ਦੁਪਿਹਰ ਦਾ ਰਾਖ਼ਸ਼

ਮੰਗਤ ਸਿੰਘ ਲੌਂਗੋਵਾਲ

(ਸਮਾਜ ਵੀਕਲੀ)

ਜਾਣੇ-ਅਣਜਾਣੇ ਸਾਡੇ ਕੋਲੋਂ ਬਹੁਤ ਸਾਰੇ ਜੀਵਾਂ ਦੀ ਹਰ ਘੜੀ ਜਾਨ ਲਈ ਜਾ ਰਹੀ ਹੈ ਜਿਸ ਦਾ ਸਾਨੂੰ ਪਤਾ ਤੱਕ ਨਹੀ ਚਲਦਾ। ਕਈ ਵਾਰ ਅਸੀਂ ਮਸਤੀ ਕਰਦੇ ਹੋਏ ਅਜਿਹੇ ਘਟਨਾ ਕਰਮ ਵਰਤਾ ਬੈਠਦੇ ਹਾਂ ਜਿਨ੍ਹਾਂ ਦਾ ਅਕਸ ਸਾਡੇ ਮਨ ਤੇ ਡੂੰਘਾ ਉਕਰਿਆ ਜਾਂਦਾ ਹੈ ਜੋ ਸਾਡੇ ਜੀਵਨ ਵਿਚ ਹਰ ਪਲ ਤਾਜ਼ਾ ਰਹਿੰਦਾ ਹੈ।

ਅੱਸੂ ਮਹੀਨੇ ਦੇ ਅਰੰਭਕ ਦਿਨਾ ਵਿੱਚ ਪਿੰਡਾਂ ਦੇ ਤਮਾਮ ਮੈਦਾਨਾਂ ਵਿਚ ਰਾਮ ਲੀਲਾ ਦਾ ਮਹਾਉਤਸਵ ਹੁੰਦਾ ਹੈ ਜਿੱਥੇ ਪਿੰਡਾਂ ਦੇ ਨਿੱਕੇ ਨਿੱਕੇ ਐਕਟਰ ਵੱਡੇ ਵੱਡੇ ਰੋਲ ਪਲੇ ਕਰਕੇ ਲੋਕਾਂ ਦੇ ਮਨੋਰੰਜਨ ਦੇ ਨਾਲ ਨਾਲ ਭਗਵਾਨ ਰਾਮ, ਰਾਵਣ ਦੀ ਲੜਾਈ ਦੇ ਪ੍ਰਸੰਗ ਨੂੰ ਪੇਸ਼ ਕਰਦੇ ਹਨ ਬੱਚੇ ਰਾਮ ਲੱਛਮਣ ਨੂੰ ਵੇਖ ਕੇ ਉਨ੍ਹਾਂ ਵਰਗੀ ਵੇਸ਼ਭੂਸ਼ਾ ਦੇ ਨਾ ਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਤਰਾਂ ਤੂਤ ਦੀਆਂ ਛਿਟੀਆਂ ਦਾ ਕਮਾਨ ਬਣਾਕੇ ਸੂਏ ਦੀਆਂ ਪਟੜੀਆਂ ਤੇ ਉੱਗੇ ਹੋਏ ਪੂਲਿਆ ਦੇ ਕਾਨੇ ਕੱਢ ਕੇ ਤੀਰ ਬਣਾ ਲੈਂਦੇ ਸਨ।

