(ਸਮਾਜ ਵੀਕਲੀ)
ਇੰਦਰਜੀਤ ਮੇਰੀ ਜ਼ਿੰਦਗੀ ਦੇ ਹਾਸਲ ਸੱਜਣਾਂ ਦੀਆਂ ਸਤਰਾਂ ਦਾ ਸਿਰਲੇਖ ਹੈ । ਉਹ ਮੇਰੀ ਜ਼ਿੰਦਗੀ ਦਾ ਉਹ ਸਰਮਾਇਆ ਹੈ ਜਿਸਨੂੰ ਮੈਂ ਜਿੰਨਾਂ ਖਰਚਿਆ ਉਹ ਉਸ ਤੋਂ ਦੁੱਗਣਾ ਹੋ ਗਿਆ । ਦੱਸਵੀਂ ਕਰਨ ਤੋਂ ਬਾਅਦ ਮੈਂ ਆਪਣੇ ਮੁਹੱਲੇ ਵਿੱਚ ਕਰਿਆਨੇ ਦੀ ਛੋਟੀ ਜਿਹੀ ਹੱਟੀ ਪਾ ਲਈ ਸੀ। ਬਜ਼ਾਰੋਂ ਸੌਦਾ ਲਿਆਉਣ ਲੱਗਿਆਂ ਬੜੀ ਮੁਸ਼ਕਲ ਆਉਂਦੀ । ਇੱਕ ਦਿਨ ਉਹ ਇੱਕ ਲੇਡੀ ਸਾਈਕਲ ਲੈ ਕੇ ਹਾਜ਼ਰ ਹੋ ਗਿਆ ।ਆਖਣ ਲੱਗਾ ‘ ਤੈਨੂੰ ਪਤਾ ਐ ਭੈਣ ਦਾ ਵਿਆਹ ਹੋ ਗਿਆ ਏ ਤੇ ਉਹਦਾ ਇਹ ਸਾਇਕਲ ਵੇਹਲਾ ਈ ਖਲੋਤਾ ਸੀ ਮੈਂ ਸੋਚਿਆ ਤੇਰੇ ਕੰਮ ਆ ਜਾਊ । ਨਾਲੇ ਚੱਲਦਾ ਰਹੂ । ਖਲੋਤਾ ਖਲੋਤਾ ਖ਼ਰਾਬ ਤਾਂ ਨਾ ਹੋਊ । ਖਲੋਤੇ ਨੂੰ ਵੀ ਤਾਂ ਜੰਗਾਲ ਹੀ ਲੱਗਣਾ ਐ ।’ ਮੈਨੂੰ ਪਤਾ ਸੀ ਕਿ ਸਾਇਕਲ ਵਿਹਲਾ ਹਰਗਿਜ਼ ਨਹੀਂ ਸੀ । ਮੇਰੇ ਨਾਲੋਂ ਵੱਧ ਕੇ ਉਸਨੂੰ ਇਹਦੀ ਲੋੜ ਸੀ । ਪਰ ਉਹਨੇ ਤਾਂ ਅਹਿਸਾਨ ਵੀ ਨਹੀਂ ਸੀ ਜਿਤਾਇਆ !
ਇੰਦਰਜੀਤ ਪੰਜਾਂ ਭੈਣਾਂ ਤੇ ਦੋ ਭਰਾਵਾਂ ਦਾ ਵੀਰ ਹੈ। ਪਿਤਾ ਦੀ ਮੌਤ ਤੋਂ ਬਾਅਦ ਉਹ ਘਰ ਦਾ ਮੁਖੀ ਮਰਦ ਬਣ ਗਿਆ ਕਿਉਂਕਿ ਵੱਡੇ ਭਰਾ ਦਾ ਵਿਆਹ ਹੋ ਗਿਆ ਸੀ ਤੇ ਉਹ ਵੱਖਰਾ ਰਹਿਣ ਲੱਗ ਪਿਆ ਸੀ । ਬਹੁਤ ਮਿਹਨਤ ਕੀਤੀ ਹੈ ਇੰਦਰਜੀਤ ਨੇ ! ਉਸਨੇ ਹਰ ਉਹ ਕੰਮ ਕੀਤਾ ਜਿਸ ਨੂੰ ਇਸ ਉਮਰ ਵਿੱਚ ਕਰਨ ਲੱਗਿਆਂ ਅਕਸਰ ਮੁੰਡੇ ਆਪਣੀ ਹੇਠੀ ਸਮਝਦੇ ਹਨ । ਪਰ ਮਾਂ ਦੇ ਇਹ ਬੋਲ ਕਿ ‘ ਪੁੱਤ ਮਿਹਨਾ ਚੋਰੀ ਚਕਾਰੀ ਦਾ ਹੁੰਦਾ ਐ ! ਮਿਹਨਤ ਮਜ਼ਦੂਰੀ ਕਰਨ ਦਾ ਕੋਈ ਮੇਹਨਾ ਨਹੀਂ ਹੁੰਦਾ !’ ਉਸਦੀ ਜ਼ਿੰਦਗੀ ਦਾ ਜੀਵਨ ਸੰਦੇਸ਼ ਬਣ ਗਏ । ਜਿਸ ‘ਤੇ ਉਹ ਹੁਣ ਤੱਕ ਕਾਇਮ ਹੈ ।
