ਏਹੁ ਹਮਾਰਾ ਜੀਵਣਾ ਹੈ – 244

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਯਸ਼ਪਾਲ ਤੇ ਮੋਹਨਜੀਤ ਨੇ ਇੱਕੋ ਮਹਿਕਮੇ ਵਿੱਚ ਕਰੀਬ ਪੰਜ ਸਾਲ ਇਕੱਠੇ ਨੌਕਰੀ ਕੀਤੀ ਸੀ। ਯਸ਼ਪਾਲ ਜਿੱਥੇ ਸੁਭਾਅ ਦਾ ਮਿਲ਼ਣ ਸਾਰ ਅਤੇ ਸਾਰਿਆਂ ਨਾਲ ਹੱਸ ਕੇ ਗੱਲ ਕਰਨ ਵਾਲਾ ਵਿਅਕਤੀ ਸੀ ਉੱਥੇ ਈ ਮੋਹਨਜੀਤ ਰੋਹਬਦਾਰ ਦਿੱਖ ਅਤੇ ਦੂਜਿਆਂ ਨਾਲ ਮਤਲਬ ਤੋਂ ਵੱਧ ਗੱਲਬਾਤ ਕਰਨ ਤੋਂ ਪਰਹੇਜ਼ ਕਰਨ ਵਾਲਾ ਵਿਅਕਤੀ ਸੀ। ਯਸ਼ਪਾਲ ਜਦੋਂ ਤੋਂ ਬਦਲੀ ਹੋ ਕੇ ਆਪਣੇ ਸ਼ਹਿਰ ਆਇਆ ਸੀ ਬੱਸ ਉਸ ਤੋਂ ਮਹੀਨਾ ਕੁ ਪਹਿਲਾਂ ਹੀ ਮੋਹਨਜੀਤ ਆਇਆ ਸੀ। ਮੋਹਨਜੀਤ ਦੇ ਘੱਟ ਗੱਲਬਾਤ ਕਰਨ ਕਰਕੇ ਕੋਈ ਉਸ ਨੂੰ ਆਕੜ ਵਾਲ਼ਾ ਅਫਸਰ ਕਹਿ ਦਿੰਦਾ ਤੇ ਕੋਈ ਸੜੀਅਲ ਮਤਲਬ ਕਿ ਹਰ ਕੋਈ ਆਪਣੇ ਹਿਸਾਬ ਨਾਲ ਉਸ ਦੀ ਸ਼ਖ਼ਸੀਅਤ ਨੂੰ ਪਰਖਦਾ ਪਰ ਰੋਹਬਦਾਰ ਦਿੱਖ ਹੋਣ ਕਰਕੇ ਕਿਸੇ ਦੀ ਵੀ ਉਸ ਨਾਲ਼ ਖੁੱਲ੍ਹ ਕੇ ਗੱਲ ਕਰਨ ਦੀ ਹਿੰਮਤ ਨਾ ਪੈਂਦੀ। ਵੈਸੇ ਵੀ ਮੋਹਨਜੀਤ ਦੂਜੇ ਸ਼ਹਿਰ ਤੋਂ ਦੂਰੋਂ ਆਉਂਦਾ ਸੀ। ਹੁਣ ਤਾਂ ਦੋਵੇਂ ਰਿਟਾਇਰ ਹੋਇਆਂ ਨੂੰ ਵੀ ਤਿੰਨ ਵਰ੍ਹੇ ਹੋ ਗਏ ਸਨ।

ਯਸ਼ਪਾਲ ਦੀ ਭੈਣ ਆਪਣੇ ਭਰਾ ਨੂੰ ਫ਼ੋਨ ਕਰਕੇ ਦੱਸਦੀ ਹੈ ਕਿ ਉਸ ਦੇ ਮੁੰਡੇ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਤੇ ਅਗਲੇ ਐਤਵਾਰ ਉਸ ਦੀ ਕੁੜਮਾਈ ਹੈ। ਐਤਵਾਰ ਨੂੰ ਯਸ਼ਪਾਲ ਆਪਣੇ ਪਰਿਵਾਰ ਸਮੇਤ ਖੁਸ਼ੀ ਖੁਸ਼ੀ ਆਪਣੀ ਭੈਣ ਦੇ ਮੁੰਡੇ ਦੀ ਕੁੜਮਾਈ ‘ਤੇ ਪੁੱਜਿਆ , ਉਂਝ ਚਾਹੇ ਉਹ ਸਾਜਰੇ ਚੱਲ ਪਏ ਸਨ ਪਰ ਦੂਰ ਹੋਣ ਕਰਕੇ ਉਹਨਾਂ ਨੂੰ ਪਹੁੰਚਦੇ ਪਹੁੰਚਦੇ ਸਾਢੇ ਨੌਂ ਵੱਜ ਗਏ ਸਨ।