ਜਿੰਦਾ ਮਰ ਗਿਆ

ਅਮਨ ਜੱਖਲਾਂ

(ਸਮਾਜ ਵੀਕਲੀ)

ਕੁਝ ਦਿਨ ਪਹਿਲਾਂ ਮੈਂ ਮਾਤਾ ਨਾਲ ਨਾਨਕੇ ਪਿੰਡ ਗਿਆ। ਅਸੀਂ ਉੱਥੇ ਦੋ ਦਿਨ ਰਹੇ। ਦੂਜੇ ਦਿਨ ਨਾਨੀ ਨੇ ਕਿਹਾ ਕਿ ਅਮਨ ਪੈਨਸਨ ਲੈ ਕੇ ਆਉਣੀ ਹੈ, ਅਸੀਂ ਦਸ ਕੁ ਵਜੇ ਤੁਰੇ , ਬੈਂਕ ਵਾਲਾ ਪਿੰਡ ਉੱਥੋਂ 5 ਕੁ ਕਿਲੋਮੀਟਰ ਦੀ ਦੂਰੀ ਤੇ ਸੀ। ਜਦੋਂ ਮੈਂ ਮੋਟਰਸਾਇਕਲ ਬਾਹਰ ਕੱਢਿਆ, ਮੇਰੇ ਮਾਮੇ ਦੀ ਪੋਤੀ ਨਿਮਰਤ, ਜੋ ਬਾਹਰ ਚੌਂਕ ਤੇ ਖੇਡ ਰਹੀ ਸੀ। ਉਹ ਵੀ ਨਾਲ ਜਾਣ ਦੀ ਜਿੱਦ ਕਰਨ ਲੱਗੀ ਅਤੇ ਨਾਨੀ ਨੇ ਉਹਨੂੰ ਵੀ ਨਾਲ ਹੀ ਬਿਠਾ ਲਿਆ। ਸਾਰੇ ਰਾਹ ਉਹ ਬੋਲਦੀ ਗਈ, ਚਾਚਾ ਆਹ ਕੀ ਆ?

ਬੀਬੀ ਉਹ ਕੀ ਆ? ਮੈਂ ਸੋਚ ਰਿਹਾ ਸੀ ਕਿ ਧੀਆਂ ਵੀ ਕਿੰਨੀਆਂ ਪਿਆਰੀਆਂ ਹੁੰਦੀਆਂ, ਸਮਝਦਾਰ ਹੁੰਦੀਆਂ, ਬੁੱਧਾਂ ਵਰਗੀਆਂ,ਅੱਜ ਇਹ ਨੰਨੀ ਜਿਹੀ ਪਰੀ ਮੇਰੇ ਨਾਲ ਹੈ, ਕੱਲ ਵੱਡੀ ਹੋ ਜਾਏਗੀ, ਫਿਰ ਸਾਇਦ ਮੈਂ ਇਹਦੇ ਅਣਭੋਲ ਸਵਾਲ ਨਹੀਂ ਸੁਣ ਸਕਾਂਗਾ।ਫਿਰ ਸੋਚਿਆ ਕਿ ਚਲੋ ਸਮੇਂ ਨਾਲ ਸਭ ਕੁਝ ਬਦਲਦਾ, ਹਮੇਸ਼ਾਂ ਜਿਊਂਦੀ ਵਸਦੀ ਰਹੇ… ਸੋਚਦੇ ਸੋਚਦੇ ਪਤਾ ਹੀ ਨਾ ਲੱਗਾ ਕਦੋਂ ਬੈਂਕ ਆ ਗਿਆ। ਨਾਨੀ ਬੈਂਕ ਅੰਦਰ ਚਲੀ ਗਈ, ਮੈਂ ਤੇ ਨਿਮਰਤ ਬਾਹਰ ਰੁਕ ਗਏ ਅਤੇ ਸੜਕ ਤੇ ਆਵਾਜਾਈ ਦੇਖਣ ਲੱਗੇ। ਐਨੇ ਨੂੰ ਉੱਥੇ ਇੱਕ ਗੱਡੀ ਆ ਕੇ ਰੁਕੀ, ਜਿਸ ਵਿੱਚੋਂ ਇੱਕ ਸਰਦਾਰ ਜੋ ਕੋਈ ਮੁਲਾਜਮ ਜਾਪ ਰਿਹਾ ਸੀ ਅਤੇ ਇੱਕ ਪੈਂਤੀ ਕੁ ਸਾਲ ਦੀ ਔਰਤ ਉੱਤਰੀ। ਉਹ ਸਾਡੇ ਕੋਲ ਹੀ ਖੜ ਕੇ ਕਿਸੇ ਦੀ ਉਡੀਕ ਕਰਨ ਲੱਗੇ, ਔਰਤ ਬਹੁਤ ਦੁਖੀ ਜਿਹੀ ਜਾਪ ਰਹੀ ਸੀ।

