ਨਵੀਂ ਅਤੇ ਪੁਰਾਣੀ ਪੀੜੀ ਨੂੰ ਜੋੜਦਾ ਪੁਲ ਹੈ-‘ਰਬਾਬ ਤੋਂ ਕਿਰਪਾਨ ਤੱਕ’

ਤੇਜਿੰਦਰ ਚੰਡਿਹੋਕ­

(ਸਮਾਜ ਵੀਕਲੀ)

ਗ਼ਜ਼ਲ ਦਾ ਆਪਣਾ ਹੀ ਵਿਧੀ ਵਿਧਾਨ ਹੁੰਦਾ ਹੈ। ਕਾਵਿ ਦੇ ਖੇਤਰ ਵਿੱਚ ਹੋਰ ਵੰਨਗੀਆਂ ਨਾਲੋਂ ਗ਼ਜ਼ਲ ਸਖ਼ਤ ਮਿਹਨਤ ਅਤੇ ਇਕਾਗਰਤਾ ਦੀ ਮੰਗ ਕਰਦੀ ਹੈ। ਗ਼ਜ਼ਲ ਦੀ ਸਿਰਜਣਾ ਕਰਨੀ ਆਸਾਨ ਕਾਰਜ ਨਹੀਂ ਹੈ ਸਗੋਂ ਇੱਕ ਸਾਧਨਾ ਕਰਨੀ ਪੈਂਦੀ ਹੈ। ਇਸ ਵਿਧਾ ਵਿਚ ਰਦੀਫ਼­ ਕਾਫੀਆ­ ਲੈਅ ਨੂੰ ਨਿਰੰਤਰ ਬਣਾਈ ਰੱਖਣਾ ਪੈਂਦਾ ਹੈ।

ਰਣਜੀਤ ਸਿੰਘ ਧੂਰੀ ਦੀ ਹਥਲੀ ਪੁਸਤਕ ‘ਰਬਾਬ ਤੋਂ ਕਿਰਪਾਨ ਤੱਕ’ ਤੋਂ ਪਹਿਲਾਂ ਭਾਵੇਂ ਉਸ ਦੀਆਂ ਰਚਨਾਵਾਂ ਕਈ ਸਾਂਝੇ ਕਾਵਿ ਸੰਗ੍ਰਹਿ ਵਿੱਚ ਛਪੀਆਂ ਹਨ ਪਰ ਉਸ ਦੀ ਇੱਕ ਮੂਲ ਕਾਵਿ ਪੁਸਤਕ ‘ਚੁੱਪ ਤੋਂ ਆਵਾਜ਼ ਤੱਕ’ ਤੋ ਬਾਅਦ ਸਿਰਲੇਖਾਂ ਦੀ ਲੜੀ ਤੁਰਦੀ ਹੈ। ‘ਚੁੱਪ ਤੋਂ ਆਵਾਜ਼ ਤੱਕ’ ਤੋਂ ਅਗੇ ਪਹਿਲਾ ਗ਼ਜ਼ਲ ਸੰਗ੍ਰਹਿ ‘ਆਵਾਜ਼ ਤੋਂ ਰਬਾਬ ਤੱਕ’ ਤੇ ਹੁਣ ਦੂਜਾ ਹਥਲਾ ਗ਼ਜ਼ਲ ਸੰਗ੍ਰਹਿ ‘ਰਬਾਬ ਤੋਂ ਕਿਰਪਾਨ ਤੱਕ’ ਲੈ ਕੇ ਹਾਜਰ ਹੈ। ਧੂਰੀ ਨੇ ਇਹ ਪੁਸਤਕ ਪੰਜਾਬੀ ਗ਼ਜ਼ਲ ਦੇ ਸਿੱਖਿਆਰਥੀਆਂ ਅਤੇ ਖੋਜਾਰਥੀਆਂ ਲਈ ਤੋਹਫਾ ਭੇਟ ਕਰਦਿਆਂ ਇਸ ਵਿੱਚ 85 ਗ਼ਜ਼ਲਾਂ ਸ਼ਾਮਲ ਕੀਤੀਆਂ ਹਨ। ਰਣਜੀਤ ਸਿੰਘ ਧੂਰੀ ਗ਼ਜ਼ਲ ਦੀ ਤਕਨੀਕ ਤੋਂ ਬਾ-ਖੂਬੀ ਜਾਣੂ ਹੋਣ ਦੇ ਨਾਲ ਹੁਣ ਉਸ ਨੇ ਗ਼ਜ਼ਲ ਦੇ ਸਿਖਿਆਰਥੀਆਂ ਲਈ ‘ਧੂਰੀ ਗ਼ਜ਼ਲ ਸਕੂਲ’ ਵੀ ਸ਼ੁਰੂ ਕੀਤਾ ਹੋਇਆ ਹੈ ਅਤੇ ਨਾਲ ਹੀ ਗ਼ਜ਼ਲ ਦਾ ਵਿਆਰਕਣ ਪੁਸਤਕ ਵੀ ਸਿਖਿਆਰਥੀਆਂ ਨੂੰ ਦਿੱਤੀ ਹੈ।

ਉਸ ਦੀ ਪੁਸਤਕ ‘ਰਬਾਬ ਤੋਂ ਕਿਰਪਾਨ ਤੱਕ’ ਨੂੰ ਪ੍ਰਸਿਧ ਤੇ ਉਸਤਾਦ ਗ਼ਜ਼ਲਗੋਆਂ ਨੇ ਆਪਣੇ ਵਿਚਾਰ ਵੀ ਦਿੱਤੇ ਹਨ ਜਿਵੇਂ ਕਿ੍ਰਸ਼ਨ ਭਨੋਟ ਨੇ ਕਿਹਾ ਹੈ ਕਿ ਖਿਆਲ ਤੇ ਸ਼ਿਲਪ ਦਾ ਸੁਮੇਲ ਹੈ। ਗੁਰਦਿਆਲ ਰੌਸ਼ਨ ਨੇ ਇਸ ਨੂੰ ਨਵੀਂ ਪ੍ਰੀਭਾਸ਼ਾ ਦਾ ਨਾਮ ਦਿੱਤਾ ਹੈ। ਬੂਟਾ ਸਿੰਘ ਚੋਹਾਨ ਇਸ ਪੁਸਤਕ ਨੂੰ ਰੰਗ-ਬਿਰੰਗੇ ਫੁੱਲਾਂ ਦਾ ਗੁਲਦਸਤਾ ਆਖਦਾ ਹੈ ਅਤੇ ਸੁਲੱਖਣ ਸਰਹੱਦੀ ਇਸ ਨੂੰ ਗ਼ਜ਼ਲ ਦਾ ਇਤਿਹਾਸਕ ਮੀਲ ਪੱਥਰ ਗਰਦਾਨਦਾ ਹੈ। ਲੇਖਕ ਆਪ ਵੀ ਕਹਿੰਦਾ ਹੈ ਕਿ ਉਸਨੇ ਇਹ ਗ਼ਜ਼ਲ ਪੁਸਤਕ ਨਵੀਂ ਅਤੇ ਪੁਰਾਣੀ ਪੀੜੀ ਵਿੱਚ ਪੁਲ ਦਾ ਕੰਮ ਕਰਦੀ ਹੈ। ਭਾਵੇਂ ਉਸ ਨੇ ਗ਼ਜ਼ਲ ਸਿਖਣ ਲਈ ਉਸਤਾਦ ਅਜੀਤ ਹਿਰਖੀ­ ਦੀਪਕ ਜੈਤੋਈ­ ਪਿ੍ਰੰ. ਤਖਤ ਸਿੰਘ ਆਦਿ ਤੋਂ ਗਿਆਨ ਪ੍ਰਾਪਤ ਕੀਤਾ ਹੈ ਪਰ ਉਸਨੇ ਸਲਖੱਣ ਸਰਹੱਦੀ ਨੂੰ ਆਪਣਾ ਗੁਰੂ ਧਾਰਿਆ ਹੈ।

