ਬਿੱਟੂ

ਮੰਗਤ ਸਿੰਘ ਲੌਂਗੋਵਾਲ

(ਸਮਾਜ ਵੀਕਲੀ)-  ਜੇਕਰ ਮੈਨੂੰ ਕੋਈ ਆਪਣੇ ਮਨੋਰੰਜਨ ਵਾਸਤੇ ਕੈਦ ਵਿੱਚ ਰੱਖੇ। ਮੇਰੇ ਮਨ ਤੇ ਜੋ ਬੀਤੇਗੀ ਅਤੇ ਜੋ ਵਿਚਾਰ ਆਉਣਗੇ । ਉਹੀ ਇਸ ਦੇ ਮਨ ਵਿੱਚ ਵੀ ਆਉਂਦੇ ਹੋਣਗੇ। ”ਬਿੱਟੂ ਮਨ ਹੀ ਮਨ ਉਸ ਬਾਰੇ ਸੋਚ ਰਿਹਾ ਸੀ ”

ਆਪਣੇ ਮਨ ਵਿੱਚ ਕਈ ਦਿਨਾਂ ਦੀ ਚੱਲ ਰਹੀ ਜੱਦੋ ਜਹਿਦ ਕਰਕੇ ਅਖੀਰ ਪੰਦਰਾਂ ਸਾਲਾਂ ਦੇ ਬਿੱਟੂ ਨੇ ਅੱਜ ਪਿੰਜਰੇ ਦਾ ਮੂੰਹ ਖੋਲ ਕੇ ਕਿਹਾ,” ਲੈ ਸੋਹਣਿਆ ਆਨੰਦ ਮਾਣ” ।
     ਅੱਜ ਲੱਕੜ ਦੇ ਮੁੱਢ ਤੇ ਡੂੰਗੀ ਉਦਾਸੀ ਵਿੱਚ ਬੈਠਾ ਬਿੱਟੂ  ਆਪਣੇ ਸੱਜੇ  ਹੱਥ ਨੂੰ ਆਪਣੀ ਠੋਡੀ ਥੱਲੇ ਰੱਖ ਕੇ ਆਪਣੇ ਪਿਆਰੇ ਦੇ ਖਿਆਲ ਵਿੱਚ ਮਸਰੂਫ ਹੈ। ਸੋਚੀ ਪਿਆ ਬਿੱਟੂ ਆਪਣੇ ਖਿਆਲਾਂ ਦੀ ਦੁਨੀਆ ਵਿੱਚ ਇੰਨਾਂ ਗੁਆਚ ਗਿਆ ਸੀ ਕਿ ਉਸ ਨੂੰ ਇਹ ਵੀ ਯਾਦ ਨਾ ਰਿਹਾ ਕਿ ਦਿਨ ਢਲ ਚੱਲਾ ਹੈ। ਉਹਦਾ ਚਿੱਟੇ ਕੱਪੜਿਆਂ ਵਾਲਾ ਸੱਜੇ ਪਾਸੇ ਉੱਡ ਰਿਹਾ ਮਨ ਕਹਿ ਰਿਹਾ ਸੀ,ਬਿੱਟੂ ਸਿਆਂ ਭਲਾਈ ਦਾ ਕੰਮ ਕੀਤਾ । ਖੱਬੇ ਕੰਨ ਦੇ ਕੋਲ ਖੜ੍ਹਾ ਕਾਲੇ ਕੱਪੜਿਆਂ ਵਾਲਾ ਮਨ ਕਹਿ ਰਿਹਾ ਸੀ ਕਾਹਨੂੰ ਛੱਡਣਾ ਸੀ ਮਨ ਲੱਗਾ ਰਹਿੰਦਾ ਸੀ।
       ਉਸ ਦਾ ਬਿੱਟੂ ਬਿੱਟੂ ਕਹਿ ਕੇ ਬੁਲਾਉਣਾ ,ਕਦੇ ਚੂਰੀ,ਕਦੇ ਮਿਰਚ, ਬੋਲ ਬੋਲ ਕੇ ਜੋ ਮੈ ਖਾਣਾ, ਉਹੀ ਉਸ ਨੇ ਮੰਗਣਾ , ਰੁੱਸ ਜਾਣਾ, ਕਦੇ ਹੱਥੋਂ ਕੋਈ ਚੀਜ਼ ਖੋ ਲੈਣੀ , ਮਾਂ ਨੇ ਸਵੇਰੇ ਉਠਾਉਣਾ ਤਾਂ ਉਹਨੇ ਵੀ ਨਾਲ ਹੀ ਰੌਲਾ ਪਾਉਣਾ ਸ਼ੁਰੂ ਕਰ ਦੇਣਾ, ਜਿੰਨਾ ਸਮਾਂ ਉਸ ਦਾ ਪਿੰਜਰਾ ਆਪਣੀ ਰਜਾਈ ਵਿੱਚ ਨਾ ਰੱਖਣਾ ਉਨਾਂ ਸਮਾਂ ਉਸਨੇ ਸੌਣਾ ਨਾ , ਸਾਰਾ ਦਿਨ ਉਹਦੇ ਨਾਲ ਹੀ ਪਰਚੇ ਰਹਿਣਾ, ਆਪਣੇ ਮਿੱਠੂ ਦੀਆਂ ਉਹ ਸਾਰੀਆਂ ਗੱਲਾਂ ਉਸ ਨੂੰ ਵਾਰ ਵਾਰ ਚੇਤੇ ਆ ਰਹੀਆਂ ਸਨ । ਮਿੱਠੂ ਨੂੰ ਛੱਡ ਕੇ ਤਾਂ ਬਿੱਟੂ ਦਾ ਸਕੂਲ ਜਾਣ ਨੂੰ ਵੀ ਮਨ ਨਾ ਕਰਨਾ।
ਦੂਹਰੇ ਮਨ ਨਾਲ ਸਕੂਲ ਚਲੇ ਵੀ ਜਾਣਾ ਉੱਥੇ ਵੀ ਮਿੱਤਰਾਂ ਨਾਲ ਸਾਰਾ ਦਿਨ ਮੇਰੀ ਜ਼ੁਬਾਨ ਰਾਹੀਂ ਮਿੱਠੂ ਨੇ ਆਪਣੇ ਕਾਰਨਾਮਿਆਂ ਬਾਰੇ ਹੀ ਮਹਿਫਲ ਲਗਾਈ ਰੱਖਣੀ।
ਹਰ ਚੀਜ਼ ਖਾਣ ਤੋਂ ਪਹਿਲਾਂ ਮੈਂ ਉਸ ਨੂੰ ਖਵਾਉਣੀ। ਮੇਰਾ ਜਿਵੇਂ ਉਹ ਸੱਚਾ ਤੇ ਸਭ ਤੋਂ ਵਧੀਆ ਦੋਸਤ ਬਣ ਗਿਆ ਸੀ ਮੈਂ ਉਸੇ ਨਾਲ ਹੀ ਸਾਰੀਆਂ ਗੱਲਾਂ ਕਰਨੀਆਂ । ਉਹ ਇਕ ਪੰਛੀ ਨਾ ਹੋ ਕੇ ਮੇਰਾ ਪਰਮ ਮਿੱਤਰ ਬਣ ਗਿਆ। ਉਹਦੇ ਨਾਲ ਮੇਰਾ ਹਮੇਸ਼ਾ ਮਨ ਲੱਗਾ ਰਹਿੰਦਾ ਸੀ । ਇਹਨਾਂ ਸੋਚਾਂ ਵਿੱਚ ਡੁੱਬਾ ਉਹ ਲੱਕੜ ਦੇ ਮੱਢ ਤੋਂ ਉੱਠ ਕੇ ਘਰ ਵੱਲ ਨੂੰ ਤੁਰ ਪਿਆ । ਕਿਉ ਕਿ ਉਥੇ ਬੈਠਿਆਂ ਮਨ ਥੋੜਾ ਉਚਾਟ ਹੋ ਰਿਹਾ ਸੀ।
        ਮਿੱਠੂ ਦਾ ਪਿੰਜਰਾ ਦੇਖ ਕੇ ਪਤਾ ਨਹੀਂ ਕਿਉਂ ਉਹਦੀ ਯਾਦ ਹੋਰ ਸਤਾਉਂਦੀ । ਘਰੇ ਪਹੁੰਚਦਿਆਂ ਇਹਨਾਂ ਖਿਆਲਾ ਚ ਡੁੱਬੇ ਨੇ ਮੈ ਪਿੰਜਰੇ ਦਾ ਗੇਟ ਖੋਲ ਕੇ ਰੋਜ ਦੀ ਤਰਾਂ ਇਹ ਸੋਚ ਕੇ ਸਫਾਈ ਕੀਤੀ ਜਿਵੇਂ ਕਿ ਉਹ ਪਿੰਜਰੇ ਦੀ ਸਫ਼ਾਈ ਕਰਾਉਣ ਵਾਸਤੇ ਅਕਸਰ ਕਰਿਆ ਕਰਦਾ ਸੀ । ਬਾਹਰ ਆ ਕੇ ਬੈਠ ਜਾਦਾ ਸੀ ਸਫ਼ਾਈ ਕਰਾ ਕੇ ਵਾਪਸ ਅੰਦਰ ਚਲਾ ਜਾਂਦਾ ਸੀ। ਮਿੱਠੂ ਦੇ ਪਿੰਜਰੇ ਨੂੰ ਸਾਫ ਕਰਕੇ ਮੈਂ ਆਲਾ ਦੁਆਲਾ ਸਾਫ ਕਰਨ ਲੱਗ ਪਿਆ । ਸੋਚਿਆ ਕਿ ਖੌਰੇ ਮਨ ਕੰਮ ਚ ਲੱਗ ਕੇ ਮਿੱਠੂ ਦੀ ਯਾਦ ਥੋੜੇ ਸਮੇਂ ਲਈ ਵਿਸਰ ਜਾਵੇ ਤੇ ਉਚਾਟ ਮਨ ਸ਼ਾਂਤ ਹੋ ਜਾਏ ਪਰ ਮਨ ਕਿਤੇ ਵੀ ਲੱਗੇ।  ਉਦਾਸੀ ਕਰਕੇ ਮੈਂ ਕੀ ਕੁਝ ਕਰ ਰਿਹਾ ਸੀ ਪਤਾ ਹੀ ਨਹੀਂ ਲੱਗ ਰਿਹਾ ਸੀ । ਪਿੰਜਰੇ ਦਾ ਗੇਟ ਹੁਣ ਖੁੱਲਾ ਹੀ ਛੱਡ ਕੇ ਉਦਾਸੀ ਚ ਪੈ ਰਿਹਾ।
  ਮੈਨੂੰ ਕੋਈ ਖਬਰ  ਨਹੀਂ ਸੀ ਕਿ ਮੈਨੂੰ ਕੋਈ ਵੇਖ ਰਿਹਾ ਹੈ। ਉਹ ਵੀ ਉਹ ਜਿਸ ਕਰਕੇ ਮੈਂ ਉਦਾਸ ਸੀ।  ਆਲਾ ਦੁਆਲਾ ਸਾਫ ਕਰਦੇ ਨੇ ਜਦੋਂ ਮੈਂ ਪਿੰਜਰੇ ਵੱਲ ਵੇਖਿਆ ਤਾਂ ਪਿੰਜਰੇ ਦੇ ਗੇਟ ਤੇ ਬੈਠਾ ਮਿੱਠੂ ਆਪਣੀਆਂ ਨਜ਼ਰਾਂ ਮੇਰੇ ਵੱਲ ਗੱਡ ਕੇ ਮੈਨੂੰ ਕਹਿ ਰਿਹਾ ਸੀ ਕਿ ਮੇਰਾ ਵੀ ਤੇਰੇ ਤੋਂ ਬਿਨਾਂ ਦਿਲ ਨਹੀਂ ਲੱਗਾ ਤੇਰੀ ਖੁਸ਼ੀ ਵਾਸਤੇ ਤੇਰੇ ਵੱਲੋਂ ਦਿੱਤੀ ਹੋਈ ਆਜ਼ਾਦੀ ਨੂੰ ਮੈਂ ਕੁਰਬਾਨ ਕਰਦਾ ਹਾ।
      ਕੀ ਪਤਾ ਉਸ ਤੋਂ ਮੇਰੀ ਉਦਾਸੀ ਵੇਖੀ ਨਾ ਗਈ ਹੋਵੇ?
ਮੰਗਤ ਸਿੰਘ ਲੌਂਗੋਵਾਲ
9878809036

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਇਹ ਹਨ ਡਾ‌ ਇੰਦਰਜੀਤ ਕਮਲ-
Next articleਨਾਮ ਰੱਬ ਦਾ