ਬੱਚਾ ਤਾਂ ਹੁੰਦਾ ਈ ਕੋਰਾ ਕਾਗਜ਼ ਹੈ ਉਸ ਨੂੰ ਜੋ ਕੁਝ ਵਿਖਾਵਾਂਗੇ ਉਨ੍ਹਾਂ ਨੇ ਉਸੇ ਤਰਾਂ ਦੇ ਬਣਨ ਦੀ ਕੋਸ਼ਿਸ਼ ਕਰਨੀ ਹੈ। ਸਾਡੇ ਪਿੰਡਾਂ ਵਿੱਚ ਜੇਕਰ ਘੋਲ ਹੁੰਦੇ ਤਾਂ ਅਸੀਂ ਪਹਿਲਵਾਨੀ ਕਰਨੀ ਸ਼ੁਰੂ ਕਰ ਦੇਣੀ । ਚਾਰ ਕੁ ਦਿਨ ਚਾਅ ਰਹਿਣਾ ਤੇ ਫਿਰ ਕਬੱਡੀ ਦੇ ਮੁਕਾਬਲੇ ਹੁੰਦੇ ਵੇਖ ਕਬੱਡੀ ਖਿਡਾਰੀ ਬਣਨ ਲਈ ਉਤਾਵਲੇ ਹੋ ਜਾਣਾ। ਗਤਕਾ ਖੇਡਦਿਆਂ ਨੂੰ ਦੇਖ ਕੇ ਉਹ ਸਿੱਖਣ ਦਾ ਚਾਅ ਪੈਦਾ ਹੋ ਜਾਣਾ ਭੰਗੜਾ ਪਾਉਂਦਿਆਂ ਨੂੰ ਵੇਖਣਾ ਤਾਂ ਭੰਗੜਾ ਸਿੱਖਣਾ ਸ਼ੁਰੂ ਕਰ ਦੇਣਾ ਸੋ ਅੱਸੂ ਦੇ ਦਿਨਾਂ ਵਿੱਚ ਮੂੰਹ ਹਨੇਰਾ ਹੋਣ ਤੇ ਰਾਮ ਲੀਲਾ ਦੇ ਮੈਦਾਨ ਵਿੱਚ ਰਾਮਲੀਲਾ ਹੋਣੀ ਸਾਰੇ ਪਿੰਡ ਨੇ ਦੇਖਣ ਜਾਣਾ।

ਮੈਂ ਉਨ੍ਹਾਂ ਤੋਂ ਪ੍ਰਭਾਵਤ ਹੋ ਕੇ ਬਾੜੇ ਵਿਚ ਲੱਗੇ ਤੂਤ ਦੇ ਦਰੱਖਤ ਦੀ ਇੱਕ ਛਿਟੀ ਤੋੜ ਕੇ ਉਸ ਨੂੰ ਦੋਵਾਂ ਕਿਨਾਰਿਆਂ ਤੋਂ ਬੰਨ੍ਹ ਕੇ ਇਕ ਕਮਾਨ ਬਣਾ ਲੈਣੀ। ਮਾਂ ਨੇ ਘਰੋਂ ਬਾਹਰ ਨਾ ਜਾਣ ਦੇਣਾ ਤਾਂ ਘਰ ਦੇ ਝਾੜੂ ਦੀਆਂ ਤੀਲਾਂ ਦੇ ਤੀਰ ਬਣਾ ਛੱਡਣੇ। ਸੱਚ ਜਾਨਣਾ ਉਹਨਾ ਬਹੁਤ ਦੂਰ ਤੱਕ ਮਾਰ ਕਰਨੀ । ਸਕੂਲੋਂ ਆ ਕੇ ਤੂੜੀ ਵਾਲੇ ਕਮਰੇ ਵਿਚ ਛੁਪਾ ਕੇ ਰੱਖੇ ਹੋਏ ਆਪਣੇ ਕਮਾਨ ਨੂੰ ਕੱਢ ਕੇ ਖੇਡਣਾ ਸ਼ੁਰੂ ਕਰ ਦੇਣਾ।
ਮੇਰੇ ਘਰ ਦੇ ਵਿਹੜੇ ਵਿੱਚ ਬਹੁਤ ਵੱਡਾ ਨਿੰਮ ਦਾ ਦਰੱਖਤ ਹੁੰਦਾ ਸੀ। ਉਹ ਬਹੁਤ ਸਾਰੇ ਪੰਛੀਆਂ ਦਾ ਘਰ ਹੁੰਦਾ ਸੀ ਇਕ ਰੋਜ਼ ਦੁਪਹਿਰਾਂ ਨੂੰ ਮੈਂ ਆਪਣੇ ਕਮਾਨ ਵਿਚ ਝਾੜੂ ਦੀਆਂ ਤੀਲਾ ਪਾ ਕੇ ਆਪਣੇ ਹੀ ਮਸਤੀ ਵਿਚ ਖੇਡ ਰਿਹਾ ਸੀ । ਦੋ ਕਾਟੋਆਂ ਬਾਹਰ ਬਾੜੇ ਦੀ ਕਿੱਕਰ ਤੋਂ ਖੇਡਦੀਆਂ ਹੋਈਆਂ ਵਿਹੜੇ ਵਿੱਚ ਲੱਗੇ ਨਿੰਮ ਦੇ ਦਰਖਤ ਤੇ ਆ ਕੇ ਚੜ੍ਹ ਗਈਆਂ।

ਖੁਰਾਫਾਤੀ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਆਪਣੇ ਨਿਸ਼ਾਨੇ ਤੇ ਕਦੇ ਵੀ ਮੈਨੂੰ ਯਕੀਨ ਹੀ ਨਹੀ ਸੀ ਪਰ ਪਤਾ ਨਹੀਂ ਕਿਉਂ ਉਸ ਦਿਨ ਉਹ ਨਿਸ਼ਾਨੇ ਤੇ ਲੱਗਾ‌‌! ਹੋਇਆ ਕੀ ਮੈਂ ਕਾਟੋ ਵੱਲ ਦੋ ਵਾਰ ਤੀਲਾਂ ਦਾ ਨਿਸ਼ਾਨਾ ਸਿੰਨ ਕੇ ਮਾਰਿਆ ਦੋਵੇਂ ਵਾਰ ਉਸ ਦੇ ਬਿਲਕੁੱਲ ਕੋਲ਼ ਦੀ ਲੰਘ ਗਏ। ਵਿਚਾਰੀ ਓਸ ਕਾਟੋ ਨੂੰ ਵੀ ਇਸ ਗੱਲ ਦਾ ਇਲਮ ਹੋ ਗਿਆ ਕਿ ਮੇਰੇ ਤੇ ਕਿਸੇ ਰਾਕਸ਼ ਦੁਸ਼ਮਣ ਦਾ ਹਮਲਾ ਹੋ ਗਿਆ।ਉਹ ਵੀ ਪੂਰੇ ਆਤਮ ਵਿਸ਼ਵਾਸ ਨਾਲ ਭਰੀ ਹੋਈ ਮੇਰੇ ਵੱਲ ਦੂਰ… ਬੈਠ ਕੇ ਹੀ, ਬੜੀ ਕਾਹਲੀ ਨਾਲ ਚਿਰ ਚਿਰ ਕਰ ਰਹੀ ਸੀ ਮੇਰੇ ਦੋ ਨਿਸ਼ਾਨੇ ਖਾਲੀ ਜਾਣ ਨਾਲ ਸ਼ਾਇਦ ਉਸ ਨੂੰ ਵੀ ਜਕੀਨ ਹੋ ਗਿਆ ਸੀ ਕਿ ਇਹ ਕੋਈ ਪੇਸ਼ੇਵਰ ਸ਼ਿਕਾਰੀ ਨਹੀਂ ਇਸ ਨੂੰ ਤੇ ਮੈ ਇੰਝ ਹੀ ਡਰਾ ਕੇ ਭਜਾ ਦੇਣਾ ਹੈ!!

ਜਦੋਂ ਉਹ ਮੇਰੇ ਬਿਲਕੁਲ ਨੇੜੇ ਹੇਠਲੇ ਟਾਹਣੇ ਤੇ ਆ ਕੇ ਮੇਰੇ ਵੱਲ ਲਾਲ ਪੀਲ਼ੀਆਂ ਅੱਖਾਂ ਕੱਢ,ਪੂਛ ਨੂੰ ਉਤਾਂਹ ਚੁੱਕ ਚੁੱਕ ਕੇ ਚਿਰ ਚਿਰ ਕਰਨ ਲੱਗੀ ਤਾਂ ਉਹ ਇਕਦਮ ਇੱਕ ਵੱਡੀ ਡਰਾਉਣੀ ਰਾਖਸ਼ ਦਿੱਖ ਜਿੰਨੀ ਭਿਆਨਕ ਹੋ ਗਈ। ਮੇਰਾ ਆਲਾ-ਦੁਆਲਾ ਬਦਲ ਗਿਆ ਮੈਨੂੰ ਬਹੁਤ ਡਰ ਲੱਗਾ ਇਕ ਤੇ ਸਿਖਰ ਦੁਪਹਿਰਾ ਸੀ। ਇੱਕ ਮੈ ਇਕੱਲਾ ਜਾਗਦਾ ਸੀ ।ਬਾਕੀ ਸਭ ਆਰਾਮ ਫ਼ਰਮਾ ਰਹੇ ਸੀ। ਮੈ ਉਹ ਕਾਟੋ ਦਾ ਇਸ ਤਰ੍ਹਾਂ ਦਾ ਭਿਆਨਕ ਦੇਉ(ਰਾਖ਼ਸ਼) ਰੂਪ ਵੇਖ ਕੇ ਕੱਬਣੀ ਛਿੜਨ ਵਾਂਗ ਹੋ ਗਿਆ । ਮੈਂ ਕਿਸੇ ਵੱਡੇ ਦੇਉ ਨੂੰ ਮਾਰਨ ਵਾਲੇ ਰਾਜੇ ਦੀ ਤਰਾਂ ਝਾੜੂਨੁਮਾ ਭੱਥੇ ਚੋ ਤਿੱਖੀ ਤੇ ਕਰੜੀ ਤੀਰਨੁਮਾ ਤੀਲ ਕੱਢ ਕੇ ਆਪਣੇ ਕਮਾਨ ਵਿੱਚ ਰੱਖੀਂ ਤੇ ਕਾਟੋ ਵੱਲ ਛੱਡ ਦਿੱਤੀ। ਇੱਧਰੋਂ ਵਾਰ ਹੋਣ ਦੀ ਦੇਰ ਸੀ ਓਧਰ ਕਾਟੋ ਦੇ ਮੱਥੇ ਦੇ ਐਨ ਵਿਚਕਾਰ ਜਾ ਕੇ ਅੱਧਾ ਇੰਚ ਗੱਡੀ ਗਈ। ਉਸ ਦੀ ਚਿਰਚਿਰ ਇਕਦਮ ਬੰਦ ਹੋ ਗਈ ਤੇ ਉਹ ਦੇਉਨੁਮਾ ਕਾਟੋ ਦੜੱਮ…ਮਮਮਮ!!!!!! ਕਰਕੇ ਧਰਤੀ ਤੇ ਡਿੱਗ ਪਈ।