ਦਸ ਵਜੇ ਸ਼ਗਨ ਦਾ ਸਮਾਂ ਤੈਅ ਸੀ ਸਾਰੇ ਰਿਸ਼ਤੇਦਾਰ ਕੁੜੀ ਵਾਲਿਆਂ ਦੀ ਉਡੀਕ ਕਰ ਰਹੇ ਸਨ। ਯਸ਼ਪਾਲ ਦੀ ਭੈਣ ਦੇ ਵੀ ਭਰਾ ਦੇ ਪੁੱਜਣ ਤੇ ਸਾਹ ਵਿੱਚ ਸਾਹ ਆਇਆ ਕਿਉਂਕਿ ਇੱਕੋ ਭਰਾ ਵੀ ਜੇ ਮੁੰਡੇ ਦੇ ਸ਼ਗਨ ਦੇ ਸਮੇਂ ਤੇ ਨਾ ਪਹੁੰਚਦਾ ਤਾਂ ਖੁਸ਼ੀ ਦਾ ਰੰਗ ਫਿੱਕਾ ਜਿਹਾ ਪੈ ਜਾਂਦਾ।

ਜਿਵੇਂ ਹੀ ਕੁੜੀ ਵਾਲਿਆਂ ਦੀਆਂ ਦੋ ਕਾਰਾਂ ਆ ਕੇ ਰੁਕੀਆਂ ਯਸ਼ਪਾਲ ਆਪਣੀ ਭੈਣ ਨਾਲ਼ ਮੂਹਰੇ ਹੋ ਕੇ ਸਵਾਗਤ ਕਰਨ ਲਈ ਪਹੁੰਚਦਾ ਹੈ। ਜਦ ਗੱਡੀ ਦੀ ਤਾਕੀ ਖੁੱਲ੍ਹਦੀ ਹੈ ਤਾਂ ਮੋਹਨਜੀਤ ਨੂੰ ਵੇਖ ਕੇ ਯਸ਼ਪਾਲ ਹੱਕਾ ਬੱਕਾ ਰਹਿ ਜਾਂਦਾ ਹੈ ਪਰ ਆਪਣਾ ਕਰਤਵ ਨਿਭਾਉਂਦੇ ਹੋਏ ਉਸ ਨੂੰ ਜੱਫ਼ੀ ਪਾ ਕੇ ਮਿਲ਼ਦਾ ਹੈ ਤੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਾ ਹੋਇਆ ਆਦਰ ਸਹਿਤ ਅੰਦਰ ਲੈ ਕੇ ਜਾਂਦਾ ਹੈ । ਸਾਰਿਆਂ ਦੀ ਆਓ ਭਗਤ ਵਿੱਚ ਕੋਈ ਕਮੀਂ ਨਹੀਂ ਸੀ ਛੱਡੀ। ਮੋਹਨਜੀਤ ਦੀ ਕੁੜੀ ਨਾਲ ਯਸ਼ਪਾਲ ਦੀ ਭੈਣ ਦੇ ਮੁੰਡੇ ਦੀ ਕੁੜਮਾਈ ਹੋ ਗਈ । ਦੋਵੇਂ ਧਿਰਾਂ ਬਹੁਤ ਖੁਸ਼ ਸਨ। ਯਸ਼ਪਾਲ ਨੇ ਮੋਹਨਜੀਤ ਨੂੰ ਉਸ ਦੀ ਨਿੱਜੀ ਜ਼ਿੰਦਗੀ ਵਿੱਚ ਪਹਿਲੀ ਵਾਰ ਐਨਾ ਖੁਸ਼ ਦੇਖਿਆ ਸੀ। ਜਦੋਂ ਕੁੜੀ ਵਾਲੇ ਵਿਦਾ ਹੋ ਗਏ ਤਾਂ ਘੰਟੇ ਕੁ ਬਾਅਦ ਯਸ਼ਪਾਲ ਵੀ ਆਪਣੀ ਭੈਣ ਤੋਂ ਆਗਿਆ ਲੈ ਕੇ ਆਪਣੇ ਪਰਿਵਾਰ ਸਮੇਤ ਘਰ ਲਈ ਤੁਰ ਪਿਆ।

