ਮ੍ਰਿਤਕਾ ਦੇ ਪਤੀ ਦੀ ਗਵਾਹੀ ਮੁਕੰਮਲ

ਸੰਗਰੂਰ (ਸਮਾਜ ਵੀਕਲੀ) : ਪੰਜਾਬ ਦੇ ਬਹੁਚਰਚਿਤ ਜੱਸੀ ਕਤਲ ਕੇਸ ਦੀ ਸੁਣਵਾਈ ਸਥਾਨਕ ਵਧੀਕ ਸੈਸ਼ਨ ਜੱਜ ਸਮ੍ਰਿਤੀ ਧੀਰ ਦੀ ਅਦਾਲਤ ਵਿਚ ਹੋਈ। ਸੁਣਵਾਈ ਦੌਰਾਨ ਮ੍ਰਿਤਕਾ ਜੱਸੀ ਕੈਨੇਡਾ ਦੇ ਪਤੀ ਤੇ ਕੇਸ ਦੇ ਮੁਦੱਈ ਮਿੱਠੂ ਦੀ ਗਵਾਹੀ ਮੁਕੰਮਲ ਹੋ ਗਈ ਹੈ। ਬਚਾਅ ਪੱਖ ਦੇ ਵਕੀਲਾਂ ਵਲੋਂ ਮਿੱਠੂ ਵਲੋਂ ਦਰਜ ਕਰਵਾਏ ਬਿਆਨਾਂ ’ਤੇ ਜਿਰਾਹ ਕੀਤੀ ਗਈ ਜਿਸ ਦੌਰਾਨ ਮਿੱਠੂ ਨੂੰ ਸਵਾਲ ਜਵਾਬ ਕੀਤੇ ਗਏ ਜੋ ਕਿ ਮੁਕੰਮਲ ਹੋ ਗਏ ਹਨ। ਅਦਾਲਤ ਵੱਲੋਂ ਕੇਸ ਦੀ ਅਗਲੀ ਸੁਣਵਾਈ 22 ਨਵੰਬਰ ’ਤੇ ਪਾ ਦਿੱਤੀ ਹੈ।

ਕੈਨੇਡੀਅਨ ਨਾਗਰਿਕ ਜਸਵਿੰਦਰ ਕੌਰ ਉਰਫ਼ ਜੱਸੀ ਕਤਲ ਕੇਸ ਦੀ ਸੁਣਵਾਈ ਇਥੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿਚ ਚੱਲ ਰਹੀ ਹੈ। ਕੇਸ ਦੇ ਮੁਦੱਈ ਅਤੇ ਜੱਸੀ ਦੇ ਪਤੀ ਮਿੱਠੂ ਵੱਲੋਂ ਬੀਤੀ 29 ਅਕਤੂਬਰ ਨੂੰ ਸੁਣਵਾਈ ਦੌਰਾਨ ਆਪਣੇ ਬਿਆਨ ਦਰਜ ਕਰਵਾਏ ਗਏ ਸਨ। ਅੱਜ ਬਚਾਅ ਪੱਖ ਦੇ ਵਕੀਲਾਂ ਵੱਲੋਂ ਮਿੱਠੂ ਦੇ ਬਿਆਨਾਂ ’ਤੇ ਬਹਿਸ ਕੀਤੀ ਗਈ ਅਤੇ ਮਿੱਠੂ ਨੂੰ ਅਨੇਕਾਂ ਸਵਾਲ ਕੀਤੇ ਗਏ। ਬਚਾਅ ਪੱਖ ਦੇ ਵਕੀਲ ਸਿਮਰਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਅੱਜ ਕਰਾਸ ਐਗਜ਼ਾਮੀਨੇਸ਼ਨ ਮੁਕੰਮਲ ਹੋ ਗਿਆ ਹੈ। ਮੁਦੱਈ ਪੱਖ ਵੱਲੋਂ ਐਡਵੋਕੇਟ ਅਸ਼ਵਨੀ ਸ਼ਰਮਾ ਅਤੇ ਰਾਜ ਕੁਮਾਰ ਪੇਸ਼ ਹੋਏ। ਉਨ੍ਹਾਂ ਦੱਸਿਆ ਕਿ ਮਿੱਠੂ ਦੀ ਗਵਾਹੀ ਅੱਜ ਮੁਕੰਮਲ ਹੋਈ ਹੈ ਜੋ ਕਿ ਪੂਰੀ ਤਰ੍ਹਾਂ ਸਟੈਂਡ ਕਰਦੀ ਹੈ। ਅਦਾਲਤ ਵਲੋਂ ਅਗਲੀ ਸੁਣਵਾਈ ਲਈ 22 ਨਵੰਬਰ ਦੀ ਤਾਰੀਖ ਨਿਸ਼ਚਿਤ ਕੀਤੀ ਹੈ। ਪੇਸ਼ੀ ਦੌਰਾਨ ਅਦਾਲਤ ਵਿਚ ਜੱਸੀ ਕੈਨੇਡਾ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਵੀ ਮੌਜੂਦ ਸਨ। ਮਲਕੀਤ ਕੌਰ ਸਿੱਧੂ ਜ਼ਮਾਨਤ ’ਤੇ ਹੈ ਜਦੋਂ ਕਿ ਮਾਮਾ ਸੁਰਜੀਤ ਸਿੰਘ ਬਦੇਸ਼ਾ ਕਪੂਰਥਲਾ ਜੇਲ੍ਹ ਵਿੱਚ ਹੈ।

ਜ਼ਿਕਰਯੋਗ ਹੈ ਕਿ ਕੈਨੇਡੀਅਨ ਨਾਗਰਿਕ ਜਸਵਿੰਦਰ ਕੌਰ ਉਰਫ਼ ਜੱਸੀ ਕੈਨੇਡਾ ਦਾ ਜੂਨ 2000 ਵਿੱਚ ਉਦੋਂ ਅਣਖ ਖਾਤਰ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਸ ਨੇ ਕੈਨੇਡਾ ਤੋਂ ਪੰਜਾਬ ਆ ਕੇ ਪਿੰਡ ਕਾਉਂਕੇ ਕਲਾਂ ਦੇ ਮਿੱਠੂ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ। ਇਸ ਹਮਲੇ ਵਿਚ ਮਿੱਠੂ ਗੰਭੀਰ ਜ਼ਖ਼ਮੀ ਹੋ ਗਿਆ ਸੀ। ਕਤਲ ਕੇਸ ਵਿਚ ਨਾਮਜ਼ਦ ਜੱਸੀ ਕੈਨੇਡਾ ਦੀ ਮਾਂ ਅਤੇ ਮਾਮੇ ਨੂੰ ਲੰਮੀ ਕਾਨੂੰਨੀ ਪ੍ਰਕਿਰਿਆ ਮਗਰੋਂ ਕੈਨੇਡਾ ਤੋਂ ਭਾਰਤ ਲਿਆਂਦਾ ਗਿਆ ਸੀ ਜੋ ਕੇਸ ਦਾ ਸਾਹਮਣਾ ਕਰ ਰਹੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਨੇ ਖਿਡਾਰੀਆਂ ਕੋਲੋਂ ਨੌਕਰੀਆਂ ਲਈ ਅਰਜ਼ੀਆਂ ਮੰਗੀਆਂ
Next articleQuake recorded in Kutch, PM Modi calls up Gujarat CM