ਉਸ ਦੁਨੀਆਂ ਵਿੱਚ ਉਸ ਨੂੰ ਮਾਰ ਕੇ ਮੈ ਬਹੁਤ ਖੁਸ਼ ਹੋਇਆ ਪਰ ਇੱਕ ਦੱਮ ਸਾਰਾ ਆਲਾ-ਦੁਆਲਾ ਬਦਲ ਗਿਆ ਤੇ ਇਸ ਦੁਨੀਆਂ ਵਿੱਚ ਮੈਂਨੂੰ ਉਸ ਤੇ ਬਹੁਤ ਤਰਸ ਆਇਆ ਮੈਂ ਇਕਦਮ ਭੱਜ ਕੇ ਉਸ ਦੇ ਮੱਥੇ ਵਿਚੋਂ ਤੀਲ ਨੂੰ ਖਿੱਚ ਕੇ ਬਾਹਰ ਕੱਢ ਸੁੱਟਿਆ ਤੇ ਭੱਜ ਕੇ ਖੇਲ ਕੋਲ ਗਿਆ ਕਾਟੋ ਦੇ ਮੂੰਹ ਵਿੱਚ ਪਾਣੀ ਪਾਇਆ ਇੰਨੇ ਨੂੰ ਭੈਣ ਜਾਗ ਕੇ ਬਾਹਰ ਆ ਗਈ। ਉਸ ਨੇ ਮੈਨੂੰ ਪਾਪੀ ਪਾਪੀ ਕਹਿਣਾ ਸੁਰੂ ਕਰ ਦਿੱਤਾ ਮੈਂ ਉਸੇ ਵੇਲੇ ਉਸ ਕਾਟੋ ਨੂੰ ਆਪਣੇ ਹੱਥਾਂ ਚ ਚੁਕ ਕੇ ਬਾਹਰਲੇ ਬਾੜੇ ਵੱਲ ਲੈ ਗਿਆ ਤੇ ਇਹ ਸੋਚ ਕੇ ਵਗਾਹ ਦਿੱਤੀ ਕਿ ਉਹ ਜਿਉਂਦੀ ਹੈ ਤੇ ਭੱਜ ਕੇ ਸਾਹਮਣੇ ਵਾਲੀ ਧਰੇਕ ਤੇ ਜਾ ਚੜੀ ਪਰ ਉਸ ਘਟਨਾ ਨੇ ਮੇਰੇ ਮਨ ਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਸ ਤੋਂ ਬਾਅਦ ਮੈਂ ਕਿਸੇ ਤੇਜ਼ਧਾਰ ਹਥਿਆਰ ਨੂੰ ਛੂਹਣ ਤੋਂ ਵੀ ਡਰ ਮੰਨਦਾ ਹਾਂ।

ਮੰਗਤ ਸਿੰਘ ਲੌਂਗੋਵਾਲ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੈਟਰ ਆਪਸ਼ਨ
Next articleਨਵੀਂ ਅਤੇ ਪੁਰਾਣੀ ਪੀੜੀ ਨੂੰ ਜੋੜਦਾ ਪੁਲ ਹੈ-‘ਰਬਾਬ ਤੋਂ ਕਿਰਪਾਨ ਤੱਕ’