ਭੈਣ ਦੇ ਵੱਡੇ ਮੁੰਡੇ ਦੀ ਕੁੜਮਾਈ ਕਰਕੇ ਸਾਰੇ ਖੁਸ਼ ਸਨ,ਪਰ ਯਸ਼ਪਾਲ ਸਾਰੀ ਰਾਤ ਬੇਚੈਨ ਰਹਿੰਦਾ ਹੈ।ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਉਹ ਮੰਜੇ ਤੇ ਪਿਆ ਸੋਚਦਾ ਹੈ,” ਭੈਣ ਨੇ ਸਾਰੀ ਉਮਰ ਰੰਡੇਪਾ ਕੱਟ ਕੇ ਆਪਣੇ ਬੱਚੇ ਪਾਲੇ ਨੇ……. ਸਾਰੀ ਜ਼ਿੰਮੇਵਾਰੀ ਹਜੇ ਤਾਂ ਗੋਡੇ ਗੋਡੇ ਐ….. ਵੱਡੇ ਤੋਂ ਮਗਰ ਤਿੰਨੇ ਜਵਾਕ ਇੱਕੋ ਜਿਹੇ ਨੇ….. ਮੋਹਨਜੀਤ ਦੀ ਕੁੜੀ…… ਪਤਾ ਨਹੀਂ ਕਿਹੋ ਜਿਹੇ ਸੁਭਾਅ ਦੀ ਹੋਵੇਗੀ……. ਆਪ ਤਾਂ ਉਹ…….. ਨਹੀਂ ਨਹੀਂ… ਮੈਂ ਕਿਉਂ ਉਲਟ ਸੋਚਦਾ ਹਾਂ……. ਭੈਣ ਨੂੰ ਕਹਿ ਕੇ ਰਿਸ਼ਤਾ…… ਨਹੀਂ ਨਹੀਂ…… ਹਜੇ ਤਾਂ ਪਹਿਲਾ ਮੁੰਡਾ ਈ ਮੰਗਿਆ……!” ਉਸ ਦੇ ਮਨ ਵਿੱਚ ਮੋਹਨਜੀਤ ਦੀ ਰੋਹਬਦਾਰ ਸ਼ਖ਼ਸੀਅਤ ਕਰਕੇ ਡਰ ਸੀ ਕਿ ਉਸ ਦੀ ਕੁੜੀ ਦਾ ਸੁਭਾਅ ਪਤਾ ਨਹੀਂ ਕਿਹੋ ਜਿਹਾ ਹੋਵੇਗਾ । ਉਹ ਸੋਚਦਾ ਸੀ ਕਿ ਪਤਾ ਨਹੀਂ ਉਹ ਵੀ ਪਰਿਵਾਰ ਵਿੱਚ ਰਲ਼ ਮਿਲ਼ ਕੇ ਰਹੇਗੀ ਕਿ ਨਹੀਂ। ਇਸ ਤਰ੍ਹਾਂ ਹੀ ਖ਼ਿਆਲੀ ਬਣਤਾਂ ਬੁਣਦੇ ਹੀ ਸਾਰੀ ਰਾਤ ਨਿਕਲ਼ ਗਈ ਸੀ।

ਦੋ ਮਹੀਨਿਆਂ ਬਾਅਦ ਵਿਆਹ ਵੀ ਹੋ ਗਿਆ ਸੀ। ਸਭ ਕੁਝ ਠੀਕ ਠਾਕ ਸੀ। ਕੁੜੀ ਨੇ ਸਾਰੇ ਘਰ ਦੀ ਜ਼ਿੰਮੇਵਾਰੀ ਆਪ ਸੰਭਾਲ ਲਈ ਸੀ, ਸੱਸ ਨੂੰ ਤਾਂ ਕੰਮ ਈ ਨੀ ਕਰਨ ਦਿੰਦੀ ਸੀ। ਤਿੰਨ ਸਾਲ ਬੀਤ ਗਏ ਸਨ, ਯਸ਼ਪਾਲ ਦੀ ਭੈਣ ਜਦ ਕਦੇ ਵੀ ਭਰਾ ਨੂੰ ਮਿਲਣ ਆਉਂਦੀ ਤਾਂ ਉਸ ਦੀਆਂ ਬਹੁਤ ਤਾਰੀਫਾਂ ਕਰਦੀ। ਵੱਡੇ ਤੋਂ ਛੋਟੇ ਮੁੰਡੇ ਦਾ ਵਿਆਹ ਵੀ ਨੌਕਰੀ ਕਰਦੀ ਕੁੜੀ ਨਾਲ ਹੋ ਗਿਆ ਸੀ । ਵੱਡੀ ਨੂੰਹ ਮਤਲਬ ਕਿ ਮੋਹਨਜੀਤ ਦੀ ਕੁੜੀ ਦੀ ਧੀ ਵੀ ਦੋ ਮਹੀਨਿਆਂ ਦੀ ਹੋ ਗਈ ਸੀ। ਯਸ਼ਪਾਲ ਨੂੰ ਕਿਸੇ ਕੰਮ ਕਾਰਨ ਭੈਣ ਦੇ ਸ਼ਹਿਰ ਜਾਣਾ ਪਿਆ। ਉਸ ਨੂੰ ਤਿੰਨ ਚਾਰ ਦਿਨ ਭੈਣ ਦੇ ਘਰ ਰੁਕਣਾ ਪਿਆ।

ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਮੋਹਨਜੀਤ ਦੀ ਧੀ ਸਾਰੇ ਟੱਬਰ ਦਾ ਖਾਣਾ ਬਣਾਉਂਦੀ,ਕੱਪੜੇ ਧੋਂਦੀ,ਘਰ ਦੀਆਂ ਸਫਾਈਆਂ ਕਰਦੀ ਭੱਜੀ ਫਿਰਦੀ ਸੀ ਤੇ ਉਸ ਦੀ ਭੈਣ ਨੂੰ ਕੰਮ ਨੂੰ ਹੱਥ ਵੀ ਨਹੀਂ ਲਾਉਣ ਦਿੰਦੀ ਸੀ। ਛੋਟੇ ਜਿਹੇ ਬੱਚੇ ਦੀ ਸੰਭਾਲ ਕਰਦੀ। ਦੁਪਹਿਰ ਨੂੰ ਜਦੋਂ ਉਸ ਦੀ ਦਰਾਣੀ ਡਿਊਟੀ ਤੋਂ ਵਾਪਸ ਆਉਂਦੀ ਤਾਂ ਉਸ ਨੂੰ ਆਖਦੀ,” ਦੀਦੀ,ਆ ਜਾਓ ਇਕੱਠੇ ਖਾਣਾ ਖਾਈਏ…. ਮੈਂ ਵੀ ਹਜੇ ਖਾਣਾ ਨਹੀਂ ਖਾਧਾ…. ਸੋਚਿਆ ਕਿ ਦੋਵੇਂ ਇਕੱਠੇ ਖਾਣਾ ਖਾਵਾਂਗੇ।” ਅੱਗੋਂ ਉਸ ਦੀ ਦਰਾਣੀ ਆਕੜ ਵਿਖਾਉਂਦੇ ਹੋਏ ਆਖਦੀ ਹੈ,” ਮੈਂ ਨੀ ਹਜੇ ਖਾਣਾ …. ਮੈਨੂੰ ਭੁੱਖ ਨਹੀਂ…!” ਐਨਾ ਆਖ ਕੇ ਸਿਰ ਬੰਨ੍ਹ ਕੇ ਪੈ ਜਾਂਦੀ ਹੈ।

ਤਿੰਨ ਦਿਨ ਇਸ ਤਰ੍ਹਾਂ ਹੀ ਲੰਘ ਗਏ। ਚੌਥੇ ਦਿਨ ਯਸ਼ਪਾਲ ਦੀ ਭੈਣ ਉਸ ਨੂੰ ਆਖਦੀ ਹੈ,” ਜੇ ਤੇਰੇ ਤੋਂ ਇਕੱਲੀ ਤੋਂ ਖਾਣਾ ਨੀ ਖਾਧਾ ਜਾਂਦਾ …… ਤਾਂ ਚੱਲ ਆਪਾਂ ਦੋਵੇਂ ਇਕੱਠੀਆਂ ਬੈਠ ਕੇ ਖਾਈਏ….. ਤੂੰ ਨਿੱਕੀ ਜਿਹੀ ਬੱਚੀ ਨੂੰ ਦੁੱਧ ਵੀ ਪਿਆਉਣਾ ਹੁੰਦਾ…. ਕਮਲੀਏ!(ਲਾਡ ਨਾਲ) ਤੂੰ ਮੇਰੀ ਪੋਤੀ ਭੁੱਖੀ ਮਾਰਨੀ ਆ…. ਇਹ ਨੌਕਰੀ ਵਾਲ਼ੀਆਂ ਤਾਂ ਬਾਹਰ ਬਥੇਰਾ ਕੁਝ ਖਾ ਲੈਂਦੀਆਂ ਨੇ….. ।” ਕਹਿਕੇ ਯਸ਼ਪਾਲ ਦੀ ਭੈਣ ਆਪਣੇ ਅਤੇ ਆਪਣੀ ਨੂੰਹ ਲਈ ਇੱਕ ਥਾਲ਼ੀ ਵਿੱਚ ਖਾਣਾ ਪਾ ਕੇ ਲਿਆਉਂਦੀ ਹੈ ਤੇ ਖਾਣ ਲੱਗਦੀਆਂ ਹਨ।

ਯਸ਼ਪਾਲ ਦਾ ਇਹ ਸਭ ਦੇਖ਼ ਕੇ ਸੀਨਾ ਠਰ ਜਾਂਦਾ ਹੈ ਤੇ ਮਨ ਵਿੱਚ ਸੋਚਦਾ ਹੈ ,”ਮੈਂ ਐਵੇਂ ਹੀ ਮੋਹਨਜੀਤ ਦੇ ਰੋਹਬਦਾਰ ਸੁਭਾਅ ਨੂੰ ਲੈ ਕੇ ਅੱਗੋਂ ਉਸ ਦੀ ਧੀ ਦੇ ਸੁਭਾਅ ਬਾਰੇ ਗਲਤ ਅੰਦਾਜ਼ਾ ਲਗਾਈ ਜਾਂਦਾ ਸੀ ….. ਸਾਰੇ ਪਰਿਵਾਰ ਨੂੰ ਐਨਾ ਪਿਆਰ ਤਾਂ ਕੋਈ ਢਿੱਡੋਂ ਜੰਮੀ ਧੀ ਵੀ ਨਹੀਂ ਕਰਦੀ ….. ਘੱਟ ਬੋਲਣਾ ਵੀ ਮੋਹਨਜੀਤ ਦੀ ਲਿਆਕਤ ਦਾ ਹਿੱਸਾ ਹੀ ਸੀ… ਤੇ ਉਹੀ ਲਿਆਕਤ ਉਸ ਦੀ ਧੀ ਦੇ ਕਿਰਦਾਰ ਵਿੱਚੋਂ ਝਲਕਦੀ ਹੈ…. ।” ਮੋਹਨਜੀਤ ਦਾ ਕਿਰਦਾਰ ਅਸਲ ਵਿੱਚ ਯਸ਼ਪਾਲ ਨੂੰ ਅੱਜ ਸਮਝ ਆਇਆ ਸੀ ਕਿ ਉਸ ਵਾਂਗੂੰ ਬੱਚਿਆਂ ਨੂੰ ਸਹੀ ਸੇਧ ਦੇ ਕੇ ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਬਣਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਰੰਗ ਮੰਚ ਦਿਹਾੜੇ ਨੂੰ ਨਾਟਕਾਂ ਰਾਹੀਂ ਲੋਕ ਚੇਤਨਾ ਪਸਾਰਨ ਲਈ ਸਮਰਪਿਤ ਲਹਿਰ ਦੀ ਲੋੜ- ਪ੍ਰੋਃ ਗੁਰਭਜਨ ਗਿੱਲ
Next articleਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਕਿੱਲੀ ਨੇ ਝੰਡਾ ਦਿਵਸ ਮੌਕੇ ਝੰਡਾ ਲਹਿਰਾਕੇ ਪੂਰੇ ਪੰਜਾਬ ਵਿੱਚ ਰਚਿਆ ਇਤਿਹਾਸ – ਅਸ਼ੋਕ ਸੰਧੂ ਸੀ.ਮੀਤ ਪ੍ਰਧਾਨ ਪੰਜਾਬ