ਪੁਸਤਕ ਵਿਚਲੀਆਂ ਗ਼ਜ਼ਲਾਂ ਵਿੱਚ ਸਮਾਜਿਕ­ ਆਰਥਿਕ­ ਰਾਜਨੀਤਕ­ ਧਾਰਮਿਕ ਖਿਆਲਾਂ ਦੇ ਨਾਲ ਨਾਲ ਮਨੋ-ਵਿਗਿਆਨਕ­ ਰਿਸ਼ਤਿਆਂ ਦੇ ਮੌਜੂਦਾ ਹਾਲਾਤ­ ਪਿਆਰ­ ਮੁਹੱਬਤ­ ਪੰਜਾਬੀ ਭਾਸ਼ਾ­ ਕਿਰਤੀਆਂ­ ਸੰਤਾਲੀ ਅਤੇ ਲੋਕ ਹਿੱਤਾਂ ਦੀ ਗੱਲ ਵੀ ਸ਼ਾਮਲ ਹੈ। ਪੁਸਤਕ ਦੀਆਂ ਗ਼ਜ਼ਲਾਂ ਵਿੱਚ ਸ਼ਬਦ­ ਗੁਰੂ­ ਮੀਰੀ-ਪੀਰੀ­ ਅਨੰਦਪੁਰ­ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ­ ਅਮਿ੍ਰਤਪਾਨ­ ਸਾਹਿਬਜਾਦਿਆਂ ਬਾਰੇ­ ਸਿਮਰਨ­ ਕਾਦਰ ਕੁਦਰਤ­ ਕਿ੍ਰਸ਼ਨ­ ਕੋਰਵ-ਪਾਂਡਵ ਜਿਹੇ ਸ਼ਬਦ ਧਾਰਮਿਕ ਪ੍ਰਵਿਰਤੀ ਦਰਸਾਉਂਦੇ ਹਨ।

ਇਸ ਪੁਸਤਕ ਦੀ ਖੂਬਸੂਰਤੀ ਇਹ ਵੀ ਹੈ ਕਿ ਹਰ ਗ਼ਜ਼ਲ ਦੇ ਨਾਲ ਬਹਿਰ­ ਰੁਕਨ­ ਸਰੂਪ ਦਰਸਾਏ ਹਨ ਜਿਨ੍ਹਾਂ ਨਾਲ ਗ਼ਜ਼ਲ ਦੀ ਤਕਤੀਹ ਹੁੰਦੀ ਹੈ। ਗ਼ਜ਼ਲ ਵਿੱਚ ਇਸ ਤਰ੍ਹਾਂ ਦੀ ਪ੍ਰੰਪਰਾ ਬਹੁਤ ਵਧੀਆ ਚਲਨ ਹੈ ਕਿਉਂ ਕਿ ਪਾਠਕ ਨੂੰ ਕਿਸੇ ਵੀ ਭਰਮ ਤੋਂ ਗ਼ਜ਼ਲ ਵਿੱਚਲਾ ਵਰਨਣ ਸਮਝਣ ਵਿੱਚ ਸੋਖ ਰਹਿੰਦੀ ਹੈ। ਮਾਲਵਿੰਦਰ ਸ਼ਾਇਰ ਅਤੇ ਹੋਰ ਕਈ ਸ਼ਾਇਰਾਂ ਨੇ ਵੀ ਇਹ ਪ੍ਰੰਪਰਾ ਨੂੰ ਆਪਣਾਇਆਹੈ। ਇਸ ਪੁਸਤਕ ਵਿੱਚ ਕਈ ਥਾਂਈ ਔਖੇ ਸ਼ਬਦਾਂ ਦੇ ਅਰਥ ਵੀ ਦਿੱਤੇ ਗਏ ਹਨ।

ਪੁਸਤਕ ਵਿੱਚ ਸਮਾਜ ਵਿਚ ਰਿਸ਼ਤਿਆਂ ਦੇ ਬਦਲਦੇ ਰੰਗ ਅਤੇ ਸ਼ਰੀਕਾਂ ਦਾ ਜ਼ਿਕਰ ਕਰਦਿਆਂ ਸ਼ਿਅਰ ਹੈ ਕਿ-
‘ਇਹ ਰਿਸ਼ਤਿਆਂ ਦਾ ਕੀ ਪਤਾ ਕਦ ਰੰਗ ਬਦਲ ਜਾਣ?
ਰਿਸ਼ਤਾ ਹੈ ਦੋਸਤੀ ਦਾ ਜੋ ਬਣਦਾ ਨਹੀਂ ਸ਼ਰੀਕ।’ ਪੰਨਾ 32
ਮਾਂ ਬੋਲੀ ਨੂੰ ਪਿਆਰ ਕਰਦਿਆਂ ਸ਼ਿਅਰ ਲਿਖਿਆ ਗਿਆ ਹੈ-
‘ਮਾਂ ਸਕੀ ਸਾਡੀ ਪੰਜਾਬੀ­ ਇਸ ਨੂੰ ਮਾਸੀ ਨਾ ਕਹੋ­
‘ਇਸ ਦੇ ਹਰਫ਼ਾਂ ਨਾਲ ਸਾਡੇ ਪੁਰਖਿਆਂ ਦੀ ਪ੍ਰੀਤ ਹੈ।’ ਪੰਨਾ 42

ਲੋਕ ਹਿੱਤਾਂ ਦੀ ਗੱਲ ਅਤੇ ਹੁੰਦੀ ਲੀਡਰਾਂ ਵੱਲੋਂ ਲੁੱਟ ਨੂੰ ਪੇਸ਼ ਕਰਦਾ ਸ਼ਿਅਰ ਹੈ-
‘ਲੋਕ-ਹਿੱਤ ਦੇ ਨਾਮ ’ਤੇ ਭਰਦੇ ਨੇ ਜੇਬਾਂ ਆਪਣੀਆਂ­
ਰਾਸ ਆਇਐ ਲੀਡਰਾਂ ਨੂੰ ਕੁਰਸੀਆਂ ਦਾ ਸਿਲਸਿਲਾ।’ ਪੰਨਾ 44

ਇਸੇ ਤਰ੍ਹਾਂ ਹੋਰ ਸ਼ਿਅਰ ਜੋ ਰੱਬ ਦੀ ਹੋਂਦ­ ਸੰਤਾਲੀ ਦੀ ਗੱਲ­ ਕਿਰਤੀਆਂ ਦੀ ਗੱਲ­ ਨੂੰਹ-ਸੱਸ ਦੇ ਸਬੰਧਾਂ ਆਦਿ ਦੀ ਗੱਲ ਕਰਦੇ ਹਨ-
‘ਨਾ ਸੰਗਮਰਮਰ ’ਚ ਰਹਿੰਦਾ­ ਮਸਜਿਦਾਂ ਨਾ ਮੰਦਰਾਂ ਵਿੱਚ ਹੈ।
ਅਨੰਤ ਵਸਤਾ ਅਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਹੈ। ’ ਪੰਨਾ 52

‘ਅੱਲੇ ਜ਼ਖ਼ਮ ਦਿਲਾਂ ਦੇ ਸੰਤਾਲੀ ਵਾਲੇ ਅੱਜ ਤੱਕ­
ਜ਼ੁਲਮਾਂ ਦੀ ਲਾਲ ‘ਨੇ੍ਹਰੀ’ ਫਿਰ ਲੂਣ ਪਾ ਰਹੀ ਹੈ।’ ਪੰਨਾ 57

‘ਪੱਤਝੜ­ ਬਸੰਤ­ ਧੁੱਪ­ ਛਾਂ­ ਬਰਸਾਤ ਹੈ ਜਾਂ ਔੜ­
ਰੱਖੋ ਸੰਭਾਲ ਕੇ ਤੁਸੀਂ ਇਸ ਜ਼ਿੰਦਗੀ ਦਾ ਸਹਿਜ।’ ਪੰਨਾ 67

