(ਸਮਾਜ ਵੀਕਲੀ)
ਜਦੋਂ ਕਿਸੇ ਦੇ ਦਿਲ ਵਿੱਚ ਕੁਝ ਕਰ ਗੁਜ਼ਰਨ ਦੀ ਤਾਂਘ ਹੋਵੇ ਤਾਂ ਉਹ ਘਰ ਦੇ ਹਾਲਾਤਾਂ ਨੂੰ ਆਪਣੇ ਸੁਪਨਿਆਂ ਦੇ ਰਾਹ ਵਿੱਚ ਅੜਿਕਾ ਨਹੀਂ ਬਣਨ ਦਿੰਦਾ। ਸਗੋਂ ਉਹ ਆਪਣੇ ਦ੍ਰਿੜ ਇਰਾਦਿਆਂ ਨਾਲ ਆਪਣੇ ਹਾਲਾਤਾਂ ਨੂੰ ਦਰ ਕਿਨਾਰ ਕਰਦਾ ਹੋਇਆ ਇੰਝ ਚਮਕਦਾ ਹੈ, ਜਿਸ ਤਰਾਂ ਕਾਲੇ ਬੱਦਲਾਂ ਵਿੱਚੋ ਸੂਰਜ ਦੀਆਂ ਤੇਜ਼ ਕਿਰਨਾਂ ਚਮਕਦੀਆਂ ਹਨ।
ਅਜਿਹੀ ਇਕ ਕਹਾਣੀ ਹੈ, ਲੋਕ ਵਿਸ਼ਿਆਂ ਉੱਪਰ ਲਿਖਣ ਵਾਲੇ ਨੌਜਵਾਨ ਲੇਖਕ ਮੱਖਣ ਸ਼ੇਰੋਂ ਵਾਲਾ ਦੀ। ਮੱਖਣ ਸ਼ੇਰੋਂ ਵਾਲਾ ਉਹ ਨੌਜਵਾਨ ਲੇਖਕ ਹੈ, ਜਿਸਨੇ ਸੋਸ਼ਲ ਮੀਡੀਆ ਅਤੇ ਪ੍ਰਿੰਟ ਮੀਡੀਆ ਰਾਹੀਂ ਬਹੁਤ ਛੇਤੀ ਆਪਣੀ ਇੱਕ ਪਛਾਣ ਬਣਾ ਲਈ। ਉਸਦੀਆਂ ਰਚਨਾਵਾਂ ਵਿੱਚ ਕਵਿਤਾ, ਕਹਾਣੀਆਂ ਅਤੇ ਲੇਖ ਸ਼ਾਮਲ ਹਨ, ਜੋ ਸਾਨੂੰ ਹਰ ਰੋਜ਼ ਕਿਸੇ ਅਖਬਾਰ ਵਿੱਚ ਜਾਂ ਸੋਸ਼ਲ ਮੀਡੀਆ ਉਪਰ ਦੇਖਣ ਨੂੰ ਮਿਲ ਜਾਂਦੇ ਹਨ।
ਜੇਕਰ ਗੱਲ ਇਸ ਨੌਜਵਾਨ ਦੀ ਪੜ੍ਹਾਈ ਅਤੇ ਪਰਿਵਾਰ ਬਾਰੇ ਕੀਤੀ ਜਾਵੇ ਤਾਂ ਮੱਖਣ ਇੱਕ ਭੱਠਾ ਮਜ਼ਦੂਰ ਪਰਿਵਾਰ ਨਾਲ ਸੰਬੰਧ ਰੱਖਦਾ ਹੈ, ਇਸਦੇ ਮਾਤਾ ਪਿਤਾ ਭੱਠੇ ਉਪਰ ਕੱਚੀਆਂ ਇੱਟਾਂ ਬਣਾਉਣ ਯਾਨੀ ਪਥੇਰ ਦਾ ਕੰਮ ਕਰਦੇ ਹਨ। ਮੱਖਣ ਸ਼ੇਰੋਂ ਵਾਲਾ ਖੁਦ ਵੀ ਆਪਣੇ ਮਾਤਾ-ਪਿਤਾ ਨਾਲ ਭੱਠੇ ਦਾ ਕੰਮ ਕਰਦਾ ਹੈ।
ਇਸ ਤੋਂ ਇਲਾਵਾ ਜਿਥੋਂ ਤੱਕ ਮੱਖਣ ਸ਼ੇਰੋਂ ਵਾਲਾ ਦੀ ਪੜ੍ਹਾਈ ਦਾ ਸਵਾਲ ਹੈ ਤਾਂ ਇਸ ਨੌਜਵਾਨ ਨੇ ਅਧਿਆਪਕ ਬਣਨ ਦੀ ਸਾਰੀ ਪੜ੍ਹਾਈ ਕੀਤੀ ਹੋਈ ਹੈ, ਜਿਸ ਵਿਚ ਬੀ.ਐੱਡ, ਐੱਮ.ਐੱਡ, ਐੱਮ.ਏ.ਹਿਸਟਰੀ, ਐੱਮ.ਏ. ਪੰਜਾਬੀ ਅਤੇ ਪੰਜਾਬ ਟੈਟ ਪਾਸ ਕੀਤਾ ਹੋਇਆ ਹੈ। ਐਨੀ ਪੜ੍ਹਾਈ ਦੇ ਬਾਵਜੂਦ ਮੱਖਣ ਸ਼ੇਰੋਂ ਵਾਲਾ ਬੇਰੁਜ਼ਗਾਰੀ ਦਾ ਸੰਤਾਪ ਭੋਗ ਰਿਹਾ ਹੈ, ਜਿਸਦੇ ਦੁੱਖ ਨੂੰ ਉਸਨੇ ਆਪਣੀ ਇੱਕ ਕਹਾਣੀ “ਮਾਂ ਦਾ ਮਾਸਟਰ” ਵਜੋਂ ਵਿਸ਼ਾ ਬਣਾਇਆ ਹੈ।
ਆਮ ਲੋਕਾਂ ਦੀ ਜ਼ਿੰਦਗੀ ਨਾਲ ਸਬੰਧਿਤ ਕੋਈ ਵੀ ਵਿਸ਼ਾ ਅਜਿਹਾ ਨਹੀਂ ਹੋਵੇਗਾ, ਜਿਸ ਉੱਪਰ ਇਸ ਨੌਜਵਾਨ ਲੇਖਕ ਨੇ ਆਪਣੀ ਕਲਮ ਨਾ ਚਲਾਈ ਹੋਵੇ। ਇਸ ਨੌਜਵਾਨ ਨੇ ਗ਼ਰੀਬੀ, ਤੰਗੀ, ਨਸ਼ਾ ਖੋਰੀ, ਬੁੱਢੇ ਮਾਪਿਆਂ ਦਾ ਦੁੱਖ, ਬੇਰੁਜ਼ਗਾਰੀ, ਪਿੰਡਾਂ ਦੀ ਧੜੇਬਾਜ਼ੀ, ਮਾੜੇ ਪੰਚਾਇਤੀ ਸਿਸਟਮ ਅਤੇ ਮੌਜੂਦਾ ਸਰਕਾਰਾਂ ਦੀਆਂ ਘਟੀਆ ਕਾਰਗੁਜ਼ਾਰੀਆਂ ਨੂੰ ਆਪਣੇ ਵਿਸ਼ੇ ਵਜੋਂ ਲਿਆ ਹੈ।
ਮੱਖਣ ਸ਼ੇਰੋਂ ਵਾਲਾ ਨੂੰ ਜਦੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਲਿਖਣ ਦੀ ਆਦਤ ਕਦੋਂ ਤੇ ਕਿਵੇਂ ਪਈ ਤਾਂ ਉਨ੍ਹਾਂ ਦੱਸਿਆ ਕਿ ਸਕੂਲ ਸਮੇਂ ਤੋਂ ਹੀ ਉਹ ਕੁਝ ਨਾ ਕੁਝ ਲਿਖਦੇ ਰਹਿੰਦੇ ਸੀ। ਉਹ ਗੰਭੀਰ ਨਹੀਂ ਸਗੋਂ ਕਮੇਡੀ ਵਾਂਗ ਹੀ ਸੀ ਪਰ ਜਦੋਂ ਜ਼ਿੰਦਗੀ ਦੇ ਸਬਕ ਸਮਝ ਵਿੱਚ ਆਏ ਅਤੇ ਦੋਸਤਾਂ ਅਤੇ ਅਧਿਆਪਕਾਂ ਨੇ ਹੱਲਾਸ਼ੇਰੀ ਦਿੱਤੀ ਅਤੇ ਲਿਖਣ ਲਈ ਪ੍ਰੇਰਿਤ ਕੀਤਾ ਤਾਂ ਉਸ ਤੋਂ ਬਾਅਦ ਗੰਭੀਰ ’ਤੇ ਆਮ ਜ਼ਿੰਦਗੀ ਨਾਲ ਸਬੰਧਿਤ ਵਿਸ਼ਿਆਂ ਬਾਰੇ ਲਿਖਣਾ ਸ਼ੁਰੂ ਕੀਤਾ।
ਮੱਖਣ ਸ਼ੇਰੋਂ ਵਾਲਾ ਦਾ ਲਿਖਿਆ ਗੀਤ ਭੇਤ ਦਿਲ ਦਾ ਜੋ ਬਹੁਤ ਜਿਆਦਾ ਮਕਬੂਲ ਹੋਇਆ।ਇਸ ਤੋਂ ਬੰਬੀਹਾ ਗੀਤ ਗਾਇਆ।ਇਨਾਂ ਗੀਤਾਂ ਨੂੰ ਹਰਮੀਤ ਜੱਸੀ ਤੇ ਨੂਰਦੀਪ ਨੂਰ ਨੇ ਗਾਇਆ।ਇਹਨਾਂ ਗੀਤਾਂ ਦੇ ਨਾਲ ਮੱਖਣ ਦਾ ਨਾਮ ਹਰ ਪਾਸੇ ਚਰਚਾ ਵਿੱਚ ਹੋ ਗਿਆ।ਇਸ ਤੋਂ ਇਲਾਵਾ ਮੱਖਣ ਦੀ ਕਿਤਾਬ ਮੈਂ ਭਾਂਡਾ ਨਹੀਂ ਪਿਛਲੇ ਦਿਨ ਚ ਲੋਕਾਂ ਦੀ ਕਚਹਿਰੀ ਚ ਪੇਸ਼ ਕੀਤੀ ਹੈ।ਜਿਸ ਵਿੱਚ ਹਰ ਤਰ੍ਹਾਂ ਦੇ ਵਿਸ਼ੇ ਦੀ ਗੱਲ ਕੀਤੀ ਹੈ।
ਆਪਣੇ ਆਉਣ ਵਾਲੇ ਪ੍ਰਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਸਾਰੇ ਗੀਤ ਜਲਦੀ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਗਗਨ ਕਲੇਰ ,ਅਤੇ ਅਨਮੋਲ ਜੱਸ ਦੁਆਰਾ ਗਾਇਆ ਜਾਣਾ ਹੈ। ਉਨ੍ਹਾਂ ਨਾਲ ਕਰਦੇ ਹੋਏ ਪੁੱਛਿਆ ਕਿ ਅੱਜ ਕੱਲ ਤੁਸੀਂ ਆਹ ਕਹਾਣੀਆਂ, ਕਵਿਤਾਵਾਂ, ਲੇਖ ਹੀ ਕਿਓਂ ਲਿਖਦੇ ਹੋਂ। ਜਦੋਂ ਕਿ ਗੀਤ ਦੇ ਪੈਸੇ ਮਿਲਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਅਜੋਕੀ ਗੀਤਕਾਰੀ ਅਤੇ ਕਲਾਕਾਰੀ ਜ਼ਿਆਦਾ ਵੈਲਪੁਣੇ, ਨਸ਼ਾ, ਫੁਕਰਬਾਜ਼ੀ, ਆਸ਼ਕੀ ਨੂੰ ਵਧਾਇਆ ਜਾ ਰਿਹਾ ਹੈ। ਧੀਆਂ ਭੈਣਾਂ ਨੂੰ ਟੋਟੇ ਪੁਰਜੇ ਪਟੋਲੇ ਕਿਹਾ ਜਾਂਦਾ ਹੈ, ਅਸੀਂ ਲੋਕ ਉਨ੍ਹਾਂ ’ਤੇ ਖੁਸ਼ ਹੋ ਰਹੇ ਹਾਂ।
ਅੱਜ ਕੱਲ ਤਾਂ ਕਲਾਕਾਰਾਂ ਨੇ ਜਲੂਸ ਕੱਢ ਰੱਖਿਆ ਹੈ। ਨਿੱਤ ਨਵੇਂ ਦਿਨ ਇੱਕ ਦੂਜੇ ਨੂੰ ਸ਼ਰੇਆਮ ਗਾਲਾਂ ਕੱਢ ਰਹੇ ਹਨ। ਕਲਾਕਾਰੀ ਹੁਣ ਗੰਦਗੀ ਦਾ ਰੂਪ ਧਾਰਨ ਕਰ ਗਈ ਹੈ। ਸੱਚ ਨੂੰ ਪੜ੍ਹਨਾ ਸੁਣਨਾ ਗਾਓਂਣਾ ਔਖਾ ਹੋਇਆ ਜਾਪਦਾ ਹੈ। ਸੱਚ ਅਤੇ ਸਭਿਆਚਾਰ ਨੂੰ ਲੋਕ ਵੀ ਸੁਣਕੇ ਰਾਜੀ ਨਹੀਂ। ਜ਼ਿਆਦਾ ਗੰਦ ਨੂੰ ਹੁੰਗਾਰਾ ਦਿੱਤਾ ਜਾਂਦਾ ਹੈ। ਇਸ ਲਈ ਮੈਂ ਆਪਣੇ ਅੰਦਰਲੇ ਵਿਚਾਰ ਇਸ ਵਿਧੀ ਰਾਹੀਂ ਕੱਢ ਰਿਹਾ ਹਾਂ।ਉਹਨਾਂ ਨੇ ਗੀਤਾਂ ਦੀ ਮਿਹਨਤ ਪਿੱਛੇ ਕਿਹਾ ਕਿ ਇਸ ਲਾਇਨ ਚ ਬਹੁਤੇ ਲੋਕ ਵਰਤ ਕੇ ਛੱਡ ਜਾਂਦੇ ਹਨ।ਜੋ ਕਲਾਕਾਰ ਗੀਤਾਂ ਕਰਕੇ ਮਸਹੂਰ ਹੋ ਜਾਂਦੇ ਹਨ।ਉਹ ਪਿੱਛੋਂ ਪੈਰ ਛੱਡ ਜਾਂਦੇ ਹਨ।
ਉਮੀਦ ਕਰਦੇ ਹਾਂ ਕਿ ਇਹ ਨੌਜਵਾਨ ਲੇਖਕ ਇਸੇ ਤਰ੍ਹਾਂ ਪੰਜਾਬ ਦੇ ਲੋਕ ਮੁੱਦਿਆਂ ਉਪਰ ਆਪਣੀ ਕਲਮ ਚਲਾਉਂਦਾ ਰਹੇਗਾ ਅਤੇ ਆਪਣੀਆਂ ਮਿਆਰੀ ਰਚਨਾਵਾਂ ਰਾਹੀਂ ਪੰਜਾਬੀ ਮਾਂ ਬੋਲੀ ਦੇ ਭੰਡਾਰ ਨੂੰ ਹੋਰ ਅੱਗੇ ਵਧਾਉਂਦਾ ਰਹੇਗਾ।
ਸੰਪਰਕ ਨੰਬਰ 9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly