ਏਹੁ ਹਮਾਰਾ ਜੀਵਣਾ ਹੈ -287

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਬਖਸ਼ੀ ਤੇ ਰਾਮ ਸਰੂਪ ਆਪਣੇ ਇੱਕ ਧੀ ਅਤੇ ਪੁੱਤਰ ਨਾਲ਼ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਸਨ। ਰਾਮ ਸਰੂਪ ਚਾਹੇ ਛੋਟੀ ਜਿਹੀ ਨੌਕਰੀ ਕਰਦਾ ਸੀ ਪਰ ਉਸ ਦੇ ਟੱਬਰ ਦੇ ਪਾਲਣ ਪੋਸ਼ਣ ਲਈ ਕਾਫੀ ਸੀ। ਇੱਕ ਮਿਹਨਤੀ ਇਨਸਾਨ ਅਤੇ ਉਸ ਦੇ ਪਰਿਵਾਰ ਦੀਆਂ ਖਵਾਹਿਸ਼ਾਂ ਬਹੁਤੀਆਂ ਵੱਡੀਆਂ ਵੱਡੀਆਂ ਨਾ ਹੋਣ ਕਰਕੇ ਉਹ ਲੋਕ ਤਿੰਨ ਵਕਤ ਦੀ ਰੋਟੀ ਤੇ ਸਿਰ ਤੇ ਆਪਣੀ ਛੱਤ ਹੋਣ ਨਾਲ ਹੀ ਦੁਨੀਆਂ ਵਿੱਚ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੇ ਹਨ।ਪਰ, ਜਿਵੇਂ ਜਿਵੇਂ ਬੱਚੇ ਵੱਡੇ ਹੋਣ ਲੱਗਦੇ ਹਨ ਉਹ ਵੀ ਪਿੰਜਰੇ ਦੇ ਪੰਛੀ ਵਾਂਗ ਆਪਣੇ ਖੰਭ ਖਿਲਾਰਨੇ ਸ਼ੁਰੂ ਕਰ ਦਿੰਦੇ ਹਨ। ਇਸੇ ਤਰ੍ਹਾਂ ਬਖਸ਼ੀ ਦਾ ਮੁੰਡਾ ਪੰਦਰਾਂ ਸੋਲ਼ਾਂ ਸਾਲ ਦੀ ਉਮਰ ਵਿੱਚ ਬੁਰੇ ਮੁੰਡਿਆਂ ਦੇ ਸੰਗ ਵਿੱਚ ਪੈ ਗਿਆ। ਉਸ ਦੇ ਖਰਚੇ ਅਤੇ ਲੋੜਾਂ ਵਧਣ ਲੱਗੀਆਂ। ਉਹ ਸਾਰਾ ਸਾਰਾ ਦਿਨ ਬਿਗੜੈਲ ਮੁੰਡਿਆਂ ਨਾਲ ਸੜਕਾਂ ਤੇ ਘੁੰਮਦਾ ਰਹਿੰਦਾ।

ਪਿੰਡ ਵਿੱਚੋਂ ਉਸ ਬਾਰੇ ਕਿਸੇ ਨੇ ਕੁਝ ਤੇ ਕਿਸੇ ਨੇ ਕੁਝ ਦੱਸਣਾ। ਬਖਸ਼ੀ ਨੇ ਕਈ ਗੱਲਾਂ ਦੇ ਪਰਦੇ ਰਾਮ ਸਰੂਪ ਤੋਂ ਚੋਰੀ ਚੋਰੀ ਕੱਜਣੇ, ਆਦਮੀ ਤੋਂ ਚੋਰੀ ਮੁੰਡੇ ਨੂੰ ਸਮਝਾਉਣਾ ਪਰ ਉਹ ਉਮਰ ਈ ਏਹੋ ਜਿਹੀ ਹੁੰਦੀ ਹੈ ਕਿ ਸਮਝਾਉਣ ਵਾਲ਼ੇ ਈ ਗ਼ਲਤ ਲੱਗਦੇ ਨੇ। ਇੱਕ ਦਿਨ ਰਾਮ ਸਰੂਪ ਨੂੰ ਪਿੰਡ ਵਿੱਚੋਂ ਈ ਉਸ ਦੀਆਂ ਭੈੜੀਆਂ ਆਦਤਾਂ ਬਾਰੇ ਪਤਾ ਲੱਗ ਗਿਆ ਤਾਂ ਉਸ ਨੇ ਮੁੰਡੇ ਨੂੰ ਸੋਟੀਆਂ ਨਾਲ਼ ਕੁੱਟਿਆ। ਸਵੇਰੇ ਰਾਮ ਸਰੂਪ ਤਾਂ ਕੰਮ ਤੇ ਚਲਿਆ ਗਿਆ । ਬਖਸ਼ੀ ਨੂੰ ਮਨ ਵਿੱਚ ਡਰ ਜਿਹਾ ਆਇਆ ਕਿ ਅੱਗੇ ਤਾਂ ਮੁੰਡਾ ਜਲਦੀ ਉੱਠ ਕੇ ਚਾਹ ਪਾਣੀ ਪੀ ਲੈਂਦਾ ਸੀ ਪਰ ਅੱਜ ਦਸ ਵੱਜ ਗਏ ਸਨ, ਮੁੰਡਾ ਸਵੇਰੇ ਹੀ ਇੱਕ ਵਾਰੀ ਉੱਠ ਕੇ ਬਾਥਰੂਮ ਜਾ ਕੇ ਫਿਰ ਪੈ ਗਿਆ ਸੀ, ਜਿਵੇਂ ਦੇਖ ਕੇ ਗਿਆ ਹੋਵੇ ਕਿ ਪਿਓ ਘਰ ਈ ਹੈ ਕਿ ਚਲਿਆ ਗਿਆ।

ਬਖਸ਼ੀ ਦੇ ਮਨ ਵਿੱਚ ਮਾਂ ਹੋਣ ਕਰਕੇ ਬੁਰੇ ਬੁਰੇ ਖਿਆਲ ਆ ਰਹੇ ਸਨ,ਉਹ ਇੱਕਦਮ ਜਾ ਕੇ ਕਮਰੇ ਦਾ ਦਰਵਾਜ਼ਾ ਖੜਕਾਉਣ ਲੱਗੀ ਤਾਂ ਸੱਚ ਮੁੱਚ ਹੀ ਅੰਦਰੋਂ ਕੋਈ ਅਵਾਜ਼ ਨਾ ਆਈ ਤਾਂ ਬਖਸ਼ੀ ਤੇ ਉਸ ਦੀ ਧੀ ਨੇ ਦਰਵਾਜ਼ੇ ਨੂੰ ਜ਼ੋਰ ਦੀ ਧੱਕੇ ਮਾਰੇ ਤਾਂ ਮੁੰਡੇ ਨੇ ਹਜੇ ਹੁਣੇ ਹੀ ਫਾਹਾ ਲਿਆ ਸੀ । ਮਾਵਾਂ ਧੀਆਂ ਦੀਆਂ ਚੀਕਾਂ ਸੁਣ ਕੇ ਗੁਆਂਢੀ ਵੀ ਆ ਗਏ।ਮੁੰਡੇ ਨੂੰ ਲਾਹ ਕੇ ਪੰਜਾਂ ਸੱਤਾਂ ਮਿੰਟਾਂ ਵਿੱਚ ਹੀ ਹਸਪਤਾਲ ਲੈ ਗਏ। ਕਹਿੰਦੇ ਨੇ ਵਧੀ ਦੇ ਸੌ ਹੀਲੇ ਹੁੰਦੇ ਨੇ। ਮੁੰਡੇ ਦੀ ਜਾਨ ਬਚ ਗਈ। ਦੋ ਦਿਨ ਬਾਅਦ ਉਸ ਨੂੰ ਹਸਪਤਾਲੋਂ ਛੁੱਟੀ ਮਿਲ ਗਈ ਤੇ ਬਖਸ਼ੀ ਤੇ ਰਾਮ ਸਰੂਪ ਨੇ ਰੱਬ ਦੇ ਸੌ ਸੌ ਸ਼ੁਕਰਾਨੇ ਕੀਤੇ।