ਕੁਝ ਸਮੇਂ ਬਾਅਦ ਇੱਕ ਗਰੀਬ ਜਿਹਾ ਬਜ਼ੁਰਗ ਵਿਅਕਤੀ, ਜੋ ਲੰਗੜਾ ਕੇ ਸੋਟੀ ਦੇ ਸਹਾਰੇ ਤੁਰ ਰਿਹਾ ਸੀ, ਉਹਨਾਂ ਕੋਲ ਆਇਆ ਅਤੇ ਉਸ ਲੜਕੀ ਦੇ ਸਿਰ ਤੇ ਹੱਥ ਰੱਖਿਆ। ਉਹ ਜਵਾਨ ਆਦਮੀ ਪੁੱਛਣ ਲੱਗਾ, ਕਾਪੀ ਲਿਆਇਆ? ਬਜ਼ੁਰਗ ਨੇ ਹਾਂ ਵਿੱਚ ਸਿਰ ਹਿਲਾ ਕੇ ਕਾਪੀ ਗੀਝੇ ਵਿੱਚੋਂ ਕੱਢ ਕੇ ਉਸਦੇ ਹੱਥ ਤੇ ਰੱਖੀ। ਉਸ ਆਦਮੀ ਨੇ ਕਿਹਾ ਸਾਰੇ ਕਢਵਾ ਲੈ। ਕੁੜੀ ਕਹਿਣ ਲੱਗੀ, ਸਾਰੇ ਕੀ ਕਰਨੇ ਐ,ਬਾਪੂ ਨੇ ਮਸਾਂ ਨਰੇਗਾ ਚ ਦਿਹਾੜੀਆਂ ਕਰ ਕਰ ਕੱਠੇ ਕੀਤੇ ਹੋਣੇ, ਵੀਹ ਹਜ਼ਾਰ ਈ ਚਾਹੀਦੈ ਆਪਾਂ ਨੂੰ, ਬਹੁਤ ਆ। ਉਹ ਆਦਮੀ ਬੋਲਿਆ, “ਮੈਂ ਸਾਲੀ ਦਾ ਇੱਥੇ ਈ ਮੂੰਹ ਕੁੱਟ ਦਊਂ, ਉੱਧਰ ਚੱਲ ਕੇ ਖੜ”, ਉਹ ਬਜ਼ੁਰਗ ਟੋਕਦਿਆਂ ਬੋਲਿਆ “ਕੋਈ ਨਾ ਪੁੱਤ, ਥੋਡੇ ਈ ਆ, ਮੈਂ ਕੀ ਨਾਲ ਲੈ ਜਾਣੇ ਆਂ”। ਉਹ ਔਰਤ ਸਾਡੇ ਕੋਲ ਛਾਵੇਂ ਆ ਕੇ ਖੜ ਗਈ ਅਤੇ ਮੇਰੀ ਭਤੀਜੀ ਵੱਲ ਦੇਖ ਕੇ ਗਿੱਲੀਆਂ ਅੱਖਾਂ ਵਿੱਚੋਂ ਮੁਸਕੁਰਾਈ।

ਕੁਝ ਸਮੇਂ ਬਾਅਦ ਉਹ ਬਜ਼ੁਰਗ ਪੰਜ ਪੰਜ ਸੌ ਦੇ ਨੋਟਾਂ ਦੀ ਗੁੱਥੀ ਲੈ ਕੇ ਬਾਹਰ ਆਇਆ, ਤੇ ਸਾਰੇ ਪੈਸੇ ਉਸ ਮਰਦ ਦੇ ਹੱਥਾਂ ਤੇ ਰੱਖ ਦਿੱਤੇ। ਉਹ ਨੌਜਵਾਨ ਮਰਦ ਨੋਟਾਂ ਤੇ ਟੁੱਟ ਕੇ ਪਿਆ, ਨੋਟ ਗਿਣਦਾ ਗਿਣਦਾ ਗੱਡੀ ਵਿੱਚ ਜਾ ਬੈਠਾ ਤੇ ਕੁੜੀ ਬਜ਼ੁਰਗ ਕੋਲ ਮਿਲਣ ਆਈ, ਬਾਪੂ ਸਿਰ ਪਲੋਸਦਾ ਬੋਲਿਆ, “ਚੰਗਾ ਪੁੱਤ, ਚੱਲਦਾਂ, ਮੈਂ ਘਰੇ ਜਿੰਦਾ ਵੀ ਨੀ ਸੀ ਮਾਰ ਕੇ ਆਇਆ, ਅੱਜ ਕੱਲ ਮੰਗਤੇ ਮੁੰਗਤੇ ਜੇ ਬਹੁਤ ਚੋਰੀਆਂ ਕਰਦੇ ਆ”। ਮੇਰੀ ਨਾਨੀ ਵੀ ਕੁਝ ਸਮੇਂ ਬਾਅਦ ਬੈਂਕ ਚੋਂ ਬਾਹਰ ਨਿਕਲੀ ਅਤੇ ਅਸੀਂ ਘਰ ਨੂੰ ਚੱਲੇ। ਮੈਨੂੰ ਰਸਤੇ ਵਿੱਚ ਵਾਰ ਵਾਰ ਇੱਕੋ ਖਿਆਲ ਆ ਰਿਹਾ ਸੀ, ਕਿ ਬਾਪੂ ਅਜੇ ਵੀ ਕਿਸ ਮੰਗਤੇ ਤੋਂ ਡਰ ਰਿਹਾ ਸੀ?….

ਅਮਨ ਜੱਖਲਾਂ
9478226980

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ ਜਸਬੀਰ ਕਲਸੀ ਦੀ ਅਗਵਾਈ ਹੇਠ ਲਗਾਇਆ ਗਿਆ ਮੈਡੀਕਲ ਕੈਂਪ
Next articleਗੁਰਦੁਆਰਾ ਸਿੰਘ ਸਭਾ ਸਿੱਖ ਸੈਂਟਰ ਸਟਾਈਲਸੋਫ(ਬਾਰਮਵੈਕ)ਵਿੱਖੇ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਦੀ ਦਾ 415ਵਾਂ ਸ਼ਹੀਦੀ ਦਿਹਾੜਾ ਬੜੀ ਸ਼ਰਧਾਂ ਨਾਲ ਮਨਾਇਆ।