ਪੰਜਾਬ ਵਿੱਚ ਅੱਤਵਾਦ ਦੀ ਕਾਲੀ ਹਨੇਰੀ ਝੁੱਲੀ ਹੋਈ ਸੀ । ਹਿੰਦੂਆਂ ਦੀ ਹਿਜ਼ਰਤ ਵੱਡੀ ਪੱਧਰ’ਤੇ ਹੋ ਰਹੀ ਸੀ । ਉਨ੍ਹਾਂ ਦੀਆਂ ਜਾਇਦਾਦਾਂ ‘ਤੇ ਜਾਂ ਤਾਂ ਕਬਜ਼ੇ ਕੀਤੇ ਜਾ ਰਹੇ ਸਨ ਤੇ ਜਾਂ ਕੌਡੀਆਂ ਦੇ ਭਾਅ ਖਰੀਦੀਆਂ ਜਾ ਰਹੀਆਂ ਸਨ । ਮੈਨੂੰ ਜਦੋਂ ਇੰਦਰਜੀਤ ਨੇ ਦੱਸਿਆ ਕਿ ‘ਆਪਾਂ ਮਕਾਨ ਵੇਚ ਦੇਣਾ ਏ । ਭੈਣਾਂ ਕਹਿੰਦੀਆਂ ਨੇ ਹੁਣ ਤੁਹਾਨੂੰ ਪੱਟੀ ਨਹੀਂ ਰਹਿਣ ਦੇਣਾ ।’
ਤਾਂ ਉਸਦਾ ਪੱਟੀ ਤੋਂ ਜਾਣ ਬਾਰੇ ਫੈਸਲਾ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ । ਮੈਂ ਉਸਨੂੰ ਨੂੰ ਆਖਿਆ, ਪਰ ਕਿਓ ? ਆਪਾਂ ਨੂੰ ਇੱਥੇ ਕਾਹਦਾ ਡਰ ਐ ? ਕੋਈ ਤੇਰੀ ਵਾਅ ਵੱਲ ਵੀ ਨਹੀਂ ਵੇਖ ਸਕਦਾ ! ਪਤਾ ਨਹੀਂ ਮੈਨੂੰ ਕਿਉਂ ਇਸ ਤਰ੍ਹਾਂ ਲੱਗਾ ਕਿ ਮੇਰੀ ਗੱਲ ਜਿਵੇਂ ਹਵਾ ਵਿੱਚ ਹੀ ਗੁਆਚ ਗਈ ਹੋਵੇ । ਜਿਵੇਂ ਉਸਨੇ ਸੁਣਿਆ ਈ ਨਾ ਹੋਵੇ । ਉਹ ਆਖਣ ‘ਲੱਗਾ ਤੈਨੂੰ ਗੱਲ ਦਾ ਤਾਂ ਪਤਾ ਈ ਐ ।ਉਹ ਝਬਾਲ ਵਾਲੇ ਬੰਦੇ ਨਾਲ ਹੋਏ ਝਗੜੇ ਦਾ ਪਤਾ ਘਰ ਵੀ ਲੱਗ ਗਿਆ ਏ ਤੇ ਭੈਣਾਂ ਨੂੰ ਵੀ ਲੱਗ ਗਿਆ ਏ । ਉਹ ਹੁਣ ਇਸ ਗੱਲ ‘ਤੇ ਬਾਜਿੱਦ ਹੋ ਗਈਆਂ ਨੇ ਕਿ ਤੈਨੂੰ ਪੰਜਾਬ ਵਿੱਚ ਹੀ ਨਹੀਂ ਰਹਿਣ ਦੇਣਾ ।’
ਮੈਂ ਉਸਨੂੰ ਆਖਿਆ , ਉਹ ਮਸਲਾ ਤਾਂ ਆਪਾਂ ਹੱਲ ਕਰ ਲਿਆ ਸੀ । ਉਹਨੇ ਘੋੜੇ ਕੋਲੋਂ ਮੁਆਫ਼ੀ ਵੀ ਮੰਗ ਲਈ ਸੀ । ਹੁਣ ਚਲੇ ਜਾਣ ਵਾਲੀ ਭਲਾ ਕਿਹੜੀ ਗੱਲ ਹੋਈ । ਉਹ ਚੁੱਪ ਕਰ ਗਿਆ । ਜਿਵੇਂ ਉਸ ਕੋਲ ਪਰਿਵਾਰ ਦੀ ਮਜ਼ਬੂਰੀ ਤੋਂ ਬਿਨਾਂ ਹੋਰ ਕੋਈ ਜਵਾਬ ਨਾ ਹੋਵੇ । ਜਿਵੇਂ ਉਸਦਾ ਜਾਣ ਨੂੰ ਜੀ ਨਾ ਕਰਦਾ ਹੋਵੇ !ਪਰ ਕੋਈ ਉਸਨੂੰ ਸੰਗਲ ਮਾਰ ਕੇ ਧੂਹ ਕੇ ਲਿਜਾ ਰਿਹਾ ਹੋਵੇ! ਝਬਾਲ ਵਾਲੇ ਬੰਦੇ ਦੀ ਗੱਲ ਦਰ ਅਸਲ ਇਹ ਸੀ ਕਿ ਉਸ ਸਮੇਂ ਬਹੁਤੇ ਮੁੰਡੇ ਆਪਣੇ ਆਪ ਨੂੰ ਖਾਲਿਸਤਾਨ ਦੀ ਫੌਜ ਦੇ ਜਰਨੈਲ ਹੀ ਸਮਝਦੇ ਸਨ । ਆਪਣੀ ਕਿਸੇ ਰਿਸ਼ਤੇਦਾਰੀ ਵਿੱਚ ਝਬਾਲ ਤੋਂ ਆਏ ਇਹੋ ਜਿਹੇ ਹੀ ਕਿਸੇ ਬੰਦੇ ਨਾਲ ਇੰਦਰਜੀਤ ਦਾ ਮਾੜਾ ਮੋਟਾ ਤਕਰਾਰ ਹੋ ਗਿਆ ਤੇ ਉਸਨੇ ਉਹਨੂੰ ਪਰਿਵਾਰ ਸਮੇਤ ਸੋਧ ਦੇਣ ਦਾ ਫੁਰਮਾਨ ਜਾਰੀ ਕਰ ਦਿੱਤਾ ।
ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੇ ਸੱਤੀਂ ਕਪੜੀਂ ਅੱਗ ਲੱਗ ਗਈ । ਕੋਈ ਕੌਣ ਹੁੰਦਾ ਐ ਇੰਦਰਜੀਤ ਨੂੰ ਇੰਝ ਆਖਣ ਵਾਲਾ ! ਉਨਾਂ ਦਿਨਾਂ ਵਿੱਚ ਪੱਟੀ ਦਾ ਵੀ ਇੱਕ ਮੁੰਡਾ ਖਾਲਿਸਤਾਨ ਦੀ ਕਿਸੇ ਜਥੇਬੰਦੀ ਦਾ ਜਰਨੈਲ ਬਣਿਆ ਹੋਇਆ ਸੀ । ਬਹੁਤ ਜ਼ਿਆਦਾ ਫੁਰਤੀਲਾ ਹੋਣ ਕਰਕੇ ਉਹਨੂੰ ਨਿੱਕੇ ਹੁੰਦੇ ਤੋਂ ਹੀ ਘੋੜਾ ਆਖਦੇ ਹੁੰਦੇ ਸਨ ਤੇ ਉਹਦਾ ਇਹੋ ਨਾਂਅ ਹੀ ਜਥੇਬੰਦੀ ਵਿੱਚ ਵੀ ਪ੍ਰਸਿੱਧ ਹੋ ਗਿਆ ਸੀ । ਉਹਨਾਂ ਦਿਨਾਂ ਵਿੱਚ ਬੜੀ ਦਹਿਸ਼ਤ ਤੇ ਦਬਦਬਾ ਸੀ ਪੱਟੀ ਵਾਲੇ ਘੋੜੇ ਦਾ ।
ਉਹਦੇ ਸਰਕਲ ਦੇ ਬੰਦਿਆਂ ਰਾਹੀਂ ਉਹਦੇ ਨਾਲ ਸੰਪਰਕ ਕੀਤਾ । ਉਹ ਬੜੀ ਖੁਸ਼ ਮਿਜਾਜ਼ੀ ਨਾਲ ਪੇਸ਼ ਆਇਆ । ਉਹ ਆਖਣ ਲੱਗਾ ਕਿਸੇ ਦੀ ਕੀ ਜੁਰਅਤ ਹੈ ਕਿ ਆਪਣੇ ਏਰੀਏ ਵਿੱਚ ਆ ਕੇ ਆਪਣੇ ਬੰਦਿਆਂ ਨੂੰ ਤੰਗ ਪ੍ਰੇਸ਼ਾਨ ਕਰੇ । ਉਹਨੇ ਜਦੋਂ ਝੁਬਾਲ ਵਾਲੇ ਯੋਧੇ ਨਾਲ ਗੱਲ ਕੀਤੀ ਤਾਂ ਉਹ ਮੋਕ ਮਾਰ ਗਿਆ ਤੇ ਉਸਨੇ ਘੋੜੇ ਤੋਂ ਮੁਆਫ਼ੀ ਮੰਗ ਲਈ । ਮੈਂ ਇੰਦਰਜੀਤ ਨੂੰ ਇਸ ਸਾਰੀ ਗੱਲ ਤੋਂ ਜਾਣੂ ਕਰਵਾ ਚੁੱਕਾ ਸਾਂ ਤੇ ਉਸਨੂੰ ਵਿਸ਼ਵਾਸ ਵੀ ਸੀ ਕਿ ਕੋਈ ਗੱਲ ਨਹੀਂ ਹੋਣ ਲੱਗੀ ।
ਪਰ ਇੰਦਰਜੀਤ ਨੇ ਬੜੇ ਉਦਾਸੇ ਜਿਹੇ ਮਨ ਨਾਲ ਆਖਿਆ , ‘ ਬਰਕਤ ਮੈਨੂੰ ਵੀ ਪਤਾ ਐ ਕਿ ਕੋਈ ਗੱਲ ਨਹੀਂ ਹੋਣੀ । ਪਰ ਵੇਖ ! ਪੰਜਾਬ ਨੂੰ ਅੱਗ ਲੱਗੀ ਹੋਈ ਐ ।ਖੁਦਾ- ਨਾ- ਖਾਸਤਾ ਕਿਸੇ ਹੋਰ ਪਾਸਿਓਂ ਕੋਈ ਨੁਕਸਾਨ ਹੋ ਗਿਆ ਤਾਂ ਤੂੰ ਘਰਦਿਆਂ ਤੇ ਭੈਣਾਂ ਦੀਆਂ ਨਜ਼ਰਾਂ ਵਿੱਚ ਆਪਣੇ ਆਪ ਨੂੰ ਸਦਾ ਗੁਨਾਹਗਾਰ ਸਮਝਦਾ ਰਵੇਂਗਾ । ਹਾਲਾਂ ਕਿ ਮੈਂਨੂੰ ਪਤਾ ਹੈ ਕਿ ਉਹ ਤੇਰੀਆਂ ਵੀ ਉੱਨੀਆਂ ਹੀ ਭੈਣਾਂ ਨੇ ਜਿੰਨੀਆਂ ਮੇਰੀਆਂ ਪਰ ਮੈਂ ਨਹੀਂ ਚਾਹੁੰਦਾ ਕਿ ਇੰਝ ਹੋਵੇ ।’ ਉਹਦੇ ਤਰਕ ਦੇ ਸਾਹਮਣੇ ਮੈਂ ਨਿਰੁੱਤਰ ਹੋ ਗਿਆ ਤੇ ਇੰਦਰਜੀਤ ਆਪਣੀ ਜੰਮਣ ਭੋਇੰ ਨੂੰ ਅਲਵਿਦਾ ਕਹਿ ਕੇ ਯੁਮਨਾਨਗਰ ਚਲਾ ਗਿਆ ।
ਬੜਾ ਅਰਸਾ ਮਨ ਬੇਹੱਦ ਉਦਾਸ ਰਿਹਾ । ਪਰ ਅੱਜ ਯਮੁਨਾ ਨਗਰ ਵਿੱਚ ਉਸਦੀ ਚੜ੍ਹਤ ਬਾਰੇ ਸੁਣ ਕੇ ਸੋਚਦਾ ਹਾਂ ਕਿ ਚੰਗਾ ਈ ਹੋਇਆ ਜਿਹੜਾ ਉਹ ਇੱਥੇ ਆ ਗਿਆ । ਉਸ ਵੱਲੋਂ ਆਉਂਦੀ ਠੰਢੀ ਮਿੱਠੀ ਹਵਾ ਦੇ ਬੁੱਲੇ ਰੂਹ ਨੂੰ ਸਰਸ਼ਾਰ ਕਰ ਰਹੇ ਹਨ !
ਇਹ ਉਦਾਸੇ ਪਲਾਂ ਦੀ ਦਾਸਤਾਂ ਹੈ ! ਅਠਖੇਲੀਆਂ ਕਰਦੇ ਬੜ੍ਹੇ ਲਮਹੇ ਹਨ ਜਿਹੜੇ ਅਸੀਂ ਇੱਕਠਿਆਂ ਮਾਣੇ ਹਨ! ਉਨਾਂ ਦਾ ਜ਼ਿਕਰ ਵੀ ਜਲਦ ਹੀ ਕਰਾਂਗਾ ।
ਬਰਕਤ ਸਿੰਘ ਵੋਹਰਾ
ਸੰਪਰਕ -94651 07071
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly