(ਸਮਾਜ ਵੀਕਲੀ) ਕੈਲਗਰੀ ਵਿੱਚ ਆਇਆ ਸੀ,ਇੱਕ ਨਾਟਕ ਖੇਡਣ ਤੇ ਦੂਜਾ ਖਿਡਵਾਉਣ ..ਪਰ ਨਹੀਂ ਸੀ ਜਾਣਦਾ ਕਿ ਸ਼ੌਕੀਆ ਪੱਧਰ ‘ਤੇ ਐਕਟਿੰਗ ਕਰਨ ਵਾਲੇ ਇਹ ਕਲਾਕਾਰ ਮੇਰੀਆਂ ਆਸਾਂ ‘ਤੇ ਇਵੇਂ ਫੁੱਲ ਚੜ੍ਹਾਉਣਗੇ ਕਿ ਅੱਜ ਪੇਸ਼ਕਾਰੀ ਤੋਂ ਤੀਜੇ ਦਿਨ ਤੱਕ ਵੀ ਮੈਂ ਖੁਸ਼ਬੋ ਮਾਣ ਰਿਹਾ ਹਾਂ…ਇੱਕ ਘੰਟਾ ਦਸ ਮਿੰਟ ਦਾ ਨਾਟਕ..ਇਹਨਾਂ ਕਿਸੇ ਪੇਸ਼ਾਵਰ ਟੀਮ ਵਾਂਗ ਖੇਡਿਆ..ਇਹ ਨੱਚੇ ਵੀ,ਇਹ ਹੱਸੇ ਵੀ,ਇਹਨਾਂ ਤਾਲਮੇਲ ਵੀ ਦਿਖਾਇਆ,ਇਹਨਾਂ ਰੰਗਮੰਚ ਦੀ ਚੁੱਪ ਨੂੰ ਵੀ ਸਾਕਾਰ ਕੀਤਾ,ਇਹਨਾਂ ਸਹਿਜ ਸੁਰ ਛੇੜਿਆ,ਹਰ ਅੱਖ ਛਲਕੀ,ਇਹ ਰੋਏ ਵੀ,ਇਹ ਦਹਾੜੇ ਵੀ…ਇਹਨਾਂ ਮੈਂਨੂੰ ਜਿੱਤ ਲਿਆ..ਬਤੌਰ ਲੇਖਕ ਨਿਰਦੇਸ਼ਕ ਇਸ ਪੇਸ਼ਕਾਰੀ ਨੂੰ ਤਿਆਰ ਕਰਵਾਉਂਦਿਆਂ ਜਿਸ ਤਰ੍ਹਾਂ ਦਾ ਸੁਪਨਾ ਲਿਆ ਸੀ,ਇਸ ਟੀਮ ਨੇ ਉਹ ਹਕੀਕਤ ਬਣਾ ਦਿੱਤਾ । ਕਮਲਪ੍ਰੀਤ ਪੰਧੇਰ,ਸੰਦੀਪ ਗਿੱਲ,ਹਰਪ੍ਰੀਤ ਕੌਰ ਪੰਨੂ,ਨਵਕਿਰਨ ,ਅਮਰਬੀਰ ਭੱਠਲ,ਜੱਸ ਭੈਣ ਜੀ,ਆਨੀਆਂ,ਵਿਜੇ ਸਚਦੇਵਾ,ਬੌਬੀ ਢਿੱਲੋਂ,ਅੰਮ੍ਰਿਤ,ਰਾਜਵਿੰਦਰ,ਸਾਹਿਬ… ਇਸ ਟੀਮ ਨੇ ਇਹ ਔਖਾ ਨਾਟਕ ਆਸਾਨ ਕਰ ਦਿੱਤਾ..ਇੱਕ ਵੀ ਉਕਾਈ ਨਹੀਂ…ਆਰੰਭ ਤੋਂ ਅੰਤ ਤੱਕ ਪਲ ਪਲ ਭਾਵ ਬਦਲਦੇ ਸੰਵਾਦ ਤੇ ਮੂਕ ਗਤੀਵਿਧੀ ਨੂੰ ਇਹਨਾਂ ਅੰਦਰੋਂ ਜੀਵਿਆ…ਧੁਰ ਅੰਦਰੋਂ…ਮੈਂ ਸਾਹਮਣੇ ਬਹਿ ਕੇ ਦੇਖ ਰਿਹਾ ਸੀ…ਏਦਾਂ ਮਹਿਸੂਸ ਹੋ ਰਿਹਾ ਸੀ ਜਿੱਦਾਂ ਮੈਂ ਸਾਹਮਣੇ ਨਹੀਂ ਆਂ,ਇਹਨਾਂ ਦੇ ਕਿਤੇ ਅੰਦਰ ਹਾਂ…ਇਹਨਾਂ ਮੇਰਾ ਮਾਣ ਟੁੱਟਣ ਨਹੀਂ ਦਿੱਤਾ…
ਰੈਡਸਟੋਨ ਥੀਏਟਰ ਨੂੰ ਮਘਾ ਕੇ ਰੱਖਿਆ..ਬਹੁਤ ਸਕੂਨ ਵਿੱਚ ਹਾਂ ਕਿ ਹੁਣ ਕੈਨੇਡਾ ਵਿੱਚ ਮੇਰੇ ਕੋਲ ਇਹ ਟੀਮ ਹੈ…ਖਾਸ ਟੀਮ..ਸਮਰਪਿਤ ਟੀਮ…ਮੇਰੇ ਦਿਲ ਦੇ ਕਰੀਬ ਟੀਮ…!..ਇਸ ਟੀਮ ਨਾਲ ਮੈਂ ਦੁਨੀਆਂ ਦਾ ਵੱਡੇ ਤੋਂ ਵੱਡਾ ਕਲਾਸਿਕ ਨਾਟਕ ਤਿਆਰ ਕਰ ਸਕਦਾ ਹਾਂ…ਪਰ ਕਰਾਂਗੇ ਨਹੀਂ…ਬਣੇ ਬਣਾਏ ਕਲਾਸਿਕ ‘ਤੇ ਊਰਜਾ ਖਰਚ ਨਹੀਂ ਕਰਨੀ,ਆਪਣੇ ਕਲਾਸਿਕ ਸਿਰਜਣੇ ਹਨ…ਆਪਣੇ…ਜਿਹਨਾਂ ਵਿੱਚ ਆਪਣੀ ਗੱਲ ਕਰ ਸਕੀਏ..ਆਪਣੇ ਸਮਾਜ ਦੇ ਸਰੋਕਾਰਾਂ ਦੀ ਬਾਤ ਪਾ ਸਕੀਏ..ਆਪਣੇ ਤਰੀਕੇ ਵਰਤਾਂਗੇ..ਆਪਣੀ ਥਿਊਰੀ ਜੋ ਸਾਡੇ ਵਿਸ਼ਿਆਂ ਦਾ ਪਿੰਡਾ ਸਹਿ ਸਕਦੀ ਹੋਵੇ…ਆਪਣੀ ਟੀਮ ਨਾਲ ਆਪਣੇ ਨਾਟਕ ਖੇਡਾਂਗੇ!
ਪ੍ਰੌਗਰੈਸਿਵ ਕਲਾ ਮੰਚ ਦੀ ਟੀਮ ਨੇ “ਬੇਸਮੈਂਟ ‘ਚ ਤਰੇੜ ਹੈ!” ਨਾਟਕ ਖੇਡ ਕੇ ਵੱਡੀ ਛਾਲ ਮਾਰੀ ਐ..ਮੈਂ ਉਤਸ਼ਾਹਿਤ ਹਾਂ,ਦਰਸ਼ਕਾਂ ਤੋਂ ਮਿਲੀ ਮੁਹੱਬਤ ਨਾਲ ਭਿੱਜਿਆ ਹੋਇਆ ਹਾਂ…ਇਹਨਾਂ ਕਲਾਕਾਰਾਂ ਦੇ ਚਿਹਰਿਆਂ ‘ਤੇ ਮੈਨੂੰ ਸਰੂਰ ਦਿਖਾਈ ਦੇ ਰਿਹਾ ਐ…ਇਹਨਾਂ ਨੇ ਅਦਾਕਾਰੀ ਦਾ ਜਲੌਅ ਪੇਸ਼ ਕੀਤਾ ਹੈ,ਮੇਰੀ ਨਾਟ ਲਿਖਤ ਵਿੱਚ ਇਹਨਾਂ ਦੇ ਵਿਚਾਰ ਵੀ ਸ਼ਾਮਲ ਹਨ…ਮੈਨੂੰ ਇਹਨਾਂ ਦੇ ਮੱਥਿਆਂ ‘ਤੇ ਨੂਰ ਟਪਕਦਾ ਮਹਿਸੂਸ ਹੋ ਰਿਹਾ ਹੈ..ਜੀਅ ਕਰਦੈ ਕਿ ਇੱਕ ਇੱਕ ਮੱਥੇ ਨੂੰ ਚੁੰਮ ਲਵਾਂ…!
ਤੁਸੀਂ ਬਹੁਤ ਦੂਰ ਜਾਣਾ ਹੈ…ਬਹੁਤ ਅੱਗੇ…ਬਸ ਨਾਕਾਰਾਤਮਕ ਊਰਜਾ ਨੂੰ ਦੂਰ ਰੱਖਣਾ ਤੇ ਆਪਣੇ ਆਪ ਨੂੰ ਪਿਆਰ ਕਰਦੇ ਰਹਿਣਾ!…ਏਹੀ ਮੇਰਾ ਮੰਤਰ ਹੈ..ਏਹੀ ਮੇਰੀ ਪਿਆਰੀ ਟੀਮ ਦਾ! ਲਵ ਯੂ ਮੇਰੀ ਟੀਮ!
ਰੰਗਮੰਚ ਦੇ ਚੁਬਾਰੇ ਤੋਂ
ਅੰਬਰ ਨਿਹਾਰਦਾ
ਸਾਹਿਬ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