ਉਸ ਤੋਂ ਬਾਅਦ ਮੁੰਡੇ ਵਿੱਚ ਵੀ ਸੁਧਾਰ ਹੋ ਗਿਆ ਸੀ । ਹੁਣ ਉਸ ਨੇ ਬੁਰੇ ਸਾਥੀਆਂ ਦਾ ਸੰਗ ਛੱਡ ਦਿੱਤਾ ਸੀ। ਉਹ ਜ਼ਿਆਦਾਤਰ ਘਰ ਈ ਰਹਿੰਦਾ। ਇੱਕ ਦਿਨ ਉਹਨਾਂ ਦਾ ਸਾਰਾ ਪਰਿਵਾਰ ਰਿਸ਼ਤੇਦਾਰੀ ਵਿੱਚ ਵਿਆਹ ਤੇ ਗਏ। ਉੱਥੇ ਮੁੰਡਾ ਆਪਣੇ ਪਰਿਵਾਰ ਨਾਲ ਇੱਕ ਪਾਸੇ ਕਨਾਤਾਂ ਹੇਠ ਹੀ ਬੈਠਾ ਸੀ, ਉੱਥੇ ਹੋਰ ਰਿਸ਼ਤੇਦਾਰ ਵੀ ਬਹੁਤ ਸਨ। ਮੁੰਡੇ ਨੂੰ ਇੰਝ ਲੱਗਦਾ ਸੀ ਕਿ ਹਰ ਕੋਈ ਉਸ ਨੂੰ ਈ ਘੂਰ ਘੂਰ ਕੇ ਦੇਖ ਰਿਹਾ ਹੋਵੇ ਤੇ ਉਸ ਦੀਆਂ ਹੀ ਗੱਲਾਂ ਕਰ ਰਿਹਾ ਹੋਵੇ। ਉਹੀ ਗੱਲ ਹੋਈ, ਇੱਕ ਬੁੱਢੀ ਬਖਸ਼ੀ ਕੋਲ਼ ਆ ਕੇ ਆਖਣ ਲੱਗੀ,” ਹੋਰ ਬਖਸ਼ੀਏ! ਕੀ ਹਾਲ ਐ?”

“ਤਾਈ ਜੀ ਪੈਰੀਂ ਪੈਨੀ ਆਂ….ਸਾਡਾ ਹਾਲ ਵਧੀਆ ਤਾਈ ਜੀ, ਤੁਸੀਂ ਸੁਣਾਓ…?” ਬਖਸ਼ੀ ਬੋਲੀ।

“ਮੈਂ ਵੀ ਵਧੀਆ ਭਾਈ…. ਹੋਰ ਨਿਆਣੇ ਨਿੱਕੇ ਤਕੜੇ ਆ….? ਆਹ ਭਲਾ ਤੇਰਾ ਉਹੀ ਮੁੰਡਾ ….. ਜੀਹਨੇ…… ਫਾਹਾ ਲੈ ਲਿਆ ਸੀ….? ਸਾਰੀਆਂ ਜਾਣੀਆਂ ਗੱਲਾਂ ਕਰਦੀਆਂ ਸੀ…. ਮੈਂ ਖਿਆ…. ਮੈਂ ਪੁੱਛ ਕੇ ਆਉਨੀ ਆਂ…..!”

ਬਖਸ਼ੀ ਨੂੰ ਇੱਕ ਚੜ੍ਹ ਰਹੀ ਸੀ ਤੇ ਇੱਕ ਉੱਤਰ ਰਹੀ ਸੀ , ਬਖਸ਼ੀ ਗੁੱਸੇ ਵਿੱਚ ਬੋਲੀ ,” ਤਾਈ ਜੀ, ਤੁਸੀਂ ਬਹੁਤ ਬਹਾਦਰੀ ਦਾ ਕੰਮ ਕੀਤਾ,ਜਾਓ ਉਹਨਾਂ ਤੋਂ ਜਾ ਕੇ ਮੈਡਲ ਪਵਾ ਲਓ….!”

ਬੁੜੀ ਬੁੱਲਾਂ ਤੇ ਜੀਭ ਫੇਰਦੀ ਤੁਰ ਗਈ । ਮੁੰਡਾ ਨੀਵੀਂ ਪਾਈ ਬੈਠਾ ਇੰਝ ਲੱਗ ਰਿਹਾ ਸੀ ਜਿਵੇਂ ਅੰਦਰੋਂ ਅੰਦਰ ਨਿੱਘਰ ਰਿਹਾ ਹੋਏ….। ਬਖਸ਼ੀ ਆਪਣੇ ਪੁੱਤ ਦੀ ਹਾਲਤ ਦੇਖ ਕੇ ਵਿਆਹ ਵਿੱਚੇ ਛੱਡ ਕੇ ਬੱਚਿਆਂ ਨੂੰ ਘਰ ਲੈ ਆਈ। ਉਸ ਨੇ ਮੁੰਡੇ ਨੂੰ ਸਮਝਾਇਆ,” ਪੁੱਤ, ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨੀ ਕਰੀਦੀ…. ਦੁਨੀਆ ਤਾਂ ਇਹੋ ਜਿਹੀ ਹੀ ਹੁੰਦੀ ਆ …. ਜਦ ਤੂੰ ਮਾੜਾ ਸੀ ਉਦੋਂ ਵੀ ਗੱਲਾਂ ਬਣਾਉਂਦੇ ਸੀ ਹੁਣ ਤੂੰ ਸੁਧਰ ਗਿਆ ਹੁਣ ਵੀ ਬਣਾਉਂਦੇ ਆ…. ਦਾਤੀ ਨੂੰ ਤਾਂ ਇੱਕ ਪਾਸੇ ਦੰਦੇ ਹੁੰਦੇ ਨੇ ਦੁਨੀਆ ਨੂੰ ਤਾਂ ਦੋਹੀਂ ਪਾਸੇ ਹੁੰਦੇ ਨੇ….!” ਮੁੰਡਾ ਬੋਲਿਆ ਤਾਂ ਕੁਝ ਨੀ ਪਰ ਹਾਂ ਵਿੱਚ ਸਿਰ ਹਿਲਾ ਦਿੱਤਾ।

