ਵਿਸ਼ਵ ਅੰਗ ਪ੍ਰਦਾਨ ਦਿਵਸ
(ਸਮਾਜ ਵੀਕਲੀ) ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚ ਹਰ ਸਾਲ 13 ਅਗਸਤ ਨੂੰ ਵਿਸ਼ਵ ਅੰਗ ਦਾਨ ਦਿਵਸ ਮਨਾਇਆ ਜਾਂਦਾ ਹੈ।ਇਹ ਦਿਨ ਮਨਾਉਣ ਦਾ ਮਕਸਦ ਵੱਧ ਤੋਂ ਵੱਧ ਵਿਅਕਤੀਆਂ ਨੂੰ ਮੌਤ ਤੋਂ ਬਾਅਦ ਆਪਣੇ ਸਿਹਤਮੰਦ ਅੰਗਾਂ ਨੂੰ ਲੋੜਵੰਦ ਮਰੀਜ਼ਾਂ ਨੂੰ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਨਾ ਅਤੇ ਅੰਗ ਪ੍ਰਦਾਨ ਦੇ ਮਹੱਤਵ ਬਾਰੇ ਵੱਡੀ ਗਿਣਤੀ ਲੋਕਾਂ ਵਿੱਚ ਇਹ ਜਾਗਰੂਕਤਾ ਪੈਦਾ ਕਰਨਾ ਹੈ ਕਿ ਉਨ੍ਹਾਂ ਵੱਲੋਂ ਕੀਤੇ ਅੰਗ ਪ੍ਰਦਾਨ ਨਾਲ ਕਈ ਮਰੀਜ਼ਾਂ ਦੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਇਸ ਨਾਲ ਢੇਰੀ ਢਾਹ ਚੁੱਕੇ ਮਰੀਜ਼ ਨੂੰ ਜਿਊਣ ਦੀ ਆਸ ਅਤੇ ਸਿਹਤਮੰਦ ਜ਼ਿੰਦਗੀ ਜਿਊਣ ਦਾ ਹੋਰ ਮੌਕਾ ਮਿਲਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸੇ ਲੋੜਵੰਦ ਨੂੰ ਖੂਨ ਪ੍ਰਦਾਨ ਕਰਕੇ ਰੋਜ਼ਾਨਾ ਕਈ ਹਜ਼ਾਰ ਜਾਨਾਂ ਬਚਾਈਆਂ ਜਾਂਦੀਆਂ ਹਨ ਪਰ ਮੌਜੂਦਾ ਸਮੇਂ ਵਿੱਚ ਅੰਗ ਪ੍ਰਦਾਨ ਕਰਨਾ ਬੇਹੱਦ ਜਰੂਰੀ ਬਣ ਚੁੱਕਾ ਹੈ।ਕਿਸੇ ਲੋੜਵੰਦ ਜੀਵਤ ਮਰੀਜ਼ ਦੀ ਜ਼ਿੰਦਗੀ ਬਚਾਉਣ ਲਈ ਕਿਸੇ ਜਿਉਂਦੇ ਜਾਂ ਦਿਮਾਗੀ ਮ੍ਰਿਤਕ ਵਿਅਕਤੀ ਵੱਲੋਂ ਆਪਣੇ ਸਰੀਰ ਦੇ ਅੰਗਾਂ ਜਾਂ ਤੰਤੂਆਂ ਨੂੰ ਪ੍ਰਦਾਨ ਕਰਨ ਨੂੰ ਅੰਗ ਪ੍ਰਦਾਨ ਕਿਹਾ ਜਾਂਦਾ ਹੈ। ਜੇ ਤੁਸੀਂ ਇਸ ਦੁਨੀਆਂ ਤੋਂ ਰੁਖ਼ਸਤ ਹੁੰਦੇ ਹੋਏ ਕਿਸੇ ਨੂੰ ਆਪਣੇ ਅੰਗ ਪ੍ਰਦਾਨ ਰਾਹੀਂ ਜੀਵਨ ਦਾਨ ਦੇ ਜਾਂਦੇ ਹੋ ਤਾਂ ਇਸ ਤੋਂ ਵੱਡਾ ਮਨੁੱਖੀ ਭਲਾਈ ਦਾ ਕਾਰਜ ਹੋਰ ਕੋਈ ਨਹੀ ਹੋ ਸਕਦਾ ਕਿਉਕਿ ਅਜਿਹਾ ਅਮੁੱਲਾ ਅੰਗ ਪ੍ਰਦਾਨ ਜ਼ਿੰਦਗੀ ਖਤਮ ਹੋਣ ਤੋਂ ਬਾਅਦ ਵੀ ਤੁਹਾਨੂੰ ਹਮੇਸ਼ਾਂ ਲਈ ਜਿਉਂਦਾ ਰੱਖੇਗਾ।
ਭਾਰਤ ਵਿੱਚ ਹਰ ਸਾਲ 2.50 ਲੱਖ ਵਿਅਕਤੀਆਂ ਨੂੰ ਗੁਰਦਿਆਂ ਦੀ, 80 ਹਜ਼ਾਰ ਵਿਅਕਤੀਆਂ ਨੂੰ ਜਿਗਰ ਦੀ ,50 ਹਜ਼ਾਰ ਵਿਅਕਤੀਆਂ ਨੂੰ ਦਿਲ ਦੀ ਅਤੇ ਇਕ ਲੱਖ ਲੋਕਾਂ ਨੂੰ ਅੱਖਾਂ ਦੇ ਕੋਰਨੀਆਂ ਦੀ ਲੋੜ ਹੁੰਦੀ ਹੈ।ਸਾਡੇ ਦੇਸ਼ ਵਿੱਚ ਲਗਭਗ 60 ਲੱਖ ਲੋਕਾਂ ਨੂੰ ਅੱਖਾਂ ਪ੍ਰਦਾਨ ਕਰਨ ਦੀ ਲੋੜ ਹੈ। ਇਸ ਲਈ ਪਰਿਵਾਰ ਵਿੱਚ ਆਮ ਮੌਤ ਹੋਣ ਤੇ ਸਾਨੂੰ ਲੋੜਵੰਦ ਮਰੀਜ਼ਾਂ ਲਈ ਘੱਟੋ ਘੱਟ ਉਸਦੀਆਂ ਅੱਖਾਂ ਜਰੂਰ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ ਜੋ ਕਿਸੇ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਜਾਂ ਸੁਸਾਇਟੀ ਨੂੰ ਮੌਤ ਦੇ ਛੇ ਘੰਟੇ ਦੇ ਅੰਦਰ ਅੰਦਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਬੇਹੱਦ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਦੇਸ਼ ਵਿੱਚ ਜਿੰਨੀ ਸਾਲਾਨਾ ਮੰਗ ਅੰਗ ਟਰਾਂਸਪਲਾਂਟ ਦੀ ਹੈ, ਉਨੀ ਗਿਣਤੀ ਵਿੱਚ ਮਰੀਜ਼ਾਂ ਨੂੰ ਅੰਗ ਪ੍ਰਦਾਨੀ ਨਹੀਂ ਮਿਲਦੇ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ ਰਾਹੀਂ ਲੋਕਾਂ ਵਿੱਚ ਅੰਗ ਪ੍ਰਦਾਨ ਕਰਨ ਦੀ ਜਾਗਰੂਕਤਾ ਮੁਹਿੰਮ ਚਲਾਉਣ ਦਾ ਦਾਅਵਾ ਤਾਂ ਜਰੂਰ ਕੀਤਾ ਜਾਂਦਾ ਹੈ ਪਰ ਇਸ ਬਾਰੇ ਕਿਸੇ ਪ੍ਰਿੰਟ ਅਤੇ ਬਿਜਲਈ ਮੀਡੀਏ ਵਿੱਚ ਕੋਈ ਚਰਚਾ ਵੇਖਣ ਸੁਣਨ ਨੂੰ ਨਹੀਂ ਮਿਲਦੀ ਅਤੇ ਨਾ ਹੀ ਬਾਕੀ ਸਾਰਾ ਸਾਲ ਇਸ ਬਾਰੇ ਕੋਈ ਪ੍ਰਚਾਰ ਕੀਤਾ ਜਾਂਦਾ ਹੈ। ਇਸ ਸੰਸਥਾ ਦੇ ਡਾਇਰੈਕਟਰ ਅਨੁਸਾਰ ਹਰ ਸਾਲ ਦੇਸ਼ ਵਿੱਚ ਸੜਕ ਹਾਦਸਿਆਂ ਦੌਰਾਨ ਡੇਢ ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ।ਜੇਕਰ ਇਨਾਂ ਵਿੱਚੋਂ 5 ਫੀਸਦੀ ਪਰਿਵਾਰਾਂ ਨੂੰ ਵੀ ਅੰਗ ਦੇਣ ਲਈ ਰਾਜ਼ੀ ਕਰ ਲਿਆ ਜਾਵੇ ਤਾਂ ਅੰਗ ਬਦਲੀ ਲਈ ਵੇਟਿੰਗ ਲਿਸਟ ਕੁਝ ਸਾਲਾਂ ਵਿੱਚ ਖਤਮ ਹੋ ਸਕਦੀ ਹੈ।
ਬੇਹੱਦ ਦੁੱਖਦਾਈ ਪਹਿਲੂ ਹੈ ਕਿ ਸਾਡੇ ਦੇਸ਼ ਵਿੱਚ ਹਰ ਸਾਲ ਪੰਜ ਲੱਖ ਮੌਤਾਂ ਅੰਗ ਟਰਾਂਸਪਲਾਂਟ ਨਾ ਹੋਣ ਕਾਰਨ ਹੁੰਦੀਆਂ ਹਨ। ਇਸਦਾ ਵੱਡਾ ਕਾਰਨ ਇਹ ਹੈ ਕਿ ਜ਼ਿਆਦਾਤਰ ਲੋਕਾਂ ਵਿੱਚ ਅੰਗ ਪ੍ਰਦਾਨ ਕਰਨ ਸਬੰਧੀ ਵਿਗਿਆਨਕ ਸੋਚ, ਮਹੱਤਤਾ, ਜਾਗਰੂਕਤਾ ਅਤੇ ਜਾਣਕਾਰੀ ਦੀ ਬੇਹੱਦ ਘਾਟ ਹੈ ਜਿਸ ਕਾਰਨ ਲੱਖਾਂ ਮ੍ਰਿਤਕ ਸਰੀਰਾਂ ਦੇ ਕੀਮਤੀ ਅੰਗ ਅੰਤਿਮ ਸਸਕਾਰ ਦੇ ਨਾਲ ਹੀ ਰੋਜ਼ਾਨਾ ਸਾੜ ਦਿੱਤੇ ਜਾਂਦੇ ਹਨ ਜਦਕਿ ਲੱਖਾਂ ਲੋੜਵੰਦ ਮਰੀਜ਼, ਅੰਗ ਪ੍ਰਦਾਨੀ ਸੱਜਣਾਂ ਦੀ ਇੰਤਜ਼ਾਰ ਕਰਦੇ ਕਰਦੇ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਇਸ ਲਈ ਮੌਜੂਦਾ ਹਕੂਮਤਾਂ, ਸਿਹਤ ਵਿਭਾਗ,ਹਸਪਤਾਲਾਂ ਅਤੇ ਡਾਕਟਰਾਂ ਨੂੰ ਇਸ ਸਬੰਧੀ ਲੋਕਾਂ ਵਿੱਚ ਵੱਡੇ ਪੱਧਰ ਤੇ ਵਿਗਿਆਨਕ ਜਾਗਰੂਕਤਾ ਮੁਹਿੰਮ ਚਲਾਉਣ ਅਤੇ ਅੰਗ ਟਰਾਂਸਪਲਾਂਟ ਦੀ ਸਹੂਲਤ ਮੁਫ਼ਤ ਕਰਨ ਦੀ ਨੇਕ ਨੀਤੀ ਵਿਖਾਉਣੀ ਚਾਹੀਦੀ ਹੈ।
ਦੁਨੀਆਂ ਵਿੱਚ ਸਭ ਤੋਂ ਪਹਿਲਾ ਅੰਗ ਟਰਾਂਸਪਲਾਂਟ (ਗੁਰਦਾ ਬਦਲੀ) ਸੰਨ 1954 ਵਿੱਚ ਪੀਟਰ ਬ੍ਰਿਗਮ ਹਸਪਤਾਲ ਬੋਸਟਨ (ਅਮਰੀਕਾ) ਵਿਖੇ ਕੀਤਾ ਗਿਆ ਜਦਕਿ ਭਾਰਤ ‘ਚ ਅੰਗ ਟਰਾਂਸਪਲਾਂਟ ਦੀ ਸ਼ੁਰੂਆਤ ਵੀ 1 ਦਸੰਬਰ ਸੰਨ 1971 ਨੂੰ ਕ੍ਰਿਸ਼ਚਨ ਮੈਡੀਕਲ ਕਾਲਜ ਵੇਲੂਰ (ਤਾਮਿਲਨਾਡੂ) ਵਿਖੇ ਗੁਰਦੇ ਦੇ ਅੰਗ ਬਦਲੀ ਨਾਲ ਹੀ ਹੋਈ। ਸਮੇਂ ਸਮੇਂ ਤੇ ਕੁੱਝ ਭ੍ਰਿਸ਼ਟ ਅਤੇ ਲਾਲਚੀ ਕਿਸਮ ਦੇ ਡਾਕਟਰਾਂ ਕਾਰਨ ਮਨੁੱਖੀ ਅੰਗਾਂ ਦਾ ਕਾਰੋਬਾਰ ਕੀਤਾ ਜਾਣ ਲੱਗਾ ਅਤੇ ਕਦੇ ਧੋਖੇ ਨਾਲ ਤੇ ਕਦੇ ਗਰੀਬ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਅਮੀਰ ਤੇ ਲੋੜਵੰਦ ਮਰੀਜ਼ਾਂ ਦੇ ਅੰਗਾਂ ਦਾ ਟਰਾਂਸਪਲਾਂਟ ਕਰਨਾ ਕੁੱਝ ਡਾਕਟਰਾਂ ਦਾ ਪੇਸ਼ਾ ਬਣ ਗਿਆ। ਕੁੱਝ ਸਾਲ ਪਹਿਲਾਂ ਮਾਹਿਰ ਡਾਕਟਰਾਂ ਵੱਲੋਂ ਅੰਗ ਬਦਲੀ ਲਈ ਕਈ ਤਰਾਂ ਦੇ ਕਰੋੜਾਂ ਰੁਪਏ ਦੇ ਸਕੈਂਡਲਾਂ ਦਾ ਪਰਦਾਫਾਸ਼ ਹੋਣ ਮਗਰੋਂ ਕਈ ਦੋਸ਼ੀ ਡਾਕਟਰਾਂ ਨੂੰ ਸਜ਼ਾਵਾਂ ਵੀ ਹੋਈਆਂ।
ਇਸ ਅਣਮਨੁੱਖੀ ਅਤੇ ਗ਼ੈਰ ਕਾਨੂੰਨੀ ਧੰਦੇ ਉਤੇ ਸਖ਼ਤ ਰੋਕ ਲਗਾਉਣ ਲਈ ਹੀ ਕੇਂਦਰ ਸਰਕਾਰ ਵੱਲੋਂ ਸੰਨ 1994 ਵਿੱਚ Transplantation of Human Organs Act 1994 ਨੂੰ ਸਖਤੀ ਨਾਲ ਲਾਗੂ ਕੀਤਾ ਗਿਆ। ਇਸ ਕਾਨੂੰਨ ਤਹਿਤ ਰਾਜ ਸਰਕਾਰ ਵੱਲੋਂ ਸਥਾਪਤ ਇਕ ਅਧਿਕਾਰਤ ਕਮੇਟੀ ਅਤੇ ਸਮਰੱਥ ਅਧਿਕਾਰੀ ਵੱਲੋਂ ਸਭ ਤਰਾਂ ਦੀਆਂ ਕਾਨੂੰਨੀ,ਤਕਨੀਕੀ ਅਤੇ ਡਾਕਟਰੀ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਬਾਅਦ ਹੀ ਕਿਸੇ ਮਰੀਜ਼ ਨੂੰ ਡੋਨਰ ਦਾ ਅੰਗ ਲੈਣ ਅਤੇ ਟਰਾਂਸਪਲਾਂਟ ਕਰਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਅਤੇ ਇਸ ਸਬੰਧੀ ਕਿਸੇ ਤਰਾਂ ਦੀ ਵਪਾਰਕ ਖਰੀਦੋ ਫਰੋਖਤ ਕਰਨ ਉਤੇ ਸਖ਼ਤ ਪਾਬੰਦੀ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਪੰਜ ਤੋਂ ਦਸ ਸਾਲਾਂ ਦੀ ਕੈਦ ਅਤੇ ਵੀਹ ਲੱਖ ਤੋਂ ਇਕ ਕਰੋੜ ਰੁਪਏ ਜੁਰਮਾਨੇ ਦੀ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ।ਬੇਸ਼ਕ ਅਜਿਹਾ ਕਾਨੂੰਨ ਲਾਗੂ ਹੋਣ ਕਰਕੇ ਮਨੁੱਖੀ ਅੰਗਾਂ ਦੀ ਤਸਕਰੀ ਅਤੇ ਕਾਲਾਬਾਜ਼ਾਰੀ ਨੂੰ ਕੁੱਝ ਹੱਦ ਤਕ ਠੱਲ ਪਾਈ ਜਾ ਸਕੀ ਹੈ ਪਰ ਰਸੂਖਵਾਂਨ ਤਾਕਤਾਂ,ਮਨੁੱਖੀ ਅੰਗ ਤਸਕਰਾਂ ਅਤੇ ਹਸਪਤਾਲਾਂ ਦੇ ਕੁਝ ਭ੍ਰਿਸ਼ਟ ਡਾਕਟਰਾਂ ਦੀ ਮਿਲੀਭੁਗਤ ਨਾਲ ਇਹ ਗ਼ੈਰ ਕਾਨੂੰਨੀ ਧੰਦਾ ਅਜੇ ਵੀ ਚੋਰੀ ਛਿਪੇ ਚਲ ਰਿਹਾ ਹੈ।
ਭਾਰਤ ਵਿੱਚ ਅੰਗ ਪ੍ਰਦਾਨੀਆਂ ਦੀ ਸੰਖਿਆ ਕੁਲ ਕੌਮੀ ਵੱਸੋਂ ਦਾ 0.8 ਪ੍ਰਤੀ ਦਸ ਲੱਖ,ਸਪੇਨ ਵਿਚ 46.9 , ਕੁਰੇਸ਼ੀਆ ਵਿੱਚ 38.6, ਅਮਰੀਕਾ ‘ਚ 26 ਅਤੇ ਇਟਲੀ, ਫਰਾਂਸ, ਆਸਟਰੀਆ ਵਿੱਚ 20% ਤੋਂ ਵੱਧ ਲੋਕ ਅੰਗ ਪ੍ਰਦਾਨ ਕਰਦੇ ਹਨ। ਭਾਰਤ ਵਿੱਚ ਅੰਗ ਪ੍ਰਦਾਨ ਕਰਨ ਸਬੰਧੀ ਲੋਕਾਂ ਦੇ ਦਿਮਾਗ ਵਿੱਚ ਕਈ ਤਰਾਂ ਦੀਆਂ ਰੂੜੀਵਾਦੀ ਮਨੋਤਾਵਾਂ,ਗਲਤ ਧਾਰਨਾਵਾਂ ਅਤੇ ਅਗਲੇ ਪਿਛਲੇ ਜਨਮ ਦੇ ਅੰਧ ਵਿਸ਼ਵਾਸ ਬੈਠੇ ਹੋਏ ਹਨ ਜਿਸ ਕਰਕੇ ਉਹ ਅੰਗ ਪ੍ਰਦਾਨ ਕਰਨ ਲਈ ਤਿਆਰ ਨਹੀਂ ਹੁੰਦੇ ਹਨ। ਇਸੇ ਅੰਧਵਿਸ਼ਵਾਸੀ ਮਾਨਸਿਕਤਾ ਕਾਰਣ ਕੁਝ ਲੋਕ ਸੋਚਦੇ ਹਨ ਕਿ ਅੱਖਾਂ ਜਾਂ ਅੰਗ ਪ੍ਰਦਾਨ ਕਰਕੇ ਅਗਲੇ ਜਨਮ ਵਿੱਚ ਉਹ ਅੰਨੇ ਜਾਂ ਪ੍ਰਦਾਨ ਕੀਤੇ ਅੰਗ ਤੋਂ ਬਗੈਰ ਹੀ ਪੈਦਾ ਹੋਣਗੇ ਪਰ ਇਹ ਉਨ੍ਹਾਂ ਦਾ ਸਿਰਫ ਇਕ ਵਹਿਮ ਹੀ ਹੈ ਅਤੇ ਇਸ ਪਿੱਛੇ ਕੋਈ ਵਿਗਿਆਨਕ ਸੱਚਾਈ ਨਹੀਂ ਹੈ।
ਮਾਹਿਰ ਡਾਕਟਰਾਂ ਅਨੁਸਾਰ ਦਿਮਾਗੀ ਮੌਤ ਦੇ ਮਰੀਜ਼ ਦੇ ਇਕੋ ਸਮੇਂ ਅੰਗ ਪ੍ਰਦਾਨ ਕਰਨ ਨਾਲ 37 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਜਾ ਸਕਦੀ ਹੈ। ਅੰਗ ਦਾਨ ਦੇ ਇਛੁੱਕ ਵਿਅਕਤੀ ਨੈਸ਼ਨਲ ਔਰਗਨ ਐਂਡ ਟਿਸ਼ੂ ਟਰਾਂਸਪਲਾਂਟ ਔਰਗੇਨਾਈਜ਼ੇਸ਼ਨ ਵੱਲੋਂ ਅੰਗ ਪ੍ਰਦਾਨ ਲਈ ਸਰਕਾਰੀ ਮਾਨਤਾ ਪ੍ਰਾਪਤ ਹਸਪਤਾਲ ਵਿੱਚ ਇਸ ਸਬੰਧੀ ਫਾਰਮ ਭਰ ਸਕਦੇ ਹਨ। 18 ਸਾਲ ਤੋਂ 70-80 ਸਾਲ ਦਾ ਕੋਈ ਵੀ ਸਿਹਤਮੰਦ ਵਿਅਕਤੀ ਆਪਣੇ ਅੰਗ ਪ੍ਰਦਾਨ ਕਰ ਸਕਦਾ ਹੈ।
ਮਾਹਿਰ ਡਾਕਟਰਾਂ ਅਨੁਸਾਰ ਦਿਮਾਗੀ ਮੌਤ ਯਾਨਿ ਬਰੇਨ ਡੈੱਡ ਹੋਣ ਤੋਂ ਭਾਵ ਇਹ ਹੈ ਕਿ ਮਰੀਜ਼ ਦਾ ਦਿਮਾਗ ਮਰ ਚੁੱਕਾ ਹੁੰਦਾ ਹੈ ਅਤੇ ਇਹ ਸਰੀਰ ਦੇ ਦੂਜੇ ਅੰਗਾਂ ਨੂੰ ਕੋਈ ਸੁਨੇਹਾ ਭੇਜਣ ਦੇ ਸਮਰੱਥ ਨਹੀਂ ਹੁੰਦਾ ਪਰ ਉਸਦੇ ਦੂਜੇ ਸਾਰੇ ਅੰਗ ਵੈਂਟੀਲੇਟਰ ਰਾਹੀਂ ਕੰਮ ਕਰਦੇ ਹੁੰਦੇ ਹਨ। ਕਿਸੇ ਮਰੀਜ਼ ਨੂੰ ਦਿਮਾਗੀ ਮ੍ਰਿਤਕ ਐਲਾਨਣ ਲਈ ਡਾਕਟਰਾਂ ਦੀਆਂ ਦੋ ਵੱਖ ਵੱਖ ਟੀਮਾਂ ਛੇ ਘੰਟੇ ਦੇ ਵਕਫੇ ਦੌਰਾਨ ਉਸਦੇ ਸਰੀਰ ਦੇ ਵੱਖ ਵੱਖ ਜਾਂਚ ਟੈਸਟ ਕਰਦੀਆਂ ਹਨ ਅਤੇ ਜਦੋਂ ਉਨ੍ਹਾਂ ਨੂੰ ਪੱਕਾ ਯਕੀਨ ਹੋ ਜਾਵੇ ਕਿ ਇਸਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ ਤਾਂ ਹੀ ਉਸਨੂੰ ਦਿਮਾਗੀ ਮ੍ਰਿਤਕ ਐਲਾਨਿਆਂ ਜਾਂਦਾ ਹੈ।
ਜੇਕਰ ਅਜਿਹੇ ਮਰੀਜ਼ ਦੇ ਵਾਰਿਸ ਕਿਸੇ ਦੂਜੇ ਲੋੜਵੰਦ ਮਰੀਜ਼ਾਂ ਨੂੰ ਅੰਗ ਪ੍ਰਦਾਨ ਕਰਨ ਲਈ ਸਹਿਮਤ ਹੋ ਜਾਣ ਤਾਂ ਜਿਆਦਾਤਰ ਕੇਸਾਂ ਵਿੱਚ ਗੁਰਦੇ, ਫੇਫੜੇ,ਦਿਲ, ਜਿਗਰ,ਅੱਖਾਂ,ਪੈਂਕਰੀਆਸ, ਚਮੜੀ ਤੇ ਹੱਡੀਆਂ ਦੇ ਤੰਤੂ, ਅੰਤੜੀਆਂ,ਨਾੜੀਆਂ,ਦਿਲ ਦਾ ਵਾਲਵ ਆਦਿ ਦੂਜੇ ਲੋੜਵੰਦ ਵਿਅਕਤੀਆਂ ਨੂੰ ਲਾਏ ਜਾ ਸਕਦੇ ਹਨ।ਇਸ ਗੱਲ ਦਾ ਬੇਹੱਦ ਅਫ਼ਸੋਸ ਹੈ ਕਿ ਪੰਜਾਬ ਵਿੱਚ ਪੀ ਜੀ ਆਈ ਚੰਡੀਗੜ੍ਹ ਤੋਂ ਇਲਾਵਾ ਹੋਰ ਕਿਸੇ ਸ਼ਹਿਰ ਦੇ ਸਰਕਾਰੀ ਹਸਪਤਾਲ ਵਿੱਚ ਅੰਗ ਟਰਾਂਸਪਲਾਂਟ ਕਰਨ ਦੀ ਸਹੂਲਤ ਮੌਜੂਦ ਨਹੀਂ ਹੈ ਜਦਕਿ ਇਹ ਸਹੂਲਤ ਮੁਫ਼ਤ ਅਤੇ ਹਰ ਜ਼ਿਲ੍ਹੇ ਦੇ ਮੁੱਖ ਸਰਕਾਰੀ ਹਸਪਤਾਲ ਵਿੱਚ ਹੋਣੀ ਚਾਹੀਦੀ ਹੈ। ਉਹ ਇਸ ਲਈ ਕਿਉਂਕਿ ਇਸ ਵਕਤ ਅੰਗ ਟਰਾਂਸਪਲਾਂਟ ਦਾ ਖਰਚਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ। ਇਸਦੇ ਨਾਲ ਹੀ ਅੰਗ ਲੈਣ ਅਤੇ ਦੇਣ ਦੀ ਪ੍ਰਕਿਰਿਆ ਵੀ ਸਰਲ ਅਤੇ ਜਲਦੀ ਹੋਣੀ ਚਾਹੀਦੀ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਮਰਨ ਉਪਰੰਤ ਸਰੀਰ ਪ੍ਰਦਾਨ ਅਤੇ ਅੰਗ ਪ੍ਰਦਾਨ ਨੂੰ ਡਾਕਟਰੀ ਖੋਜ ਕਾਰਜਾਂ ਅਤੇ ਅੰਗ ਬਦਲੀ ਲਈ ਮੈਡੀਕਲ ਕਾਲਜਾਂ ਨੂੰ ਪ੍ਰਦਾਨ ਕਰਨ ਦੀ ਲੋਕ ਲਹਿਰ ਨੂੰ ਪੰਜਾਬ ਸਮੇਤ ਪੂਰੇ ਉਤਰ ਭਾਰਤ ਵਿਚ ਪ੍ਰਫੁੱਲਤ ਕੀਤਾ ਹੈ। ਇਸ ਵਿਗਿਆਨਕ ਜਾਗਰੂਕਤਾ ਲਹਿਰ ਤੋਂ ਪ੍ਰਭਾਵਿਤ ਹੋ ਕੇ ਹੁਣ ਤਕ ਸੈਂਕੜੇ ਤਰਕਸ਼ੀਲ ਮੈਂਬਰ ਅਤੇ ਦੂਜੇ ਵਿਅਕਤੀ ਮਰਨ ਉਪਰੰਤ ਸਰੀਰ ਪ੍ਰਦਾਨ ਅਤੇ ਅੰਗ ਪ੍ਰਦਾਨ ਕਰ ਚੁੱਕੇ ਹਨ। ਤਰਕਸ਼ੀਲ ਲਹਿਰ ਦੇ ਮਰਹੂਮ ਆਗੂ ਕ੍ਰਿਸ਼ਨ ਬਰਗਾੜੀ ਪਿੰਡ ਬਰਗਾੜੀ (ਫਰੀਦਕੋਟ) ਉਤਰੀ ਭਾਰਤ ਦੇ ਪਹਿਲੇ ਸਰੀਰਦਾਨੀ ਸਨ ਜਿਨ੍ਹਾਂ ਦਾ ਮ੍ਰਿਤਕ ਸਰੀਰ ਉਨ੍ਹਾਂ ਦੀ ਵਸੀਅਤ ਅਨੁਸਾਰ ਸੰਨ 2002 ਵਿੱਚ ਕ੍ਰਿਸ਼ਚਨ ਮੈਡੀਕਲ ਕਾਲਜ ਲੁਧਿਆਣਾ ਨੂੰ ਡਾਕਟਰੀ ਖੋਜ ਕਾਰਜਾਂ ਲਈ ਪ੍ਰਦਾਨ ਕੀਤਾ ਗਿਆ ਸੀ।
ਇਸਦੇ ਇਲਾਵਾ ਸੰਨ 2017 ਵਿੱਚ ਪਟਿਆਲੇ ਦੀ ਲੜਕੀ ਜੈਸਲੀਨ ਜੋ ਅਮਰੀਕਾ ਵਿੱਚ ਉਚੇਰੀ ਪੜਾਈ ਕਰ ਰਹੀ ਸੀ,ਦਿਮਾਗੀ ਮੌਤ ਦਾ ਸ਼ਿਕਾਰ ਹੋ ਗਈ। ਉਸਦੇ ਡਾਕਟਰ ਮਾਤਾ ਪਿਤਾ ਦੀ ਸਹਿਮਤੀ ਨਾਲ ਅਮਰੀਕਾ ਵਿਖੇ 37 ਲੋਕਾਂ ਨੂੰ ਉਸਦੇ ਵੱਖ ਵੱਖ ਅੰਗ ਲਾ ਕੇ ਨਵੀਂ ਜ਼ਿੰਦਗੀ ਦਿੱਤੀ ਗਈ। ਇਸਦੇ ਇਲਾਵਾ ਅੰਗ ਪ੍ਰਦਾਨ ਕਰਨ ਵਿੱਚ ਪ੍ਰਸਿੱਧ ਸ਼ਾਇਰ ਜਸਵੰਤ ਜਫਰ ਦਾ ਲੜਕਾ ਵਿਵੇਕ ਪੰਧੇਰ, ਹੌਲਦਾਰ ਕਸ਼ਮੀਰ ਸਿੰਘ ਪਿੰਡ ਪੱਦੀ ਸੂਰਾ ਸਿੰਘ (ਹੁਸ਼ਿਆਰਪੁਰ),ਕੇਰਲਾ ਦੇ ਜੋਸਫ ਅਤੇ ਖਾਸ ਕਰਕੇ ਅੰਮ੍ਰਿਤਸਰ ਦੀ 39 ਦਿਨ ਦੀ ਨੰਨੀ ਬਾਲੜੀ ਅਬਾਬਤ ਕੌਰ ਜੋ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਅੰਗ ਪ੍ਰਦਾਨੀ ਬਣੀ,ਉਨਾਂ ਕਈ ਹੋਰ ਲੋਕਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਦੇ ਅੰਗ ਪ੍ਰਦਾਨ ਹੋਣ ’ਤੇ ਉਹ ਨਵੇਂ ਰੂਪ ਵਿਚ ਵੱਖ ਵੱਖ ਵਿਅਕਤੀਆਂ ਦੇ ਸਰੀਰਾਂ ਵਿੱਚ ਵਿੱਚ ਜੀਅ ਰਹੇ ਹਨ। ਇਸ ਲਈ ਦੁਨੀਆਂ ਵਿੱਚ ਅਮਰ ਹੋਣ ਅਤੇ ਮਹਾਨ ਨੇਕੀ ਕਰਨ ਲਈ ਅੰਗ ਪ੍ਰਦਾਨ ਤੋਂ ਵਧੀਆ ਬਦਲ ਹੋਰ ਕੋਈ ਨਹੀਂ ਹੋ ਸਕਦਾ।
ਇਸ ਲਈ ਸਾਨੂੰ ਅੱਜ ਵਿਸ਼ਵ ਅੰਗ ਪ੍ਰਦਾਨ ਦਿਵਸ ਦੇ ਮੌਕੇ ਉੱਤੇ ਵਿਗਿਆਨਕ ਸੋਚ ਦੇ ਧਾਰਨੀ ਬਣ ਕੇ ਅੰਨ ਪ੍ਰਦਾਨ, ਧਨ ਪ੍ਰਦਾਨ ਤੇ ਖੂਨ ਪ੍ਰਦਾਨ ਤੋਂ ਹੋਰ ਅੱਗੇ ਵਧਦਿਆਂ ਸਰੀਰ ਪ੍ਰਦਾਨ,ਅੰਗ ਪ੍ਰਦਾਨ ਅਤੇ ਖਾਸ ਕਰਕੇ ਅੱਖਾਂ ਪ੍ਰਦਾਨ ਕਰਨ ਦੀ ਸਿਹਤਮੰਦ ਅਤੇ ਮਨੁੱਖਤਾ ਪੱਖੀ ਪਿਰਤ ਪਾਉਣ ਅਤੇ ਇਸਨੂੰ ਲੋਕ ਲਹਿਰ ਬਣਾਉਣ ਦਾ ਅਹਿਦ ਕਰਨਾ ਚਾਹੀਦਾ ਹੈ ਤਾਂ ਕਿ ਕੋਈ ਵੀ ਮਰੀਜ਼ ਅੰਗ ਪ੍ਰਦਾਨ ਦੀ ਘਾਟ ਅਤੇ ਅੰਗ ਟਰਾਂਸਪਲਾਂਟ ਦੇ ਖਰਚੇ ਕਾਰਨ ਗ਼ੈਰ ਕੁਦਰਤੀ ਮੌਤ ਦਾ ਸ਼ਿਕਾਰ ਨਾ ਹੋ ਸਕੇ। ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਅੰਗ ਟਰਾਂਸਪਲਾਂਟ ਬਿਲਕੁਲ ਮੁਫ਼ਤ ਅਤੇ ਹਰ ਜ਼ਿਲ੍ਹੇ ਦੇ ਮੁੱਖ ਸਰਕਾਰੀ ਹਸਪਤਾਲ ਵਿੱਚ ਕੀਤਾ ਜਾਵੇ ਅਤੇ ਇਸ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
9427422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