‘ਇਹ ਨੂੰਹ ਹੀ ਅਸਲ ’ਚ ਧੀ ਹੈ ਤੇ ਸੱਸ ਅਸਲੀ ਮਾਂ­
ਪੁਰਾਣੀ ਮਿੱਥ ਨੂੰ ਛੱਡ ਕੇ ਨਵੀਂ ਰਸਮ ਬਣੀਏ।’ ਪੰਨਾ 69

ਪੁਸਤਕ ਵਿਚਲੇ ਸ਼ਿਅਰਾਂ ਵਿੱਚ ਪੰਛੀਆਂ ਲਈ ਉਪਰਲੇ ਪਿਆਰ ਅਤੇ ਇੱਕਲਤਾ ਦੀ ਵਿਸੰਗਤੀ ਨਜ਼ਰੀਂ ਪੈਂਦੀ ਹੈ-
‘ਤੂੰ ਬਿਰਖ ਕੱਟ ਕੇ ਬੇ-ਘਰ ਪਰਿੰਦੇ ਕੀਤੇ ਬੜੇ­
ਇਹ ਨਕਲੀ ਆਲ੍ਹਣੇ ਟੰਗ ਕੇ ਨ ਹੁਣ ਤੂੰ ਪਿਆਰ ਵਿਖਾ।’ ਪੰਨਾ 72
ਅਤੇ

‘ਰੁੱਖਾਂ ਦੀ ਰੁਮਕਦੀ ਹਵਾ ਨਾ ਪੰਛੀਆਂ ਦੀ ਚੀਂ­
ਤਾਹੀਉਂ ਤਾਂ ਬੇ-ਘਰਾ ਫਿਰਾਂ ਆਪਣੇ ਹੀ ਘਰ ’ਚ ਮੈਂ।’ ਪੰਨਾ 99
ਪੁਸਤਕ ਵਿੱਚ ਲਏ ਗਏ ਸ਼ਿਅਰ ਕਾਬਿਲੇ ਗ਼ੌਰ ਹਨ। ਰਣਜੀਤ ਸਿੰਘ ਧੂਰੀ ਦੀ ਇਹ ਪੁਸਤਕ ਜਿੱਥੇ ਸਿਖਿਆਰਥੀਆਂ ਲਈ ਲਾਹੇਵੰਦ ਹੈ­ ਉੱਥੇ ਆਮ ਪਾਠਕਾਂ ਲਈ ਵੀ ਫਾਇਦੇਮੰਦ ਹੈ। ਰਣਜੀਤ ਸਿੰਘ ਧੂਰੀ ਤੋਂ ਹੋਰ ਅਜੇਹੀਆਂ ਪੁਸਤਕਾਂ ਦੀ ਆਸ ਕੀਤੀ ਜਾਂਦੀ ਹੈ।

ਪੁਸਤਕ ਦਾ ਨਾਂ : ਰਬਾਬ ਤੋਂ ਕਿਰਪਾਨ ਤੱਕ ਲੇਖਕ : ਰਣਜੀਤ ਸਿੰਘ ਧੂਰੀ
ਪੰਨੇ : 111 ਕੀਮਤ 200/- ਰੁਪਏ
ਪ੍ਰਕਾਸ਼ਕ : ਪ੍ਰੀਤ ਪ੍ਰਕਾਸ਼ਨ­ ਨਾਭਾ।

ਤੇਜਿੰਦਰ ਚੰਡਿਹੋਕ­
ਸਾਬਕਾ ਏ.ਐਸ.ਪੀ­ ਨੈਸ਼ਨਲ ਐਵਾਰਡੀ­
ਸੰਪਰਕ 95010-00224

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੁਪਿਹਰ ਦਾ ਰਾਖ਼ਸ਼
Next articleਚਿਟਫੰਡ ਕੰਪਨੀ ਹਾਸ ਵਿਅੰਗ