ਹਜੇ ਕੁਝ ਦਿਨ ਈ ਲੰਘੇ ਸਨ ਕਿ ਪਿੰਡ ਦੇ ਗੁਰਦੁਆਰੇ ਵਿੱਚ ਕੋਈ ਧਾਰਮਿਕ ਸਮਾਗਮ ਸੀ। ਬਖਸ਼ੀ ਨੇ ਮੁੰਡੇ ਨੂੰ ਲੰਗਰ ਵਿੱਚ ਪਾਉਣ ਲਈ ਰਾਸ਼ਨ ਲਿਆ ਕੇ ਦਿੱਤਾ ਤੇ ਕਿਹਾ ਕਿ ਗੁਰਦੁਆਰੇ ਦੇ ਆਏ। ਜੇ ਹੋ ਸਕਿਆ ਤਾਂ ਥੋੜ੍ਹਾ ਜਿਹਾ ਚਿਰ ਸੇਵਾ ਵੀ ਕਰ ਆਏ। ਬਖਸ਼ੀ ਨੂੰ ਲੱਗਿਆ ਕਿ ਸੇਵਾ ਕਰਕੇ ਉਸ ਦਾ ਮਨ ਹੋਰ ਹੋ ਜਾਵੇਗਾ। ਉਹ ਪਿੰਡ ਵਿੱਚੋਂ ਤੁਰਿਆ ਜਾ ਰਿਹਾ ਸੀ ਤਾਂ ਮੱਲਾਂ ਕਾ ਛੜਾ ਜੋ ਆਪਣੇ ਵਰਗੇ ਅੱਠ ਦਸ ਵਿਹਲੜਾਂ ਨਾਲ਼ ਚੌਂਤਰੇ ਤੇ ਬੈਠਾ ਤਾਸ਼ ਖੇਡ ਰਿਹਾ ਸੀ,ਉੱਚੀ ਦੇਣੇ ਬੋਲਿਆ,” ਓਏ ਸਰੂਪੇ ਦੇ ਮੁੰਡਿਆ ! ਕਿਵੇਂ ਆ ਬਈ…. ਡਮਾਕ ਟਿਕਾਣੇ ਰੱਖੀਦਾ….. ਫੇਰ ਨਾ ਕਿਤੇ ਚੰਦ ਚਾੜ੍ਹਦੀਂ ਕੋਈ….!” ਬਾਕੀ ਸਾਰੇ ਜਣੇ ਹੱਸ ਪਏ।

ਮੁੰਡਾ ਬਿਨਾਂ ਜਵਾਬ ਦਿੱਤੇ ਕੋਲ਼ ਦੀ ਲੰਘ ਗਿਆ। ਉਹ ਸੋਚੀਂ ਪਿਆ ਗੁੰਮ ਸੁੰਮ ਇਹ ਸੋਚਦਾ ਜਾ ਰਿਹਾ ਸੀ ਕਿ ਹੁਣ ਪਿੰਡ ਵਿੱਚ ਕੋਈ ਚੰਗੇ ਤੋਂ ਚੰਗਾ ਮੁੰਡਾ ਵੀ ਉਸ ਦੀ ਰੀਸ ਨਹੀਂ ਕਰ ਸਕਦਾ , ਬੁਰੇ ਤਾਂ ਇਹਨਾਂ ਦੀਆਂ ਅੱਖਾਂ ਵਿੱਚ ਰੜਕਦੇ ਈ ਨੇ, ਚੰਗੇ ਬਣੇ ਵੀ ਬਰਦਾਸ਼ਤ ਨਹੀਂ ਹੋ ਰਹੇ।

ਉਹ ਗੁਰਦੁਆਰੇ ਪਹੁੰਚ ਕੇ ਸੇਵਾ ਕਰਨ ਲੱਗਿਆ। ਉਸ ਨੂੰ ਲੱਗ ਰਿਹਾ ਸੀ ਕਿ ਸਾਰੇ ਉਸ ਵੱਲ ਨੂੰ ਈ ਦੇਖ ਕੇ ਹੱਸ ਰਹੇ ਹੋਣ ।ਕੁਛ ਸਮੇਂ ਬਾਅਦ ਬਖ਼ਸ਼ੀ ਵੀ ਚਲੀ ਗਈ। ਮੁੰਡੇ ਦਾ ਜੀਅ ਕਾਹਲਾ ਪੈ ਰਿਹਾ ਸੀ। ਬਖਸ਼ੀ ਮੱਥਾ ਟੇਕ ਕੇ ਈ ਮੁੰਡੇ ਨੂੰ ਨਾਲ਼ ਲੈ ਕੇ ਵਾਪਸ ਆ ਗਈ। ਰਾਹ ਵਿੱਚ ਛੱਜੂ ਦੀ ਵੱਡੀ ਕੁੜੀ ਮਿਲ਼ ਗਈ ਜੋ ਸਹੁਰਿਆਂ ਤੋਂ ਕੱਲ੍ਹ ਈ ਆਈ ਸੀ। ਬਖਸ਼ੀ ਨੇ ਕੁੜੀ ਦੀ ਸਤਿ ਸ੍ਰੀ ਆਕਾਲ ਦਾ ਜਵਾਬ ਦੇ ਕੇ ਉਸ ਦਾ ਹਾਲ ਚਾਲ ਪੁੱਛਿਆ ਤਾਂ ਕੁੜੀ ਬੋਲੀ,” ਭਾਬੀ…. ਆਹ ਤੇਰੇ ਮੁੰਡੇ ਨੇ ਕੀ ਚੰਦ ਚਾੜ੍ਹਤਾ ਸੀ…..? ਮੈਨੂੰ ਤਾਂ ਬੀਬੀ ਹੋਣਾਂ ਨੇ ਫੂਨ ਤੇ ਦੱਸਿਆ ਸੀ….?”

ਬਖਸ਼ੀ ਨੇ ਮੁੰਡੇ ਦੇ ਸਾਹਮਣੇਂ ਈ ਕੁੜੀ ਨੂੰ ਚੰਗੀ ਝਾੜ ਪਾਉਂਦਿਆਂ ਆਖਿਆ,” ਕੀ ਚੰਦ ਚਾੜ੍ਹਤਾ ਨੀ ਮੇਰੇ ਪੁੱਤ ਨੇ… ਕਿਸੇ ਦੀ ਕੁੜੀ ਤਾਂ ਨੀ ਕੱਢ ਲਿਆਇਆ….. ਕਿਤੇ ਡਾਕਾ ਤਾਂ ਨੀ ਮਾਰ ਕੇ ਆਇਆ….. ਨਾ ਸਮਝੀ ‘ਚ ,ਜੇ ਜਵਾਕ…..(ਕਹਿੰਦੀ ਕਹਿੰਦੀ ਰੁਕ ਗਈ ਤੇ ਮੁੰਡੇ ਨੂੰ ਲੈ ਕੇ ਘਰ ਵੱਲ ਨੂੰ ਤੁਰ ਪਈ ) ….।

ਉਹ ਕੁੜੀ ਬੋਲੀ,” ਇੱਕ ਤਾਂ ਹਾਲ ਚਾਲ ਪੁੱਛੋ…. ਦੂਜਾ ਗਲ਼ੇ ਪੈਂਦੀ ਆ….।” (ਬੁੜ ਬੁੜ ਕਰਦੀ ਅੰਦਰ ਨੂੰ ਚਲੀ ਗਈ)
ਅਗਲੀ ਸਵੇਰ ਗਿਆਰਾਂ ਕੁ ਵਜੇ ਬਖਸ਼ੀ ਆਪਣੀ ਧੀ ਨਾਲ ਬਜ਼ਾਰੋਂ ਉਸ ਦੀ ਵਰਦੀ ਖ਼ਰੀਦਣ ਚਲੀ ਗਈ ਤੇ ਮੁੰਡੇ ਨੂੰ ਘਰ ਦਾ ਖਿਆਲ ਰੱਖਣ ਲਈ ਆਖ ਗਈ।

