ਜੇਤੂ, ਜੋ ਹਾਰ ਗਿਆ !

(ਸਮਾਜ ਵੀਕਲੀ)

“ਇਸ” ਦੌੜ ‘ਚ
ਕੋਈ ਕਿਸੇ ਨੂੰ ਸੱਦਾ ਨਹੀਂ ਦਿੰਦਾ
ਨਾ ਰੈਫ਼ਰੀ ਸੀਟੀ ਮਾਰਦਾ ਹੈ।
ਤੁਹਾਡੀ ਮਰਜ਼ੀ ਹੈ, ਸ਼ਾਮਲ ਹੋਵੋ ਜਾਂ ਨਾ।
ਫ਼ਿਰ ਵੀ ਬੇਗਿਣਤ ਲੋਕ ਦੌੜ ਰਹੇ ਹਨ
“ਇਸ” ਦੌੜ ‘ਚ ।।

ਬੜੇ ਜੋਰ-ਸ਼ੋਰ ਨਾਲ, ਮੈਂ, ਇਹ ਦੌੜ ਸ਼ੁਰੂ ਕੀਤੀ
ਬਹੁਤ ਤੇਜ਼ ਦੌੜਿਆ ਮੈਂ
ਹਵਾ ਨਾਲ ਗੱਲਾਂ ਕਰਨ ਲੱਗਾ
ਕਿਤੇ ਅੱਗੇ ਨਿਕਲ ਗਿਆ ਸੀ-
ਆਪਣੇ ਸਾਥੀਆਂ ਨਾਲੋ
ਕਿਉਂਕਿ, ਜਿੱਤਣਾ ਚਾਹੁੰਦਾ ਸੀ, ਮੈਂ ਇਹ ਦੌੜ ।।

ਮੈਂ ਕਿਵੇਂ ਦੌੜਿਆ–
-ਪੂਰਾ ਦਮ ਲਗਾ ਕੇ
-ਬਿਨਾਂ ਵਕਤ ਗਵਾਏ
-ਬਿਨਾਂ ਰੁਕੇ, ਬਿਨਾਂ ਝੁਕੇ
-ਬਿਨਾਂ ਖਾਧੇ, ਬਿਨਾਂ ਪੀਤੇ
-ਬਿਨਾਂ ਇਧਰ-ਉਧਰ, ਬਿਨਾਂ ਪਿੱਛੇ ਦੇਖੇ
ਜੋ ਕੁੱਝ ਕੋਲ ਸੀ, ਵਗਾਹ ਮਾਰਿਆ
ਤਾਂ ਜੋ, ਹੋਰ ਤੇਜ਼ ਦੌੜ ਸਕਾਂ।
ਨੰਗੇ ਧੜ ਦੌੜਿਆ ਸੀ ਮੈਂ
ਤਾਂਕਿ ਜਲਦੀ ਮੰਜ਼ਿਲ ਸਰ ਕਰ ਸਕਾਂ !
ਮੈਂ ਦੌੜਦਾ ਗਿਆ—-
-ਦੌੜਦਾ ਗਿਆ
-ਦੌੜਦਾ ਗਿਆ।।

ਮੰਜ਼ਿਲ ਦਾ ਧੁੰਦਲਾ ਜਿਹਾ
ਅਕਸ਼ ਦਿਖਾਈ ਦੇਣ ਲੱਗ ਪਿਆ
-ਉਖੜੇ ਸਾਹ, ਲੜਖੜਾਉਂਦਾ ਸਰੀਰ
-ਬੇਜ਼ਾਨ ਜਿਹਾ, ਹੈਰਾਨ ਜਿਹਾ
ਜੇਤੂ ਲੀਕ ਨੂੰ ਛੁਹ ਕੇ ਖੁਸ਼ ਸਾਂ।।

ਪਰ, ਇਹ ਕੀ ?
-ਕਿਸੇ ਨੇ ਵਧਾਈ ਨਾ ਦਿੱਤੀ!
-ਖੁਸ਼ੀ ਜ਼ਾਹਰ ਨਾ ਕੀਤੀ!
-ਥਾਪੀ ਨਾ ਦਿੱਤੀ!
-ਗਲੇ ‘ਚ ਮੈਡਲ ਨਾ ਪਾਇਆ!
– ਕੋਈ ਝੰਡਾ ਉੱਚਾ ਨਾ ਹੋਇਆ!
– ਕੋਈ “ਜੈਕਾਰਾ” ਨਾ ਛੱਡਿਆ ਗਿਆ!
ਕਿਉਂਕਿ ਜੱਜ ਦਾ ਫ਼ੈਸਲਾ ਸੀ–
ਜਿੱਤ ਕੇ ਵੀ ਹਾਰ ਗਿਆ ਸੀ, ਮੈਂ।।

ਪੁੱਛਿਆ ਕਿਉਂ ?
ਜੱਜ ਨੇ ਕਿਹਾ–
– ਅਕੱਲੇ ਕਿਉਂ ਆਏ ?
– ਕਿੱਥੇ ਨੇ ਤੁਹਾਡੇ ਬਾਕੀ ਸਾਥੀ ?
ਕਿੱਥੇ ਆ ?
– ਤੁਹਾਡਾ ਪਰੀਵਾਰ!
– ਤੁਹਾਡਾ ਭਾਈਚਾਰਾ!
– ਤੁਹਾਡਾ ਸਮਾਜ!
“ਇਸ” ਦੌੜ ਦਾ ਅਸੂਲ ਹੈ :
ਸੱਭ ਦਾ ਸਾਥ, ਸੱਭ ਦਾ ਵਿਕਾਸ।

ਕਿਉਂਕਿ, ਇਹ ਦੌੜ —
ਵਿਅੱਕਤੀਗਤ ਨਹੀਂ, ਸਮਾਜਿਕ ਹੈ।
ਜੇਤੂ, ਉਹ, ਜੋ ਕਾਫ਼ਲੇ ਨਾਲ ਪਹੁੰਚੇ ।।

ਉਪਰੋਂ, ਜੱਜ ਨੇ ਸਜ਼ਾ ਸੁਣਾ ਦਿੱਤੀ–
ਜਾਓ ! ਉਸੇ ਲੀਕ ‘ਤੇ ਜਿੱਥੋ ਦੌੜੇ ਸੀ
ਤੇ ਦੱਸੋ, ਸੱਭ ਦੌੜਾਕਾਂ ਨੂੰ
ਕਿ ਉਹ, ਇਸ ਭੁਲੇਖੇ ਵਿਚ ਨਾ ਰਹਿਣ
ਕਿ ਉਹ, ਇਕੱਲੇ ਜਿੱਤ ਜਾਣਗੇ !
ਨਹੀਂ ਤਾਂ, ਉਨਾਂ ਦਾ ਹਾਲ
ਤੁਹਾਥੋਂ ਵੀ ਬੁਰਾ ਹੋਵੇਗਾ
ਕਿਉਂਕਿ, ਨਿਯਮ, ਦਿਨ-ਬ-ਦਿਨ
ਬਦਲੇ ਜਾ ਰਹੇ ਹਨ !

—– ਹਰਮੇਸ਼ ਜੱਸ਼ਲ

Previous articleThe Supreme Court has opened a very small window
Next articleखोरी गांव  निवासी: पीड़ित हैं, ‘अवैध अतिक्रमणदार’ नहीं