਸੇ ਤਰ੍ਹਾਂ ਕਿਸੇ ਨੂੰ ਭੁੱਖ ਲੱਗੀ ਹੋਈ ਹੋਵੇ, ਕਿਸੇ ਦਾ ਕੁਝ ਦੁਖਦਾ ਹੋਵੇ ਤਾਂ ਉਹ ਆਪਣਾ ਦੁੱਖ ਜਾਂ ਖੁਸ਼ੀ ਤਾਂ ਆਪਣੀ ਅਵਾਜ਼ ਰਾਹੀਂ ਹੀ ਪ੍ਰਗਟ ਕਰਨਗੇ। ਜਦ ਮਨੁੱਖ ਖੁਸ਼ ਹੁੰਦਾ ਹੈ ਜਾਂ ਤਕਲੀਫ ਵਿੱਚ ਹੁੰਦਾ ਹੈ ਤਾਂ ਉਹ ਵੀ ਤਾਂ ਕਿੰਨਾ ਰੌਲ਼ਾ ਪਾਉਂਦਾ ਹੈ।
            ਪਹਿਲਾਂ ਪਹਿਲ ਮੈਂ ਵੀ ਆਪਣੀ ਖੱਬੀ ਅੱਖ ਫਰਕਣ ਤੇ ਬਹੁਤ ਸਹਿਮ ਜਾਂਦੀ ਸੀ ਤੇ ਮਨ ਵਿੱਚ ਉਦਾਸੀ ਲੈ ਕੇ ਘੁੰਮਦੀ ਰਹਿਣਾ ਕਿ ਹੁਣ ਪਤਾ ਨਹੀਂ ਕੀ ਮਾੜਾ ਹੋਵੇਗਾ ਪਰ ਜਦੋਂ ਤੋਂ ਮਨ ਦਾ ਭੈਅ ਦੂਰ ਹੋਣ ਲੱਗਿਆ ਹੈ ਤਾਂ ਸਮਝ ਛੱਡੀਦਾ ਹੈ ਕਿ ਕੋਈ ਨਾ ਕੋਈ ਨਸ ਦਬ ਗਈ ਹੋਣੀ ਐ ਜਿਸ ਕਰਕੇ ਇਸ ਤਰ੍ਹਾਂ ਹੋ ਰਿਹਾ ਹੈ। ਇਸ ਤਰ੍ਹਾਂ ਕਹਿ ਕੇ ਟਾਲਣ ਨਾਲ ਮਨ ਅੰਦਰ ਸਕਾਰਤਮਕਤਾ ਪੈਦਾ ਹੋ ਕੇ ‘ਬੁਰਾ ਹੋਣ’ ਵਾਲ਼ੇ ਡਰ ਦਾ ਕੀੜਾ ਆਪੇ ਮਰ ਜਾਂਦਾ ਹੈ। ਰਾਤ ਨੂੰ ਸਿਰ ਨਾ ਵਾਹੁਣ ਵਾਲ਼ਾ ਵਹਿਮ ਵੀ ਸਾਫ਼ ਹੈ ਕਿ ਹਨੇਰੇ ਵਿੱਚ ਵਾਲ ਉੱਡ ਕੇ ਖਾਣੇ ਵਿੱਚ ਪੈ ਸਕਦੇ ਹਨ, ਚਾਬੀਆਂ ਖੜਕਾਉਣ ਨਾਲ ਚਾਬੀਆਂ ਵਿੰਗੀਆਂ ਟੇਢੀਆਂ ਹੋ ਖ਼ਰਾਬ ਹੋ ਸਕਦੀਆਂ ਹਨ ਜਾਂ ਉਹਨਾਂ ਦਾ ਰੌਲ਼ਾ ਸਿਰ ਖਾ ਜਾਂਦਾ ਹੈ ਜੋ ਹਰ ਕਿਸੇ ਦੇ ਕੰਨਾਂ ਨੂੰ ਬਹੁਤ ਚੁਭਵਾਂ ਲੱਗਦਾ ਹੈ,ਕੈਂਚੀ ਖੜਕਾਉਣ ਨਾਲ ਵੀ ਉਸ ਦੇ ਸ਼ੋਰ ਅਤੇ ਸੱਟ ਲੱਗਣ ਦੇ ਡਰ ਕਾਰਨ ਵਰਜਿਆ ਜਾਂਦਾ ਹੈ।
           ਗੱਲ,ਮਨ ਨੂੰ ਵਹਿਮਾਂ ਭਰਮਾਂ ਤੋਂ ਮੁਕਤੀ ਦਿਵਾਉਣ  ਦੀ ਹੈ। ਇਹ ਨਿਰੋਲ ਮਨੁੱਖ ਦੀ ਸੋਚ ਉੱਤੇ ਨਿਰਭਰ ਕਰਦਾ ਹੈ। ਜਦੋਂ ਕਿਸੇ ਵੀ ਘਟਨਾ ਨੂੰ ਤੁਸੀਂ ਆਪਣੇ ਮਨ ਅੰਦਰ ਡਰ ਬਣਾ ਕੇ ਵਸਾ ਲਵੋਂਗੇ ਤਾਂ ਅਵਚੇਤਨ ਮਨ ਦਾ ਹਿੱਸਾ ਬਣਕੇ ਮਨ ਵਿੱਚ ਪੱਕੀ ਤਰ੍ਹਾਂ ਵਸ ਜਾਣਗੀਆਂ ਅਤੇ ਮਨ ਨੂੰ ਹੋਰ ਕਮਜ਼ੋਰ ਕਰ ਦਿੰਦੀਆਂ ਹਨ। ਇਸ ਲਈ ਆਪਣੀ ਕਮਜ਼ੋਰ ਮਾਨਸਿਕਤਾ ਦੂਰ ਕਰ ਕੇ ਹੀ ਵਹਿਮਾਂ ਭਰਮਾਂ ਅਤੇ ਡਰ ਤੋਂ ਮੁਕਤੀ ਪਾਈ ਜਾ ਸਕਦੀ ਹੈ ਕਿਉਂਕਿ ਕਿ ਆਪਣਾ ਮਨੋਬਲ ਵਧਾ ਕੇ ਇਸ ਬੀਮਾਰੀ ਨੂੰ ਦੂਰ ਕਰਨਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕੌੜਾ ਸੱਚ
Next article“ਆਫ਼ਤ”