ਜੱਗ ਨਹੀਂ ਜਿੱਤਿਆ ਜਾਂਦਾ

(ਸਮਾਜ ਵੀਕਲੀ)-ਜਦੋਂ ਦਾ ਆਮ ਆਦਮੀ ਪਾਰਟੀ 10 ਮਾਰਚ ਦੀ ਜਿੱਤ ਤੋਂ ਬਾਅਦ ਸੱਤਾ ਵਿੱਚ ਆਈ ਹੈ ਤਾਂ ਹਰੇਕ ਕਿਸੇ ਦੀਆਂ ਨਜ਼ਰਾਂ ਪਾਰਟੀ ਉੱਤੇ ਟਿਕੀਆਂ ਹੋਈਆਂ ਹਨ। ਭਾਵੇਂ ਇਹ ਸੱਚਾਈ ਹੈ ਕਿ ਪਾਰਟੀ ਨੂੰ ਜਤਾਉਣ ਲਈ ਪੰਜਾਬ ਦੀ ਜਨਤਾਂ ਨੇ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਅਤੇ ਰਾਜਨੀਤੀ ਦੇ ਵੱਡੇ ਵੱਡੇ ਧਨਵੰਤਰਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਹੈ । ਇਸ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਲੋਕ ਦੋ ਰਵਾਇਤੀ ਪਾਰਟੀਆਂ ਤੋਂ ਬੁਰੀ ਤਰ੍ਹਾਂ ਅੱਕੇ ਹੋਏ ਸਨ ਜਿਹੜੇ ਕਿ ਪੰਜਾਬ ਦੇ ਚੰਗੇ ਭਵਿੱਖ ਲਈ ਬਦਲਾਅ ਚਾਹੁੰਦੇ ਸਨ । ਇਹ ਬਦਲਾਅ ਲਈ ਉਨ੍ਹਾਂ ਨੇ 28 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਇਹੋ ਜਿਹੀ ਹਨ੍ਹੇਰੀ ਲਿਆਂਦੀ ਜਿਹਦੇ ਵਿੱਚ ਰਵਾਇਤੀ ਪਾਰਟੀਆਂ ਦੇ ਵੱਡੇ ਵੱਡੇ ਦਰਖੱਤਾਂ ਨੂੰ ਜੜ੍ਹਾਂ ਤੋਂ ਪੱਟ ਮਾਰਿਆ ਅਤੇ ਇਹ ਸਾਬਤ ਕਰ ਦਿੱਤਾ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਹਨ।ਜਿਹੜੇ ਲੀਡਰਾਂ ਨੇ ਨੱਕ ਨੀ ਜੀਭ ਲਾ ਰੱਖੀ ਸੀ ਉਨ੍ਹਾਂ ਦੀਆਂ ਜੀਭਾਂ ਤਾਲੂ ਨਾਲ ਲਾ ਦਿੱਤੀਆਂ ਨੇ।ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਜਿਸ ਦਿਨ ਤੋਂ ਪਾਰਟੀ ਸੱਤਾ ਉੱਤੇ ਕਾਬਜ ਹੋਈ ਹੈ ਤਾਂ ਉਨ੍ਹਾਂ ਨੇ ਪੰਜਾਬ ਦੇ ਸਾਰੇ ਸਬੰਧਤ ਅਦਾਰਿਆਂ ਵਿੱਚ ਜਾ ਕੇ ਲੋਕਾਂ ਅਧਿਕਾਰੀਆਂ ਅਤੇ ਲੋਕਾਂ ਨੂੰ ਦੁੱਖ ਅਤੇ ਪਰੇਸ਼ਾਨੀਆਂ ਜਾਨਣ ਦੀ ਕੋਸ਼ਿਸ਼ ਕੀਤੀ ਹੈ ਕਿਉਂ ਕਿ ਇਹਨਾਂ ਆਮ ਘਰਾਂ ਦੇ ਵਿਧਾਇਕ ਬਣੇ ਲੀਡਰਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਅੱਜ ਤੱਕ ਰਵਾਇਤੀ ਪਾਰਟੀਆਂ ਦੇ ਰਾਜ ਵਿੱੱਚ ਲੋਕਾਂ ਦੀ ਖੱਜਲ ਖੁਆਰੀ ਹੁੰਦੀ ਹੈ ਕਿਉਂ ਕਿ ਉਨ੍ਹਾਂ ਨੂੰ ਪਤਾ ਹੈ ਕਿ, *ਸਿਰ ਤੇ ਨਹੀਂ ਹਾਥੀ ਫਿਰੇ ਲੁੰਡਾ* ਇਨ੍ਹਾਂ ਅਦਾਰਿਆਂ ਵਿੱਚ ਕਿਸੇ ਦੀ ਕੋਈ ਪੁੱਛ ਦੱਸ ਨਹੀਂ ਕਿਹੜਾ ਕਿ ਕਰ ਰਿਹਾ ਹੈ।ਅੰਨ੍ਹੀ ਪੀਂਹਦੀ ਤੇ ਕੁੱਤੀ ਚੱਟਦੀ ਵਾਲੀ ਕਹਾਵਤ ਬਿਲਕੁੱਲ ਸੱਚ ਸਾਬਿਤ ਹੁੰਦੀ ਹੈ। ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੇ ਵਧਾਇਕ ਬਣੇ ਮੁੱਡੇ ਕੁੜੀਆਂ ਨੇ ਜਾ ਕੇ ਪੁੱਛਣ ਦੱਸਣ ਦੀ ਕੋਸ਼ਿਸ਼ ਕੀਤੀ ਹੈ ਤਾਂ ਵਿਰੋਧੀਆਂ ਅਤੇ ਸਬੰਧਤ ਅਦਾਰਿਆਂ ਦੇ ਮੁਲਾਜਮਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਇਹ ਸਵਾਲ ਆਏ ਦਿਨ ਵੱਡੀ ਗਿਣਤੀ ਵਿੱਚ ਨੇ ਜਿਵੇਂ ਸਰਕਾਰ ਚੱਲਣੀ ਨਹੀਂ, ਇਨ੍ਹਾਂ ਨੇ ਪੰਜਾਬ ਨੂੰ ਲੁੱਟ ਲੈਣਾ,ਇਹ ਦਿਖਾਵਾ ਕਰਨ ਵਾਲੇ ਨੇ , ਫਲਾਨਾ …..ਫਲਾਨਾ…….ਫਲਾਨਾ ਜਿੰਨ੍ਹੇ ਮੂੰਹ ਉਨ੍ਹੀਆਂ ਗੱਲਾਂ । ਜੇ ਕੋਈ ਕੰਮ ਕਰਦਾ ਤਾਂ ਲੋਕ ਕਰਨ ਨਹੀਂ ਦਿੰਦੇ ਜੇ ਨਹੀਂ ਕਰਦਾ ਤਾਂ ਨੀ ਲੋਕ ਛੱਡਦੇੇ । ਪੰਜਾਬ ਦੇ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਇਹ ਛੋਟੀ ਜਿਹੀ ਕਹਾਣੀ ਯਾਦ ਆ ਗਈ ਬਈ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਅਧਖੜ੍ਹ ਉਮਰ ਬੰਦਾ ਤਾਂ ਉਸਦਾ ਦਸ ਬਾਰ੍ਹਾਂ ਸਾਲਾਂ ਦਾ ਮੁੰਡਾ ਕਿਸੇ ਮੰਡੀ ਤੇ ਖੱਚਰ ਵੇਚਣ ਲਈ ਪੈਦਲ ਤੁਰ ਪਏ। ਜਦੋਂ ਆਪਣੇ ਪਿੰਡ ਦੀ ਜੂਹ ਟੱਪੇ ਤਾਂ ਖੇਤਾਂ ਵਿੱਚ ਕੰਮ ਕਰਦੇ ਕਾਮੇ ਉਨ੍ਹਾਂ ਨੂੰ ਪੈਦਲ ਤੁਰੇ ਆਉਂਦੇ ਵੇਖ ਕਹਿਣ ਲੱਗੇ , ਵੇਖ ਯਰ ਬਦ ਦਮਾਗ ਬੰਦੇ ਕੋਲ ਗਧਾ ਫੇਰ ਵੀ ਤੁਰੇ ਜਾਂਦੇ ਐ, ਉਨ੍ਹਾਂ ਦੀਆਂ ਗੱਲਾਂ ਸੁਣ ਬੰਦੇ ਆਪ ਖੱਚਰ ਉੱਤੇ ਬੈਠ ਗਿਆ ਤਾਂ ਅੱਗੇ ਕਿਸੇ ਪਿੰਡ ਦੀਆਂ ਕੁੜੀਆਂ ਖੂਹ ਉੱਤੋਂ ਪਾਣੀ ਭਰਦੀਆਂ ਸੀ ਉਸ ਪਿਉ ਪੁੱਤ ਨੂੰ ਇਉਂ ਆਉਦਿਆਂ ਵੇਖ ਕਹਿਣ ਲੱਗੀਆਂ , ਵੇਖੋ ਨੀ ` ਆਪ ਤਾਂ ਗਧੇ ਤੇ ਬੈਠਾ ਆਉਂਦਾ ਭੋਰਾ ਭਰ ਮੁੰਡੇ ਨੂੰ ਮਗਰ ਤੋਰਿਆ , ਉਨ੍ਹਾਂ ਕੁੜੀਆਂ ਦੀ ਇਹ ਬੋਲੀ ਸੁਣ ਓਸ ਬੰਦੇ ਨੇ ਮੁੰਡੇ ਨੂੰ ਵੀ ਖੱਚਰ ‘ਤੇ ਬਿਠਾ ਲਿਆ। ਕੁਝ ਅੱਗੇ ਤੁਰੇ ਤਾਂ ਘਾਟ ‘ਤੇ ਕੱਪੜੇ ਧੋਂਦੀਆਂ ਕੁਝ ਅੋਰਤਾਂ ਕਹਿਣ ਲੱਗੀਆਂ ਨੀ , ਵੇਖੋ ਨੀ ਕਿਵੇਂ ਗਧੇ ਦੀ ਲਿੱਦ ਕੱਢੀ ਜਾਂਦੇ ਦੋਵੇਂ ਹੱਟੇ ਕੱਟੇ ਜੇ ਗਧਾ ਵਿਚਾਰਾ ਬੇ-ਜੁਬਾਨ ਏ ਤਾਂ ਤੁਸੀਂ ਤਾਂ ਸਮਝਦਾਰ ਹੋ , ਉਨ੍ਹਾਂ ਬਾਰੇ ਇਉਂ ਕਹਿੰਦੀਆਂ ਅੋਰਤਾਂ ਦੀਆਂ ਗੱਲਾਂ ਸੁਣ ਉਹ ਬਹੁਤ ਪਰੇਸ਼ਾਨ ਹੋਏ ਕਿ ਇਨ੍ਹਾਂ ਲੋਕਾਂ ਨੂੰ ਕਿਵੇਂ ਖੁਸ਼ ਕਰੀਏ । ਉਨ੍ਹਾਂ ਨੇ ਉਸ ਗਧੇ ਦੀਆਂ ਚਾਰੇ ਲੱਤਾਂ ਬੰਨ੍ਹ ਵਿੱਚ ਦੀ ਡਾਂਗ ਲਘਾ ਕੇ ਇੱਕ ਸਿਰਾ ਮੁੰਡੇ ਦੇ ਮੋਢੇ ‘ਤੇ ਦੂਜਾ ਸਿਰਾ ਬੰਦੇ ਨੇ ਆਪਣੇ ਮੋਢੇ ‘ਤੇ ਰੱਖ ਜਿਉਂ ਹੀ ਨਹਿਰ ਦਾ ਤੰਗ ਪੁਲ ਪਾਰ ਕਰਨਾ ਸ਼ੁਰੂ ਕੀਤਾ ਗਧੇ ਦੇ ਹਿੱਲਣ ਨਾਲ ਗਧਾ ਨਹਿਰ ਵਿੱਚ ਜਾ ਡਿੱਗਿਆ । ਉਹ ਬਹੁਤ ਪਰੇਸ਼ਾਨ ਹੋ ਗਏ ਉਨ੍ਹਾਂ ਨੂੰ ਇਸ ਤਰ੍ਹਾਂ ਦੇਖ ਕਿਸੇ ਬਜੁਰਗ ਨੇ ਕਿਹਾ , ” ਉਹ ਭਲਿਓ ਇਹ ਜੱਗ ਨਹੀਂ ਜਿੱਤਿਆ ਜਾਂਦਾ।ਉਹੋ ਗੱਲ ਅੱਜ ਆਮ ਆਦਮੀ ਪਾਰਟੀ ਨਾਲ ਹੋ ਰਹੀ ਜਿਹੜੀ ਨੇ ਆਉਂਦਿਆਂ ਹੀ ਲੋਕਾਂ ਨੂੰ ਖੁਸ਼ ਕਰਨ ਲਈ ਹਰ ਤਰ੍ਹਾਂ ਦੇ ਸੰਭਵ ਯਤਨ ਕਰਨੇ ਸ਼ੁਰੂ ਕਰ ਦਿੱਤੇ ਹਨ ਪਰ ਲੋਕ ਫਿਰ ਵੀ ਤਰ੍ਹਾਂ ਤਰ੍ਹਾਂ ਦੀ ਗੱਲਾਂ ਕਰ ਰਹੇ ਹਨ।

ਸਤਨਾਮ ਸਮਾਲਸਰੀਆ
99142 98580

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਨਕਲਾਬ
Next articleGlobal Crusader: Surinder Kaul making community’s voice heard across America