ਤੀਜੀ ਧੀ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਪਾਲੋ ਦੀ ਸੱਸ ਅੱਜ ਬਹੁਤ ਨਿਰਾਸ਼ ਸੀ। ਘਰ ਵਿੱਚ ਸੋਗ ਫੈਲਿਆ ਹੋਇਆ ਸੀ। ਕੋਈ ਕਿਸੇ ਨੂੰ ਸਿੱਧੇ ਮੂੰਹ ਨਹੀਂ ਬੁਲਾ ਰਿਹਾ ਸੀ। ਪਾਲੋ ਦਾ ਪਤੀ ਵੀ ਸਭ ਨੂੰ ਵੱਢ ਖਾਣ ਨੂੰ ਪੈਂਦਾ ਸੀ। ਪਾਲੋ ਦੀ ਵੱਡੀ ਧੀ ਸਿੰਮੀ ਪੰਜ ਕੁ ਸਾਲ ਦੀ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਘਰ ਵਿੱਚ ਕੀ ਹੋਇਆ ਹੈ। ਉਹ ਆਪਣੀ ਛੋਟੀ ਭੈਣ ਜਿੰਮੀ ਜੋ ਢਾਈ ਕੁ ਸਾਲਾਂ ਦੀ ਸੀ ,ਉਸ ਨਾਲ ਤੋਤਲੀ ਅਵਾਜ਼ ਵਿੱਚ ਗੱਲ ਕਰਦੀ ਹੈ,”ਦਿੰਮੀ ਦਾਦੀ ਆਂਹਦੀ ਛੀ …..ਅੱਦ ਮੰਮੀ ਹਸ਼ਪਤਾਲੌਂ ਕਾਕਾ ਲਿਆਉਣਗੇ… ਆਪਾਂ ਓਹਦੇ ਲੱਖਰੀ ਬੰਨਾ ਕਲਾਂਗੇ।”

ਕਹਿਕੇ ਸਿੰਮੀ ਖਿੜ ਖਿੜ ਕੇ ਹੱਸ ਪਈ ਤੇ ਨਾਲ ਹੀ ਛੋਟੀ ਕੁੜੀ ਖਿੜ ਖਿੜਾ ਕੇ ਹੱਸ ਪਈ। ਚਾਹੇ ਉਹ ਦੋਵੇਂ ਕਾਕੇ ਅਤੇ ਰੱਖੜੀ ਦੇ ਸਬੰਧ ਤੋਂ ਅਣਜਾਣ ਸਨ ਪਰ ਦਾਦੀ ਨੇ ਉਹਨਾਂ ਨੂੰ ਪਹਿਲਾਂ ਹੀ ਬਹੁਤ ਕੁਝ ਦੱਸ ਦਿੱਤਾ ਸੀ ਕਿਉਂ ਕਿ ਮੁੰਡੇ ਦੀ ਚਾਹਤ ਕਰਕੇ ਹੀ ਤਾਂ ਪਹਿਲਾਂ ਉੱਪਰੋਥਲੀ ਦੋ ਕੁੜੀਆਂ ਹੋ ਗਈਆਂ ਸਨ। ਤਾਂ ਹੀ ਤਾਂ ਐਨੀ ਜਲਦੀ ਪਾਲੋ ਨੇ ਆਪਣੀ ਸੱਸ ਅਤੇ ਪਤੀ ਨੂੰ ਖੁਸ਼ ਕਰਨ ਲਈ ਤੀਜੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਲਿਆ ਸੀ। ਜਦੋਂ ਤੋਂ ਉਹ ਗਰਭਵਤੀ ਹੋਈ ਸੀ ਉਸ ਦੀ ਸੱਸ ਉਸ ਦੀਆਂ ਦੋਵੇਂ ਧੀਆਂ ਨੂੰ ਪੁੱਛਦੀ ਰਹਿੰਦੀ ਸੀ,”ਪੁੱਤ ਆਪਣੇ ਕੋਠੇ ਕੀ ਹੈ….ਚਿੜੀ ਜਾਂ ਕਾਂ…?”

ਵੱਡੀ ਕੁੜੀ ਸਮਝਦੀ ਸੀ ਕਿ ਦਾਦੀ ਨੇ ਕਾਂ ਆਖੇ ਤੇ ਖੁਸ਼ ਹੋ ਜਾਣਾ।ਇਸ ਲਈ ਉਹ ਝੱਟ ਦੇਣੇ ਕਾਂ ਆਖ ਦਿੰਦੀ । ਪਾਲੋ ਦੀ ਸੱਸ ਖੁਸ਼ ਹੋ ਜਾਂਦੀ ਤੇ ਪਾਲੋ ਨੂੰ ਆਖਦੀ ,” ਨੀਂ ਰੱਬ ਦੇ ਮਾਂਹ ਤਾਂ ਨੀ ਮਾਰੇ ਹੋਏ… ਐਤਕੀਂ ਤਾਂ ਪੱਕਾ ਰੱਬ ਨੇ ਸਾਡੀ ਝੋਲੀ ਦਾਤ ਨਾਲ ਭਰ ਦੇਣੀ ਆ…….ਓਹਦੇ ਘਰ ਦੇਰ ਆ ਨ੍ਹੇਰ ਤਾਂ ਨੀ……।” ਜੇ ਕਿਤੇ ਛੋਟੀ ਕੁੜੀ ਕੋਠੇ ਵੱਲ ਨੂੰ ਉਂਗਲ ਉਠਾ ਕੇ ਆਖ ਦਿੰਦੀ,” ਨਹੀਉਂ….ਹੂ ਦੇ ਤਿੜੀ ਬੈਥੀ ਆ।” ਤਾਂ ਪਾਲੋ ਦੀ ਸੱਸ ਕੁੜੀ ਦੇ ਥੱਪੜ‌ ਮਾਰਦੀ ਤੇ ਕਹਿੰਦੀ ,”ਕੁਲਿਹਣੀਏ ….. ਕੋਈ ਚੱਜ ਦੀ ਗੱਲ ਨਾ ਮੂੰਹੋਂ ਕੱਢੀਂ।”

ਛੋਟੀ ਕੁੜੀ ਦਾਦੀ ਦਾ ਪੱਲਾ ਫੜੀ ਉਸ ਦੇ ਮਗਰ ਮਗਰ ਰੀਂ ਰੀਂ ਕਰਦੀ ਫਿਰਦੀ ਸੀ ਕਿਉਂਕਿ ਉਸ ਨੂੰ ਭੁੱਖ ਲੱਗੀ ਹੋਈ ਸੀ। ਦਾਦੀ ਉਸ ਨੂੰ ਭੱਜ ਭੱਜ ਪੈਂਦੀ ਸੀ ਤੇ ਆਖਦੀ ,”ਨੀ ਕਲਿਹਣੀਏ…. ਹੁਣ ਤਾਂ ਚੁੱਪ ਕਰ ਜਾ…..ਪੱਥਰ ਤੂੰ ਆਪ ਤਾਂ ਜੰਮੀ ਓ ਈ ਸੀ….ਮਗਰੇ ਇੱਕ ਹੋਰ ਪੱਥਰ ਲੈ ਆਈ……।” ਮਤਲਬ ਕਿ ਅੱਜ ਪਾਲੋ ਨੇ ਤੀਜੀ ਧੀ ਨੂੰ ਜਨਮ ਦਿੱਤਾ ਸੀ। ਹਸਪਤਾਲ ਪਾਲੋ ਕੋਲ਼ ਉਸ ਦੀ ਵੱਡੀ ਭੈਣ ਛਿੰਦੋ ਰੁਕੀ ਹੋਈ ਸੀ। ਪਾਲੋ ਨੂੰ ਜਦ ਪਤਾ ਲੱਗਿਆ ਤਾਂ ਉਹ ਬਹੁਤ ਰੋਈ….ਜਦ ਨਰਸਾਂ ਨੇ ਉਸ ਨੂੰ ਕੁੜੀ ਦਿਖਾਉਣ ਲਈ ਉਸ ਮੂਹਰੇ ਕੀਤੀ ਤਾਂ ਉਸ ਨੇ ਆਪਣਾ ਮੂੰਹ ਪਰਾਂ ਨੂੰ ਘੁਮਾ ਲਿਆ ਤੇ ਉਸ ਦਾ ਚਿਹਰਾ ਨਾ ਦੇਖਿਆ।

ਤੀਜੀ ਧੀ ਬਿਨਾਂ ਅਪਰੇਸ਼ਨ ਦੇ ਹੋਈ ਸੀ ਇਸ ਲਈ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਗਈ। ਆਪਣੀ ਛੋਟੀ ਭੈਣ ਦੇ ਤੀਜੀ ਧੀ ਪ੍ਰਤੀ ਇਸ ਵਿਹਾਰ ਤੋਂ ਛਿੰਦੋ ਬਹੁਤ ਦੁਖੀ ਹੋਈ। ਛਿੰਦੋ ਦੇ ਵਿਆਹ ਨੂੰ ਪੂਰੇ ਨੌਂ ਵਰ੍ਹੇ ਹੋ ਗਏ ਸਨ। ਉਸ ਦੇ ਘਰ ਕੋਈ ਔਲਾਦ ਨਹੀਂ ਸੀ।ਪਰ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਬਹੁਤ ਚੰਗਾ ਸੀ।ਉਹ ਇਸ ਬਾਰੇ ਡਾਕਟਰੀ ਸਲਾਹ ਜਾਂ ਇਲਾਜ ਤਾਂ ਕਰਵਾ ਰਹੇ ਸਨ ਪਰ ਕਦੇ ਕਿਸੇ ਨੇ ਕੋਈ ਮਿਹਣਾ ਨਹੀਂ ਮਾਰਿਆ ਸੀ।ਪਰ ਅੱਜ ਆਪਣੀ ਛੋਟੀ ਭੈਣ ਅਤੇ ਉਸ ਦੇ ਪਰਿਵਾਰ ਵੱਲੋਂ ਨਵੀਂ ਜਨਮੀ ਧੀ ਪ੍ਰਤੀ ਭੈੜਾ ਵਤੀਰਾ ਦੇਖ ਕੇ ਉਸ ਦਾ ਮਨ ਬਹੁਤ ਦੁਖੀ ਹੋਇਆ।ਉਸ ਨੇ ਆਪਣੇ ਪਤੀ ਨੂੰ ਫ਼ੋਨ ਕਰਕੇ ਬੁਲਾਇਆ ਤੇ ਉਸ ਨਾਲ ਕੁਝ ਸਲਾਹ ਕੀਤੀ।ਉਸ ਦੇ ਪਤੀ ਨੇ ਆਪਣੇ ਘਰਦਿਆਂ ਨੂੰ ਫ਼ੋਨ ਕਰਕੇ ਕੋਈ ਗੱਲ ਕੀਤੀ ਤੇ ਫਿਰ ਛਿੰਦੋ ਨੂੰ ਮੁਸਕਰਾਉਂਦੇ ਹੋਏ ਕੁਝ ਦੱਸਿਆ। ਉਹਨਾਂ ਦੇ ਚਿਹਰਿਆਂ ਤੇ ਆਸ ਦੀ ਚਿਣਗ ਸਾਫ਼ ਚਮਕਦੀ ਹੋਈ ਦਿਖਾਈ ਦੇ ਰਹੀ ਸੀ।

ਛਿੰਦੋ ਨੇ ਪਾਲੋ ਦੀ ਸੱਸ ਨੂੰ ਜਕਦੇ ਜਕਦੇ ਆਖਿਆ,”ਮਾਸੀ ਜੀ…….ਇੱਕ ਗੱਲ ਕਰਨੀ ਸੀ ਥੋਡੇ ਨਾਲ… ਪਹਿਲਾਂ ਦੱਸੋ……. ਜੇ ਥੋਨੂੰ ਠੀਕ ਲੱਗੀ ਤਾਂ ਮੰਨ ਲਿਓ…. ਨਾ ਠੀਕ ਲੱਗੇ ਤਾਂ ਤੁਸੀਂ ਕੋਈ ਗੁੱਸਾ ਨਾ ਕਰਿਓ….।” “ਹਾਂ….. ਬੋਲ ਧੀਏ…. ਮੈਂ ਕੀ ਗੁੱਸਾ ਕਰਨਾ….ਐਨੇ ਜੋਗੇ ਤਾਂ ਰੱਬ ਨੇ ਸਾਨੂੰ ਛੱਡਿਆ ਈ ਨਈਂ…….।” ਪਾਲੋ ਦੀ ਸੱਸ ਅੱਖਾਂ ਪੱਲੇ ਨਾਲ਼ ਪੂੰਝਦੀ ਹੋਈ ਬਹੁਤ ਦੁਖੀ ਲਹਿਜੇ ਵਿੱਚ ਬੋਲੀ। “ਮਾਸੀ ਜੀ……ਇਹ …… ਕਹਿੰਦੇ ਨੇ………ਕਿ ……ਇਹ ਨਵਾਂ ਜੀਅ …….ਸਾਡੀ ਝੋਲੀ ਪਾ ਦਿਓ।” ਛਿੰਦੋ ਨੇ ਡਰਦੇ ਡਰਦੇ ਮਸਾਂ ਗੱਲ ਪੂਰੀ ਕੀਤੀ। ਪਾਲੋ ਦੀ ਸੱਸ ਦੋ ਮਿੰਟ ਚੁੱਪ ਰਹੀ ਤੇ ਉਸ ਨੇ ਪਾਲੋ ਵੱਲ ਨੂੰ ਦੇਖਿਆ। ਪਾਲੋ ਆਪਣੇ ਪਤੀ ਦੇ ਚਿਹਰੇ ਨੂੰ ਪੜ੍ਹ ਰਹੀ ਸੀ। ਛਿੰਦੋ ਫਿਰ ਕਾਹਲੀ ਨਾਲ ਬੋਲੀ,” ਕੋਈ ਗੱਲ ਨੀ ਮਾਸੀ ਜੀ……ਜੇ ਥੋਨੂੰ ਨਹੀਂ ਠੀਕ ਲੱਗਿਆ…… ਤਾਂ…….. ਤਾਂ ਕੋਈ ਗੱਲ ਨੀ……….।” ” ਨਹੀਂ ਧੀਏ ਅਸੀਂ ਵੀ ਰੈਅ ਕਰ ਲੈਨੇ ਆਂ…..ਸਾਰੇ ਜਣੇ।” ਪਾਲੋ ਦੀ ਸੱਸ ਨੇ ਹਾਂ ਪੱਖੀ ਜਵਾਬ ਦਿੱਤਾ।ਛਿੰਦੋ ਦਾ ਦਿਲ ਡਰ ਨਾਲ ਤੇਜ਼ ਤੇਜ਼ ਧੜਕਦਾ ਥੋੜਾ ਜਿਹਾ ਠੀਕ ਹੋਇਆ। ਪਾਲੋ ਦੇ ਸਾਰੇ ਟੱਬਰ ਨੇ ਸਲਾਹ ਕੀਤੀ ਤੇ ਉਸ ਨੂੰ ਹਾਂ ਕਹਿ ਦਿੱਤੀ।

ਜਦ ਪਾਲੋ ਦੀ ਤੀਜੀ ਧੀ ਸਵਾ ਮਹੀਨੇ ਦੀ ਹੋਈ ਤਾਂ ਛਿੰਦੋ ਅਤੇ ਉਸ ਦਾ ਸਾਰਾ ਪਰਿਵਾਰ ਦੋ ਗੱਡੀਆਂ ਭਰ ਕੇ ਆਏ। ਉਸ ਨੂੰ ਪੂਰੇ ਸ਼ਗਨਾਂ ਨਾਲ ਢੋਲ ਢਮੱਕੇ ਨਾਲ ਆਪਣੀ ਧੀ ਬਣਾ ਕੇ ਲੈ ਕੇ ਗਏ। ਕਾਗਜ਼ੀ ਲਿਖਾ-ਪੜ੍ਹੀ ਕਰਕੇ ਕਾਨੂੰਨੀ ਤੌਰ ਤੇ ਪਾਲੋ ਦੀ ਤੀਜੀ ਧੀ ਹੁਣ ਛਿੰਦੋ ਦੀ ਪਹਿਲੀ ਔਲਾਦ ਬਣ ਗਈ ਸੀ।ਉਸ ਦਾ ਨਾਮ ਨਿੰਮੀ ਰੱਖਿਆ ਗਿਆ।ਉਸ ਦਾ ਪਾਲਣ ਪੋਸ਼ਣ ਉਹ ਬਹੁਤ ਸੋਹਣੇ ਢੰਗ ਨਾਲ ਕਰਨ ਲੱਗੇ। ਨਿੰਮੀ ਘਰ ਵਿੱਚ ਸਾਰਿਆਂ ਦੀ ਲਾਡਲੀ ਧੀ ਸੀ। ਉਸ ਨੂੰ ਨੇੜਲੇ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਦਾਖਲ ਕਰਵਾਇਆ ਗਿਆ।ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ।

ਜਿਵੇਂ ਜਿਵੇਂ ਵੱਡੀ ਹੋਈ ਉਹ ਪੜਾਈ, ਖੇਡਾਂ ਅਤੇ ਸਕੂਲ ਦੇ ਹੋਰ ਸਾਰੇ ਖੇਤਰਾਂ ਵਿੱਚ ਬਹੁਤ ਇਨਾਮ ਜਿੱਤਦੀ।ਹਰ ਸਾਲ ਉਹ ਫਸਟ ਆਉਂਦੀ। ਸਕੂਲ ਦੀ ਪੜ੍ਹਾਈ ਪੂਰੀ ਕਰਕੇ ਉਹ ਵੱਡੇ ਕਾਲਜ ਵਿੱਚ ਦਾਖਲ ਹੋਈ।ਉੱਥੇ ਵੀ ਪੜ੍ਹਈ ਵਿੱਚ ਹੁਸ਼ਿਆਰ ਹੋਣ ਕਰਕੇ ਵਜ਼ੀਫਾ ਲੈਂਦੇ ਹੋਏ ਪੜ੍ਹਈ ਪੂਰੀ ਕਰਦੇ ਸਾਰ ਉਸ ਨੂੰ ਅਮਰੀਕਾ ਦੀ ਇੱਕ ਕੰਪਨੀ ਵਿੱਚ ਨੌਕਰੀ ਮਿਲ ਗਈ। ਉਸਨੇ ਫੈਸਲਾ ਕੀਤਾ ਕਿ ਵਿਦੇਸ਼ ਆਪਣੇ ਮਾਤਾ ਪਿਤਾ ਨੂੰ ਨਾਲ ਲੈਕੇ ਜਾਵੇਗੀ।

ਵਿਦੇਸ਼ ਜਾਣ ਤੋਂ ਪਹਿਲਾਂ ਛਿੰਦੋ ਆਪਣੇ ਪਤੀ ਅਤੇ ਧੀ ਨੂੰ ਲੈਕੇ ਆਪਣੀ ਭੈਣ ਪਾਲੋ‌ ਨੂੰ ਮਿਲਣ ਗਏ। ਪਾਲੋ ਨੇ ਆਪਣੀਆਂ ਦੋਵੇਂ ਧੀਆਂ ਦਸ ਦਸ ਪੜ੍ਹਾ ਕੇ ਵਿਆਹ ਦਿੱਤੀਆਂ ਸਨ।ਛੋਟਾ ਮੁੰਡਾ ਸਾਰੇ ਟੱਬਰ ਦਾ ਲਾਡਲਾ ਹੋਣ ਕਰਕੇ ਵਿਗੜ ਗਿਆ ਸੀ। ਜਦ ਛਿੰਦੋ ਅਤੇ ਉਸ ਦਾ ਪਤੀ ਅਤੇ ਧੀ ਮਿਲ਼ ਕੇ ਵਾਪਸ ਚੱਲੇ ਤਾਂ ਪਾਲੋ ਨੇ ਆਪਣੀ ਭਾਣਜੀ (ਤੀਜੀ ਧੀ) ਨੂੰ ਪਿਆਰ ਕੀਤਾ ਤਾਂ ਉਸ ਦਾ ਆਪ ਮੁਹਾਰੇ ਰੋਣਾ ਨਿਕਲ ਗਿਆ।ਉਹ ਆਪਣੇ ਆਪ ਤੇ ਲਾਹਣਤ ਪਾਈ ਰਹੀ ਸੀ ਕਿ ਜਿਸ ਨੂੰ ਉਸ ਨੇ ਠੁਕਰਾ ਦਿੱਤਾ ਸੀ ਉਹ ਤਾਂ ਇੱਕ ਅਨਮੋਲ ਰਤਨ ਸੀ।

“ਮਾਸੀ ਜੀ, ਤੁਸੀਂ ਰੋਵੋ ਨਾ….. ਮੈਂ ਤੁਹਾਨੂੰ ਵੀ ਆਪਣੇ ਕੋਲ ਬੁਲਾ ਲਵਾਂਗੀ।” ਨਿੰਮੀ ਨੇ ਉਸ ਨੂੰ ਚੁੱਪ ਕਰਾਉਂਦੇ ਹੋਏ ਆਖਿਆ।ਪਰ ਪਾਲੋ ਮਨ ਵਿੱਚ ਸੋਚ ਰਹੀ ਸੀ,”ਪੁੱਤਰ ਨਿੰਮੀਐ ਤੂੰ ਤਾਂ ਮੇਰੀ ਉਹ ਤੀਜੀ ਧੀ ਹੈਂ ਜਿਸ ਦਾ ਮੈਂ ਜੰਮਦੀ ਦਾ ਚਿਹਰਾ ਨਹੀਂ ਦੇਖਿਆ ਸੀ। ਮੈਂ ਤਾਂ ਤੇਰੀ ਬਹੁਤ ਵੱਡੀ ਗੁਨਾਹਗਾਰ ਹਾਂ…..।” ਪਾਲੋ ਨਿੰਮੀ ਦੀ ਬਾਏ ਦੇ ਜਵਾਬ ਵਿੱਚ ਓਨੀ ਦੇਰ ਹੱਥ ਹਿਲਾਉਂਦੀ ਰਹੀ ਜਿੰਨਾ ਚਿਰ ਤੱਕ ਉਸ ਦੀ ਗੱਡੀ ਦੂਰ ਉਡਦੀ ਧੂੜ ਵਿੱਚੋਂ ਵੀ ਦਿਸਣੀ ਬੰਦ ਨਾ ਹੋਈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਨਸ਼ੇ ਦਾ ਕਹਿਰ