(ਸਮਾਜ ਵੀਕਲੀ)
ਗੈਰਾਂ ਦੀਆਂ ਮਹਿਫਲਾਂ ‘ਚ ਸਜਕੇ ਨੀ ਜਾਈਦਾ
ਪੁੱਤ ਜਵਾਨ ਨਾਲ ਨੀ ਪੈੱਗ ਟਕਰਾਈਦਾ
ਖੋਲੀਏ ਨਾ ਭੇਤ ਕਦੇ ਜਿਆਦਾ ਮੂਹਰੇ ਸੱਜਣਾ ਦੇ
ਆਪਣੇ ਦੁੱਖਾਂ ਦਾ ਕਦੇ ਰੌਲਾ ਨਹੀਓਂ ਪਾਈਦਾ
ਪੈਰ ਪੈਰ ਉੱਤੇ ਜੀਹਦਾ ਕਰੇ ਨਾ ਵਿਸਾਹ ਕੋਈ
ਫੋਕੀ ਟੌਹਰ ਲਈ ਕਦੇ ਘਰ ਨੀ ਬਿਠਾਈਦਾ
ਮੰਨ ਲਈਏ ਯਾਰ ਜੀਹਨੂੰ ਜਦੋਂ ਚਹੁੰ ਜਹਾਨੀ
ਦੂਜੇ ਦਰ ਵਾਲਾ ਨਹੀਓਂ ਬੂਹਾ ਖੜਕਾਈਦਾ
ਸਮੇਂ ਦਾ ਕੀ ਹੈ ਇਹਤਾਂ ਲੰਘ ਈ ਏ ਜਾਣਾ
ਮਾੜੇ ਵਕਤਾਂ ‘ਚ ਕਦੇ ਮਨ ਨੀ ਡੁਲਾਈਦਾ
ਇਸ਼ਕਾਂ ਦੇ ਪੱਟਿਆਂ ਦੀ ਦਾਰੂ ਨੀ ਜਹਾਨ ਉੱਤੇ
ਕਰ ਅਰਦਾਸਾਂ ਬੱਸ ਯਾਰ ਹੀ ਮਨਾਈਦਾ
ਮਾੜੇ ਵਕਤਾਂ ਦੇ ਵਿੱਚ ਜੀਹਨੇ ਗਲ਼ ਲਾਇਆ ਹੋਵੇ
ਭੁੱਲ ਕੇ ਵੀ ਕਦੇ ਉਹ ਯਾਰ ਨੀ ਗਵਾਈਦਾ
ਲਿਖਣਾ ਤਾਂ ਲਿਖ ਸੱਚ ਆਪਣੀ ਕਲਮ ਨਾਲ
ਝੂਠ ਦਾ ਨਕਾਬ ਓੜ ਸੱਚ ਨੀ ਗਵਾਈਦਾ
ਛੱਡੀਏ ਨਾ ਪੱਲਾ ਜੀਹਨੂੰ ਯਾਰ ਬਣਾ ਲਈਏ
ਬੇਵਫਾਈ ਵਾਲਾ ਪੱਲੇ ਨਹੀਓਂ ਦਾਗ਼ ਪਵਾਈਦਾ
ਮਿਲ ਜਾਏ ਤਾਨ ਜਦ ਨਾਲ ਪਰਮਾਤਮਾ ਦੇ
ਬੇਸੁਰੇ ਸਾਜਾਂ ਵੱਲ ਮੂੰਹ ਨੀ ਘੁਮਾਈਦਾ
ਸੱਜਣਾ ਪਿਆਰਿਆਂ ਨਾਲ ਰੌਲੇ ਨੀ ਕਰੀਦੇ
ਛੋਟੀ ਹੋਵੇ ਗੱਲ ਵੱਡਾ ਮੁੱਦਾ ਨੀ ਬਣਾਈਦਾ
ਗੈਰਾਂ ਦੀਆਂ ਮਹਿਫਲਾਂ ‘ਚ ਆਪਣੇ ਨੀ ਭੰਡੀਦੇ
ਕਰ ਕਰ ਸ਼ੋਭਾ ਚੰਗਾ ਨਾਮ ਕਮਾਈਦਾ
ਲੱਖ ਬੁਰਿਆਈਆਂ ਹੋਣ ਸੱਜਣਾ ਪਿਆਰਿਆਂ ‘ਚ
ਬੁੱਕਲ਼ ‘ਚ ਲੈ ਕੇ ਬੱਸ ਬੈਠ ਸਮਝਾਈਦਾ
ਜਮਾਨਾ ਦੁਰਕਾਰ ਦੇਵੇ ਲੱਖ ਚਾਹੇ ਸੱਜਣਾ ਨੂੰ
ਰੂਹਾਂ ਤੱਕ ਸੱਜਣਾ ਨਾਲ ਰਿਸ਼ਤਾ ਨਿਭਾਈਦਾ
ਦਿਲ ‘ਚ ਪਿਆਰ ਹੋਵੇ ਜੇ ਸੱਚੇ ਦਿਲੋਂ ਗੁਰੂ ਨਾਲ
ਗੁਰੂਘਰ ਦੀਆਂ ਕੰਧਾਂ ਉੱਤੇ ਨਾਮ ਨੀ ਲਿਖਾਈਦਾ
ਲੁਕ ਜਾਵੇ ਜਿਹੜਾ ਜਦੋਂ ਚੱਲਦੀਆਂ ਤੇਗਾਂ ਹੋਣ
ਐਹੋ ਜਹੇ ਨਾ ਸ਼ੁਕਰਿਆਂ ਨੂੰ ਮੂੰਹ ਨੀ ਲਗਾਈਦਾ
ਮੁਹੱਬਤਾਂ ਦੇ ਚਿਰਾਗ ਨਾ ਬਲਣ ਘਰ ਬੇਗੈਰਤਾਂ ਦੇ
ਨਾ ਸ਼ੁਕਰੀਆਂ ਦੇ ਬੂਹੇ ਨਹੀਉਂ ਅਲਖ ਜਗਾਈਦਾ
ਐਸ ਪੀ ਕੋਈ ਬਣ ਜਾਊ ਤੇਰਾ ਵੀ ਜਹਾਨ ਉੱਤੇ
ਇਕੱਲੇ ਬੈਠ ਐਵੇਂ ਮਨ ਨੀ ਡੁਲਾਈਦਾ।
ਸਤਿੰਦਰ ਪਾਲ ਸਿੰਘ ਲੈਕਚਰਾਰ ਫਿਜ਼ਿਕਸ
9888045355