ਦੋ ਘੰਟੇ ਬਾਅਦ ਜਦ ਮਾਵਾਂ ਧੀਆਂ ਵਾਪਸ ਆਈਆਂ ਤਾਂ ਮੁੰਡਾ ਘਰ ਨਹੀਂ ਸੀ। ਬਖਸ਼ੀ ਨੇ ਸੋਚਿਆ ਕਿ ਕਿਸੇ ਦੋਸਤ ਕੋਲ਼ ਗਿਆ ਹੋਵੇਗਾ।ਉੰਝ ਤਾਂ ਹੁਣ ਜਾਂਦਾ ਨਹੀਂ ਪਰ ਕਦੇ ਤਾਂ ਜੀਅ ਕਰ ਹੀ ਆਉਂਦਾ ਹੈ। ਪਰ ਕਿੱਥੇ…. ਸ਼ਾਮ ਹੋ ਗਈ…… ਰਾਤ ਹੋ ਗਈ….. ਗੁਰਦੁਆਰੇ ਬੁਲਵਾਇਆ….. ਪੁਲਿਸ ਸ਼ਿਕਾਇਤ ਦਰਜ ਕਰਵਾਈ…. ਬਹੁਤ ਲੱਭਿਆ…… ਦਿਨ…. ਹਫ਼ਤੇ…. ਮਹੀਨੇ….. ਸਾਲ ਬੀਤ ਗਏ….. ਉਹ ਨੌਜਵਾਨ ਜੋ ਇੱਕ ਗ਼ਲਤੀ ਸੁਧਾਰ ਕੇ ਮੁੜ ਚੰਗੀ ਜ਼ਿੰਦਗੀ ਜਿਊਣਾ ਚਾਹੁੰਦਾ ਸੀ ਪਰ ਦੁਨੀਆ ਉਸ ਨੂੰ ਮੁੜ ਚੰਗੇ ਰਾਹਾਂ ਤੇ ਪਰਤਣ ਨਹੀਂ ਦਿੰਦੀ ਤੇ ਲੋਕਾਂ ਦੇ ਤਾਹਨਿਆਂ ਦੀ ਭੇਂਟ ਚੜ੍ਹ ਗਿਆ…. ਼ ਪਰ….. ਬਖਸ਼ੀ ਤੇ ਰਾਮ ਸਰੂਪ ਹਰ ਵੇਲੇ ਬੂਹੇ ਵੱਲ ਤੱਕਦੇ ਰਹਿੰਦੇ….. ਉਹਨਾਂ ਦੀ ਉਡੀਕ ਖਤਮ ਨਹੀਂ ਹੋਈ ।

ਸਾਡੇ ਸਮਾਜ ਦਾ ਵਰਤਾਰਾ ਹੀ ਕੁਝ ਇਸ ਤਰ੍ਹਾਂ ਦਾ ਹੈ ਪਰ ਜੇ ਕੋਈ ਨੌਜਵਾਨ ਸੁਧਰਨਾ ਚਾਹੁੰਦਾ ਹੋਵੇ ਤਾਂ ਉਸ ਨੂੰ ਤਾਹਨੇ ਦੇ ਕੇ ਨੀਵਾਂ ਦਿਖਾਉਣ ਦੀ ਬਿਜਾਏ ਹੱਲਾ ਸ਼ੇਰੀ ਦੇ ਕੇ ਹੌਸਲਾ ਵਧਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ 
9988901324

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਵਲੋਂ ਜੰਤਰ ਮੰਤਰ, ਦਿੱਲੀ ‘ਚ ਧਰਨਾ ਲਗਾਈ ਬੈਠੀਆਂ ਕੁਸ਼ਤੀ ਖਿਡਾਰਨਾਂ ਨੂੰ ਭਰਪੂਰ ਸਹਿਯੋਗ ਅਤੇ ਇਨਸਾਫ ਮਿਲਣ ਤੱਕ ਡਟੇ ਰਹਿਣ ਦੀ ਅਪੀਲ
Next articleਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ਾ ਦੇ ਗੀਤ ‘ਗੁਰੂ ਫਤਿਹ’ ਦੀ ਸ਼ੂਟਿੰਗ ਮੁਕੰਮਲ